29/07/2025
ਚਾਂਦੀ ਦਾ ਛਤਰ ਚੋਰੀ ਮਾਮਲਾ–
ਗਿੱਦੜਬਾਹਾ ਪੁਲਿਸ ਵੱਲੋਂ ਤਿੰਨ ਦੋਸ਼ੀ ਗ੍ਰਿਫ਼ਤਾਰ, ਚੋਰੀ ਹੋਈ ਚਾਂਦੀ ਸਮੇਤ ਮੋਟਰਸਾਈਕਲ ਬਰਾਮਦ
ਸ੍ਰੀ ਮੁਕਤਸਰ ਸਾਹਿਬ (। ਕੁਲ ਭੂਸ਼ਨ ਚਾਵਲਾ ), ਡਾ. ਅਖਿਲ ਚੌਧਰੀ, ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ ਹੇਠ, ਸ੍ਰੀ ਮਨਮੀਤ ਸਿੰਘ ਢਿੱਲੋਂ, ਪੀ.ਪੀ.ਐੱਸ. (ਕਪਤਾਨ ਪੁਲਿਸ, ਇਨਵੈਸਟਿਗੇਸ਼ਨ) ਅਤੇ ਸ੍ਰੀ ਅਵਤਾਰ ਸਿੰਘ ਰਾਜਪਾਲ, ਪੀ.ਪੀ.ਐੱਸ. (ਉਪ ਕਪਤਾਨ ਪੁਲਿਸ, ਗਿੱਦੜਬਾਹਾ) ਦੀ ਅਗਵਾਈ ਹੇਠ ਥਾਣਾ ਗਿੱਦੜਬਾਹਾ ਦੀ ਪੁਲਿਸ ਵੱਲੋਂ ਬਾਬਾ ਸ਼੍ਰੀ ਚੰਦ ਜੀ ਦੀ ਮੂਰਤੀ ਤੋਂ ਚਾਂਦੀ ਦਾ ਛਤਰ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਜਾਣਕਾਰੀ ਅਨੁਸਾਰ ਮਿਤੀ 22.07.2025 ਨੂੰ ਦੁਪਿਹਰ 01:11 ਵਜੇ, ਡੇਰਾ ਬਾਬਾ ਗੰਗਾ ਰਾਮ ਜੀ ਵਿਖੇ ਬਾਬਾ ਸ਼੍ਰੀ ਚੰਦ ਜੀ ਦੀ ਮੂਰਤੀ ਤੋਂ ਚਾਂਦੀ ਦਾ ਛਤਰ (ਵਜਨੀ 700 ਗ੍ਰਾਮ) ਚੋਰੀ ਹੋ ਗਿਆ ਸੀ। ਇਹ ਚੋਰੀ ਦੋ ਨਾਮਲੂਮ ਵਿਅਕਤੀਆਂ ਵੱਲੋਂ ਕੀਤੀ ਗਈ, ਜਿਨ੍ਹਾਂ ਦੇ ਖ਼ਿਲਾਫ਼ ਅਸ਼ੋਕ ਕੁਮਾਰ (ਪ੍ਰਧਾਨ), ਸੇਵਾ ਸੰਮਤੀ, ਵੱਲੋਂ ਦਿੱਤੀ ਗਈ ਸ਼ਿਕਾਇਤ ਅਧੀਨ ਮੁਕੱਦਮਾ ਨੰ. 99 ਮਿਤੀ 23.07.2025 ਅ/ਧ 305(D), 331(3) BNS ਹੇਠ ਦਰਜ ਕੀਤਾ ਗਿਆ।
ਤਫਤੀਸ਼ ਦੌਰਾਨ:
ਪੁਲਿਸ ਵੱਲੋਂ CCTV ਫੁਟੇਜ ਅਤੇ ਤਕਨੀਕੀ ਜਾਂਚ ਦੀ ਮਦਦ ਨਾਲ ਦੋਸ਼ੀ ਰਜੇਸ਼ ਕੁਮਾਰ ਉਰਫ ਵਿੱਕੀ ਪੁੱਤਰ ਜੈਰਾਮ, ਵਾਸੀ ਭੱਠੇ ਵਾਲੀ ਗਲੀ, ਮਕਾਨ ਨੰ. 4875, ਸ੍ਰੀ ਮੁਕਤਸਰ ਸਾਹਿਬ ਅਤੇ ਬਲਜਿੰਦਰ ਸਿੰਘ ਉਰਫ ਸ਼ੇਰੂ ਪੁੱਤਰ ਸੁਰਿੰਦਰ ਸਿੰਘ, ਵਾਸੀ ਜੋਧੂ ਕਲੋਨੀ, ਗਲੀ ਨੰ. 03, ਹਾਲ ਆਬਾਦ ਚੱਕ ਨੇੜੇ ਸੰਗੂਧੋਣ ਰੋਡ, ਸ੍ਰੀ ਮੁਕਤਸਰ ਸਾਹਿਬ ਨੂੰ ਮਿਤੀ 27.07.2025 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਨ੍ਹਾਂ ਵਲੋਂ ਵਰਤਿਆ ਗਿਆ ਮੋਟਰਸਾਈਕਲ ਹੀਰੋ ਹਾਡਾ ਸਪਲੈਂਡਰ (PB-10-HG-8128, ਰੰਗ ਸਿਲਵਰ) ਵੀ ਬਰਾਮਦ ਕੀਤਾ ਗਿਆ।
ਦੌਰਾਨੇ ਪੁੱਛਗਿੱਛ ਦੋਸ਼ੀਆਂ ਨੇ ਕਬੂਲਿਆ ਕਿ ਚੋਰੀ ਕੀਤਾ ਗਿਆ ਚਾਂਦੀ ਦਾ ਛਤਰ, ਉਨ੍ਹਾਂ ਨੇ ਅਮਰੀਕ ਸਿੰਘ (ਅਮੈਰੀਕਨ ਜਵੈਲਰ, ਗਾਂਧੀ ਚੌਂਕ ਸ੍ਰੀ ਮੁਕਤਸਰ ਸਾਹਿਬ) ਨੂੰ ਵੇਚ ਦਿੱਤਾ ਸੀ। ਮਿਤੀ 28.07.2025 ਨੂੰ ਅਮਰੀਕ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਪਾਸੋਂ ਪਿਘਲਾਈ ਗਈ ਚਾਂਦੀ (ਮੁੱਲ ₹48,000) ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।