27/07/2025
ਮਾਝ ਮਹਲਾ ੫ ॥ ਨਿਧਿ ਸਿਧਿ ਰਿਧਿ ਹਰਿ ਹਰਿ ਹਰਿ ਮੇਰੈ ॥ ਜਨਮੁ ਪਦਾਰਥੁ ਗਹਿਰ ਗੰਭੀਰੈ ॥ ਲਾਖ ਕੋਟ ਖੁਸੀਆ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ ॥੧॥ ਦਰਸਨੁ ਪੇਖਤ ਭਏ ਪੁਨੀਤਾ ॥ ਸਗਲ ਉਧਾਰੇ ਭਾਈ ਮੀਤਾ ॥ ਅਗਮ ਅਗੋਚਰੁ ਸੁਆਮੀ ਅਪੁਨਾ ਗੁਰ ਕਿਰਪਾ ਤੇ ਸਚੁ ਧਿਆਈ ਜੀਉ ॥੨॥ ਜਾ ਕਉ ਖੋਜਹਿ ਸਰਬ ਉਪਾਏ ॥ ਵਡਭਾਗੀ ਦਰਸਨੁ ਕੋ ਵਿਰਲਾ ਪਾਏ ॥ ਊਚ ਅਪਾਰ ਅਗੋਚਰ ਥਾਨਾ ਓਹੁ ਮਹਲੁ ਗੁਰੂ ਦੇਖਾਈ ਜੀਉ ॥੩॥ ਗਹਿਰ ਗੰਭੀਰ ਅੰਮ੍ਰਿਤ ਨਾਮੁ ਤੇਰਾ ॥ ਮੁਕਤਿ ਭਇਆ ਜਿਸੁ ਰਿਦੈ ਵਸੇਰਾ ॥ ਗੁਰਿ ਬੰਧਨ ਤਿਨ ਕੇ ਸਗਲੇ ਕਾਟੇ ਜਨ ਨਾਨਕ ਸਹਜਿ ਸਮਾਈ ਜੀਉ ॥੪॥੧੬॥੨੩॥ {ਪੰਨਾ 101}
ਪਦ ਅਰਥ: ਨਿਧਿ = ਨੌ ਨਿਧੀਆਂ, ਦੁਨੀਆ ਦੇ ਨੌ ਹੀ ਖ਼ਜ਼ਾਨੇ। ਸਿਧ = ਆਤਮਕ ਤਾਕਤਾਂ (ਜੋ ਆਮ ਤੌਰ ਤੇ ਅਠਾਰਾਂ ਮੰਨੀਆਂ ਗਈਆਂ ਹਨ) । ਰਿਧਿ = ਧਨ ਦੀ ਬਹੁਲਤਾ। ਮੇਰੈ = ਮੇਰੇ ਹਿਰਦੇ ਵਿਚ, ਮੇਰੇ ਵਾਸਤੇ। ਪਦਾਰਥੁ = ਕੀਮਤੀ ਸ਼ੈ। ਗੰਭੀਰੈ = ਵੱਡੇ ਜਿਗਰੇ ਵਾਲੇ ਪ੍ਰਭੂ ਦੀ ਮਿਹਰ ਨਾਲ। ਕੋਟਿ = ਕ੍ਰੋੜਾਂ। ਗੁਰ ਪਾਈ = ਗੁਰੂ ਦੀ ਚਰਨੀਂ।1।
ਪੇਖਤ = ਵੇਖਦਿਆਂ। ਸਗਲੇ = ਸਾਰੇ। ਉਧਾਰੇ = (ਵਿਕਾਰਾਂ ਤੋਂ) ਬਚਾ ਲਏ। ਅਗਮ = ਅਪਹੁੰਚ। ਅਗੋਚਰੁ = {ਅ-ਗੋ-ਚਰੁ} ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਤੇ = ਤੋਂ, ਦੀ ਰਾਹੀਂ, ਨਾਲ।2।
ਜਾ ਕਉ = ਜਿਸ ਨੂੰ। ਉਪਾਏ = ਪੈਦਾ ਕੀਤੇ ਹੋਏ ਜੀਵ। ਮਹਲੁ = ਟਿਕਾਣਾ।3।
ਗੰਭੀਰ = ਹੇ ਵੱਡੇ ਜਿਗਰੇ ਵਾਲੇ! ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ, ਆਤਮਕ ਮੌਤ ਤੋਂ ਬਚਾਣ ਵਾਲਾ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਜਿਸੁ ਰਿਦੈ = ਜਿਸ ਦੇ ਹਿਰਦੇ ਵਿਚ। ਗੁਰਿ = ਗੁਰੂ ਨੇ। ਸਹਜਿ = ਆਤਮਕ ਅਡੋਲਤਾ ਵਿਚ। ਸਮਾਈ = ਲੀਨਤਾ।4।
ਅਰਥ: (ਹੇ ਭਾਈ!) ਮੇਰੇ ਵਾਸਤੇ ਤਾਂ ਪਰਮਾਤਮਾ ਦਾ ਨਾਮ ਹੀ ਦੁਨੀਆ ਦੇ ਨੌ ਖ਼ਜ਼ਾਨੇ ਹੈ, ਪ੍ਰਭੂ-ਨਾਮ ਹੀ ਆਤਮਕ ਤਾਕਤਾਂ ਹੈ, ਪ੍ਰਭ-ਨਾਮ ਹੀ ਧਨ ਦੀ ਬਹੁਲਤਾ ਹੈ। ਡੂੰਘੇ ਤੇ ਵੱਡੇ ਜਿਗਰੇ ਵਾਲੇ ਪਰਮਾਤਮਾ ਦੀ ਮਿਹਰ ਨਾਲ ਮੈਨੂੰ ਮਨੁੱਖਾ-ਜਨਮ (ਦੁਰਲੱਭ) ਪਦਾਰਥ (ਦਿੱਸ ਰਿਹਾ) ਹੈ। (ਪਰ ਇਹ ਨਾਮ ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ) ਜੇਹੜਾ ਮਨੁੱਖ ਗੁਰੂ ਦੀ ਚਰਨੀਂ ਲੱਗਦਾ ਹੈ, ਉਹ ਲੱਖਾਂ ਕ੍ਰੋੜਾਂ (ਆਤਮਕ) ਖ਼ੁਸ਼ੀਆਂ ਦਾ ਆਨੰਦ ਮਾਣਦਾ ਹੈ।1।
(ਗੁਰੂ ਦਾ) ਦੀਦਾਰ ਕਰ ਕੇ (ਮੇਰਾ ਤਨ ਮਨ) ਪਵਿਤ੍ਰ ਹੋ ਗਿਆ ਹੈ, ਮੇਰੇ ਸਾਰੇ ਭਰਾ ਤੇ ਮਿੱਤਰ (ਗਿਆਨ-ਇੰਦ੍ਰੇ ਗੁਰੂ ਨੇ ਵਿਕਾਰਾਂ ਤੋਂ) ਬਚਾ ਲਏ ਹਨ। ਮੈਂ ਗੁਰੂ ਦੀ ਕਿਰਪਾ ਨਾਲ ਆਪਣੇ ਉਸ ਮਾਲਕ ਨੂੰ ਸਿਮਰ ਰਿਹਾ ਹਾਂ, ਜੋ ਅਪਹੁੰਚ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੈ ਤੇ ਜੋ ਸਦਾ ਕਾਇਮ ਰਹਿਣ ਵਾਲਾ ਹੈ।2।
ਜਿਸ ਪਰਮਾਤਮਾ ਨੂੰ ਉਸ ਦੇ ਪੈਦਾ ਕੀਤੇ ਸਾਰੇ ਜੀਵ ਭਾਲਦੇ ਰਹਿੰਦੇ ਹਨ, ਉਸ ਦਾ ਦਰਸਨ ਕੋਈ ਵਿਰਲਾ ਵੱਡੇ ਭਾਗਾਂ ਵਾਲਾ ਮਨੁੱਖ ਪ੍ਰਾਪਤ ਕਰਦਾ ਹੈ। ਜੇਹੜਾ ਪ੍ਰਭੂ ਸਭ ਤੋਂ ਉੱਚੀ ਹਸਤੀ ਵਾਲਾ ਹੈ, ਜਿਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਸਦਾ ਉਹ ਉੱਚਾ ਥਾਂ-ਟਿਕਾਣਾ ਗੁਰੂ (ਹੀ) ਵਿਖਾਂਦਾ ਹੈ।3।
ਹੇ ਡੂੰਘੇ ਪ੍ਰਭੂ! ਹੇ ਵੱਡੇ ਜਿਗਰੇ ਵਾਲੇ ਪ੍ਰਭੂ! ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਤੇਰਾ ਨਾਮ ਵੱਸ ਪੈਂਦਾ ਹੈ, ਉਹ ਵਿਕਾਰਾਂ ਤੋਂ ਖ਼ਲਾਸੀ (ਵਾਲਾ) ਬਣ ਜਾਂਦਾ ਹੈ।
ਹੇ ਨਾਨਕ! (ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ-ਨਾਮ ਵੱਸਿਆ ਹੈ) ਗੁਰੂ ਨੇ ਉਹਨਾਂ ਦੇ ਸਾਰੇ ਮਾਇਆ ਦੇ ਫਾਹੇ ਕੱਟ ਦਿੱਤੇ ਹਨ ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ।4।16। 23।