30/10/2025
ਛਾਤੀ ਦੇ ਕੈਂਸਰ ਬਾਰੇ ਜਾਗਰੂਕਤਾ ਕੈਂਪ ਦਾ ਆਯੋਜਨ , ਮਹਿਲਾਵਾਂ ਨੂੰ ਖੁਦ ਦੀ ਜਾਂਚ ਤੇ ਸ਼ੁਰੂਆਤੀ ਪਛਾਣ ਲਈ ਪ੍ਰੇਰਿਤ ਕੀਤਾ ਗਿਆ
ਹੁਸ਼ਿਆਰਪੁਰ, 30 ਅਕਤੂਬਰ 2025 ( ਹਰਪਾਲ ਲਾਡਾ ): ਛਾਤੀ ਦੇ ਕੈਂਸਰ ਪ੍ਰਤੀ ਜਾਗਰੂਕਤਾ ਮਹੀਨੇ ਦੌਰਾਨ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਡਾ. ਨਵਜੋਤ ਸਿੰਘ ਅਤੇ ਡਾ. ਨੇਹਾ ਪਾਲ ਦੀ ਅਗਵਾਈ ਵਿੱਚ ਕੀਤਾ ਗਿਆ। ਸਮਾਗਮ ਵਿੱਚ ਸਿਵਲ ਸਰਜਨ ਡਾ. ਬਲਵੀਰ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਇਸ ਮੌਕੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਸਿੰਘ, ਜਿਲਾ ਡੈਂਟਲ ਸਿਹਤ ਅਫਸਰ ਡਾ. ਕਪਿਲ ਡੋਗਰਾ, ਔਰਤ ਰੋਗਾਂ ਦੀ ਮਾਹਰ ਡਾ. ਪਰਵਾਜ, ਡਾ. ਮੰਜਰੀ ਅਰੋੜਾ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਜੱਸਲ, ਬੀ.ਈ.ਈ. ਰੋਹਿਤ ਸ਼ਰਮਾ, ਫੈਸਿਲਿਟੀ ਮੈਨੇਜਰ ਮੋਨਿਕਾ, ਨਰਸਿੰਗ ਵਿਦਿਆਰਥੀ, ਪੈਰਾਮੈਡੀਕਲ ਸਟਾਫ ਅਤੇ ਆਮ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਸਿਵਲ ਸਰਜਨ ਡਾ. ਬਲਵੀਰ ਕੁਮਾਰ ਨੇ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਛਾਤੀ ਦਾ ਕੈਂਸਰ ਮਹਿਲਾਵਾਂ ਵਿੱਚ ਸਭ ਤੋਂ ਆਮ ਕੈਂਸਰ ਹੈ, ਪਰ ਜੇ ਇਸ ਦੀ ਪਛਾਣ ਸ਼ੁਰੂਆਤੀ ਪੜਾਅ 'ਤੇ ਹੋ ਜਾਵੇ ਤਾਂ ਇਸ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ। ਉਨ੍ਹਾਂ ਨੇ ਮਹਿਲਾਵਾਂ ਨੂੰ ਹਰ ਮਹੀਨੇ ਖੁਦ ਦੀ ਛਾਤੀ ਦੀ ਜਾਂਚ (Self Breast Examination) ਕਰਨ ਲਈ ਪ੍ਰੇਰਿਤ ਕੀਤਾ, ਤਾਂ ਜੋ ਕਿਸੇ ਵੀ ਅਸਧਾਰਣ ਬਦਲਾਅ ਨੂੰ ਜਲਦੀ ਪਛਾਣਿਆ ਜਾ ਸਕੇ।
ਔਰਤ ਰੋਗਾਂ ਦੀ ਮਾਹਰ ਡਾ. ਪਰਵਾਜ ਨੇ ਵਿਸਥਾਰ ਨਾਲ ਛਾਤੀ ਦੇ ਕੈਂਸਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਵਿੱਚ ਛਾਤੀ ਵਿੱਚ ਗਿੱਲਟੀ ਬਣਨਾ, ਨਿੱਪਲ ਦਾ ਅਸਧਾਰਣ ਰਿਸਾਅ, ਛਾਤੀ ਜਾਂ ਬਾਂਹ ਦੇ ਹਿੱਸੇ ਵਿੱਚ ਦਰਦ ਜਾਂ ਸੂਜਨ, ਨਿੱਪਲ ਦਾ ਅੰਦਰ ਵੱਲ ਮੁੜ ਜਾਣਾ ਅਤੇ ਚਮੜੀ ਦਾ ਰੰਗ ਜਾਂ ਬਣਾਵਟ ਬਦਲਣਾ ਆਦਿ ਸ਼ਾਮਿਲ ਹਨ। ਉਨ੍ਹਾਂ ਨੇ ਦੱਸਿਆ ਕਿ ਮਹਿਲਾਵਾਂ ਨੂੰ ਹਰ ਮਹੀਨੇ ਮਾਸਿਕ ਚੱਕਰ ਖਤਮ ਹੋਣ ਤੋਂ 5-7 ਦਿਨ ਬਾਅਦ ਆਇਨੇ ਦੇ ਸਾਹਮਣੇ ਖੁਦ ਦੀ ਛਾਤੀ ਦੀ ਜਾਂਚ ਕਰਨੀ ਚਾਹੀਦੀ ਹੈ। ਜੇ ਕੋਈ ਗਿੱਲਟੀ ਜਾਂ ਬਦਲਾਅ ਮਹਿਸੂਸ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ। ਡਾ. ਪਰਵਾਜ ਨੇ ਕਿਹਾ ਕਿ ਸਮੇਂ-ਸਮੇਂ 'ਤੇ ਕਲੀਨੀਕਲ ਬ੍ਰੈਸਟ ਏਗਜ਼ਾਮੀਨੇਸ਼ਨ ਅਤੇ ਮੈਮੋਗ੍ਰਾਫੀ ਟੈਸਟ ਨਾਲ ਕੈਂਸਰ ਦੀ ਸ਼ੁਰੂਆਤੀ ਪਛਾਣ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਤੁਲਿਤ ਖੁਰਾਕ, ਨਿਯਮਿਤ ਕਸਰਤ, ਧੂਮਰਪਾਨ ਅਤੇ ਸ਼ਰਾਬ ਤੋਂ ਦੂਰ ਰਹਿਣ ਅਤੇ ਮਾਨਸਿਕ ਤਣਾਅ ਤੋਂ ਬਚਣ ਨਾਲ ਕੈਂਸਰ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ।
ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ 30 ਸਾਲ ਤੋਂ ਉਪਰ ਦੀਆਂ ਮਹਿਲਾਵਾਂ ਲਈ ਆਯੁਸ਼ਮਾਨ ਅਰੋਗਿਆ ਕੇਂਦਰਾਂ ਵਿਖੇ ਛਾਤੀ ਦੇ ਕੈਂਸਰ ਦੀ ਮੁਫ਼ਤ ਸਕਰੀਨਿੰਗ ਸਹੂਲਤ ਉਪਲਬਧ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਤਹਿਤ ਕੈਂਸਰ ਪੀੜਤਾਂ ਨੂੰ ₹1.50 ਲੱਖ ਤੱਕ ਦੀ ਮਾਲੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਇਸ ਸਮਾਗਮ ਦੌਰਾਨ ਵੱਖ-ਵੱਖ ਨਰਸਿੰਗ ਕਾਲਜਾਂ ਦੀਆਂ ਵਿਦਿਆਰਥਣਾਂ ਵੱਲੋਂ ਛਾਤੀ ਦੇ ਕੈਂਸਰ ਬਾਰੇ ਸੁੰਦਰ ਤੇ ਜਾਣਕਾਰੀਪ੍ਰਦ ਪੋਸਟਰ ਤਿਆਰ ਕੀਤੇ ਗਏ। ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਸਿਹਤ ਵਿਭਾਗ ਵੱਲੋਂ ਸਲਾਘਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੇ ਅੰਤ 'ਤੇ ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਜੱਸਲ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਕੈਂਪਾਂ ਨਾਲ ਮਹਿਲਾਵਾਂ ਵਿੱਚ ਛਾਤੀ ਦੇ ਕੈਂਸਰ ਪ੍ਰਤੀ ਡਰ ਦੀ ਥਾਂ ਸਾਵਧਾਨੀ ਅਤੇ ਸਚੇਤਨਾ ਪੈਦਾ ਹੁੰਦੀ ਹੈ, ਜਿਸ ਨਾਲ ਜਾਨਾਂ ਬਚਾਈਆਂ ਜਾ ਸਕਦੀਆਂ ਹਨ।