16/07/2023
ਬਿਲਕੁੱਲ ਸੱਚ ਲਿਖਿਆ ਬਾਈ ਮੁਖਤਿਆਰ ਸਿੰਘ ਪੱਖੋ ਕਲਾਂ ਨੇ
ਮੰਨਦੇ ਹਾਂ ਕਿ ਪਰਮਿੰਦਰ ਝੋਟੇ ਨੇ ਕਨੂੰਨ ਹੱਥ ਚ ਲਿਆ ਹੈ ਅਤੇ ਕਨੂੰਨ ਨੇ ਆਪਣੀ ਕਾਰਵਾਈ ਕਰ ਦਿੱਤੀ ਪਰ ਇਹ ਲਿਆ ਕਿਉਂ ?
ਨਸ਼ਾ ਵੇਚਣ ਵਾਲਿਆਂ ਨੇ ਲੋਕ ਫਾਲੇ ਵਾਂਗੂੰ ਤਪਾਏ ਪਏ ਨੇ । ਜਿਸ ਦੇ ਪਰਿਵਾਰ ਦਾ ਕੋਈ ਜੀਅ ਨਸ਼ਾ ਕਰਦਾ ਹੈ ਉਹ ਤਾਂ ਦੁਖੀ ਹੈ ਹੀ ਪਰ ਨਸ਼ੇ ਦੀ ਪੂਰਤੀ ਲਈ ਹੁੰਦੀਆਂ ਚੋਰੀਆਂ , ਲੁੱਟਾਂ ਖੋਹਾਂ ਨੇ ਵੀ ਲੋਕਾਂ ਦੇ ਨੱਕ ਚ ਦਮ ਕੀਤਾ ਹੋਇਆ ਹੈ । ਸਿਆਲਾਂ ਵਿੱਚ ਖੇਤ ਪੈਣ ਬੈਠਣ ਲਈ ਮੰਜਾ ਨੀ ਛੱਡਿਆ , ਮੋਟਰਾਂ ਦੀਆਂ ਕੇਬਲਾਂ ਵੱਢ ਲਈਆਂ , ਧੁੰਦ ਦੀਆਂ ਰਾਤਾਂ ਵਿੱਚ ਮੱਕੀ ਦਾ ਅਚਾਰ ਟਰਾਮਾਡੋਲ ਦੇ ਪੱਤਿਆਂ ਬਦਲੇ ਨਸ਼ਾ ਵੇਚਣ ਵਾਲਿਆਂ ਦੇ ਘਰ ਗਿਆ ।
ਕੱਲ੍ਹ ਅਸੀਂ ਮੱਕੀ ਦਾ ਅਚਾਰ ਪਾਕੇ ਮੂੰਹ ਹਨੇਰੇ ਖੇਤੋਂ ਆ ਰਹੇ ਸੀ , ਟਰਾਲੀ ਚ ਪਏ ਕੈਂਪਰਾਂ ਚੋਂ ਦੋ ਨਸ਼ਈਆਂ ਨੇ ਮਗਰ ਦੀ ਚੜ੍ਹ ਕੇ ਲਾਹ ਲਏ । ਸਾਨੂੰ ਦੋ ਹਜਾਰ ਆਰਓ ਵਾਲੇ ਨੂੰ ਭਰਨਾ ਪਿਆ ਪਰ ਉਨ੍ਹਾਂ ਇੱਕ ਸੌ ਪੰਜਾਹ ਦੇ ਨਸ਼ੇ ਦੇ ਪੱਤੇ ਬਦਲੇ ਹੀ ਦਿੱਤੇ ਹੋਣੈ ਆ।
ਇੱਕ ਨੇ ਮਜਦੂਰ ਵਰਗ ਚੋਂ ਉੱਠ ਨਸ਼ਾ ਵੇਚ ਕੇ ਚਾਰ ਪੰਜ ਸਾਲਾਂ ਚ ਕਰੋੜ ਦੀ ਪ੍ਰਾਪਰਟੀ ਬਣਾ ਲਈ । ਪੋਲਾ ਪਤਲਾ ਪਰਚਾ ਹੁੰਦਾ ਆਕੇ ਦੁੱਗਣਾ ਕੰਮ ਸ਼ੁਰੂ ਕਰ ਦਿੰਦਾ । ਇੱਕ ਵਿਹੜੇ ਦੀ ਕਮਾਈ ਖਾ ਗਿਆ , ਸਵੇਰੇ ਹਰ ਮਜਦੂਰ ਤੇ ਖੇਤੀ ਕਾਮਾ ਉਸ ਦੇ ਦਰ ਤੇ ਹਾਜਰੀ ਭਰ ਕੇ ਆਉਂਦਾ । ਰਾਤਾਂ ਨੂੰ ਨਸ਼ਈ ਮੁੰਡੇ ਨਸ਼ਾ ਲੈਣ ਲਈ ਰਾਤਾਂ ਨੂੰ ਉਹਦੇ ਲਈ ਚੋਰੀਆਂ ਕਰਕੇ ਚਾਰਾ ਤੂੜੀ ਤੇ ਅਚਾਰ ਸੁੱਟ ਜਾਂਦੇ ਨੇ। ਕਿਸੇ ਕਹਿੰਦੇ ਕਹਾਉਂਦੇ ਜ਼ਿਮੀਂਦਾਰ ਦੇ ਇਹੋ ਜਿਹੀਆਂ ਮੱਝਾਂ ਨੀ ਹੋਣੀਆਂ ਜੋ ਉਹ ਬੰਨ੍ਹੀ ਬੈਠਾ । ਮਜ਼ਦੂਰ ਵਰਗ ਚੋਂ ਜੋ ਬੰਦਾ ਨਸ਼ਾ ਵੇਚ ਕੇ ਦਿਨ ਚੜ੍ਹਦੇ ਨੂੰ ਦਸ ਹਜਾਰ ਦੀ ਕਮਾਈ ਕਰ ਲੈਂਦਾ ਹੈ , ਉਸ ਦਾ ਗਵਾਂਢੀ ਕਿਉਂ ਪੰਜ ਚਾਰ ਸੌ ਪਿੱਛੇ ਮਜ਼ਦੂਰੀ ਕਰਕੇ ਖੇਤਾਂ ਚ ਹੱਡ ਤੁੜਵਾਏਗਾ ? ਖਰਬੂਜੇ ਨੇ ਵੇਖ ਕੇ ਹੀ ਖਰਬੂਜੇ ਰੰਗ ਫੜਦੇ ਆ ।
ਸਰਕਾਰ ਕਿਉਂ ਨੀ ਇਨ੍ਹਾਂ ਦੀਆਂ ਜਾਇਦਾਦਾਂ ਪਰਚਿਆਂ ਵਿੱਚ ਅਟੈਚ ਕਰਦੀ ?
ਹਰੇਕ ਕਬੀਲਦਾਰ ਬੰਦਾ ਕਨੂੰਨ ਦਾ ਪਾਲਣ ਕਰਦਾ ਹੈ ਅਤੇ ਸਰਕਾਰੀ ਸਹਿ ਪ੍ਰਾਪਤ ਇਨ੍ਹਾਂ ਸਮਗਲਰਾਂ ਖਿਲਾਫ ਬੋਲਣ ਤੋਂ ਝਿਜਕਦਾ ਹੈ , ਪਰ ਕੀ ਕਨੂੰਨ ਸਿਰਫ ਸਰੀਫ ਲੋਕਾਂ ਨੂੰ ਡਰਾਉਣ ਖਾਤਰ ਹੀ ਬਣਿਆ ਹੈ ? ਅਪਰਾਧੀ ਇਸ ਦਾ ਖੌਫ ਕਿਉਂ ਨੀ ਮੰਨਦੇ ?
ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ , ਇਹੀ ਹਾਲ ਸਾਡੇ ਕਨੂੰਨ ਦਾ ਹੈ ਜੋ ਆਮ ਜਨਤਾ ਨਾਲੋਂ ਚੋਰਾਂ ਸਮਗਲਰਾਂ ਦੇ ਹੱਕਾਂ ਨੂੰ ਜਿਆਦਾ ਤਰਜੀਹ ਦਿੰਦਾ ਹੈ । ਯੂਪੀ ਵਿੱਚ ਯੋਗੀ ਗੈਂਗਸਟਰਾਂ ਦੇ ਘਰ ਕਿਹੜੇ ਕਨੂੰਨ ਤਹਿਤ ਢਾਹ ਰਿਹਾ ਹੈ ? ਪੁਲਿਸ ਕਿਹੜੇ ਕਨੂੰਨ ਤਹਿਤ ਕੁੱਟਮਾਰ ਕਰਦੀ ਹੈ ?
ਇਹ ਉਹੀ ਕਨੂੰਨ ਹੈ ਜਿਸ ਤਹਿਤ ਦਿੱਲੀ ਕਤਲੇਆਮ ਦੇ ਪੀੜਤਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ।
ਜਦ ਕਨੂੰਨ ਇਨਸਾਫ ਨਹੀਂ ਕਰਦਾ ਤਾਂ ਹੀ ਲੋਕ ਕਨੂੰਨ ਨੂੰ ਹੱਥ ਚ ਲੈਂਦੇ ਹਨ । ਇਹ ਕੰਧ ਤੇ ਲਿਖਿਆ ਸੱਚ ਹੈ ਜੋ ਸਮੇਂ ਦੀ ਸਰਕਾਰ ਤੇ ਪ੍ਰਸ਼ਾਸਨ ਨੂੰ ਪੜ੍ਹ ਲੈਣਾ ਚਾਹੀਦਾ ਹੈ ।