06/08/2023
'ਹੁਣ ਭਾਣਾ ਵਾਪਰ ਚੁੱਕਾ ਹੈ ......'
ਪੰਜਾਬ ਦੇ 'ਮਾਣਮੱਤੇ' ਸਿਆਣਿਓ,ਬੁੱਧੀਜੀਵਿਓ ! ਬੋਲਿਓ ਨਾ,ਚੁੱਪ ਈ ਰਿਹੋ........ !!
ਸਰਕਾਰੀ ਬ੍ਰਿਜਿੰਦਰਾ ਕਾਲਜ ਫ਼ਰੀਦਕੋਟ 'ਚ ਪੰਜਾਬ ਦਾ ਇੱਕੋ-ਇੱਕ ਸ਼ੁੱਧ ਸਰਕਾਰੀ ਅਤੇ ਸਭ ਤੋਂ ਘੱਟ ਫੀਸ ਵਾਲਾ 'ਖੇਤੀਬਾੜੀ ਵਿਭਾਗ' ਆਖ਼ਰ ਮ੍ਰਿਤ ਐਲਾਨ ਦਿੱਤਾ ਗਿਆ ਹੈ।
ਵਿਭਾਗ ਦੇ 2 ਗੈਸਟ ਫ਼ੈਕਲਟੀ ਪ੍ਰੋਫ਼ੈਸਰਾਂ ਨੂੰ ਨੌਕਰੀ ਤੋਂ ਜ਼ਬਰਦਸਤੀ ਫ਼ਾਰਗ ਕਰ ਦਿੱਤਾ ਗਿਆ ਹੈ। ਭਵਿੱਖ 'ਚ ਪਾਰਟ ਟਾਈਮ ਅਤੇ ਰੈਗੂਲਰ ਅਧਿਆਪਕਾਂ ਨੂੰ ਵੀ ਹੋਰ ਥਾਵੇਂ ਬਦਲ ਦਿੱਤਾ ਜਾਵੇਗਾ।
B.sc ਐਗਰੀਕਲਚਰ ਦੇ ਆਖ਼ਰੀ ਸਾਲ ਦੇ ਵਿਦਿਆਰਥੀ ਵੀ ਇਸ ਵਾਰ ਆਪਣੀ ਪੜ੍ਹਾਈ ਮੁਕਾ ਗਏ ਹਨ ਅਤੇ ਨਵੇਂ ਦਾਖ਼ਲਿਆਂ ਦੀ ਉਮੀਦ ਮੱਧਮ ਹੁੰਦੀ-ਹੁੰਦੀ ਆਖ਼ਰ ਦਮ ਤੋੜ ਗਈ ਹੈ। ਹੁਣ ਕੋਈ ਵੀ ਜਮਾਤ ਨਾ ਬਚਣ ਮਗਰੋਂ ਵਿਭਾਗ ਨੇ ਵੀ ਆਖ਼ਰੀ ਫ਼ਤਹਿ ਬੁਲਾ ਦਿੱਤੀ ਹੈ।
ਇਹ ਨਾ ਸਮਝਿਓ ਕਿ ਇਸ ਵਿਭਾਗ 'ਚ ਵਿਦਿਆਰਥੀ ਘੱਟ ਆਉਂਦੇ ਹੋਣਗੇ ਸਗੋਂ ਵਿਦਿਆਰਥੀ ਤਾਂ 90% ਆਲ਼ੇ ਦਾ ਵੀ ਦਾਖ਼ਲਾ ਬਾ-ਮੁਸ਼ਕਲ ਈ ਹੁੰਦਾ ਸੀ ਐਥੇ, ਪੰਜਾਬ ਭਰ ਤੋਂ ਸੈਂਕੜੇ ਵਿਦਿਆਰਥੀ ਦਾਖਲੇ ਲਈ ਅਪਲਾਈ ਕਰਦੇ ਸਨ।
ਪ੍ਰੋਫ਼ੈਸ਼ਨਲ ਕੋਰਸ ਹੋਣ ਕਰਕੇ ਇੱਥੋਂ B.sc. ਐਗਰੀਕਲਚਰ ਕਰਕੇ ਗਏ ਵਿਦਿਆਰਥੀਆਂ ਨੇ ਵੱਡੀਆਂ-ਵੱਡੀਆਂ ਮੱਲਾਂ ਮਾਰੀਆਂ ਹਨ ਅਤੇ ਵੱਡੇ-ਵੱਡੇ ਅਹੁਦੇ ਹਾਸਲ ਕੀਤੇ ਹਨ ਪਰ ਮਜ਼ਾਲ ਹੈ ਕਿ ਵਿਭਾਗ ਬਚਾਉਣ ਲਈ ਚੱਲੇ ਸੰਘਰਸ਼ 'ਚ ਇਹਨਾਂ 'ਚੋਂ ਕਿਸੇ 'ਮਹਾਂਪੁਰਖ' ਨੇ ਹਾਅ ਦਾ ਨਾਅਰਾ ਵੀ ਮਾਰਿਆ ਹੋਵੇ !
B.sc ਖੇਤੀਬਾੜੀ ਬਚਾਓ ਮੋਰਚਾ' ਦੀ ਅਗਵਾਈ ਹੇਠ ਲੰਮਾ ਸਾਂਝਾ ਸੰਘਰਸ਼ ਚੱਲਿਆ ਪਰ ਪਿਛਲੀ ਅਤੇ ਮੌਜੂਦਾ ਸਰਕਾਰ ਵੱਲੋਂ ਮਿਲ਼ੇ ਮਹਿਜ਼ ਲਾਰੇ ਹੀ ਲਾਰੇ।
ਕਾਲਜ ਦੇ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਨਰਿੰਦਰਜੀਤ ਸਿੰਘ ਬਰਾੜ ਹੁਰਾਂ ਨੇ ਖੇਤੀਬਾੜੀ ਵਿਭਾਗ ਦੇ ਪ੍ਰੋਫ਼ੈਸਰਾਂ ਅਤੇ ਵਿਦਿਆਰਥੀਆਂ ਨਾਲ ਮਿਲ਼ਕੇ ਲੰਮੀ ਮੁਹਿੰਮ ਚਲਾਈ। ਸਰਕਾਰੇ-ਦਰਬਾਰੇ ਸ਼ਾਇਦ ਈ ਕੋਈ ਐਸਾ ਦਰਵਾਜ਼ਾ ਹੋਵੇ ਜੋ ਵਿਭਾਗ ਬਚਾਉਣ ਲਈ ਉਹਨਾਂ ਨੇ ਨਾ ਖੜਕਾਇਆ ਹੋਵੇ। ਹੋਰ ਵੀ ਜਿੰਨ੍ਹਾਂ ਸਖਸ਼ੀਅਤਾਂ ਨੇ ਨਿਰਸੁਆਰਥ ਸਾਥ ਦਿੱਤਾ,ਸਭਨਾਂ ਲਈ ਸਤਿਕਾਰ।
ਕੇਰਾਂ ਚੱਲਦੇ ਸੰਘਰਸ਼ 'ਚ ਮੌਕੇ ਦੇ CM ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ 'ਤੇ Live ਹੋਕੇ ਐਲਾਨ ਕੀਤਾ ਸੀ ਕਿ ਉਹ ਬ੍ਰਿਜਿੰਦਰਾ ਕਾਲਜ 'ਚ ਖੇਤੀਬਾੜੀ ਵਿਭਾਗ ਨੂੰ ਖ਼ਤਮ ਨਹੀਂ ਹੋਣ ਦੇਣਗੇ ਅਤੇ ਵਿਭਾਗ ਲਈ ਹੋਰ ਜ਼ਮੀਨ ਖਰੀਦਣ ਅਤੇ ਹੋਰ ਤਕਨੀਕੀ ਸ਼ਰਤਾਂ ਜੋ ਪੂਰੀਆਂ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ,ਪੂਰੀਆਂ ਕਰਨਗੇ। ਹਲਾਂਕਿ ਉਹਨਾਂ ਤਾਂ ਗੁਟਕਾ ਸਾਹਿਬ ਹੱਥ 'ਚ ਫੜ੍ਹ ਨਸ਼ੇ ਮੁਕਾ ਦੇਣ ਦੀ ਸਹੁੰ ਵੀ ਚੁੱਕੀ ਸੀ,ਸੋ ਵਾਅਦੇ ਕਿੱਥੇ ਵਫ਼ਾ ਹੋਣੇ ਸੀ !
ਕਾਂਗਰਸ ਸਰਕਾਰ ਵੇਲ਼ੇ ਅੱਜ ਦੇ ਮਾਨਯੋਗ ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਅਤੇ ਹੁਣ ਦੇ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਹੁਰਾਂ ਨੇ ਸੰਘਰਸ਼ 'ਚ ਲਗਾਤਾਰ ਸ਼ਮੂਲੀਅਤ ਕਰਦਿਆਂ 'ਖੇਤੀਬਾੜੀ ਵਿਭਾਗ' ਬਚਾਉਣ ਲਈ ਲੜਾਈ 'ਚ ਹਿੱਸਾ ਪਾਇਆ ਸੀ।
ਅੱਜ ਸਰਕਾਰੀ 'ਖੇਤੀਬਾੜੀ ਵਿਭਾਗ' ਦੀ ਲਾਸ਼ ਇਲਾਕੇ ਦੀਆਂ ਇਹਨਾਂ ਤਾਕਤਵਰ 'ਮਾਨਯੋਗ ਸਖਸ਼ੀਅਤਾਂ' ਦੇ ਮੂੰਹ ਚਿੜਾ ਰਹੀ ਹੈ ਕਿ ਮਾਨਯੋਗੋ .... ਤੁਸੀਂ ਤਾਂ ਮੇਰੇ ਆਪਣੇ ਅਖਵਾਉਂਦੇ ਸੋਂ !!!!
ਗੱਲ-ਗੱਲ 'ਤੇ ਧਰਨੇ ਲਾਉਣ ਵਾਲੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲ ਵੀ 'ਖੇਤੀਬਾੜੀ ਵਿਭਾਗ' ਦਾ ਠੋਕਵਾਂ ਗਿਲ੍ਹਾ ਹੈ ਕਿ ਪੰਜਾਬ ਅੰਦਰ ਕਿਸਾਨਾਂ-ਮਜ਼ਦੂਰਾਂ ਦੇ ਧੀਆਂ-ਪੁੱਤਾਂ ਹੱਥੋਂ 'ਖੇਤੀਬਾੜੀ ਦੀ ਉੱਚ ਸਿੱਖਿਆ' ਖੋਹ ਲਈ ਗਈ ਅਤੇ ਤੁਸੀਂ ਮੋਰਚਾ ਈ ਨਹੀਂ ਲਾਇਆ !!!!!!
ਇਸ ਵਿਭਾਗ ਦੇ ਮਰਨ ਦਾ ਅਮੀਰਾਂ ਨੂੰ ਕੋਈ ਨੁਕਸਾਨ ਨਹੀਂ ਹੋਣਾ ਕਿਓਂਕਿ ਉਹ ਤਾਂ ਪ੍ਰਾਈਵੇਟ ਅਦਾਰਿਆਂ 'ਚ ਵੀ ਲੱਖਾਂ ਰੁਪਏ ਲਾਕੇ ਇਹ ਡਿਗਰੀਆਂ ਆਵਦੇ ਜਵਾਕਾਂ ਨੂੰ ਕਰਵਾ ਲੈਣਗੇ ਪਰ ਮਸਲਾ ਤਾਂ ਉਹਨਾਂ ਦਾ ਹੈ ਜਿਹਨਾਂ ਦੇ ਜੁਆਕਾਂ ਨੂੰ ਮੈਰਿਟ ਦੇ ਅਧਾਰ 'ਤੇ ਮਹਿਜ਼ 10-12 ਹਜ਼ਾਰ ਸਲਾਨਾ 'ਤੇ ਬਹੁਤ ਚੰਗੀ ਪੜ੍ਹਾਈ ਮਿਲਦੀ ਸੀ।
ਸਰਕਾਰੀ ਉੱਚ ਸਿੱਖਿਆ ਨਾ ਤਾਂ ਪੰਜਾਬ ਦੀ ਕਿਸੇ ਪਿਛਲੀ ਸਰਕਾਰ ਦੇ ਏਜੰਡੇ ਤੇ ਸੀ ਅਤੇ ਅਫ਼ਸੋਸ ਕਿ ਨਾ ਹੀ ਹੁਣ ਵਾਲਿਆਂ ਨੂੰ ਕੋਈ ਫ਼ਿਕਰ ਹੈ। ਪੰਜਾਬ ਦੇ 'ਮਾਣਯੋਗ' ਮੁੱਖ ਮੰਤਰੀ ਅਤੇ ਉੱਚ ਸਿੱਖਿਆ ਮੰਤਰੀ ਨੂੰ ਸਵਾਲ ਹੈ ਕਿ ਕੀ ਉਹ ਉੱਚ-ਸਿੱਖਿਆ ਨੂੰ ਵੀ ਸਿੱਖਿਆ ਸਮਝਦੇ ਹਨ ਕਿ ਨਹੀਂ ? ਜੇ ਸਮਝਦੇ ਹਨ ਤਾਂ ਇਸ ਬਾਬਤ ਕਦੇ ਗੱਲ ਕਿਓੰ ਨੀ ਕਰਦੇ ? ਪੰਜਾਬ ਦੇ ਸਰਕਾਰੀ ਕਾਲਜਾਂ ਨੂੰ ਕੌਣ ਬਚਾਏਗਾ ?
ਨਵੇਂ ਰੈਗੂਲਰ ਪ੍ਰੋਫ਼ੈਸਰਾਂ ਦੀ ਭਰਤੀ ਅਤੇ ਨਵੇਂ ਕਾਲਜ ਖੋਲ੍ਹਣੇ ਤਾਂ ਅਗਲੀ ਗੱਲ ਹੈ,ਤੁਸੀਂ ਤਾਂ ਮੌਜੂਦਾ ਵਿਭਾਗਾਂ ਨੂੰ ਵੀ ਤਾਲੇ ਲਗਵਾ ਰਹੇ ਹੋ !
ਪੰਜਾਬ ਸਰਕਾਰ ਚਾਹਵੇ ਤਾਂ ਇਹ ਵਿਭਾਗ 'ਪੁਨਰ ਜਨਮ' ਲੈ ਸਕਦਾ ਹੈ.... ਪਰ ਸਰਕਾਰ ਛੱਡੋ ..... ਫ਼ਰੀਦਕੋਟ ਇਲਾਕਾ ਦੱਸੇ ਕਿ ਉਹ ਇਹ ਚਾਹੁੰਦਾ ਹੈ ਕਿ ਨਹੀਂ,ਪੰਜਾਬ ਦੇ ਲੋਕ ਦੱਸਣ ਕਿ ਉਹ ਪੰਜਾਬ ਅੰਦਰ ਉੱਚ ਸਿੱਖਿਆ ਦਾ ਭੋਗ ਪੈਂਦਾ ਦੇਖਣਾ ਚਾਹੁੰਦੇ ਹਨ ਕਿ ਕੋਈ ਸਾਂਝਾ ਹੀਲਾ ਕਰ ਸਕਦੇ ਹਨ ?
~ ਲਵਪ੍ਰੀਤ ਸਿੰਘ ਫੇਰੋਕੇ