11/09/2022
ਆਮ ਤੌਰ ਤੇ ਤਰਖਾਣ ਜਾਂ ਮਿਸਤਰੀ ਬਰਾਦਰੀ ਨੂੰ ਰਾਮਗੜ੍ਹੀਏ ਵੀ ਆਖ ਦਿੱਤਾ ਜਾਂਦਾ ਜਾਂਦਾ ਹੈ ਪਰ ਰਾਮਗੜ੍ਹੀਆ ਲਫ਼ਜ਼ ਦਾ ਕਿਸੇ ਬਰਾਦਰੀ ਜਾਂ ਜਾਤ ਨਾਲ ਸਬੰਧ ਨਹੀਂ ਹੈ।
#ਰਾਮਗੜ੍ਹੀਆ ਲਫ਼ਜ਼ ਕਿਸੇ ਜਾਤ-ਪਾਤ ਨਾਲ ਸਬੰਧਤ ਨਾ ਹੋ ਕੇ ਸਗੋਂ ਇਕ ਮਿਸਲ ਦਾ ਨਾਂਅ ਸੀ ਪਰ ਬ੍ਰਾਹਮਣਵਾਦੀ ਸਿਸਟਮ ਨੇ ਮਿਸਲਾਂ ਦੇ ਨਾਂਵਾਂ ਨੂੰ ਬਿਰਾਦਰੀਆਂ ਵਜੋਂ ਪ੍ਰਚਾਰ ਦਿਤਾ। ਰਾਮਗੜ੍ਹੀਆ ਇਕ ਮਿਸਲ ਸੀ ਤੇ ਇਸ ਮਿਸਲ ਦਾ ਨਾਂ 'ਰਾਮ ਰੌਣੀ' ਤੋਂ ਪਿਆ । 'ਰਾਮ ਰੌਣੀ' (ਇਹ ਕੱਚਾ ਕਿਲ੍ਹਾ ਜਿਥੇ ਅੱਜ ਗੁਰੂ ਰਾਮਦਾਸ ਸਕੂਲ ਅਤੇ ਗੁਰਦੁਆਰਾ ਸ੍ਰੀ ਰਾਮਸਰ, ਸ੍ਰੀ ਅੰਮ੍ਰਿਤਸਰ ਮੌਜੂਦ ਹੈ, ਦੇ ਨਾਲ ਲਗਦੀ ਜਗ੍ਹਾ ’ਤੇ ਇੱਕ ਹਵੇਲੀ ਦੀ ਸ਼ਕਲ ਵਿੱਚ ਸੰਨ 1748 ਦੇ ਸ਼ੁਰੂ ਵਿੱਚ ਬਣਾਇਆ ਗਿਆ ਸੀ) ਇੱਕ ਗੜ੍ਹੀ ਸੀ ਜਿਸ ਦੀ ਤਾਮੀਰ ਸ੍ਰ: ਜੱਸਾ ਸਿੰਘ ਨੇ ਅੰਮ੍ਰਿਤਸਰ ਦੇ ਬਾਹਰਵਾਰ ਕੱਚੀਆਂ ਇੱਟਾਂ ਨਾਲ ਕਰਵਾਈ ਸੀ। ਬਾਅਦ ਵਿੱਚ ਇਸੇ ਗੜ੍ਹੀ ਨੂੰ ਕਿਲ੍ਹੇ ਦੀ ਸ਼ਕਲ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਇਸ ਦਾ ਨਾਂ ਕਿਲ੍ਹਾ ਰਾਮਗੜ੍ਹ ਪੈ ਗਿਆ। ਇਸ ਦੇ ਨਾਂ ਉਤੇ ਸ੍ਰ: ਜੱਸਾ ਸਿੰਘ ਦਾ ਨਾਂ ਵੀ ਜੱਸਾ ਸਿੰਘ ਰਾਮਗੜ੍ਹੀਆ ਪੈ ਗਿਆ। ਸ੍ਰ: ਜੱਸਾ ਸਿੰਘ ਰਾਮਗੜ੍ਹੀਆ ਸਿੱਖ ਇਤਿਹਾਸ ਵਿੱਚ ਬਹੁਤ ਵੱਡੇ ਸਿੱਖ ਯੋਧੇ ਵਜੋਂ ਜਾਣਿਆਂ ਜਾਣ ਲੱਗ ਪਿਆ।
ਅੱਜ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਨ ਹੈ ਜਿਥੇ ਮੈਂ ਸਾਰਿਆਂ ਨੂੰ ਇਸ ਦਿਨ ਦੀ ਵਧਾਈ ਦਿੰਦਾ ਹਾਂ ਓਥੇ ਇਹ ਵੀ ਬੇਨਤੀ ਕਰਦਾਂ ਹਾਂ ਕਿ ਸਾਨੂੰ ਸੂਰਬੀਰ ਯੋਧੇ, ਸ਼ਹੀਦ ਤੇ ਸੰਤ ਮਹਾਂਪੁਰਸ਼ਾਂ ਨੂੰ ਜਾਤਾਂ ਬਰਾਦਰੀਆਂ ਦੇ ਅਧਾਰ ਤੇ ਨਹੀਂ ਵੰਡਣਾ ਚਾਹੀਦਾ ਕਿਉਂਕਿ ਇਹ ਸ਼ਖਸੀਅਤਾਂ ਸਾਰੀ ਕੌਮ ਦੀਆਂ ਸਾਂਝੀਆਂ ਹੁੰਦੀਆਂ ਹਨ। ਸੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਸਿਰਫ ਮਿਸਤਰੀ ਜਾਂ ਤਰਖਾਣ ਬਰਾਦਰੀ ਦੇ ਹੀ ਜਰਨੈਲ ਨਹੀਂ ਸਨ ਉਹ ਸਿੱਖ ਕੌਮ ਦੇ ਬਹਾਦਰ ਸੂਰਬੀਰ ਯੋਧੇ ਸਨ।
ਸੰਦੀਪ ਸਿੰਘ