12/03/2025
ਮੈਨੂੰ ਇਸ ਬੰਦੇ ਨਾਲ ਈਰਖਾ ਹੋ ਰਹੀ ਹੈ। ਕੁਝ ਨਹੀਂ ਕਰਦਾ ਪਰ ਫੇਰ ਵੀ ਸਦਾ ਚਰਚਾ ਵਿੱਚ ਰਹਿੰਦਾ ਹੈ। ਇਹ ਕਿਸੇ ਦੀ ਗੱਲ ਨਹੀਂ ਕਰਦਾ ਪਰ ਸਾਰੇ ਇਸ ਦੀ ਗੱਲ ਕਰਦੇ ਨੇ। ਇਹ ਅਰਾਮ ਨਾਲ ਆਪਣੇ ਕੰਮ-ਧੰਦਿਆਂ 'ਚ ਤੁਰਿਆ ਫਿਰਦਾ ਤੇ ਇੱਧਰ ਪੂਰੇ ਪੰਜਾਬ ਦੀ ਰਾਜਨੀਤੀ ਇਸ ਦੁਆਲੇ ਤੁਰੀ ਫਿਰਦੀ ਹੈ। ਕੇਂਦਰ ਸਰਕਾਰ, ਸੂਬਾ ਸਰਕਾਰ, ਵਿਰੋਧੀ, ਵਿਰੋਧੀਆਂ ਦੇ ਬੁਲਾਰੇ, ਬਾਗੀ, ਪੰਥਕ, ਏਜੰਸੀਆਂ, ਆਈ. ਟੀ. ਸੈੱਲ, ਅਖਬਾਰ, ਚੈਨਲ, ਰਾਜਨੀਤੀ ਮਾਹਿਰ, ਫੇਸਬੁਕੀ ਵਿਦਵਾਨ; ਗੱਲ ਕੀ ਸਭ ਦਾ ਇੱਕ ਹੀ ਟਾਰਗੇਟ ਹੈ... ਸੁਖਬੀਰ ਸਿੰਘ ਬਾਦਲ। ਜੇ ਇੰਨੇ ਲੋਕ ਰਲ ਕੇ ਮੇਰੇ ਪਿੱਛੇ ਪਏ ਹੁੰਦੇ, ਮੈਂ ਜਿਊਂਦੇ ਜੀਅ ਅਮਰ ਹੋ ਗਿਆ ਹੁੰਦਾ।
ਲੱਗਦਾ ਹੈ ਜਿਵੇਂ ਹੁਣ ਪੰਜਾਬ ਦੇ ਲੋਕਾਂ ਕੋਲ ਕੰਮ-ਧੰਦੇ, ਨੌਕਰੀਆਂ, ਵਪਾਰ, ਰਿਸ਼ਤੇਦਾਰੀਆਂ, ਜੰਮਣੇ-ਮਰਨੇ ਸਭ ਮੁੱਕ ਗਏ ਤੇ ਕਰਨ ਵਾਲਾ ਇੱਕ ਹੀ ਕੰਮ ਰਹਿ ਗਿਆ ਹੈ, ਇਸ ਦੀ ਚਰਚਾ।
ਅੱਜ ਕਿਸੇ ਨੂੰ ਰੱਬ ਇੰਨਾ ਨਹੀਂ ਚਾਹੀਦਾ। ਮੋਕਸ਼ ਇੰਨਾ ਨਹੀਂ ਚਾਹੀਦਾ। ਪਿਆਰ, ਮੁਹੱਬਤ, ਸਕੂਨ, ਖੁਸ਼ੀ ਕੁਝ ਇੰਨਾ ਨਹੀਂ ਚਾਹੀਦਾ, ਜਿੰਨਾ ਸਭ ਨੂੰ ਸੁਖਬੀਰ ਚਾਹੀਦਾ ਹੈ। ਕਿਸੇ ਨੂੰ ਉਹ ਅਕਾਲੀ ਦਲ 'ਚੋਂ ਬਾਹਰ ਚਾਹੀਦਾ ਹੈ। ਕਿਸੇ ਨੂੰ ਉਹ ਅੰਦਰ ਚਾਹੀਦਾ ਹੈ। ਕਿਸੇ ਨੂੰ ਉਹ ਛਾਂਗਿਆ ਚਾਹੀਦਾ ਹੈ। ਕਿਸੇ ਨੂੰ ਥੱਲੇ ਲੱਗਿਆ ਚਾਹੀਦਾ ਹੈ ਤੇ ਕਿਸੇ ਨੂੰ 'ਉੱਤੇ ਉੱਠਿਆ' ਚਾਹੀਦਾ ਹੈ। ਹਾਲੇ ਮੈਨੂੰ ਪਤਾ ਨਹੀਂ ਜੇ ਗਿਆਰਾਂ ਮੁਲਕਾਂ ਦੀ ਪੁਲਿਸ ਦੇ ਨਾਲ-ਨਾਲ ਉਹ ਇੰਟਰਪੋਲ, ਨਾਸਾ, ਟਰੰਪ ਤੇ ਯੂਕਰੇਨ ਨੂੰ ਵੀ ਚਾਹੀਦਾ ਹੋਵੇ। ਤੇ ਕਮਾਲ ਦੀ ਗੱਲ ਇਹ ਹੈ ਕਿ ਕੋਈ ਸੋਚਦਾ ਵੀ ਨਹੀਂ ਕਿ ਉਹ ਸਭ ਨੂੰ ਕਿਉਂ ਚਾਹੀਦਾ ਹੈ!
ਅੱਜ ਕੇਂਦਰ ਤੇ ਪੰਜਾਬ ਦੀ ਰਾਜਨੀਤੀ ਦਾ ਸਟਾਕ ਮਾਰਕਿਟ ਵਿੱਚ ਇੰਨਾ ਪੈਸਾ ਨਹੀਂ ਲੱਗਿਆ ਹੋਇਆ ਜਿੰਨਾ ਇਸ ਬੰਦੇ ਨੂੰ ਵਾਪਿਸ ਆਉਣ ਤੋਂ ਰੋਕਣ ਤੇ ਲੱਗਿਆ ਹੋਇਆ ਹੈ। ਸਭ ਦਾ 'ਬਾਣੀਏ ਨੇ ਜੱਟ ਢਾਅ ਲਿਆ ਉੱਤੇ ਪਏ ਦਾ ਕਲੇਜਾ ਧੜਕੇ' ਵਾਲਾ ਹਾਲ ਹੈ। ਉਸ ਤੋਂ ਵੱਧ ਇਸ ਵੇਲੇ ਦੀ ਰਾਜਨੀਤੀ ਵਿੱਚ ਥੱਲੇ ਕੌਣ ਡਿੱਗਾ ਹੋਊ ਪਰ ਇੰਨਾ ਹਊਆ ਕਿ "ਕਿਸੀ ਪਾਰਟੀ ਕੇ ਨੇਤਾ ਜਬ ਰੋਤੇ ਹੈਂ ਤੋਂ ਹਾਈ ਕਮਾਨ ਕਹਿਤਾ ਹੈ, ਚੁੱਪ ਹੋ ਜਾ। ਵਰਨਾ ਸੁਖਬੀਰ ਆ ਜਾਏਗਾ।"
ਉਹਦੀ ਕਦੇ ਲੱਤ 'ਤੇ ਪਲੱਸਤਰ ਲੱਗ ਜਾਂਦਾ ਹੈ, ਕਦੇ ਮੋਢੇ 'ਤੇ ਪਰ ਉੱਖੜ ਪੰਜਾਬ ਦੀ ਸਾਰੀ ਸਿਆਸਤ ਜਾਂਦੀ ਹੈ।
ਮੈਨੂੰ ਸੱਚੀਂ ਇਸ ਬੰਦੇ ਨਾਲ ਈਰਖਾ ਹੋ ਰਹੀ ਹੈ। ਕਿਤੇ ਨਹੀਂ ਪਰ ਲੱਗਦਾ ਹੈ ਜਿਵੇਂ ਸਭ ਕਿਤੇ ਇਹੀ ਹੈ।