12/07/2025
ਸਰਕਾਰੀ ਸਕੂਲ 'ਚ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਤੇ ਅਧਿਆਪਕ ਉਪਰ ਪਰਚਾ ਦਰਜ ਕਰਨ ਤੇ ਗ੍ਰਿਫ਼ਤਾਰੀ ਦੇ ਹੁਕਮ
ਗੁਰੂਹਰਸਹਾਏ (ਮਨਦੀਪ ਸਿੰਘ ਸੋਢੀ)ਬੀਸੀ ਕਮਿਸ਼ਨ ਦੇ ਚੇਅਰਮੈਨ ਮਲਕੀਤ ਸਿੰਘ ਥਿੰਦ ਪੰਜਾਬ ਸਰਕਾਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਗੁਰੂਹਰਸਹਾਏ, ਸਕੂਲ ਆਫ਼ ਐਮੀਨੈਂਸ ਵਿੱਚ ਵਿਦਿਆਰਥਣਾਂ ਦੇ ਨਾਲ ਛੇੜਛਾੜ ਕਰਨ ਦੇ ਮਾਮਲੇ ਦੀ ਜਾਂਚ ਕਰਨ ਲਈ ਸਕੂਲ ਪਹੁੰਚੇ। ਜ਼ਿਲ੍ਹਾ ਸਿੱਖਿਆ ਅਧਿਕਾਰੀ ਮਨੀਲਾ ਅਰੋੜਾ ਤੇ ਪੀੜਤ ਵਿਦਿਆਰਥਣਾਂ ਦੇ ਮਾਪੇ ਵੀ ਇਸ ਮੌਕੇ 'ਤੇ ਪਹੁੰਚੇ ਸਨ।ਚੇਅਰਮੈਨ ਥਿੰਦ ਵੱਲੋਂ ਵਿਦਿਆਰਥਣਾਂ ਨਾਲ ਛੇੜਛਾੜ ਦੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਚੇਅਰਮੈਨ ਮਲਕੀਤ ਸਿੰਘ ਥਿੰਦ ਨੇ ਡੀਐੱਸਪੀ ਗੁਰੂ ਹਰਸਹਾਏ ਸਤਨਾਮ ਸਿੰਘ ਤੇ ਥਾਣਾ ਇੰਚਾਰਜ਼ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਨੂੰ ਦੋਸ਼ੀ ਅਧਿਆਪਕ ਰਾਜ ਕੁਮਾਰ ਚੁੱਘ ਤੇ ਇਸ ਮਾਮਲੇ ਵਿਚ ਉਸ ਦਾ ਸਾਥ ਦੇਣ ਵਾਲੇ ਅਧਿਆਪਕਾਂ ਵਿਰੁੱਧ ਤੁਰੰਤ ਕੇਸ ਦਰਜ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ।
ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਨਾਲ ਚੇਅਰਮੈਨ ਥਿੰਦ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਘਟਨਾ ਹੈ। ਸਾਰੇ ਪੱਖ ਸੁਣਨ ਤੋਂ ਬਾਅਦ ਇਹ ਘਟਨਾ ਸੱਚ ਸਾਬਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਲਈ ਮਾਪਿਆਂ ਵਾਂਗ ਹੁੰਦੇ ਹਨ ਪਰ ਅਧਿਆਪਕ ਰਾਜ ਕੁਮਾਰ ਚੁੱਘ ਨੇ ਅਜਿਹਾ ਘਿਣਾਉਣਾ ਕੰਮ ਕਰਕੇ ਇਸ ਰਿਸ਼ਤੇ ਦਾ ਘਾਂਣ ਕੀਤਾ ਹੈ। ਚੇਅਰਮੈਨ ਥਿੰਦ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ 4 ਮਹੀਨੇ ਪਹਿਲਾਂ ਵਿਦਿਆਰਥਣਾਂ 'ਤੇ ਦਬਾਅ ਪਾਇਆ ਗਿਆ ਸੀ ਕਿ ਉਹ ਉਕਤ ਅਧਿਆਪਕ ਵੱਲੋਂ ਸ਼ੁਰੂ ਕੀਤੀ ਗਈ ਛੇੜਛਾੜ ਦੀ ਘਿਣਾਉਣੀ ਹਰਕਤ ਬਾਰੇ ਕਿਸੇ ਨੂੰ ਨਾ ਦੱਸਣ। ਉਨ੍ਹਾਂ ਅਧਿਆਪਕਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਸ ਮਾਮਲੇ ਵਿਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਚੇਅਰਮੈਨ ਮਲਕੀਤ ਸਿੰਘ ਥਿੰਦ ਨੇ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਇਸ ਮਾਮਲੇ ਵਿਚ ਕੇਸ ਦਰਜ ਕਰਨ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਸਕੂਲ ਆਫ਼ ਐਮੀਨੈਂਸ, ਗੁਰੂਹਰਸਹਾਏ ਵਿੱਚ ਵਿਦਿਆਰਥਣਾਂ ਨੇ ਸਕੂਲ ਅਧਿਆਪਕ ਰਾਜ ਕੁਮਾਰ ਚੁੱਘ ਉੱਪਰ ਛੇੜਛਾੜ ਦਾ ਦੋਸ਼ ਲਗਾਇਆ ਸੀ। ਜਿਸ 'ਤੇ ਪਹਿਲਾਂ ਸਕੂਲ ਪ੍ਰਿੰਸੀਪਲ ਕਰਨ ਧਾਲੀਵਾਲ ਨੇ ਸਕੂਲ ਵਿਚ ਇੱਕ ਜਾਂਚ ਕਮੇਟੀ ਬਣਾਈ ਸੀ ਤੇ ਪੀੜਤ ਲੜਕੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਸ਼ਿਕਾਇਤ ਭੇਜੀ ਸੀ। ਜਿਸ 'ਤੇ, ਵਿਦਿਆਰਥਣਾਂ ਨਾਲ ਛੇੜਛਾੜ ਮਾਮਲੇ ਵਿਚ, ਜ਼ਿਲ੍ਹਾ ਸਿੱਖਿਆ ਅਧਿਕਾਰੀ ਮਨੀਲਾ ਅਰੋੜਾ ਨੇ ਤੁਰੰਤ ਇੱਕ ਜਾਂਚ ਕਮੇਟੀ ਬਣਾਈ ਅਤੇ ਜਾਂਚ ਲਈ ਸਕੂਲ ਭੇਜਿਆ ਤੇ ਵਿਦਿਆਰਥਣਾਂ ਦੇ ਬਿਆਨ ਦਰਜ ਕੀਤੇ ਅਤੇ ਇਸਦੀ ਰਿਪੋਰਟ ਚੰਡੀਗੜ੍ਹ ਸਥਿਤ ਮੁੱਖ ਦਫਤਰ ਨੂੰ ਭੇਜੀ ਸੀ। ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ।
ਜਦੋਂ ਇਸ ਸਬੰਧ ਵਿੱਚ ਅਧਿਆਪਕ ਰਾਜ ਕੁਮਾਰ ਚੁੱਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀ ਮੇਰੇ ਵਾਸਤੇ ਮੇਰੇ ਧੀਆਂ-ਪੁੱਤਰਾਂ ਵਰਗੇ ਹਨ ਅਤੇ ਕੋਈ ਵੀ ਅਧਿਆਪਕ ਆਪਣੇ ਵਿਦਿਆਰਥੀਆਂ ਨਾਲ ਅਜਿਹੇ ਹਰਕਤ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਸਾਰੇ ਕਲਾਸ ਰੂਮਾਂ ਵਿਚ ਕੈਮਰੇ ਲੱਗੇ ਹੋਏ ਹਨ, ਜੇਕਰ ਇਨ੍ਹਾਂ ਦੀਆਂ ਰਿਕਾਰਡਿੰਗਾਂ ਦੀ ਜਾਂਚ ਕੀਤੀ ਜਾਵੇ ਤਾਂ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਆ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਅਧਿਕਾਰੀ, ਸਮਾਜ ਸੇਵਕ ਕਿਤੋਂ ਵੀ ਉਸ ਦੇ ਆਚਰਣ ਬਾਰੇ ਪੁੱਛਗਿੱਛ ਕਰ ਸਕਦਾ ਹੈ ਅਤੇ ਉਸ ਦੀ ਡਿਊਟੀ ਦੇ ਲੰਬੇ ਸਮੇਂ ਦੌਰਾਨ ਅੱਜ ਤੱਕ ਉਸ 'ਤੇ ਕੋਈ ਦਾਗ਼ ਨਹੀਂ ਲੱਗਿਆ ਹੈ,ਉਹ ਬਿਲਕੁਲ ਨਿਰਦੋਸ਼ ਹੈ।