
18/06/2025
ਕਵਿਤਾਵਾਂ ਦੇ ਨਾਲ ਛੁਹਾ ਕੇ ਪਾਣੀ ਨੂੰ।
ਇੱਕ ਦੋ ਘੁੱਟ ਪਿਲਾ ਕੇ ਦੇਖੀਂ ਹਾਣੀ ਨੂੰ।
ਕੌਣ ਗੁਲਾਮਾਂ ਦੀ ਵਿਥਿਆ ਦਾ ਸਾਰ ਕਹੇ,
ਦਿਲ ਦੇ ਤਖਤ ‘ਤੇ ਬੈਠੀ ਹੋਈ ਰਾਣੀ ਨੂੰ।
ਬੇਲੇ,ਥਲ,ਦਰਿਆ ਦੀ ਗਾਥਾ ਮੁੱਕੀ ਨਹੀਂ,
ਨਿੱਤ ਨਵੇਂ ਆ ਪਾਤਰ ਛੋਹਣ ਕਹਾਣੀ ਨੂੰ।
ਰੋਜ਼ ਉਨ੍ਹਾਂ ਦੀ ਬੇਪਰਵਾਹੀ ਚੰਗੀ ਨਹੀਂ
ਆਖੋ ਸ਼ੋਖ ਅਦਾਵਾਂ ਵਾਲੀ ਢਾਣੀ ਨੂੰ।
ਅੱਜ ਦੇ ਦੌਰ ‘ਚ ਵੀ ਪਰਭਾਸ਼ਿਤ ਕਰਨਾ ਹੈ,
ਆਪਾਂ ਗੁਜ਼ਰੇ ਵਕਤ ਦੀ ਗੱਲ ਪੁਰਾਣੀ ਨੂੰ।
ਦਿਲ ਦੇ ਕੋਨੇ ਵਿੱਚ ਅੰਗੜਾਈ ਭਰਦੀ ਹੈ,
ਕਿੱਦਾਂ ਰੋਕਾਂ ਮੈਂ ਚਾਹਤ ਮਰ ਜਾਣੀ ਨੂੰ।
ਅੱਜ ਵੀ ਖਾਬਾਂ ਨੂੰ ਸੰਧੂਰੀ ਕਰਦੀ ਹੈ,
ਕਿੰਝ ਭੁਲਾਵਾਂ ਤੇਰੀ ਸੰਗਤ ਮਾਣੀ ਨੂੰ।
~ਅਮਨਦੀਪ ਸਿੰਘ ਅਮਨ