12/08/2025
ਪੰਜਾਬ ਸਰਕਾਰ ਦਾ ਇਤਿਹਾਸਕ ਕਦਮ, 44 ਪਿੰਡ ਸ਼ਾਮਿਲ ਹੋਏ ਜਲਾਲਾਬਾਦ ਬਲਾਕ ਵਿਚ
-ਲੋਕਾਂ ਦੀ ਵੱਡੀ ਮੰਗ ਪੂਰੀ ਕੀਤੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ-ਜਗਦੀਪ ਕੰਬੋਜ ਗੋਲਡੀ
ਜਲਾਲਾਬਾਦ, 12 ਅਗਸਤ-ਜਲਾਲਾਬਾਦ ਹਲਕੇ ਦੀ ਇੱਕ ਵੱਡੀ ਸਮੱਸਿਆ ਜੋ ਪਿੱਛਲੀਆਂ ਸਰਕਾਰਾਂ ਨੇ ਪੈਦਾ ਕੀਤੀ ਅਤੇ ਫਿਰ ਵੱਡੇ ਲੋਕਾਂ ਦੇ ਇੱਥੋਂ ਰਾਜਨੀਤੀ ਕਰਦੇ ਰਹਿਣ ਦੇ ਬਾਵਜੂਦ ਇਸ ਸੱਮਸਿਆ ਨੂੰ ਹੱਲ ਨਹੀਂ ਕੀਤਾ, ਉਸ ਨੂੰ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਹੱਲ ਕਰ ਦਿੱਤਾ ਹੈ। ਹਲਕੇ ਦੇ 44 ਪਿੰਡ ਜੋ ਕਿ ਗੁਰੂਹਰਸਹਾਏ ਬਲਾਕ ਵਿਚ ਸ਼ਾਮਿਲ ਹੋਕੇ ਫਿਰੋਜ਼ਪੁਰ ਜ਼ਿਲ੍ਹੇ ਦਾ ਹਿੱਸਾ ਸਨ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਜਲਾਲਾਬਾਦ ਬਲਾਕ ਨਾਲ ਜੋੜ ਦਿੱਤਾ ਹੈ। ਇਹ ਸੰਭਵ ਹੋਇਆ ਹੈ ਜਦੋਂ ਇਕ ਆਮ ਪਰਿਵਾਰ ਤੋਂ ਜਗਦੀਪ ਕੰਬੋਜ ਗੋਲਡੀ ਵਿਧਾਇਕ ਬਣੇ ਅਤੇ ਉਨ੍ਹਾਂ ਨੇ ਲੋਕਾਂ ਦੀ ਇਹ ਮੰਗ ਨਿੱਜ਼ੀ ਮੁਫ਼ਾਦਾਂ ਤੋਂ ਉਪੱਰ ਉਠ ਕੇ ਪ੍ਰਭਾਵੀ ਤਰੀਕੇ ਨਾਲ ਸਰਕਾਰ ਤੱਕ ਰੱਖੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।ਉਨ੍ਹਾਂ ਨੇ ਇਸ ਲਈ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ।
ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਕਿਹਾ ਕਿ ਪਹਿਲਾਂ ਇਨ੍ਹਾਂ 44 ਪਿੰਡਾਂ ਦੇ ਲੋਕ ਬਹੁਤ ਪ੍ਰੇਸ਼ਾਨ ਸਨ ਅਤੇ ਦੋ ਜ਼ਿਲ੍ਹਿਆਂ ਵਿਚ ਵੰਡੇ ਹੋਏ ਸਨ। ਇਸ ਕਾਰਨ ਜਿੱਥੇ ਆਮ ਲੋਕ ਪ੍ਰੇਸ਼ਾਨ ਸਨ ਉਥੇ ਹੀ ਪ੍ਰਸ਼ਾਸਨਿਕ ਪੱਧਰ ਤੇ ਵੀ ਕਈ ਉਲਝਣਾ ਸਨ ਜਿਸ ਕਾਰਨ ਇੰਨ੍ਹਾਂ 44 ਪਿੰਡਾਂ ਵਿਚ ਪੇਂਡੂ ਵਿਕਾਸ ਨਾਲ ਸਬੰਧਤ ਪ੍ਰੋਜੈਕਟਾਂ ਨੂੰ ਲਾਗੂ ਕਰਨ ਵਿਚ ਦਿੱਕਤ ਆਉਂਦੀ ਸੀ। ਇਸ ਤੋਂ ਬਿਨ੍ਹਾਂ ਇਹ ਪਿੰਡ ਭੌਤਿਕ ਤੌਰ ਤੇ ਜਲਾਲਾਬਾਦ ਦੇ ਨੇੜੇ ਹਨ ਪਰ ਇੰਨ੍ਹਾਂ ਨੂੰ ਪੇਂਡੂ ਵਿਕਾਸ ਵਿਭਾਗ ਵੱਲੋਂ ਗੁਰੂ ਹਰਸਹਾਏ ਬਲਾਕ ਨਾਲ ਜੋੜਿਆ ਹੋਇਆ ਸੀ। ਇਸੇ ਤਰਾਂ ਇਹ ਪਿੰਡਾਂ ਦੇ ਲੋਕ ਪ੍ਰਭਾਵਿਤ ਹੋ ਰਹੇ ਸਨ ਅਤੇ ਲੰਬੇ ਸਮੇਂ ਤੋਂ ਜਲਾਲਾਬਾਦ ਬਲਾਕ ਨਾਲ ਜੋੜੇ ਜਾਣ ਦੀ ਮੰਗ ਕਰ ਰਹੇ ਸਨ।
ਵਿਧਾਇਕ ਨੇ ਆਖਿਆ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਇਹੀ ਖਾਸ਼ੀਅਤ ਹੈ ਕਿ ਇਹ ਲੋਕ ਰਾਏ ਅਨੁਸਾਰ ਫੈਸਲੇ ਕਰਦੀ ਹੈ ਅਤੇ ਲੋਕਾਂ ਦੀ ਮੰਗ ਮੰਨ ਕੇ ਸਰਕਾਰ ਨੇ ਇੰਨ੍ਹਾਂ 44 ਪਿੰਡਾਂ ਨੂੰ ਜਲਾਲਾਬਾਦ ਬਲਾਕ ਨਾਲ ਜੋੜ ਦਿੱਤਾ ਹੈ।