02/04/2024
ਜਿਸਮ ਦੇ ਸਕੂਲੇ ਮਨ ਮਾਸਟਰ ਨੇ ਜਦੋਂ ਕਲਾਸ ਲਗਾਈ।
ਇੱਕ-ਦੋ ਨੂੰ ਛੱਡ ਕੇ ਸੱਭ ਨੇ ਆਪੋ-ਆਪਣੀ ਹਾਜ਼ਰੀ ਲਾਈ।
ਮਨ ਮਾਸਟਰ ਬੋਲਿਆ….
ਕਾਕਾ ਕ੍ਰੋਧ…
ਕਹਿੰਦਾ….ਹਾਜ਼ਰ ਹਾਂ ਜੀ।
ਨਫ਼ਰਤ ਨੱਟੂ…
ਜੀ ਸਰ।
ਧੋਖਾ ਧਰ…
ਆ ਗਿਆ ਹਾਂ।
ਬੇਈਮਾਨੀ ਬਾਈ..
ਛੱਡ ਨਾ ਜਾਸੀ, ਇੱਥੇ ਹੀ ਹਾਂ ਜੀ।
ਹੰਝੂ…
ਸੱਭ ਤੋਂ ਪਹਿਲਾਂ ਆ ਗਿਆ ਸੀ।
ਦਯਾ ਕਰੂਣਾ?
ਹਾਜ਼ਰ ਹਾਂ ਜੀ।
ਭਾਈਚਾਰਾ?
ਗੁੰਮ ਹੋ ਗਿਆ….ਹੁਣ ਆਉਂਦਾ ਹੀ ਨਹੀਂ ,,,,ਨਫ਼ਰਤ ਨੱਟੂ ਨੇ ਵਿਅੰਗ ਮਾਰਿਆ।
ਫੇਰ ਮਨ ਮਾਸਟਰ ਬੋਲਿਆ….
ਪ੍ਰੇਮ..
ਓ ਪ੍ਰੇਮ?
ਪ੍ਰੇਮ?
ਹੁਣ ਇਹ ਕਿੱਥੇ ਹੈ ਬਈ?
ਇੱਕੋ ਅਵਾਜ਼ੇ ਸਾਰੇ ਹਾਜ਼ਰ ਬੋਲੇ…
ਗੈਰ ਹਾਜ਼ਰ ਹੈ ਇਹ,,,,,ਪ੍ਰੇਮ ਅੱਜ ਫੇਰ ਨਹੀਂ ਆਇਆ ਜੀ।
ਜਿਸਮ ਦੇ ਵਿਹੜੇ ਹਾਜ਼ਰੀ ਲੱਗਦੀ,
ਮਨ ਮਾਸਟਰ ਚੁੱਕੀ ਫਿਰਦਾ ਡੰਡਾ।
ਹਾਜ਼ਰ ਸਾਰੇ ਸ਼ੋਰ ਮਚਾਉਂਦੇ ਪਰ,
ਪਤਾ ਨਹੀਂ ਲੱਗਦਾ ਇਹ ਧੰਦਾ।
ਮਨ ਮਾਸਟਰ ਤੇਰੀ ਕੀ ਮਾਸਟਰੀ?
ਪੂਰੀ ਜ਼ਿੰਦਗੀ ਉਹੀ ਕਲਾਸ,
ਤੇ ਬੱਸ ਉਹੀ ਤੇਰਾ ਫੰਦਾ।
ਗੈਰ-ਹਾਜ਼ਰ, ਹਾਜ਼ਰ ਨਹੀਂ।
ਤੇ ਹਾਜ਼ਰ, ਰੱਜ ਹਾਜ਼ਰੀ ਲਾਉਂਦੇ!
ਇਹੀ ਹਾਜ਼ਰ ਜੋ ਹਾਜ਼ਰ ਨੇ,
ਮਿਲ ਕੇ ਸਾਰੇ ਤੈਨੂੰ ਭਾਉਂਦੇ।
ਗੈਰ ਹਾਜ਼ਰ ਨੂੰ ਬੁਲਾਉਣ ਦਾ,
ਤੂੰ ਕਦੇ ਨਹੀਂ ਚੁੱਕਦਾ ਉੱਤਾ।
ਹਾਜ਼ਰ ਜਦੋਂ ਤੱਕ ਨੱਚਦੇ ਨੇ,
ਗੈਰ ਹਾਜ਼ਰ ਉਦੋਂ ਤੱਕ ਹੈ ਸੁੱਤਾ।
ਚਾਹੇ ਹਾਜ਼ਰ ਲੱਗਦੇ ਸਾਰੇ,
ਬਿਨ ਪ੍ਰੇਮ ਤੋਂ ਜਮਾਤ ਨਾ ਪੂਰੀ।
ਮਨ ਮਾਸਟਰ ਫੇਰ ਵਾਜਾਂ ਮਾਰੇ,
ਉਸ ਬਿਨ ਲੱਗੇ ਜਮਾਤ ਅਧੂਰੀ।
ਬੇਸਬਰਾ ਹੋ ਕਹਿਣ ਲੱਗਿਆ…..
ਪ੍ਰੇਮ..
ਓ ਪ੍ਰੇਮ?
ਪ੍ਰੇਮ?
ਕਿੱਥੇਂ ਆ ਬਈ?
ਇੱਕੋ ਅਵਾਜ਼ੇ ਫਿਰ ਸਾਰੇ ਬੋਲੇ…
ਗੈਰ ਹਾਜ਼ਰ ਹੈ ਇਹ,,,,,ਪ੍ਰੇਮ ਅੱਜ ਫੇਰ ਨਹੀਂ ਆਇਆ ਜੀ।
ਬੇਚੈਨ ਹੋ ਮਨ ਮਾਸਟਰ ਬੋਲਿਆ…
ਪ੍ਰੇਮ ਬਿਨਾ ਹੁਣ ਜਿਸਮ ਜਮਾਤੇ,
ਲੱਗਦਾ ਕੋਈ ਨਹੀਂ ਆਇਆ ਜੀ।
ਕ੍ਰੋਧ,ਨਫ਼ਰਤ,ਧੋਖੇ ਅਤੇ ਬੇਈਮਾਨੀ ਦਾ
ਬੱਦਲ਼, ਜਿਸਮ ਜਮਾਤੇ ਛਾਇਆ ਜੀ।
ਉਂਝ ਤਾਂ ਮਨ ਮਾਸਟਰ ਨੂੰ,
ਗੈਰ ਹਾਜ਼ਰ ਤੇ ਹਾਜ਼ਰ ਸਾਰੇ,
ਸਦਾ ਕਰਦੇ ਰਹਿੰਦੇ ਸਿੱਜਦਾ।
ਇਹ ਸਕੂਲ ਲੱਗੇ ਵਿਰਾਨਾ,
ਜਦੋਂ ਵਿੱਚ ਜਮਾਤੇ ਓ ਬਾਬਾ,
ਉਸਨੂੰ ਪ੍ਰੇਮ ਨਹੀਂ ਹੈ ਦਿਸਦਾ।
ਜਸਵੰਤ ਸਿੰਘ ਅਜਰ