
22/07/2025
Waheguru ji ਅੰਬਾਲਾ ਜ਼ਿਲੇ ਦੇ ਪਿੰਡ ਪੰਜੋਖਰਾ ਸਾਹਿਬ ਵਿਖੇ ਗੁਰੂ ਹਰਿਕ੍ਰਿਸ਼ਨ ਜੀ ਬਿਕ੍ਰਮੀ 1720 ਮਾਘ ਸੁਦੀ 7, 8, 9 ਅਰਥਾਤ 1664 ਈਸਵੀ ਵਿਚ ਦਿੱਲੀ ਨੂੰ ਜਾਂਦੇ ਹੋਏ ਸੰਗਤ ਦੇ ਨਿਵੇਦਨ 'ਤੇ ਕੁਝ ਸਮੇਂ ਲਈ ਰੁਕੇ ਸਨ। ਗੁਰੂ ਜੀ ਨੇ ਇਥੇ ਪਿੰਡ ਦੇ ਬਾਹਰਵਾਰ ਇਕ ਪੁਰਾਣੇ ਛੱਪੜ ਕੰਢੇ ਪੜਾਅ ਕੀਤਾ ਸੀ ਤੇ ਗੁਰੂ ਜੀ ਦੇ ਦਰਸ਼ਨਾਂ ਲਈ ਭੀੜ ਇਕੱਠੀ ਹੋ ਗਈ ਸੀ। ਇਤਿਹਾਸਕਾਰਾਂ ਅਨੁਸਾਰ ਗੁਰੂ ਜੀ ਪ੍ਰਤੀ ਸੰਗਤਾਂ ਦੀ ਸ਼ਰਧਾ ਨੂੰ ਵੇਖ ਕੇ ਪਿੰਡ ਪੰਜੋਖਰਾ ਦਾ ਪੰਡਿਤ ਲਾਲ ਚੰਦ ਈਰਖਾ ਕਰਨ ਲੱਗ ਪਿਆ ਸੀ। ਪੰਡਿਤ ਲਾਲ ਚੰਦ ਨੇ ਗੁਰੂ ਜੀ ਨੂੰ ਵਿਅੰਗ ਕੀਤਾ ਕਿ ਤੁਹਾਡਾ ਨਾਂ ਤਾਂ ਹਰਿਕ੍ਰਿਸ਼ਨ ਅਰਥਾਤ ਭਗਵਾਨ ਕ੍ਰਿਸ਼ਨ ਹੈ, ਕੀ ਤੁਸੀਂ ਭਗਵਾਨ ਕ੍ਰਿਸ਼ਨ ਦੀ ਗੀਤਾ ਬਾਰੇ ਵੀ ਕੁਝ ਜਾਣਦੇ ਹੋ? ਉਸ ਵਕਤ ਗੁਰੂ ਹਰਿਕ੍ਰਿਸ਼ਨ ਜੀ ਨੇ ਲਾਲ ਚੰਦ ਨੂੰ ਕਿਹਾ ਕਿ ਸਿਰਫ ਮੈਂ ਹੀ ਨਹੀਂ, ਮੇਰਾ ਹਰ ਸਿੱਖ ਪਵਿੱਤਰ ਗੀਤਾ ਬਾਰੇ ਜਾਣਦਾ ਹੈ ਤੇ ਗੀਤਾ ਦੇ ਅਰਥ ਕਰਨ ਦੇ ਸਮਰੱਥ ਹੈ। ਪੁਸ਼ਟੀ ਵਾਸਤੇ ਗੁਰੂ ਜੀ ਨੇ ਲਾਲ ਚੰਦ ਨੂੰ ਪਿੰਡ ਦੇ ਸਭ ਤੋਂ ਭਲੇ ਬੰਦੇ ਨੂੰ ਲਿਆਉਣ ਵਾਸਤੇ ਕਿਹਾ।
ਪੰਡਿਤ ਲਾਲ ਚੰਦ ਪੰਜੋਖਰਾ ਪਿੰਡ ਦੇ ਗੂੰਗੇ ਤੇ ਬੋਲੇ ਛੱਜੂ ਝਿਊਰ ਨੂੰ ਗੁਰੂ ਜੀ ਕੋਲ ਲੈ ਕੇ ਆਇਆ ਸੀ ਤੇ ਗੁਰੂ ਜੀ ਦੇ ਭਲੇ ਛੱਜੂ ਝਿਊਰ ਦੇ ਸਿਰ 'ਤੇ ਸੋਟੀ ਰੱਖਣ ਦੀ ਦੇਰ ਸੀ ਕਿ ਛੱਜੂ ਝਿਊਰ ਪਵਿੱਤਰ ਗੀਤਾ ਦੇ ਸਲੋਕਾਂ ਦੇ ਅਰਥ ਕਰਨ ਲੱਗ ਪਿਆ ਸੀ। ਇਸ ਤਰ੍ਹਾਂ ਲਾਲ ਚੰਦ ਦਾ ਹੰਕਾਰ ਟੁੱਟ ਗਿਆ ਸੀ। ਪੰਡਿਤ ਲਾਲ ਚੰਦ ਗੁਰੂ ਜੀ ਦੇ ਚਰਨਾਂ 'ਤੇ ਢਹਿ ਪਿਆ ਸੀ। ਬਾਅਦ ਵਿਚ ਪੰਡਿਤ ਲਾਲ ਚੰਦ ਨੇ ਆਪਣਾ ਸਾਰਾ ਜੀਵਨ ਸਿੱਖੀ ਦੇ ਪ੍ਰਚਾਰ ਵਾਸਤੇ ਅਰਪਣ ਕਰ ਦਿੱਤਾ ਸੀ।
ਅੰਬਾਲਾ ਕੈਂਟ ਤੋਂ 10 ਕਿਲੋਮੀਟਰ ਦੂਰ ਨਾਰਾਇਣਗੜ੍ਹ ਨੂੰ ਜਾਣ ਵਾਲੀ ਸੜਕ ਉਪਰ ਸਥਿਤ ਪੰਜੋਖਰਾ ਸਾਹਿਬ ਵਿਖੇ ਜਿਸ ਥਾਂ 'ਤੇ ਛੱਜੂ ਝਿਊਰ ਨੇ ਗੀਤਾ ਦਾ ਵਿਖਿਆਨ ਕੀਤਾ ਸੀ, ਉਸ ਥਾਂ ਉਪਰ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਸੁਸ਼ੋਭਿਤ ਹੈ।