
03/07/2025
ਭਾਈ ਘਨੱਈਆ ਜੀ
ਕਈ ਅਜਿਹੀਆਂ ਰੂਹਾਂ ਸੰਸਾਰ ਉੱਤੇ ਆਉਂਦੀਆਂ ਹਨ ਜੋ ਮਨੁੱਖੀ ਰੂਪ ਵਿਚ ਹੁੰਦਿਆਂ ਹੋਇਆਂ ਵੀ ਹਰ ਲੋਭ ਲਾਲਚ ਤੋਂ ਉਪਰ ਉਠ ਕੇ ਤੰਨ ਮੰਨ ਧੰਨ ਨਾਲ ਸੇਵਾ ਕਰਕੇ ਦੁਨੀਆਂ ਤੋਂ ਚਲੀਆਂ ਜਾਂਦੀਆ ਪਰ ਆਉਣ ਵਾਲੀਆਂ ਪੀੜੀਆਂ ਲਈ ਇਕ ਚਾਨਣ ਮੁਨਾਰਾ ਬਣਕੇ ਹਮੇਸ਼ਾਂ ਲੋਕਾਂ ਦੇ ਦਿਲਾਂ ਵਿਚ ਜਿੰਦਾ ਰਹਿੰਦੀਆਂ ਹਨ| ਅਜਿਹੀ ਸਖਸ਼ੀਅਤ ਵਾਲੇ ਸੀ ਭਾਈ ਘਨੱਈਆ, ਜਿਨ੍ਹਾਂ ਨੇ ਗੁਰਬਾਣੀ ਨੂੰ ਸਿਰਫ ਪੜਿਆ ਹੀ ਨਹੀਂ ,ਉਸ ਉੱਤੇ ਅਜਿਹਾ ਅਮਲ ਕੀਤਾ ਕਿ ਉਹ ਆਪਣੀ ਸਾਰੀ ਜਿੰਦਗੀ ਬਿਨਾਂ ਕਿਸੇ ਜਾਤੀ ਜਾਂ ਮਜਹਬ , ਦੋਸਤ ਜਾਂ ਦੁਸ਼ਮਨ, ਆਪਣਾ ਜਾਂ ਪਰਾਇਆ ਬਿਨਾ ਕਿਸੀ ਭੇਦ - ਭਾਵ ਜਾਂ ਵਿਤਕਰੇ ਤੋਂ ਮਨੁੱਖਤਾ ਦੀ ਸੇਵਾ ਕਰਣ ਖਾਤਰ ਆਪਣੀ ਸਾਰੀ ਜਿੰਦਗੀ ਕੁਰਬਾਨ ਕਰ ਦਿਤੀ। Bhagrana ਭਗੜਾਣਾ
ਭਾਈ ਘਨੱਈਆ ਜੀ ਦਾ ਜਨਮ ਪਿੰਡ ਸੋਧਰਾ ਨੇੜੇ ਵਜੀਰਾਬਾਦ ਜਿਲ੍ਹਾ ਸਿਆਲੋਕਟ (ਪਾਕਿਸਤਾਨ) ਵਿਖੇ ਸੰਨ 1648 ਈ: ਵਿਚ ਹੋਇਆ| ਆਪ ਜੀ ਦੇ ਪਿਤਾ ਜੀ ਦਾ ਨਾਮ ਭਾਈ ਨੱਥੂ ਰਾਮ ਸੀ ਤੇ ਮਾਤਾ ਦਾ ਨਾਮ ਮਾਤਾ ਸੁੰਦਰੀ ਜੀ ਸੀ । ਉਹ ਇਕ ਅਮੀਰ ਵਪਾਰੀ ਸਨ ਤੇ ਸ਼ਾਹੀ ਫੋਜਾਂ ਨੂੰ ਰਸਦ -ਪਾਣੀ ਸਪਲਾਈ ਕਰਦੇ ਸਨ। ਖਤਰੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਭਾਈ ਨੱਥੂ ਰਾਮ ਦਾ ਸੁਭਾਅ ਬੜਾ ਮਿੱਠਾ ਤੇ ਪਿਆਰਾ ਸੀ| ਇਹ ਇਕ ਖੁਸ਼ਹਾਲ ਪਰਿਵਾਰ ਸੀ । ਪਰ ਭਾਈ ਸਾਹਿਬ ਦੀ ਰੁਚੀ ਵੈਰਾਗ , ਤਿਆਗ ਤੇ ਸੇਵਾ ਦੀ ਸੀ । ਬਚਪਨ ਵਿਚ ਹੀ ਆਪ ਜੀ ਦੇ ਜੇਬ ਵਿਚ ਜਿਤਨੇ ਪੈਸੇ ਹੁੰਦੇ ,ਗਰੀਬਾਂ ਤੇ ਲੋੜਵੰਦਾ ਨੂੰ ਦੇ ਦਿੰਦੇ। ਘਰ ਵਾਲਿਆਂ ਨੇ ਇਨ੍ਹਾ ਨੂੰ ਆਹਰੇ ਲਗਾਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਵਿਅਰਥ। ਪੈਸਾ ਘਰ ਵਿਚ ਬਥੇਰਾ ਸੀ ਸੋ ਪਿਤਾ ਜੀ ਨੇ ਇਸ ਬਚੇ ਨੂੰ ਇਕ ਅੱਲਗ ਕਮਰਾ ਬੰਨਵਾ ਦਿਤਾ ਤੇ ਮਾਇਆ ਵੀ ਖੁਲੇ ਦਿਲ ਨਾਲ ਦੇਣੀ ਸ਼ੁਰੂ ਕਰ ਦਿਤੀ ਤਾਕਿ ਆਪ ਮੰਨ -ਚਾਹੀ ਲੋਕਾਂ ਦੀ ਸੇਵਾ ਕਰਦੇ ਰਹਿਣ | ਆਪ ਜੀ ਦੇ ਪਿਤਾ ਜੀ ਦਾ ਜਦੋਂ ਅਕਾਲ ਚਲਾਣਾ ਹੋਇਆ ਉਸ ਸਮੇਂ ਆਪ ਬਚਪਨ ਅਵਸਥਾ ਵਿਚ ਹੀ ਸਨ| ਜਲਦੀ ਹੀ ਘਰ ਦੀ ਜਿੰਮੇਵਾਰੀ ਆਪ ਦੇ ਮੋਢਿਆਂ ਉੱਤੇ ਆ ਗਈ| ਕੁਝ ਚਿਰ ਤਾਂ ਆਪ ਨੇ ਕੰਮ ਕੀਤਾ ਅਤੇ ਨਾਲ ਹੀ ਵਜੀਰਾਬਾਦ ਵਿਖੇ ਭਾਈ ਨਨੂਆ ਜੀ ਦੀ ਸੰਗਤ ਕੀਤੀ ਜੋ ਗੁਰੂ ਘਰ ਦੇ ਸ਼ਰਧਾਲੂ ਸਨ| ਇਕ ਤਾਂ ਆਪ ਦਾ ਸੁਭਾਅ ਪਹਿਲਾ ਤੋਂ ਹੀ ਭਗਤੀ-ਭਾਵ ਵਾਲਾ ਸੀ ਅਤੇ ਦੂਜਾ ਭਾਈ ਨਨੂਆ ਦੀ ਸੰਗਤ ਨੇ ਸੋਨੇ ਤੇ ਸੁਹਾਗੇ ਦਾ ਕੰਮ ਕੀਤਾ । ਆਪ ਆਪਣਾ ਕੰਮ ਕਰ ਛੋੜ ਕੇ ਸੇਵਾ ਵਿਚ ਹੀ ਜੁਟ ਗਏ।
ਭਾਈ ਨਨੂਆ ਜੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਜਾਇਆ ਕਰਦੇ ਸਨ| ਆਪ ਜੀ ਨੇ ਭਾਈ ਨਨੂਆ ਜੀ ਕੋਲੋਂ ਗੁਰੂ ਸਾਹਿਬ ਦੇ ਬਚਨ ਤੇ ਬਾਣੀ ਸੁਣਦੇ ਰਹਿੰਦੇ ਜੋ ਹੋਲੀ ਹੋਲੀ ਆਪ ਜੀ ਦੇ ਹਿਰਦੇ ਵਿਚ ਵਸ ਗਈ । | ਇਸ ਤਰ੍ਹਾਂ ਆਪ ਦੇ ਮਨ ਵਿਚ ਗੁਰਸਿੱਖੀ ਦੀ ਜਾਗ ਲਗ ਗਈ| ਆਪ ਸੁਆਸ ਸੁਆਸ ਸਿਮਰਨ ਕਰਨ ਲਗ ਪਏ| ਇਕ ਦਿਨ ਅਚਾਨਕ ਭਾਈ ਨਨੂਆ ਜੀ ਅਕਾਲ ਚਲਾਣਾ ਕਰ ਗਏ| ਆਪ ਦਾ ਮਨ ਬੜਾ ਉਦਾਸ ਹੋ ਗਿਆ| ਸੰਨ 1674 ਵਿਚ ਆਪ ਪੁਛਦੇ ਪੁਛਾਉਂਦੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨ ਲਈ ਆਨੰਦਪੁਰ ਸਾਹਿਬ ਪੁੱਜ ਗਏ | ਬਸ ਫਿਰ ਕੀ ਸੀ ਆਪ ਉਥੇ ਦੇ ਹੀ ਹੋਕੇ ਰਹਿ ਗਏ| ਗੁਰੂ ਸਾਹਿਬ ਜੀ ਦੇ ਪੁੱਛਣ ਤੇ ਆਪ ਨੇ ਦਸਿਆ ਕਿ ਮੈਂ ਭਾਈ ਨਨੂਆ ਜੀ ਪਾਸੋਂ ਆਪ ਜੀ ਦੀ ਸੋਭਾ ਸੁਣੀ ਸੀ ਤੇ ਇਥੇ ਆਪਜੀ ਦੇ ਦਰਬਾਰ ਦੀ ਸੰਗਤ ਤੇ ਸੇਵਾ ਕਰਨ ਆਈਆਂ ਹਨ ,ਹੁਣ ਮੈਨੂੰ ਕੋਈ ਸੇਵਾ ਬਖਸ਼ੋ1 ਇਸ ਵੇਲੇ ਆਪ ਦੀ ਉਮਰ 20-22 ਸਾਲ ਦੀ ਸੀ| ਇਥੇ ਆਪ ਜੀ ਨੇ ਲੰਗਰ ਤੇ ਘੋੜਿਆਂ ਦੀ ਸੇਵਾ ਸੰਭਾਲ ਲਈ। ਇਕ ਸਾਲ ਆਪਜੀ ਨੇ ਤੰਨ-ਮੰਨ ਨਾਲ ਸੇਵਾ ਕੀਤੀ ।ਗੁਰੂ ਸਾਹਿਬ ਨੇ ਆਪਜੀ ਦੀ ਸੇਵਾ ਤੋਂ ਪ੍ਰਸੰਨ ਹੋਕੇ ਬਚਨ ਕੀਤੇ ,” ਤੁਹਾਡੀ ਘਾਲ ਥਾਂਇ ਪਈ । ਹੁਣ ਤੁਸੀਂ ਜਾਉ ਆਪ ਵੀ ਨਾਮ ਜਪੋ ਤੇ ਹੋਰਾਂ ਨੂੰ ਵੀ ਜਪਾਉ।
ਗੁਰੂ ਤੇਗ ਬਹਾਦਰ ਦੇ ਬਚਨਾ ਦੀ ਪਾਲਣਾ ਕਰਦੇ ਭਾਈ ਸਾਹਿਬ ਉਥੋਂ ਆਪਣੇ ਇਲਾਕੇ ਵਲ ਚਲ ਪਏ। ਅਟਕ ਦੇ ਨੇੜੇ ਕਵੇਹ ਨਾਮੀ ਸਥਾਨ ਤੇ ਆਪ ਜੀ ਨੂੰ ਪਿਆਸ ਲਗੀ ਤਾਂ ਆਪਨੇ ਕਿਸੇ ਤੋਂ ਪਾਣੀ ਮੰਗਿਆ । ਉਸਨੇ ਕਿਹਾ ਕੀ ਇਥੇ ਪਾਣੀ ਦੀ ਬੜੀ ਕਿੱਲਤ ਹੈ । ਸਾਨੂੰ ਪਾਣੀ ਬੜੀ ਦੂਰ ਤੋਂ ਲਿਆਣਾ ਪੈਂਦਾ ਹੈ । ਸਾਨੂੰ ਆਪ ਪਾਣੀ ਵੀ ਬੜੀ ਮੁਸ਼ਕਲਾਂ ਨਾਲ ਨਸੀਬ ਹੁੰਦਾ ਹੈ ਅਸੀਂ ਲੋਕਾ ਨੂੰ ਕੀ ਪਿਆਣਾ ਹੈ । ਜਿਵੇਂ ਕਿਵੇਂ ਉਨ੍ਹਾ ਨੇ ਆਪਣੀ ਪਿਆਸ ਤਾਂ ਬੁਝਾ ਲਈ ਪਰ ਅਗੇ ਨਾ ਜਾਕੇ ਕਵੇਹ ਵਿਚ ਹੀ ਟਿਕਣ ਦਾ ਫੈਸਲਾ ਕਰ ਲਿਆ ਤੇ ਹਰ ਪਿਆਸੇ ਦੀ ਜਲ ਨਾਲ ਸੇਵਾ ਕਰਨੀ ਸ਼ੁਰੂ ਕਰ ਦਿਤੀ ।
ਕਵੇਹ ਤੋਂ ਰਤਾ ਵਿਥ ਤੇ ਹਰੋਹ ਨਾਮੀ ਨਦੀ ਤੋਂ ਉਹ ਪਾਣੀ ਦਾ ਘੜਾ ਭਰਦੇ ਤੇ ਲੋਕਾਂ ਨੂੰ ਪਿਆਈ ਜਾਂਦੇ । ਘੜਾ ਖਾਲੀ ਹੁੰਦਾ ਤਾਂ ਮੁੜ ਭਰ ਲਿਆਂਦੇ। ਹੋਲੀ ਹੋਲੀ ਘੜੇ ਇਕ ਤੋਂ ਦੋ ,ਦੋ ਤੋਂ ਚਾਰ ਕਰਦੇ ਕਰਦੇ 200 ਘੜੇ ਹੋ ਗਏ। ਉਨ੍ਹਾ ਦੀ ਸੇਵਾ ਦੀ ਕਿਰਤੀ ਹਰ ਪਾਸੇ ਫੈਲਣ ਲਗੀ । ਉਨ੍ਹਾ ਦੇ ਟਿਕਾਣੇ ਤੇ ਰੋਣਕ ਵਧਣ ਲਗੀ ਤੇ ਨਾਲ ਪਾਣੀ ਨਾਲ ਭਰੇ ਘੜੀਆਂ ਦੀ ਗਿਣਤੀ ਵੀ । ਉਨ੍ਹਾ ਦਾ ਟਿਕਾਣਾ ਧਰਮ ਸਾਲ ਬਣ ਗਿਆ ਮੰਜੇ ਬਿਸਤਰੇ ਵੀ ਆ ਗਏ । ਸੰਗਤ ਵੀ ਸਵੇਰੇ ਸ਼ਾਮ ਜੁੜਨ ਲਗੀ । ਭਾਈ ਸਾਹਿਬ ਨੇ ਉਦਮ ਕਰ ਕੇ ਇਕ ਖੂਹ ਵੀ ਪੁਟਵਾ ਲਿਆ । ਇਸ ਤਰਹ ਤਿੰਨ ਚਾਰ ਸਾਲ ਬੀਤ ਗਏ।
ਇਸ ਦੌਰਾਨ 1675 ਵਿਚ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਹੋਈ। ਗੁਰੂ ਗੋਬਿੰਦ ਸਿੰਘ ਜੀ ਗੁਰ ਗੱਦੀ ਤੇ ਬੈਠੇ। ਭਾਈ ਸਾਹਿਬ 1678 ਵਿਚ ਕਵੇਹ ਛੱਡ ਕੇ ਆਨੰਦਪੁਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨਾ ਨੂੰ ਤੁਰ ਪਏ। ਪਹੁੰਚ ਕੇ ਆਪਣਾ ਟਿਕਾਣਾ ਆਨੰਦਪੁਰ ਸਾਹਿਬ ਬਣਾ ਲਿਆ ਤੇ ਦਸ਼ਮੇਸ਼ ਦਰਬਾਰ ਦੀ ਸੇਵਾ ਆਰੰਭ ਕਰ ਦਿਤੀ। ਹਰ ਵੇਲਾ ਆਪ ਗੁਰੂ ਸਾਹਿਬ ਦੀ ਸੰਗਤ ਵਿਚ ਗੁਜਾਰਨ ਦੀ ਕੋਸ਼ਿਸ਼ ਕਰਦੇ। ਜਦੋਂ ਗੁਰੂ ਸਾਹਿਬ ਪਾਉਂਟਾ ਸਾਹਿਬ ਗਏ ਤਾਂ ਇਹ ਨਾਲ ਸਨ। ਵਾਪਸ ਆਨੰਦਪੁਰ ਸਾਹਿਬ ਆਏ ਤਾਂ ਇਹ ਵੀ ਨਾਲ ਵਾਪਸ ਆ ਗਏ। ਗਲ ਵਿਚ ਮਸ਼ਕ ਜਾਂ ਸਿਰ ਤੇ ਘੜਾ, ਉਹ ਹਰ ਵੇਲੇ ਸੰਗਤ ਦੀ ਸੇਵਾ ਕਰਦੇ ਰਹਿੰਦੇ।
ਹਾਲਾਤਾਂ ਨੇ ਪਲਟਾ ਮਾਰਿਆ। ਆਨੰਦਪੁਰ ਰਣ ਤਤੇ ਵਿਚ ਬਦਲ ਗਿਆ। ਬੰਦੂਕਾਂ ਦੀ ਠਾਹ ਠਾਹ, ਤੀਰਾਂ ਦੀ ਸ਼ੂਕਰ ਤੇ ਤਲਵਾਰਾਂ ਬਰਛਿਆਂ ਦੀ ਛਣਕਾਰ ਦੇ ਨਾਲ ਜਖਮੀਆਂ ਦੀ ਚੀਕ ਪੁਕਾਰ, ਭਾਈ ਸਾਹਿਬ ਹਰ ਵਕਤ ਤੜਪਦੇ ਜਖਮੀਆਂ ਦੇ ਮੂੰਹ ਵਿਚ ਪਾਣੀ ਪਾਉਂਦੇ। ਇਹ ਉਨ੍ਹਾ ਦੀ ਨਿਤ ਦਾ ਕਿਰਿਆ ਕਰਮ ਬਣ ਗਿਆ। ਕਈੰ ਵਾਰ ਅਜਿਹਾ ਵੀ ਹੁੰਦਾ ਕੀ ਦੁਸ਼ਮਨ ਪਾਣੀ ਪੀਕੇ ਫਿਰ ਤਰੋ-ਤਾਜ਼ਾ ਹੋ ਜਾਂਦਾ ਤੇ ਸਿਖ ਸੇਨਿਕਾਂ ਉਪਰ ਟੁਟ ਪੈਂਦਾ। ਇਹ ਸਭ ਦੇਖ ਕੇ ਸਿਖ ਸੈਨਿਕ ਦੁਖੀ ਵੀ ਹੁੰਦੇ ਪਰ ਗੁਰੂ ਸਾਹਿਬ ਦਾ ਭਾਈ ਸਾਹਿਬ ਨਾਲ ਪ੍ਰੇਮ ਦੇਖ ਕੇ ਚੁਪ ਹੋ ਜਾਂਦੇ। ਇਕ ਦਿਨ ਉਨ੍ਹਾ ਤੋਂ ਰਿਹਾ ਨਾ ਗਿਆ ਤੇ ਗੁਰੂ ਸਾਹਿਬ ਕੋਲ ਆਣ ਤੇ ਉਨਾ ਨੇ ਸ਼ਕਾਇਤ ਕੀਤੀ। ਅਸੀਂ ਯੁੱਧ ਵਿਚ ਜਿਥੇ ਦੁਸ਼ਮਣਾਂ ਨੂੰ ਜਖਮੀ ਕਰਦੇ ਹਾਂ ਉੱਥੇ ਤੁਹਾਡਾ ਇਹ ਸਿੱਖ ਉਨ੍ਹਾਂ ਪਾਸ ਜਾ ਕੇ ਮੁਰਦਿਆਂ ਦੇ ਮੂੰਹ ਵਿਚ ਪਾਣੀ ਪਾ ਕੇ ਉਨ੍ਹਾ ਨੂੰ ਸੁਰਜੀਤ ਕਰ ਦਿੰਦਾ ਹੈ| ਗੁਰੂ ਸਾਹਿਬ ਮੁਸਕਰਾਏ ਤੇ ਕਹਿਣ ਲੱਗੇ, ਤੁਸੀਂ ਅਸ਼ਾਂਤ ਨਾ ਹੋਵੋ, ਅਸੀਂ ਹੁਣੇ ਹੀ ਉਸਨੂੰ ਬੁਲਾ ਕੇ ਸਹੀ ਗਲਬਾਤ ਪੁਛ ਲੈਂਦੇ ਹਾਂ| ਭਾਈ ਘਨੱਈਆ ਨੂੰ ਸਦਿਆ ਗਿਆ | ਭਾਈ ਘਨੱਈਆ ਮੋਢੇ ਉੱਤੇ ਮਸ਼ਕ ਰਖੀ ਸਤਿਨਾਮ ਵਾਹਿਗੁਰੂ ਗੁਣ ਗੁਣਾਉਂਦਾ ਆ ਰਿਹਾ ਸੀ| ਗੁਰੂ ਦੇ ਹਜ਼ੂਰ ਪੁੱਜ ਕੇ ਉਹਨਾਂ ਨੇ ਮਥਾ ਟੇਕਿਆ ਤੇ ਹੱਥ ਬੰਨ ਕੇ ਪੁਛਿਆ, ‘ਪਾਤਸ਼ਾਹ ਨਾਚੀਜ ਨੂੰ ਸਦਾ ਭੇਜਿਆ ਹੈ|’
‘ਹਾਂ ਭਾਈ ਤੁਹਾਡੇ ਵਿਰੁੱਧ ਸ਼ਿਕਾਇਤ ਆਈ ਹੈ, ਤੁਸੀਂ ਜੰਗ ਵਿਚ ਜਿਥੇ ਸਿੱਖ ਫੱਟੜਾਂ ਨੂੰ ਪਾਣੀ ਪਿਲਾਉਂਦੇ ਹੋ ਉੱਥੇ ਦੁਸ਼ਮਣਾਂ ਦੇ ਸੈਨਿਕ ਫੱਟੜਾਂ ਨੂੰ ਵੀ ਪਾਣੀ ਪਿਲਾਈ ਜਾਂਦੇ ਹੋ ਤੇ ਕੋਈ ਫਰਕ ਨਹੀਂ ਕਰਦੇ| ਗੁਰੂ ਸਾਹਿਬ ਜੀ ਨੇ ਸੁਆਲ ਕੀਤਾ|
‘ਪਾਤਿਸ਼ਾਹ ਮੇਰੇ ਕੋਲੋਂ ਭੁਲ ਹੋ ਗਈ ਪਰ ਮੈਨੂੰ ਤਾਂ ਯੁੱਧ ਵਿਚ ਕੋਈ ਦੁਸ਼ਮਣ ਨਜ਼ਰ ਨਹੀਂ ਆਉਂਦਾ| ਮੈਂ ਤਾਂ ਕੇਵਲ ਪਿਆਸਿਆਂ ਤੇ ਫੱਟੜਾਂ ਦੇ ਮੂੰਹ ਵਿਚ ਪਾਣੀ ਪਾਇਆ ਹੈ| ਮੈਨੂੰ ਤਾਂ ਹਰ ਫੱਟੜ ਦੇ ਮੂੰਹ ਉੱਤੇ ਤੁਹਾਡਾ ਹੀ ਚੇਹਰਾ ਦਿਖਾਈ ਦਿੰਦਾ ਹੈ | ਪਾਣੀ ਲਈ ਖੁਲੀ ਹਰ ਬੁੱਕ ਵਿਚ ਮੈਨੂੰ ਤੇਰਾ ਹੀ ਪਰਛਾਵਾਂ ਦਿਖਾਈ ਦਿੰਦਾ ਹੈ|
ਗੁਰੂ ਸਾਹਿਬ ਸਮਝ ਗਏ, ਸਿੰਘਾਂ ਨੂੰ ਕਿਹਾ, ” ਐ ਸਿੰਘੋ ਭਾਈ ਘਨੱਈਆ ਜੋ ਬੋਲ ਰਿਹਾ ਹੈ ਇਹ ਇਕ ਪੂਰਨ ਸਾਧ ਬਾਣੀ ਦਾ ਚਰਿਤਰ ਹੈ| ਇਸ ਪੂਰਨ ਪੁਰਖ ਘਨਈਆ ਨੂੰ ਕੁਝ ਨਾ ਕਹੋ| ਜੋ ਕਰੇ ਜਿੱਥੇ ਕਰੇ ਉੱਥੇ ਹੀ ਕਰਨ ਦਿਓ| ਇਸ ਸਾਧ ਦੇ ਮਨ ਦੀ ਅਵਸਥਾ ਬੜੀ ਉੱਚੀ ਹੈ “| ਗੁਰੂ ਸਾਹਿਬ ਜੀ ਆਪਣੇ ਆਸਣ ਤੋਂ ਉਠੇ ਤੇ ਭਾਈ ਘਨਈਆ ਨੂੰ ਛਾਤੀ ਨਾਲ ਲਗਾਇਆ| ਭਾਈ ਸਾਹਿਬ ਦਾ ਮੱਥਾ ਚੁੰਮਿਆ ਤੇ ਗਦ ਗਦ ਹੋ ਕੇ ਬੋਲੇ, ਭਾਈ ਘਨਈਆ ਤੂੰ ਸਿਖੀ ਨੂੰ ਠੀਕ ਸਮਝਿਆ ਹੈ, ਤੇਰੀ ਕਮਾਈ ਧੰਨ ਹੈ , ਤੂੰ ਸਭ ਤਾਤ ਵਿਸਾਰ ਦਿਤੀ ਹੈ| ਤੂੰ ਵਾਹਿਗੁਰੂ ਦਾ ਅਨਿਨ ਭਗਤ ਹੋ ਨਿਬੜਿਆ ਹੈ| ਸਤਿਗੁਰੂ ਜੀ ਨੇ ਉਸੇ ਵੇਲੇ ਇਕ ਮਲ੍ਹਮ ਦੀ ਡੱਬੀ ਮੰਗਵਾਈ ਤੇ ਭਾਈ ਘਨਈਆ ਨੂੰ ਸੌਂਪ ਕੇ ਹੁਕਮ ਦਿਤਾ, ਭਾਈ ਜਿੱਥੋਂ ਤੁਸੀਂ ਫੱਟੜਾਂ ਨੂੰ ਪਾਣੀ ਪਿਲਾਉਂਦੇ ਹੋ ਉੱਥੇ ਉਨ੍ਹਾਂ ਦੇ ਜਖਮਾਂ ਤੇ ਮਲ੍ਹਮ ਵੀ ਲਗਾ ਦਿਆ ਕਰੋ|
ਇਸ ਘਟਨਾਂ ਤੋਂ ਕਾਫੀ ਚਿਰ ਪਿਛੋਂ ਜਦ ਗੁਰੂ ਸਾਹਿਬ ਨੇ ਆਨੰਦਪੁਰ ਕਿਲਾ ਖਾਲੀ ਕੀਤਾ ਤਾਂ ਭਾਈ ਘਨੱਈਆ ਜੀ ਨੂੰ ਆਪਣੇ ਪਿੰਡ ਸੋਧਰਾਂ ਵਿਚ ਜਾ ਕੇ ਪ੍ਰਚਾਰ ਕਰਨ ਲਈ ਭੇਜ ਦਿੱਤਾ| ਪ੍ਰਚਾਰ ਦੇ ਨਾਲ ਨਾਲ ਭਾਈ ਸਾਹਿਬ ਦੀ ਇਹ ਸੇਵਾ ਵੀ ਨਿਰੰਤਰ ਜਾਰੀ ਰਹੀ।ਭਾਈ ਘਨੱਈਆ ਜੀ ਨੇ ਆਪਣੇ ਜੀਵਨ ਕਾਲ ਦੇ ਪਿਛਲੇ 10 ਕੁ ਸਾਲ ਆਪਣੇ ਇਲਾਕੇ ਵਿਚ ਹੀ ਗੁਜਾਰੇ ਤੇ ਪਿੰਡ ਸੋਧਰੇ ਵਿਚ ਹੀ 20 ਸਤੰਬਰ 1718 ਈ: ਨੂੰ 70 ਸਾਲ ਦੀ ਉਮਰ ਭੋਗ ਕੇ ਇਕ ਦਿਨ ਕੀਰਤਨ ਸੁਣਦੇ ਸੁਣਦੇ ਅਜਿਹੀ ਸਮਾਧੀ ਲਗਾਈ ਕਿ ਗੁਰੂ ਚਰਨਾਂ ਵਿਚ ਜਾ ਬਿਰਾਜੇ। ਸੰਗਤਾ ਨੇ ਉਨ੍ਹਾ ਨੂੰ ਸਾਰੀ ਉਮਰ ਪਾਣੀ ਦੇ ਸੇਵਾ ਕਰਦਿਆਂ ਵੇਖਿਆ, ਇਸ ਲਈ ਸਸਕਾਰ ਕਰਨ ਦੀ ਬਜਾਏ ਉਨ੍ਹਾ ਦਾ ਜਲ-ਪ੍ਰਵਾਹ ਕਰ ਦਿਤਾ ਗਿਆ।
ਇਸ ਪ੍ਰਕਾਰ ਦੁਨੀਆ ਵਿਚ ਬਿਨਾਂ ਕਿਸੇ ਵਿਤਕਰੇ ਤੋਂ ਮਾਨਵਤਾ ਦੀ ਸੇਵਾ ਆਰੰਭ ਹੋਈ| ਭਾਰਤ ਖਾਸ ਕਰਕੇ ਪੰਜਾਬ ਵਿਚ ਪਹਿਲੀ ਵਾਰ ਲਗਭਗ 1704 ਈ: ਵਿਚ ਅਜਿਹੀ ਸੰਸਥਾ ਨੇ ਜਨਮ ਲਿਆ| ਪਿੱਛੋਂ ਜਾ ਕੇ ਇਸ ਸੰਸਥਾ ਦਾ ਨਾਮ ” ਸੇਵਾ ਪੰਥੀ” ਪੈ ਗਿਆ| ਇਸਦੇ ਅੱਜ ਵੀ ਸੈਂਕੜੇ ਥਾਵਾਂ ਤੇ ਡੇਰੇ ਹਨ| ਇਹ ਇਕ ਮਹਾਨ ਸਮਾਜਿਕ ਕ੍ਰਾਂਤੀ ਸੀ ਜਿਸ ਨਾਲ ਮਨੁੱਖਤਾ ਦੀ ਸੇਵਾ ਦਾ ਮੁੱਢ ਬੱਝਾ| ਮੌਜੂਦਾ ਰੈਡ ਕਰਾਸ ਸੰਸਥਾ ਦੀ ਸਥਾਪਨਾ ਸੰਨ 1863 ਈ: ਵਿਚ ਹੋਈ| ਪਰ ਅਸਲ ਵਿਚ ਰੈਡ ਕਰਾਸ ਦੇ ਸੰਸਥਾਪਕ ਅਸੀਂ ਭਾਈ ਘਨੱਈਆ ਜੀ ਨੂੰ ਮੰਨਦੇ ਹਾਂ, ਜਿਨ੍ਹਾਂ ਨੇ ਅੱਜ ਤੋ ਤਕਰੀਬਨ 300 ਸਾਲ ਪਹਿਲਾਂ ਇਸ ਸੇਵਾ ਦੀ ਸ਼ੁਰੂਆਤ ਕੀਤੀ 🙏🙏