14/10/2025
14 ਅਕਤੂਬਰ 1984 ਵਾਲੇ ਦਿਨ ਸਿੱਖਾਂ ਦੀ ਨਸਲਕੁਸ਼ੀ ਦੀ ਵਿਉਂਤ ਘੜਨ ਵਾਲ਼ੀ, ਇੰਦਰਾ ਨੂੰ ਭਾਂਜੀ ਮੋੜਨ ਵਾਲੇ ਮਰਜੀਵੜੇ ਯੌਧੇ ਸਰਦਾਰ ਬੇਅੰਤ ਸਿੰਘ ਅਤੇ ਸਰਦਾਰ ਸਤਵੰਤ ਸਿੰਘ, ਅੰਮ੍ਰਿਤ ਛਕ ਕੇ ਤਿਆਰਬਰ ਤਿਆਰ ਸਿੰਘ ਸੱਜ ਗਏ:
12 ਅਕਤੂਬਰ 1984 ਵਾਲੇ ਦਿਨ ,ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਰੋਵਰ ਦੀ ਕਾਰ-ਸੇਵਾ ਸ਼ੁਰੂ ਹੋਈ। ਇਸ ਕਾਰ-ਸੇਵਾ ਵਿੱਚ , ਇੰਦਰਾ ਗਾਂਧੀ ਦੀ ਨਿੱਜੀ ਸੁਰੱਖਿਆ ਸਟਾਫ਼ ਵਿੱਚ ਤਾਇਨਾਤ ਦਿੱਲੀ ਪੁਲਿਸ ਦੇ ਸੱਬ ਇੰਸਪੈਕਟਰ ਸਰਦਾਰ ਬੇਅੰਤ ਸਿੰਘ ਵੀ ਸੇਵਾ ਪੱਖੋਂ ਆਪਣਾ ਹਿਸਾ ਪਾਉਣ ਦੇ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਖੇ ਪੁੱਜੇ। ਜਿੱਥੇ ਸਰਦਾਰ ਬੇਅੰਤ ਸਿੰਘ ਹੁਣਾਂ ਦਾ ਸਿੱਖੀ ਹਿਰਦਾ ਇਸ ਸਾਰੀ ਤਬਾਹੀ ਅਤੇ ਬੇਹੁਰਮਤੀ ਦੇ ਮੰਜਰ ਨੂੰ ਦੇਖ ਕੇ ਕੁਰਲਾਹ ਉਠਿਆ ਅਤੇ ਆਪ ਫ਼ੁਟ-ਫ਼ੁਟ ਕੇ ਰੋ ਪਏ। ਹੁਣ ਜਦੋਂ ਦਿੱਲੀ ਵਾਪਿਸ ਪਰਤੇ ਤਾਂ ਦਿਲ ਕੀਤੇ ਲੱਗੇ ਨਾ ਮਨ ਬਹੁਤ ਬੇਚੈਨ ਅਤੇ ਵਿਆਕੁਲ ਰਹਿਣ ਲੱਗ ਪਿਆ।
ਸਰਦਾਰ ਬੇਅੰਤ ਸਿੰਘ ਹੁਣਾਂ ਦੇ ਨਾਲ ਹੀ ਉਨ੍ਹਾਂ ਦਿਨਾਂ ਵਿੱਚ, ਜਿਲ੍ਹਾ ਗੁਰਦਾਸਪੁਰ ਦੇ ਪਿੰਡ ਅਗਵਾਨ ਖ਼ੁਰਦ ਦੇ ਸਰਦਾਰ ਸਤਵੰਤ ਸਿੰਘ ਬਤੌਰ ਕਾਂਸਟੇਬਲ ਦੇ ਇੰਦਰਾ ਗਾਂਧੀ ਦੀ ਸੁਰੱਖਿਆ ਵਿੱਚ ਤਾਇਨਾਤ ਸਨ।ਸਰਦਾਰ ਸਤਵੰਤ ਸਿੰਘ ਦੇ ਹਿਰਦੇ ਵਿੱਚ ਵੀ ਉਹੀ ਕਸਕ ਸੀ, ਜਿਸਨੂੰ ਸਰਦਾਰ ਬੇਅੰਤ ਸਿੰੰਘ ਨੇ ਮਹਿਸੂਸ ਕਰ ਲਿਆ ਸੀ ਅਤੇ ਆਪ ਨੇ ਅਪਣਾ ਰਾਜ਼, ਸਰਦਾਰ ਸਤਵੰਤ ਸਿੰਘ ਅਤੇ ਅਪਣੇ ਫੁਫੜ ਜੀ ਸਰਦਾਰ ਕੇਹਰ ਸਿੰਘ ਦੇ ਨਾਲ ਸਾਂਝਾ ਕੀਤਾ। ਪੱਕਾ ਇਰਾਦਾ ਕਰਨ ਮਗਰੋਂ, ਸਰਦਾਰ ਬੇਅੰਤ ਸਿੰਘ ਅਤੇ ਸਰਦਾਰ ਸਤਵੰਤ ਸਿੰਘ, ਸ੍ਰੀ ਦਰਬਾਰ ਸਾਹਿਬ ਗਏ ਅਤੇ ਖੰਡੇ ਦੀ ਪਾਹੁਲ ਲੈਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਪਣਾ ਪ੍ਰਣ ਨਿਭਾਉਣ ਦੀ ਅਰਦਾਸ ਕੀਤੀ।
13 ਅਕਤੂਬਰ ਵਾਲੇ ਦਿਨ ਸਰਦਾਰ ਬੇਅੰਤ ਸਿੰਘ ਨੇ ਆਪਣੀ ਧਰਮਸੁਪਤਨੀ ਬੀਬੀ ਬਿਮਲ ਕੌਰ ਨੂੰ ਦੱਸਿਆ ਕਿ ਉਹ ਅੰਮ੍ਰਿਤ ਛਕਣਾ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਚੁੱਕੇ ਹਨ।
ਬੀਬੀ ਬਿਮਲ ਕੌਰ ਵਲੋਂ ਕਾਰਨ ਪੁੱਛੇ ਜਾਣ ਤੇ ਆਪ ਨੇ ਕਿਹਾ ਕਿ "ਮੈਂ ਛੋਟੇ ਹੁੰਦਿਆਂ ਅੰਮ੍ਰਿਤ ਛਕਿਆ ਸੀ, ਪਰ ਬਾਅਦ ਵਿੱਚ ਮੈਂ ਸ਼ਰਾਬ ਦਾ ਨਸ਼ਾ ਕਰਣ ਲੱਗ ਪਿਆ ਸੀ ਅਤੇ ਹੁਣ ਮੈਂ ਸ਼ਰਾਬ ਦਾ ਸੇਵਨ ਛੱਡ ਦੇਣਾ ਹੈ।"
ਸਰਦਾਰ ਬੇਅੰਤ ਸਿੰਘ ਦੇ ਇਸ ਫ਼ੈਸਲੇ ਦੀ ਪੂਰਨ ਦ੍ਰਿੜ੍ਹਤਾ' ਤੇ ਬੀਬੀ ਬਿਮਲ ਕੌਰ ਖ਼ਾਲਸਾ ਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ।
ਸਰਦਾਰ ਬੇਅੰਤ ਸਿੰਘ ਦੇ ਵੱਡੇ ਭਰਾ ਸਰਦਾਰ ਗੁਰਦਰਸ਼ਨ ਸਿੰਘ ਨੇ ਸ਼ਹੀਦ ਸਰਦਾਰ ਬੇਅੰਤ ਸਿੰਘ ਦੇ ਅੰਮ੍ਰਿਤ ਛਕਣ ਬਾਰੇ ਵੇਰਵਾ ਦਿੱਤਾ ਸੀ ਕਿ 14 ਅਕਤੂਬਰ 1984 ਨੂੰ ਜਦੋਂ ਸਰਦਾਰ ਬੇਅੰਤ ਸਿੰਘ ਅੰਮ੍ਰਿਤ ਛਕਣ ਦੇ ਲਈ ਘਰੋਂ ਤੁਰਿਆ ਸੀ ਤਾਂ ਉਸ ਨੇ ਕੁੜਤਾ ਪਜਾਮਾ ਪਾਇਆ ਹੋਇਆ ਸੀ ਅਤੇ ਦਾੜ੍ਹਾ ਵੀ ਪ੍ਰਕਾਸ਼ ਕੀਤਾ ਹੋਇਆ ਸੀ। ਉਹ ਆਪਣੇ ਫੁੱਫੜ ਸਰਦਾਰ ਕਿਹਰ ਸਿੰਘ ਦੇ ਘਰ ਗਿਆ। ਆਪ ਦੇ ਫੁੱਫੜ ਜੀ ਸਰਦਾਰ ਕੇਹਰ ਸਿੰਘ ਆਪ ਜੀ ਨੂੰ ਮੋਤੀ ਬਾਗ਼ ਗੁਰਦੁਆਰਾ ਸਾਹਿਬ ਲੈ ਗਏ ਜਿਥੇ ਪ੍ਰੋ: ਦਰਸ਼ਨ ਸਿੰਘ ਕੀਰਤਨ ਕਰ ਰਹੇ ਸਨ।ਉਸ ਕੀਰਤਨ ਦੇ ਦੁਰਾਨ ਪ੍ਰੋ ਦਰਸ਼ਨ ਸਿੰਘ ਨੇ ਵਿਖਿਆਨ ਕਰਦਿਆਂ, ਇੰਦਰਾ ਨੂੰ ਰਾਵਣ ਦਾ ਦਰਜ਼ਾ ਦਿੱਤਾ ਅਤੇ ਕਿਹਾ ਕਿ ਰਾਵਣ ਨੂੰ ਮਾਰਣ ਵਾਲੇ ਨੂੰ ਭਗਵਾਨ ਦਾ ਦਰਜਾ ਮਿਲਦਾ ਹੈ।
ਇਹ ਗਲ ਨੂੰ ਸੁਣ ਕੇ ਜਜ਼ਬਾਤੀ ਹੋ ਚੁੱਕੇ ਸਰਦਾਰ ਬੇਅੰਤ ਸਿੰਘ ਨੇ ਆਪਣੇ ਮਨ ਅੰਦਰ ਫੈਸਲਾ ਲਿਆ ਕੇ 'ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਅਤੇ ਬੇਹੁਰਮਤੀ ਕਰਨ ਦਾ ਹੁਕਮ ਦੇਣ ਵਾਲੀ ਇੰਦਰਾ ਨੂੰ ਉਹ ਸਜ਼ਾ ਦੇਣ ਗੇ।
ਭੁੱਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ ( ਡਾ.)