03/08/2025
ਖੇਤਾਂ ਚ "ਪ੍ਰੇਤ" ਨਹੀਂ ਵੜਨ ਦੇਣਗੇ ਧਰਤੀ ਮਾਂ ਦੇ ਸਪੂਤ
(ਜੋਗਿੰਦਰ ਆਜਾਦ)
ਲੈਂਡ ਪੂਲਿੰਗ ਐਕਟ ਦੇ ਵਰਕੇ ਖਿੰਡਣੇ ਸ਼ੁਰੂ ਹੋ ਗਏ ਹਨ। ਗੁਪਤ ਅਤੇ ਬੜੀ ਮਿਹਨਤ ਨਾਲ ਤਿਆਰ ਕੀਤੇ , ਕਿਸਾਨਾਂ ਤੋਂ ਜਮੀਨ ਖੋਹਣ ਵਾਲੇ ਇਸ ਕਾਲੇ ਐਕਟ ਦਾ ਜਿੰਨਾ ਜਬਰਦਸਤ ਵਿਰੋਧ ਹੋਇਆ ਹੈ ਉਸ ਨੂੰ ਦੇਖ ਕੇ ਹਾਕਮ ਨੇ ਕੰਧ ਤੇ ਲਿਖਿਆ ਪੜ੍ਹ ਲਿਆ ਹੈ ਕਿ ਚਾਹੇ ਕਾਰਪੋਰੇਟ ਸੈਕਟਰ ਦੀਆ ਜਾਬਰ ਬਾਂਹਾਂ ਦੀ ਤਾਕਤ ਕਿੰਨੀ ਵੀ ਤਕੜੀ ਕਿਉਂ ਨਾ ਹੋਵੇ, ਲੋਕਾਂ ਦੀ ਵਿਸ਼ਾਲ ਤਾਕਤ ਅੱਗੇ ਇਹ ਖੂਨੀ ਬਾਹਾਂ ਦੀ ਤਾਕਤ ਖੜ ਨਹੀਂ ਸਕਦੀ। ਲੋਕ ਆਪਣੇ ਖੇਤਾਂ ਵਿੱਚ ਪ੍ਰੇਤ ਨੂੰ ਨਹੀਂ ਵੜਨ ਦੇਣਗੇ। ਕਿਸਾਨ ਆਗੂ ਜਿਸ ਤਰ੍ਹਾਂ ਆਤਮ ਵਿਸ਼ਵਾਸ ਨਾਲ ਗਰਜ ਰਹੇ ਹਨ ਅਤੇ "ਇੱਕ ਇੰਚ ਵੀ ਧਰਤੀ ਨਾ ਛੱਡਣ ਦਾ ਐਲਾਨ "ਕਰ ਰਹੇ ਹਨ, ਜਿਸ ਨੂੰ ਦੇਖ ਕੇ ਹੁਣ ਭਗਵੰਤ ਮਾਨ ਸਰਕਾਰ ਨੇ ਥਿੜਕਣਾ ਸ਼ੁਰੂ ਕਰ ਦਿੱਤਾ ਹੈ।
ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਇਹ ਹੋਣਾ ਹੀ ਸੀ। ਸ਼ਾਇਦ ਕੁਝ ਦਿਨ ਪਹਿਲਾਂ ਆਮ ਲੋਕਾਂ ਨੂੰ ਇਹ ਲੱਗਦਾ ਵੀ ਹੋਵੇਗਾ ਕਿ ਦਿੱਲੀ ਘੋਲ ਵਾਂਗ ਖਾਸੀ ਤਾਕਤ ਅਜਮਾਈ ਹੋਵੇਗੀ ,ਪਰ ਮੈਂ ਅਤੇ ਹੋਰ ਕਈ ਟਿੱਪਣੀਕਾਰਾਂ ਨੇ ਠੋਕ ਵਜਾ ਕੇ ਕਿਹਾ ਸੀ ਕਿ "ਮਾਨ ਸਰਕਾਰ ਅੰਦਰੋਂ ਖੋਖਲੀ ਹੈ"
ਮੋਦੀ ਵਾਂਗ ਨਾ ਇਸ ਕੋਲ ਰਾਜ ਮਸ਼ੀਨਰੀ ਹੈ ਤੇ ਨਾ ਹੀ ਮਜਬੂਤ ਪਾਰਟੀ ਸੰਗਠਨ ਹੈ, ਨਾ ਇੱਕ ਭਾਈਚਾਰੇ ਨੂੰ ਦੂਜੇ ਭਾਈਚਾਰੇ ਨਾਲ ਲੜਾਉਣ ਦੀ ਸ਼ੈਤਾਨੀ ਤਾਕਤ ਹੈ, ਨਾ ਭੰਬਲਭੂਸੇ ਪੈਦਾ ਕਰਨ ਦੀ ਕਲਾ ਹੈ, ਨਾ ਹੀ ਸੰਕਟ ਦੀ ਘੜੀ ਵਿੱਚ ਮਜਬੂਤੀ ਨਾਲ ਖੜੇ ਹੋਣ ਵਾਲੀ ਅਫਸਰ ਸ਼ਾਹੀ ਹੈ। ਇਸ ਲਈ ਹੀ ਇਸ ਕਾਲੇ ਕਾਨੂੰਨ ਦੇ ਹੱਕ ਵਿੱਚ ਲੋਕਾਂ ਨੂੰ ਸਮਝਾਉਣ ਲਈ ਨਾ ਅਧਿਕਾਰੀ ਅੱਗੇ ਆਉਣ ਦਾ ਸਾਹਸ ਨਹੀਂ ਕਰ ਸਕੇ ਹਨ ਤੇ ਨਾ ਹੀ ਕੋਈ ਪਾਰਟੀ ਦਾ ਬੁਲਾਰਾ। ਹਾਂ, ਇੱਕ ਦੋ ਤਾਂ ਹਨ ਹੀ, ਪਰ ਉਹਨਾਂ ਦੀ ਜੁਬਾਨ ਥਥਲਾ ਰਹੀ ਦਿੰਖਦੀ ਹੈ। ਦਮ ਨਹੀਂ ਹੈ। ।ਅਜੇ ਥਿੜਕਣਾ ਹੀ ਸ਼ੁਰੂ ਹੋਈ ਹੈ, ਕੁੱਝ ਨੂੰ ਭਰਮ ਹੈ ਕਿ ਲੋਕਾਂ ਦਾ ਰੋਹ ਕੁਝ ਸਮੇਂ ਬਾਅਦ ਮੱਠਾ ਪੈ ਜਾਵੇਗਾ ਅਤੇ ਫਿਰ ਮੌਕਾ ਤਾੜ ਕੇ ਕਾਰਪੋਰੇਟ ਘਰਾਣਿਆਂ ਨਾਲ ਕੀਤੇ ਇਕਰਾਰ ਵਫਾ ਕਰਨ ਦੇ ਚੰਗੇ ਦਿਨਆਉਣਗੇ। ਇਹ ਭੁਲੇਖਾ ਵੀ ਜਲਦ ਕਾਫੂਰ ਹੋਣ ਵਾਲਾ ਹੈ।
ਹੁਣ ਮੁਹਾਲੀ ਦੇ ਨੇੜੇ ਪਿੰਡਾਂ ਨੇ ਵੀ ਜਿਸ ਤਰ੍ਹਾਂ ਮਤੇ ਪਾਸ ਕਰਨੇ ਸ਼ੁਰੂ ਕੀਤੇ ਹਨ, ਇਹ ਸੰਕੇਤ ਹਨ। ਆਪ ਅੰਦਰ ਘਬਰਾਹਟ ਹੈ। ਕੁਝ ਨੇ ਪਾਰਟੀ ਨੂੰ ਬਾਏ ਬਾਏ ਕਹਿਣਾ ਵੀ ਸ਼ੁਰੂ ਕਰ ਦਿੱਤਾ ਹੈ। ਭਾਵੇਂ ਇਹ ਅਜੇ ਨਾ ਕਾਫੀ ਹੈ ਪਰ ਜਿਵੇਂ ਜਿਵੇਂ ਕਿਸਾਨ ਲਹਿਰ ਨੇ ਹੋਰ ਮਜਬੂਤੀ ਫੜਨੀ ਹੈ। ਭਰਾਤਰੀ ਸਹਿਯੋਗ ਹੋਰ ਮਜਬੂਤ ਹੋਣਾ ਹੈ। ਘੋਲ ਦੇ ਹੋਰ ਰੂਪਾਂ ਨੇ ਜੌਹਰ ਦਿਖਾਉਣੇ ਹਨ, ਇਹ ਬਾਏ ਬਾਏ ਦਾ ਰੁਝਾਨ ਵੀ ਸਿਰ ਚੁੱਕੇਗਾ।
ਉਝ ਇਹ ਗੱਲ ਚੰਗੀ ਹੈ ਕਿ ਪੀੜਤ ਪਿੰਡਾਂ ਦੇ ਕਿਸਾਨਾਂ ਨੇ ਇਹ ਚੰਗੀ ਤਰ੍ਹਾਂ ਸਬਕ ਸਿੱਖ ਲਿਆ ਹੈ ਕਿ ਇਹ ਸੰਘਰਸ਼ ਕਿਸਾਨ ਜਥੇਬੰਦੀਆਂ ਹੀ ਲੜ ਸਕਦੀਆਂ ਹਨ। ਵਿਰੋਧੀ ਪਾਰਟੀਆਂ ਆਪਣੀ ਵੋਟਾਂ ਦੀ ਖੇਡ ਖੇਡਣ ਲਈ ਮੈਦਾਨ ਚ ਤਾਂ ਆਉਣਗੀਆਂ ਪਰ ਰਸਮੀ ਭਾਸ਼ਣਬਾਜੀ ਤੋਂ ਵੱਧ ਹੋਰ ਕੁਝ ਨਹੀਂ ਕਰ ਸਕਣਗੀਆਂ। ਕਲ ਕਾਂਗਰਸ ਪਾਰਟੀ ਵੱਲੋਂ ਪਟਿਆਲੇ ਵਿਖੇ ਕੀਤਾ ਗਿਆ ਮੁਜਾਹਰਾ ਲੈਂਡ ਪੁਲਿੰਗ ਐਕਟ ਦੇ ਵਿਰੋਧ ਦੀ ਆੜ ਚ ਲੋਕਾਂ ਦੇ ਮੂੰਹਾਂ ਤੋਂ ਉਤਰੇ ਆਗੂਆਂ ਦੇ ਨਾਂਮ ਚਮਕਾਉਣ ਦਾ ਨਮੂਨਾ ਹੋ ਨਿਬੜਿਆ ਹੈ ਜਿੱਥੇ ਸਾਧੂ ਸਿੰਘ ਧਰਮਸੋਤ ਜਿੰਦਾਬਾਦ ਦੇ ਨਾਹਰੇ ਗੂੰਜਦੇ ਰਹੇ। ਇਹੀ ਕੁਝ ਦੂਜੀ ਦੋਫਾੜ ਹੋ ਰਹੀ ਪਾਰਟੀ ਦਾ ਨੇਤਾ ਕਹਿ ਰਿਹਾ ਹੈ ਕਿ "ਜਿੰਨਾ ਚਿਰ ਮੈਂ ਜਿਉਂਦਾ ਹਾਂ ਉਨਾ ਚਿਰ ਇਹ ਕਾਨੂੰਨ ਲਾਗੂ ਨਹੀਂ ਹੋਣ ਦੇਵਾਂਗਾ"।
ਟਰੈਕਟਰ ਮਾਰਚ ਨੇ ਤਾਂ ਅਜੇ ਅੰਗੜਾਈ ਹੀ ਭੰਨੀ ਹੈ। ਇਹ ਤਾਂ ਸ਼ੁਰੂਆਤ ਹੈ। ਮਜਬੂਤ ਸ਼ੁਰੂਆਤ। ਦਿੱਗਜ ਆਗੂਆਂ ਦੇ ਚਿਹਰਿਆਂ ਤੇ ਆਤਮ ਵਿਸ਼ਵਾਸ ਦਮਕ ਰਿਹਾ ਹੈ। ਇਹ ਵਿਸ਼ਵਾਸ ਲੋਕਾਂ ਵੱਲੋਂ ਮਿਲੇ ਸ਼ਾਨਦਾਰ ਹੁੰਗਾਰੇ ਦਾ ਹੀ ਪ੍ਰਗਟਾ ਹੈ। ਚੌਕਸੀ ਬਰਕਰਾਰ ਰੱਖੋ। ਅਪਣੇ ਕੀ ਦੂਜੇ ਦੇ ਖੇਤਾਂ ਚ ਨਹੀਂ ਪ੍ਰੇਤ ਵੜਨ ਦੇਣਗੇ ਧਰਤੀ ਮਾਂ ਦੇ ਸਪੂਤ।
ਜੋਗਿੰਦਰ ਆਜਾਦ 3-8-25