07/07/2025
ਗਿਆਨ ਦਾ ਦੀਵਾ ਬਲਦਾ ਰਹੇਗਾ (ਬਾਲ ਇਕਾਂਗੀ ਸੰਗ੍ਰਹਿ)
ਲੇਖਕ ਗੁਰਪਿਆਰ ਸਿੰਘ ਕੋਟਲੀ ਸਾਹਿਬਦੀਪ ਪਬਲੀਕੇਸ਼ਨ ਪੰਜਾਬ ਭਾਰਤ
ਮਾਨਵੀ ਖ਼ੂਬਸੂਰਤੀ ਦਾ ਬਿਹਤਰੀਨ ਪੱਖ ਵਧੀਆ ਮਨੁੱਖ ਹੋਣਾ ਹੈ।ਇਸ ਬੇਹੱਦ ਪਚੀਦਾ ਅਤੇ ਪੂੰਜੀ ਦੀ ਸਿਖ਼ਰ ਹੰਢਾ ਰਹੇ ਸਮਾਜ ਵਿੱਚ ਇਸੇ ਗੱਲ ਦੀ ਬਹੁਤ ਕਮੀ ਹੈ। ਪੂੰਜੀ ਨੇ ਮਨੁੱਖ ਨੂੰ ਮਸੀਨ ਬਣਾ ਦਿੱਤਾ ਹੈ। ਸੰਵੇਦਨਾ, ਸੰਜੀਦਗੀ, ਸੂਖ਼ਮਤਾ ਇਕੱਲਤਾ 'ਚ ਪਹੁੰਚ ਗਈਆਂ ਹਨ।ਪੇਚੀਦਾ ਸਮਾਜ ਨੇ ਉਸਾਰੂ ਮਨੁੱਖ ਨੂੰ ਜਕੜ ਕੇ ਰੱਖਿਆ ਹੈ।ਇਸ ਸਭ ਕੁਝ ਦੇ ਬਾਵਜੂਦ ਜੇਕਰ ਬਿਹਤਰੀਨ ਖਿਆਲਾਂ ਦੇ ਵਿਅਕਤੀ ਨੂੰ ਮਿਲਣ ਦਾ ਮੌਕਾ ਮਿਲੇ ਤਾਂ ਉਸ ਮਨੁੱਖ ਨਾਲ ਮਿਲਾਇਆ ਆਪਣਾ ਹੱਥ ਕਿੰਨਾ ਖ਼ੂਬਸੂਰਤ ਹੋ ਜਾਂਦਾ ਹੈ। ਉਹਨਾਂ ਹੱਥਾਂ 'ਚ ਕਿਰਤ ਮੁਹੱਬਤ ਤੇ ਹੋਰਨਾਂ ਲਈ ਕੁਝ ਕਰਨ ਦੇ ਜਜ਼ਬੇ ਦੀ ਖੁਸ਼ਬੂ ਆਉਣ ਲੱਗਦੀ ਹੈ। ਗੁਰਪਿਆਰ ਨੂੰ ਮਿਲਦਿਆਂ ਇਹ ਅਹਿਸਾਸ ਤਾਜ਼ੇ ਹੋ ਜਾਂਦੇ ਹਨ। ਗੁਰਪਿਆਰ ਗੁਰਬਤ ਦੀ ਧੁੰਦ 'ਚ ਗੁਬਾਚਿਆ ਉਹ ਤਾਰਾ ਸੀ ਜਿਸ ਨੇ ਮਿਹਨਤ ਮੁਸ਼ੱਕਤ ਸਦਕਾ ਧੁੰਦ ਨੂੰ ਤਾਰ-ਤਾਰ ਕਰਦਿਆਂ ਨਿਖਾਰ ਲਿਆ ਹੈ। ਇਸ ਮਿਹਨਤ ਨੇ ਉਸ ਨੂੰ ਬਿਹਤਰਹੀਨ ਮਨੁੱਖ ਬਣਾਇਆ। ਵਿਗਿਆਨਿਕ ਸੋਚ ਤੇ ਚੰਗੇ ਸਮਾਜ ਦੀ ਸਿਰਜਣਾ ਦੀ ਟੋਹ ਪਾਉਂਦੀ ਫਿਲਾਸਫ਼ੀ ਤੇ ਵਿਚਾਰਧਾਰਾ ਨਾਲ ਓਤ-ਪੋਤ ਗੁਰਪਿਆਰ ਫੋਟੋਗਰਾਫਰ ਤੋਂ ਅਧਿਆਪਕ ਹੋ ਗਿਆ।ਇੱਕ ਵਧੀਆ ਅਧਿਆਪਕ ਹੀ ਬਿਹਤਰ ਵਿਦਿਆਰਥੀ ਪੈਦਾ ਕਰ ਸਕਦਾ ਹੈ ਤੇ ਬਿਹਤਰ ਵਿਦਿਆਰਥੀਆਂ ਨੇ ਹੀ ਬਿਹਤਰ ਸਮਾਜ ਦੀ ਸਿਰਜਣਾ ਕਰਨੀ ਹੈ।ਲਕੀਰੀ ਟੀਚਰਾਂ ਦੀ ਬਜਾਇ ਉਹ ਇਕ ਵਿਵਹਾਰਿਕ ਅਧਿਆਪਕ ਹੈ।ਵਿਦਿਆਰਥੀਆਂ ਦੀ ਨਬਜ਼ ਨੂੰ ਫੜ ਕੇ ਤੁਰਨ ਵਾਲਾ ਸੰਜੀਦਾ ਅਧਿਆਪਕ। ਇਹ ਰਚਨਾਵਾਂ ਗੁਰਪਿਆਰ ਦੇ ਘੋਰ ਗੁਰਬਤ ਚੋਂ ਨਿਕਲੇ ਖ਼ੂਬਸੂਰਤ ਅਨੁਭਵ, ਵਿਗਿਆਨਿਕ ਦ੍ਰਿਸ਼ਟੀਕੋਣ, ਸਮਾਜ ਦੀ ਸੂਖ਼ਮ ਸਮਝ ਤੇ ਅਧਿਆਪਨ ਦੀ ਉਪਜ ਹਨ।
ਇਸ ਸੰਗ੍ਰਹਿ ਵਿੱਚ ਸੱਤ ਇਕਾਂਗੀ ਹਨ।ਇਹਨਾਂ ਦੀ ਰਚਨਾ ਵਿਦਿਆਰਥੀਆਂ ਦੀ ਪੱਧਰ 'ਤੇ ਪਹੁੰਚ ਕੇ ਸਿਰਜਿਤ ਹੋਈ ਹੈ। ਬੱਚਿਆਂ ਦਾ ਪਿਛੋਕੜ,ਪਰਿਵਾਰਕ ਮਾਹੌਲ, ਸਮੱਸਿਆਵਾਂ, ਸੁਪਨੇ, ਮੰਜ਼ਿਲਾਂ, ਖਿਆਲ ਆਦਿ ਕਿੰਨਾ ਕੁਝ ਮਾਲਾ ਦੇ ਮਣਕਿਆਂ ਵਾਂਗ ਪਰੋਇਆ ਗਿਆ ਹੈ। ਇਸਤਰੀ ਅਤੇ ਸੁਧਾਰ ਵਿੱਚ ਔਰਤ ਦੀ ਮੌਜੂਦਾ ਹੋਣੀ, ਅਣਹੋਣੀ ਨੂੰ ਬਹੁਤ ਬਰੀਕੀ ਨਾਲ ਫੜਿਆ ਗਿਆ ਹੈ।
-ਸਤਪਾਲ ਭੀਖੀ