04/11/2025
ਕੁਝ ਘਟਨਾਵਾਂ , ਕੁਝ ਫੈਸਲੇ , ਮਿਸਾਲਾਂ ਨਹੀਂ ਮਿਲ ਪੱਥਰ ਬਣ ਜਾਂਦੇ ਆ। ਆਹ ਬਾਈ ਰਾਜਸਥਾਨ ਵਿੱਚ ਰੇਹੜੀ ਲਾਉਂਦਾ ਸੀ। ਰਿਸ਼ਤੇਦਾਰ ਕੋਲ ਮੋਗੇ ਆਏ ਤਾਂ ਲਾਟਰੀ ਦੀ ਟਿਕਟ ਖਰੀਦਣ ਲਈ ਆਪਣੇ ਨਾਲ਼ ਆਏ ਮਿੱਤਰ ਤੋਂ ਹਜ਼ਾਰ ਕੂ ਰੁਪਈਆ ਮੰਗਿਆ। ਉਸ ਨੇ ਪਿਆਰ ਨਾਲ਼ ਦੇ ਦਿੱਤਾ। ਓਸੇ ਟਿਕਟ ਉੱਤੇ ਗਿਆਰ੍ਹਾਂ ਕਰੋੜ ਦਾ ਇਨਾਮ ਨਿਕਲ ਪਿਆ। ਬਾਈ ਨੇ ਭਿੱਜੀਆਂ ਅੱਖਾਂ ਨਾਲ਼ ਕਿਹਾ ਕਿ "ਮੇਰੇ ਯਾਰ ਦੀਆਂ ਦੋ ਧੀਆਂ ਨੇ, ਸਭ ਤੋਂ ਪਹਿਲਾਂ 50-50 ਲੱਖ ਤਾਂ ਉਨ੍ਹਾਂ ਨੂੰ ਦਿਊਂਗਾ।"
ਇੱਕ ਪਾਸੇ ਅੱਜਕੱਲ੍ਹ ਲੋਕਾਂ ਦਾ ਯਾਰੀਆਂ ਤੋਂ ਯਕੀਨ ਫਿੱਕਾ ਪੈ ਰਿਹੈ ਤੇ ਦੂਜੇ ਪਾਸੇ ਯਾਰਾਂ ਦੇ ਕਿੱਸੇ ਵੀ ਵੱਧ ਤੋਂ ਵੱਧ ਸਾਹਮਣੇ ਆਉਂਦੇ ਨੇ। ਬਾਕੀ ਮੇਰੀ ਜ਼ਿੰਦਗੀ ਦਾ ਨਿਚੋੜ ਹੈ ਕਿ ਜਦੋਂ ਦੋ ਬੰਦੇ ਇੱਕੋ ਜਿਹੀ ਸਕਾਰਾਤਮਕ ਸੋਚ ਤੇ ਪਵਿੱਤਰਤਾ ਨਾਲ਼ ਯਾਰੀ ਜਿਹੇ ਰਿਸ਼ਤੇ ਵਿੱਚ ਆ ਜਾਣ ਤਾਂ ਬਹ੍ਰਿਮੰਡ ਉਨ੍ਹਾਂ ਦੀਆਂ ਪੌ ਬਾਰ੍ਹਾਂ ਕਰ ਦਿੰਦਾ ਹੈ, ਜਿਸ ਨੂੰ ਅਸੀਂ ਕਿਸਮਤ ਵੀ ਕਹਿੰਨੇ ਐਂ ਕਿ ਇੱਕ ਨਾਲ਼ ਇੱਕ ਜੁੜ ਕੇ ਗਿਆਰ੍ਹਾਂ ਹੋ ਗਏ - ਨਿਕਲੇ ਵੀ ਗਿਆਰ੍ਹਾਂ ਕਰੋੜ !!!
- ਮਿੰਟੂ ਗੁਰੂਸਰੀਆ