
02/07/2025
ਸਿਆਣੇ ਕਹਿੰਦੇ ਆ ਅਸਲਾ ਖਰੀਦਣਾ ਸੌਖਾ ਤੇ ਸਾਂਭਣਾ ਬਹੁਤ ਔਖਾ ਤੇ ਚਲਾਓਣਾ ਤਾਂ ਓਦੂੰ ਵੀ ਔਖਾ । ਦਸ ਬਾਰਾਂ ਸਾਲ ਪਹਿਲਾਂ ਮੈਂ ਮੁਕਤਸਰ ਤੋ ਆਉਂਦਾ ਰਾਹ ‘ਚ ਨਾਨਕੀਂ ਚਲਾ ਗਿਆ ਲੱਖੇਵਾਲੀ ….ਕਿਸੇ ਕੰਮ । ਓਥੇ ਮਾਮੇ ਦੇ ਮੁੰਡੇ ਨਾਲ ‘ਦੋ ਦੋ ਲਾਓਂਦੇ ਕਰਦੇ ਹਨੇਰਾ ਹੋ ਗਿਆ ….. ਆਹੀ ਰੁੱਤ ਜਿਹੀ ਸੀ । ਓਥੋਂ ਤੁਰਨ ਲੱਗੇ ਮੈਂ ਪਿਸਟਲ ਡੱਬ ਚੋਂ ਕੱਢ ਕੇ ਕਾਰ ਦੇ ਡੈਸ਼ਬੋਰਡ ਤੇ ਰੱਖ ਲਿਆ …. ਤੇਲੂਪੁਰਾ ਕੋਲੋ ਜੋੜੇ ਪੁਲ ਨੂੰ ਲਿੰਕ ਸੜਕ ਮੁੜਿਆ ਹੀ ਸੀ ….. ਮੂਹਰੋਂ ਲਾਈਟਾਂ ਅੱਖਾਂ ‘ਚ ਵੱਜੀਆਂ ਤੇ ਮੈਨੂੰ ਕੁਝ ਦਿਖਿਆ ਨਾ । ‘ਵਧੇਰੇ ਸੁਚੇਤ’ ਹੋਏ ਨੇ ਮੈਂ ਬਰੇਕ ਮਾਰੇ ਤੇ ਕਾਰ ਰੋਕ ਲਈ …. ਡਿੱਪਰ ਮਾਰੇ … ਅੱਗੋਂ ਉਹ ਵੀ ਡਿੱਪਰ ਮਾਰੇ ਪਰ ਸਾਈਡ ਨਾ ਦਿਖੇ । ਦੋ ਤਿੰਨ ਜਣੇ ਉਤਰ ਕੇ ਆਗੇ ਮੈਂ ਸ਼ੀਸ਼ਾ ਡਾਊਨ ਕਰਕੇ ਕਿਹਾ ਲਾਈਟਾਂ ਨੀਵੀਆਂ ਕਰੋ ਬਾਈ ਓ ….. ਕਹਿੰਦੇ ਡਾਓਨ ਹੀ ਆ ਤੂੰ ਕੱਚੇ ਲਾਹ ਗੱਡੀ । ਮੇਰੇ ਦੋ ਤਿੰਨ ਕੁ ਲੱਗੇ ਵੇ ਤੇ ਓਹ ਵੀ ਡੱਕੇ ਵੇ ….. ਮੈਂ ਕਿਹਾ ਮੈਨੂੰ ਦੀਂਹਦਾ ਕੁਸ ਨੀਂ ਲਾਹਵਾਂ ਕਿੱਥੇ……? ਤੁਸੀਂ ਲਾਈਟਾਂ ਡਾਓਨ ਕਰੋ ….. ਅੰਨ੍ਹੇ ਕਰੀ ਜਾਨੇਂ ਜਰ…..
ਲਓ ਜੀ ਮਾਮਲਾ ਗਰਮ ਹੋ ਗਿਆ …. ਵੇਖਣ ਨੂੰ ਐਂ ਲਗਦੇ ਸੀ ਜਿਵੇਂ ਝੋਨਾ ਲਾ ਕੇ ਆਏ ਹੋਣ ….. ਇੱਕ ਧੁੱਸਰ ਜਿਹੇ ਨੇ ਡੈਸ਼ ਬੋਰਡ ਤੇ ਪਸਤੌਲ ਪਿਆ ਦੇਖ ਕੇ… ਆਵਦਾ ਝੱਗਾ ਤਾਂਹ ਚੱਕ ਲਿਆ….. ਚਟੂਰੇ ਵਰਗੇ ਢਿੱਡ ਤੇ ਉਂਗਲ ਲਾ ਕੇ ਕਹਿੰਦਾ ਮਾਰ ਗੋਲੀ ….. ਨਾ ਮਾਰਅ ….. ਮਾਰਦਾ ਕਿਓਂ ਨੀਂ ……ਨਹੀਂ ਮੈਨੂੰ ਫੜ੍ਹਾ ਵਖਾਵਾਂ ਖੇਮੂਆਣਾ ………. ਤੇ ਮੈਂ ਪਸਤੌਲ ਚੱਕ ਕੇ ਹੇਠਾਂ ਡੈਸ਼ਬੋਰਡ ਵਿੱਚ ਰੱਖ ਲਿਆ ।
ਏਨੇ ਨੂੰ ਓਹਨਾਂ ਦੇ ਡਰਾਇਵਰ ਲਾਈਟਾਂ ਬੰਦ ਕਰੀਆਂ ਤਾਂ ਮੈਂ ਸ਼ੀਸ਼ਾ ਚੜ੍ਹਾ ਕੇ ਗੱਡੀ ਤੋਰ ਲਈ ਤੇ ਦੋ ਟਾਇਰ ਕੱਚੇ ਕਰਲੇ …. ਜਦੋਂ ਛੋਟਾ ਹਾਥੀ ਮੇਰੇ ਬਰਾਬਰ ਆਇਆ ਤਾਂ ਪਤਾ ਲੱਗਿਆ ਓਹ ਮੇਰੇ ਸੌਲਟੇ ਵੀਹ ਪੱਚੀ ਜਣੇ ਸੀ ਹਾਥੀ ‘ਚ ਤੇ ਓਵਰ ਲੋਡ ਹੋਣ ਕਰਕੇ….. ਹਾਥੀ ਦੀਆਂ ਲੋ-ਬੀਮ ਵਾਲੀਆਂ ਲਾਈਟਾਂ ਵੀ ਹਾਈ ਬੀਮ ਨਾਲੋਂ ਉਤੇ ਕਰੀਆਂ ਪਈਆਂ । ਮਸਾਂ ਤੁਰਿਆ ਓਥੋਂ ਪਸਤੌਲ ਲਕੋ ਕੇ …. ਰਾਹ ‘ਚ ਸੋਚਦਾ ਆਵਾਂ ਭੈਣਨਾ ਆਵਦੇ ਪਸਤੌਲ ਨੇ ਹੀ ਮਰਾਤਾ ਸੀ । ਐਨੇ ਸਾਲ ਲੰਘ ਕੇ ਹੁਣ ਨਾਲਦੇ ਬੰਦੇ ਨੂੰ ਵੀ ਨੀਂ ਪਤਾ ਲੱਗਣ ਦੇਈਦਾ ਵਈ ਏਹਦੇ ਟੰਗਿਆ ।
copy ਪੇਂਡੂ ਵਿਦਵਾਨ