03/09/2025
ਰਾਸ਼ਨ ਸਮੱਗਰੀ ਨੂੰ ਥੋੜਾ ਬ੍ਰੇਕ ਲਾ ਲਈਏ ਪਿਆਰਿਉ 🙏
ਹੜ੍ਹ ਪੀੜਤਾਂ ਲਈ ਰਾਸ਼ਨ ਸਮੱਗਰੀ ਦੀ ਭਰਮਾਰ ਜੁੜ ਗਈ ਹੈ। ਸਮਾਜ ਸੇਵੀ ਸੰਸਥਾਵਾਂ ਨੂੰ ਸਮਾਨ ਡੰਪ ਕਰਨਾ ਪੈ ਰਿਹਾ। ਪਸ਼ੂਆਂ ਦੇ ਚਾਰੇ ਵਿੱਚ ਵੀ ਵੱਡੇ ਪੱਧਰ ‘ਤੇ ਮਦਦ ਹੋ ਰਹੀ ਹੈ। ਮੈਂ ਮੰਨਦਾ ਹਾਂ ਕਿ ਸਾਨੂੰ ਘਰ ਬੈਠਿਆਂ ਨੂੰ ਤਸਵੀਰਾਂ ਵੇਖ ਕੇ ਵਲਵਲੇ ਉੱਠਦੇ ਨੇ ਤੇ ਦਿਲ ਕਰਦਾ ਛੇਤੀ ਕੁਝ ਮਦਦ ਲਈ ਭੇਜਿਆ ਜਾਵੇ। ਏਸੇ ਲਈ ਲਗਾਤਾਰ ਦਾਨੀ ਸੱਜਣਾ ਦੇ ਸੁਨੇਹੇ ਆ ਰਹੇ ਨੇ ਪਰ ਇੱਕ ਦੋ ਸਮਾਜ ਸੇਵੀ ਸੰਸਥਾਵਾਂ ਨਾਲ ਹੋਈ ਗੱਲਬਾਤ ਤੇ ਮੇਰੇ ਨਿੱਜੀ ਤਜਰਬੇ ਮੁਤਾਬਕ ਸਾਨੂੰ ਇਹ ਸੇਵਾ ਲੰਬੇ ਸਮੇਂ ਤੱਕ ਕਰਨੀ ਪਵੇਗੀ, ਜਿਸ ਲਈ ਸਹਿਜ, ਸਾਥ ਅਤੇ ਦਸਵੰਧ ਦੀ ਅੱਗੇ ਬਹੁਤ ਲੋੜ ਪੈਣੀ ਹੈ। ਪਾਣੀ ਜਦੋਂ ਘਰਾਂ ਚੋਂ ਨਿਕਲ ਜਾਵੇਗਾ ਤਾਂ ਮੁੜ ਵਸੇਬਾ ਸ਼ੁਰੂ ਹੋਣਾ ਹੈ। ਘਰਾਂ ਦੀ ਸਫਾਈ ਸਣੇ ਖਰਾਬ ਹੋਇਆ ਫਰਸ਼, ਢੱਠਾ ਮਕਾਨ, ਡਿੱਗੀਆਂ ਛੱਤਾਂ, ਗਾਰੇ ‘ਚ ਲਿਪਤ ਫਰਨੀਚਰ, ਖਰਾਬ ਇਲੈਕਟ੍ਰੋਨਿਕਸ, ਬਿਜਲੀ ਦੀ ਫੀਟਿੰਗ, ਪਾਣੀ ‘ਚ ਰੁੜੇ ਜਾਂ ਮਰੇ ਪਸ਼ੂਆਂ ਦੀ ਭਰਪਾਈ ਕਰਨ ਵਰਗੇ ਕਈ ਵੱਡੇ ਕੰਮ ਆਉਣ ਵਾਲੇ ਸਮੇਂ ਵਿੱਚ ਕਰਨੇ ਪੈਣਗੇ।
ਇਹਦੇ ਨਾਲ ਹੀ ਲੋਕਾਂ ਦੀ ਜ਼ਮੀਨ ਆਬਾਦ ਕਰਨ ਲਈ ਟਰੈਕਟਰ, ਖੇਤੀ ਸੰਦ ਤੇ ਹਾੜੀ ਦੀ ਬਿਜਾਈ ਲਈ ਕਣਕ (ਬੀਜ) ਤੇ ਡੀਜ਼ਲ ਦੀ ਬਹੁਤ ਲੋੜ ਪੈਣੀ ਹੈ । ਬਹੁਤ ਸਾਰੇ ਲੋੜਵੰਦਾਂ ਨੂੰ ਖਾਣ ਲਈ ਕਣਕ ਤੇ ਲਵੇਰੇ (ਪਸ਼ੂ) ਲੈ ਕੇ ਦੇਣ ਤੋਂ ਇਲਾਵਾ ਬੇਜ਼ਮੀਨੇ ਤੇ ਗੁਰਬਤ ‘ਚ ਹੜ੍ਹਾਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਕੱਪੜੇ ਲੀੜੇ ਦੀ ਮਦਦ ਵੀ ਕਰਨੀ ਪਵੇਗੀ।
ਬਿਮਾਰੀ ਫੈਲਣ ਦਾ ਖਤਰਾ ਹੈ। ਦਵਾਈਆਂ ਦੀ ਲੋੜ ਪਵੇਗੀ। ਬੱਚਿਆਂ ਦੇ ਡਾਇਪਰ ਤੇ ਸੈਨੇਟਰੀ ਪੈਡ ਚਾਹੀਦੇ ਹੋਣਗੇ । ਮੱਛਰਦਾਨੀਆਂ ਤੋਂ ਇਲਾਵਾ ਬੋਤਲਾਂ ਵਾਲਾ ਪਾਣੀ ਅਗਲੇ ਕਈ ਦਿਨ ਸਪਲਾਈ ਕਰਨਾ ਪਵੇਗਾ ਕਿਉਕਿ ਪੁਰਾਣੇ ਬੋਰਾਂ ਵਿੱਚ ਮਿੱਟੀ ਚਲੀ ਗਈ ਹੈ ਇਸ ਲਈ ਨਵੇਂ ਨਲਕੇ ਤੇ ਖੇਤੀ ਲਈ ਮੋਟਰ ਬੋਰ ਵੀ ਕਰਨੇ ਪੈਣਗੇ। ਅਸੀਂ ਪ੍ਰਤੀ ਘਰ ਇਹ ਜ਼ਿੰਮੇਵਰੀ ਵੀ ਲੈ ਸਕਦੇ ਹਾਂ।
ਖਾਣ ਵਾਲੇ ਸਮਾਨ ਨਾਲੋਂ ਜੇ ਅਸੀਂ ਪੀੜਤਾਂ ਦੇ ਨਿਆਣਿਆਂ ਦੀ ਪੂਰੇ ਸਾਲ ਦੀ ਜਾਂ ਸਮਰੱਥਾ ਮੁਤਾਬਕ ਸਕੂਲ ਦੀ ਫ਼ੀਸ ਭਰ ਦਈਏ ਤਾਂ ਰਾਸ਼ਨ ਨਾਲੋਂ ਵੀ ਵੱਡੀ ਮਦਦ ਹੋਵੇਗੀ, ਕਿਉਕਿ ਸਕੂਲਾਂ ਨੇ ਕਿਸੇ ‘ਤੇ ਤਰਸ ਨਹੀਂ ਕਰਨਾ ਤੇ ਨਾ ਹੀ ਨਿਆਣੇ ਪੜਾਈ ਤੋਂ ਵਾਂਝੇ ਘਰ ਰੱਖ ਹੋਣੇ ਹਨ । ਸੋ ਮੇਰੀ ਬੇਨਤੀ ਹੈ ਕਿ ਇਹ ਸੇਵਾ ਲੰਬੀ ਚੱਲਣੀ ਹੈ ਤੇ ਮਾਲੀ ਮਦਦ ਤੋਂ ਇਲਾਵਾ ਸਰੀਰਕ ਤੌਰ ਤੇ ਵੀ ਸੇਵਾ ਦੀ ਲੋੜ ਪੈਣੀ ਹੈ, ਇਸ ਲਈ ਅਸੀਂ ਕਾਹਲ਼ ਨਾ ਕਰੀਏ 🙏
ਧੰਨਵਾਦ ਜੀ
ਗੋਨੀ ਹਾਂਡਾ