30/05/2023
ਦੋਆਬੇ ਇਲਾਕੇ ਵਿੱਚ ਗੁਰਬਾਣੀ ਤੇ ਵਾਤਾਵਰਣ ਦੀ ਚੇਤਨਾ ਦਾ ਬੂਟਾ ਲਗਾਉਣ ਵਾਲੇ ਪਰਉਪਕਾਰੀ ਸੁਆਮੀ ਸ੍ਰੀ ਮਾਨ ਸੰਤ ਅਵਤਾਰ ਸਿੰਘ ਜੀ ਦੀ 35ਵੀਂ ਸਲਾਨਾ ਬਰਸੀ ਮੌਕੇ ਕੋਟਿਨ ਕੋਟਿ ਪ੍ਰਣਾਮ। ਸੰਤ ਅਵਤਾਰ ਸਿੰਘ ਜੀ ਨੇ ਜੋ ਇਸ ਇਲਾਕੇ ਤੇ ਜੋ ਪਰਉਪਕਾਰ ਕੀਤੇ ਹਨ ਜੇਕਰ ਉਹਨਾਂ ਨੂੰ ਅੱਖਰਾਂ ਵਿੱਚ ਸੀਮਿਤ ਕਰਨਾ ਚਾਹੀਏ ਤਾਂ ਨਹੀ ਹੋ ਸਕਦੇ। ਜਿਹਨਾਂ ਸਮਿਆਂ ਵਿੱਚ ਆਪ ਜੀ ਨੇ ਕੁਟੀਆ ਦੀ ਵਾਂਗ ਡੋਰ ਸੰਭਾਲੀ ਸੀ ਉਸ ਵੇਲੇ ਦੋਨਾ ਇਲਾਕੇ ਦੇ ਪਿੰਡ ਸੀਚੇਵਾਲ ਨੂੰ ਕੋਈ ਵਿਰਲਾ ਹੀ ਜਾਣਦਾ ਸੀ। ਆਪ ਜੀ ਨੇ ਹਰ ਸਮੇਂ ਪ੍ਰਸੰਨ ਚਿੱਤ ਰਹਿਣਾ, ਗੁਰਬਾਣੀ ਦੀ ਕਥਾ ਕਰਨੀ, ਲੋਕਾਂ ਦੇ ਦੁੱਖ ਦਰਦ ਨਿਵ੍ਰਿਤ ਕਰਨੇ, ਸਿਮਰਨ ਕਰਨਾ ਅਤੇ ਕਰਾਉਣਾ, ਕੁਦਰਤ ਨਾਲ ਇਕਮਿਕ ਹੋ ਕੇ ਰਹਿਣਾ ਇਹ ਸਭ ਕੁੱਝ ਲੋਕਾਂ ਨੂੰ ਨਿਰਮਲ ਕੁਟੀਆ ਜਾਣ ਲਈ ਖਿੱਚ ਪਾਉਣ ਲੱਗਾ। ਆਪ ਜੀ ਨੇ ਬੱਚਿਆਂ ਤੋਂ ਬਜ਼ੁਰਗਾਂ ਤੱਕ ਹਰ ਉਮਰ ਦੇ ਲੋਕਾਂ ਨੂੰ ਗੁਰਬਾਣੀ ਤੇ ਕੁਦਰਤ ਨਾਲ ਜੋੜਿਆ। ਪਿਛਲੇ 35 ਸਾਲਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਜਾਪ ਅਤੇ ਰਸਤਿਆਂ ਦੀ ਸੇਵਾ, ਵਿੱਦਿਆ, ਪਿੰਡਾਂ ਦੇ ਵਿਕਾਸ, ਵਾਤਾਵਰਣ ਦੀ ਸੰਭਾਲ, ਵੇਈਆਂ-ਦਰਿਆਵਾਂ ਦੀ ਸੰਭਾਲ, ਲੰਗਰ, ਗੁਰਮਤਿ ਪ੍ਰਚਾਰ ਆਦਿ ਸੇਵਾਵਾਂ ਇਹ ਸਭ ਉਹਨਾਂ ਵੱਲੋਂ ਦਰਸਾਏ ਮਾਰਗ ਅਨੁਸਾਰ ਹੀ ਚਲ ਰਹੇ ਹਨ। 14 ਜੇਠ ਦਾ ਦਿਨ ਹਰ ਸਾਲ ਮਹਾਰਾਜ ਜੀ ਦੀ ਯਾਦ ਵਿੱਚ ਨਿਰਮਲ ਕੁਟੀਆ ਵਿਖੇ ਸ਼ਰਧਾ ਸਤਿਕਾਰ ਨਾਲ ਮਨਾਇਆ ਜਾਂਦਾ ਹੈ। ਜਿਸ ਤਰ੍ਹਾਂ ਉਹ ਪਹਿਲਾਂ ਸਾਡਾ ਮਾਰਗ ਦਰਸ਼ਨ ਕਰਿਆ ਕਰਦੇ ਸਨ ਅੱਜ ਵੀ ਉਸੇ ਤਰ੍ਹਾਂ ਸਾਡੇ ਮਨਾਂ ਵਿੱਚ ਉਨ੍ਹਾਂ ਦੇ ਪਿਆਰ ਦੀ ਤੀਬਰ ਖਿੱਚ ਬਣੀ ਹੋਈ ਹੈ।