
11/07/2025
9 ਜੁਲਾਈ 1923 ਨੂੰ ਨਾਭੇ ਦੇ ਮਹਾਰਾਜੇ ਰਿਪੁਦਮਨ ਸਿੰਘ ਨੂੰ ਅੰਗਰੇਜ਼ਾਂ ਗਦੀਓਂ ਲਾਹ ਦਿਤਾ। ਮੋਰਚਾ ਜੈਤੋ ਦੀ ਸ਼ੁਰੂਆਤ ਇਸੇ ਦਿਨ ਤੋਂ ਹੋਈ । ਗੱਦੀਓਂ ਲਾਹੁਣ ਦੇ ਕਾਰਨ, ਪਟਿਆਲੇ ਤੇ ਨਾਭੇ ਦੇ ਮਹਾਰਾਜਿਆਂ ਵਿਚਕਾਰ ਨਿੱਜੀ ਝਗੜਾ, ਮਹਾਰਾਜੇ ਦਾ ਸਿੱਖੀ ਜਜ਼ਬਾ, ਮਹਾਰਾਜਾ ਰਿਪੁਦਮਨ ਸਿੰਘ ਦਾ ਕੌਂਸਲ ਵਿਚ ਪੇਸ਼ ਕੀਤਾ ਅਨੰਦ ਮੈਰਿਜ ਬਿਲ ਤੇ ਕੁਝ ਗਰਮ ਤਕਰੀਰਾਂ, ਮਹਾਰਾਜਾ ਦਾ ਸ੍ਰੀ ਗੋਖਲੇ ਤੇ ਡਾਕਟਰ ਰਾਸ ਬਿਹਾਰੀ ਬੋਸ ਆਦਿ ਦਾ ਸਾਥ, ਰਾਜ ਭਾਗ ਸੰਭਾਲਣ ਵੇਲੇ ਅੰਗਰੇਜ਼ ਪੋਲੀਟੀਕਲ ਅਫਸਰ ਤੋਂ ਨਿਸ਼ਾਨ ਪ੍ਰਾਪਤੀ ਤੋਂ ਨਾਂਹ ਅਤੇ ਆਜ਼ਾਦੀ-ਪ੍ਰਾਪਤੀ ਲਈ ਅੰਦਰਖਾਤੇ ਹਰਕਤ, ਆਦਿ ਸਨ । ਇਹ ਕਾਰਨ ਇਕ ਮਹਾਰਾਜਾ ਨੂੰ ਰਾਜ-ਗੱਦੀ ਤੋਂ ਲਾਹੁਣ ਲਈ ਠੋਸ ਕਾਰਨ ਨਹੀਂ ਸੀ ਤੇ ਇਨ੍ਹਾਂ ਦੀ ਘਾੜਤ ਇਸ ਲਈ ਕੀਤੀ ਗਈ ਸੀ ਕਿਉਂਕਿ ਮਹਾਰਾਜਾ ਇਕ ਤਾਂ ਅਕਾਲੀ-ਝੁਕਾ ਦਾ ਸੀ, ਦੂਸਰਾ ਆਜ਼ਾਦੀ ਵਲ ਉਸ ਦੀ ਦਿਲਚਸਪੀ ਸੀ ।
ਕਾਰ ਸੇਵਾ' ਦੇ ਦਿਨਾਂ ਵਿਚ ਹੀ ਨਾਭੇ ਦਾ ਝਗੜਾ ਸ਼ੁਰੂ ਹੋ ਗਿਆ। ਮਹਾਰਾਜਾ ਨਾਭਾ ਰਿਪਦਮਣ ਸਿੰਘ ਜੀ ਤਖ਼ਤੋਂ ਲਹਿ ਗਏ। ਮਹਾਰਾਜਾ ਰਿਪਦਮਣ ਸਿੰਘ ਜੀ ਸਿੱਖਾਂ ਵਿਚ ਬਹੁਤ ਇੱਜ਼ਤ ਨਾਲ ਵੇਖੇ ਜਾਂਦੇ ਸਨ। ਜਦ ਇਹ ਅਜੇ ਟਿੱਕਾ ਹੀ ਸਨ।
ਇਨ੍ਹਾਂ ਦੀ ਨੇਕਨਾਮੀ ਸ਼ੁਰੂ ਹੋਈ ਸੀ। ਇਨ੍ਹਾਂ ਸਬੰਧੀ ਆਮ ਸਿੱਖਾਂ ਵਿਚ ਇਹ ਖ਼ਿਆਲ ਖਿਲਰਿਆ ਹੋਇਆ ਸੀ, ਕਿ ਇਹ ਪੱਕੇ ਸਿੱਖ ਹਨ। ਇਹ ਖ਼ਿਆਲ ਖਿਲਾਰਿਆ ਚੀਫ਼ ਖ਼ਾਲਸਾ ਦੀਵਾਨ ਨੇ ਹੀ ਸੀ। ਪਰ ਅਨੰਦ ਮੈਰਿਜ ਬਿਲ ਸਮੇਂ ਤੋਂ ਆਪ ਚੀਫ਼ ਖ਼ਾਲਸਾ ਦੀਵਾਨ ਤੇ ਸ: ਸੁੰਦਰ ਸਿੰਘ ਜੀ ਮਜੀਠੀਆ ਦੇ ਸਖ਼ਤ ਵੈਰੀ ਹੋ ਚੁਕੇ ਸਨ। ਜਦ ਨਾਭੇ ਪਟਿਆਲੇ ਦਾ ਝਗੜਾ ਸ਼ੁਰੂ ਹੋਇਆ ਤਾਂ ਚੀਫ਼ ਖ਼ਾਲਸਾ ਦੀਵਾਨੀਆਂ ਦੀ ਹਮਦਰਦੀ ਪਟਿਆਲੇ ਨਾਲ ਸੀ ਤੇ ਵਿਰੋਧੀਆਂ ਦੀ ਨਾਭੇ ਨਾਲ। ਆਮ ਸੰਗਤਾਂ ਵਿਚ ਚੀਫ਼ ਖ਼ਾਲਸਾ ਦੀਵਾਨ ਦੇ ਵਿਰੋਧੀ ਬਹੁਤ ਹੋ ਗਏ ਸਨ, ਪਰ ਉਹ ਜਥੇਬੰਦ ਨਹੀਂ ਸਨ। ਅਕਾਲੀ ਲਹਿਰ ਨੂੰ ਚਲਾਣ ਵਾਲੇ ਭੀ ਚੀਫ ਖ਼ਾਲਸਾ ਦੀਵਾਨ ਦੇ ਵਿਰੋਧੀ ਹੀ ਸਨ ਤੇ ਸ੍ਰੋਮਣੀ ਕਮੇਟੀ ਤੇ ਸ੍ਰੋਮਣੀ ਅਕਾਲੀ ਦਲ, ਚੀਫ਼ ਖ਼ਾਲਸਾ ਦੀਵਾਨ ਦੇ ਵਿਰੋਧੀਆਂ ਦੇ ਹੱਥ ਹੀ ਸੀ। ਚੂੰਕਿ ਮਹਾਰਾਜਾ ਰਿਪਦਮਣ ਸਿੰਘ ਜੀ ਚੀਫ਼ ਖ਼ਾਲਸਾ ਦੀਵਾਨ ਦੇ ਵਿਰੋਧੀ ਸਨ, ਇਸ ਕਰਕੇ ਭੀ ਆਮ ਲੋਕਾਂ ਦੀ ਹਮਦਰਦੀ ਉਨ੍ਹਾਂ ਨਾਲ ਸੀ। ਇਕ ਹੋਰ ਕਾਰਨ ਇਹ ਭੀ ਸੀ ਕਿ ਮਹਾਰਾਜਾ ਸਾਹਿਬ ਰਿਪਦਮਣ ਸਿੰਘ ਸ਼ੁਰੂ ਤੋਂ ਹੀ ਅਕਾਲੀ ਲਹਿਰ ਨਾਲ ਹਮਦਰਦੀ ਰੱਖਦੇ ਸਨ। ਜਦ ਨਨਕਾਣਾ ਸਾਹਿਬ ਦੇ ਸਾਕੇ ਦੇ ਸਬੰਧ ਵਿਚ ਸ੍ਰੋਮਣੀ ਕਮੇਟੀ ਨੇ ਸ਼ਹੀਦੀ ਦਿਨ ਮਨਾਣ ਲਈ ਐਲਾਨ ਕੀਤਾ, ਤਾਂ ਮਹਾਰਾਜਾ ਰਿਪਦਮਣ ਸਿੰਘ ਜੀ ਨੇ ਉਸ ਨੂੰ ਮਨਾਇਆ ਸੀ ਤੇ ਸ੍ਰੋਮਣੀ ਕਮੇਟੀ ਦੇ ਹੁਕਮ ਅਨੁਸਾਰ ਉਸ ਦਿਨ ਕਾਲੀ ਪੱਗ ਭੀ ਬੱਧੀ ਸੀ। ਫਿਰ ਜਦ ਕੁੰਜੀਆਂ ਦੇ ਮੋਰਚੇ ਮਗਰੋਂ ਸਰਕਾਰ ਨੇ ਸਭ ਰਿਆਸਤਾਂ ਨੂੰ ਨਾਲ ਲੈ ਕੇ ਅਕਾਲੀਆਂ ਉੱਤੇ ਹੱਲਾ ਬੋਲਿਆ ਸੀ ਤਾਂ ਕੇਵਲ ਨਾਭਾ ਰਿਆਸਤ ਹੀ ਇਸ ਹੱਲੇ ਵਿਚ ਸ਼ਾਮਲ ਨਹੀਂ ਸੀ ਹੋਈ। ਇਨ੍ਹਾਂ ਕਾਰਨਾਂ ਤੋਂ ਛੁੱਟ ਅਕਾਲੀ ਆਗੂਆਂ ਨੂੰ ਪਟਿਆਲੇ ਵਿਰੁਧ ਇਹ ਰੋਸ ਭੀ ਸੀ ਕਿ ਮਹਾਰਾਜਾ ਪਟਿਆਲਾ ਨੇ ਅਕਾਲੀ ਲਹਿਰ ਦੇ ਉਠਦਿਆਂ ਹੀ ਕੁਝ ਅਕਾਲੀ ਲੀਡਰਾਂ ਨੂੰ ਖ਼ਰੀਦ ਕੇ ਅਕਾਲੀ ਲਹਿਰ ਨੂੰ ਖ਼ਰਾਬ ਕਰਨ ਦੀ ਨੀਯਤ ਕੀਤੀ। ਮਹਾਰਾਜਾ ਪਟਿਆਲਾ ਵਿਚ ਇਹ ਗੁਣ ਸੀ ਕਿ ਉਹ ਬਹੁਤ ਸਿਆਣਾ ਸੀ ਤੇ ਇਹ ਔਗੁਣ ਸੀ ਕਿ ਉਹ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ ਸੀ। ਇਸ ਤਰਾਂ ਆਪਣੀ ਸਿਆਣਪ ਦੇ ਮਾਣ ਵਿਚ ਉਸ ਨੇ ਸਦਾ ਸਾਜ਼ਸ਼ ਨਾਲ ਆਪਣੀ ਤਾਕਤ ਵਧਾਣ ਦਾ ਜਤਨ ਕੀਤਾ ਤੇ ਇਸੇ ਗੱਲ ਨੇ ਮਹਾਰਾਜਾ ਪਟਿਆਲਾ ਦੀ ਵਿਰੋਧਤਾ ਪੈਦਾ ਕੀਤੀ ਤੇ ਉਸ ਨੂੰ ਨਾ ਕਾਮਿਆਬ ਬਣਾਇਆ। ਮਹਾਰਾਜਾ ਪਟਿਆਲਾ ਦੀ ਚਾਲ ਇਹ ਸੀ ਕਿ ਇਕ ਪਾਸੇ ਅਕਾਲੀ ਆਗੂਆਂ ਨਾਲ ਮੇਲ ਰੱਖਿਆ ਜਾਵੇ ਤੇ ਦੂਜੇ ਪਾਸੇ ਉਨਾਂ ਨੂੰ ਕੁਚਲਣ ਲਈ ਕੁਝ ਆਗੂਆਂ ਨੂੰ ਖ਼ਰੀਦ ਲਿਆ ਜਾਵੇ ਤੇ ਕੁਝ ਨੂੰ ਹੋਰ ਚਾਲਾਂ ਨਾਲ ਕਾਬੂ ਕਰ ਲਿਆ ਜਾਵੇ। ਇਸ ਚਾਲ ਨੇ ਮਹਾਰਾਜਾ ਪਟਿਆਲਾ ਦੀ ਵਿਰੋਧਤਾ ਬਹੁਤ ਵਧਾ ਦਿੱਤੀ ਸੀ ਤੇ ਖ਼ਰੀਦੇ ਗਏ ਲੀਡਰ ਤਾਂ ਅਜਿਹੇ ਰਸਾਤਲ ਵਿਚ ਸੁੱਟ ਦਿੱਤੇ ਗਏ ਸਨ ਕਿ ਮੁੜ ਉੱਠ ਹੀ ਨਾ ਸਕੇ। ਮੈਨੂੰ ਉਨ੍ਹਾਂ ਦੇ ਨਾਮ ਲਿਖਣ ਦੀ ਲੋੜ ਨਹੀਂ। ਓਹ ਅਕਾਲੀ ਲਹਿਰ ਵੇਲੇ ਹੀ ਮੁੱਕ ਗਏ ਸਨ ਤੇ ਜੇ ਕੋਈ ਬਾਕੀ ਰਿਹਾ ਸੀ ਤਾਂ ਉਹ ਭੀ ਭੈੜੇ ਹਾਲ ਹੀ ਫਿਰਦਾ ਰਿਹਾ
ਇਨ੍ਹਾਂ ਕਾਰਨਾਂ ਕਰ ਕੇ ਅਕਾਲੀਆਂ ਦੀ ਪੂਰੀ ਹਮਦਰਦੀ ਨਾਭੇ ਨਾਲ ਸੀ ਤੇ ਆਮ ਸੰਗਤਾਂ ਵਿਚ ਮਹਾਰਾਜਾ ਰਿਪਦਮਣ ਸਿੰਘ ਜੀ ਬਹੁਤ ਨੇਕ ਨਾਮ ਸਨ। ਮਹਾਰਾਜਾ ਪਟਿਆਲਾ ਬਹੁਤ ਬਦਨਾਮ ਸਨ।