19/08/2025
Jalandhar Community Online
Sikh Sewak Society International ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਗੁਰਮਤਿ ਸੰਗੀਤ ਦੇ ਮਾਹਿਰ ਅਤੇ ਸ੍ਰੀਰਾਗਾਂ ਦੇ ਪ੍ਰਸਿੱਧ ਰਾਗੀ ਭਾਈ ਗੁਰਮੀਤ ਸਿੰਘ ਸ਼ਾਂਤ ਨੂੰ ਭਾਈ ਮਰਦਾਨਾ ਅਵਾਰਡ ਨਾਲ ਸਨਮਾਨਿਤ ਕਰਕੇ ਉਨਾਂ ਦੀਆਂ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਅਣਮੱਲੀਆਂ ਸੇਵਾਵਾਂ ਨੇ ਸਤਿਕਾਰਿਆ ਹੈ। ਇਸ ਮੌਕੇ ਤੇ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ. ਜਿਸ ਵਿੱਚ ਪੰਥਕ ਸਖਸ਼ੀਅਤਾਂ ਗੁਰਮਤਿ ਸੰਗੀਤ ਦੇ ਪ੍ਰੇਮੀਆਂ ਅਤੇ ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਇਹ ਸਮਾਗਮ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਉਦੇਸ਼ਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਸੀ, ਜੋ ਗੁਰਮਤਿ ਸੰਗੀਤ ਦੀ ਸੰਭਾਲ ਅਤੇ ਪ੍ਰਚਾਰ ਲਈ ਸਮਰਪਿਤ ਹੈ।
ਸਮਾਗਮ ਦੌਰਾਨ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, "ਗੁਰੂ ਸਾਹਿਬਾਨ ਨੇ ਸਾਨੂੰ 31 ਰਾਗਾਂ ਅਨੁਸਾਰ ਗੁਰਬਾਣੀ ਦਾ ਕੀਰਤਨ ਕਰਨ ਦਾ ਹੁਕਮ ਦਿੱਤਾ ਹੈ। ਜਿਹੜੇ ਸਿੰਘ ਗੁਰੂ ਸਾਹਿਬ ਦੇ ਇਸ ਹੁਕਮ ਨੂੰ ਮੰਨਦਿਆਂ ਰਾਗਾਂ ਵਿੱਚ ਕੀਰਤਨ ਕਰਦੇ ਹਨ, ਉਨ੍ਹਾਂ ਦਾ ਸਨਮਾਨ ਕਰਨਾ ਸਾਡੀ ਸਮੂਹ ਸੰਗਤ ਦੀ ਜ਼ਿੰਮੇਵਾਰੀ ਹੈ।" ਉਨ੍ਹਾਂ ਅੱਗੇ ਕਿਹਾ ਕਿ ਭਾਈ ਗੁਰਮੀਤ ਸਿੰਘ ਸ਼ਾਂਤ ਨੇ ਗੁਰਮਤਿ ਸੰਗੀਤ ਦੀ ਪਰੰਪਰਾ ਨੂੰ ਨਾ ਸਿਰਫ਼ ਜਿਉਂਦਾ ਰੱਖਿਆ, ਸਗੋਂ ਇਸ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਵੀ ਅਹਿਮ ਯੋਗਦਾਨ ਪਾਇਆ। ਉਨ੍ਹਾਂ ਦੀਆਂ ਸੇਵਾਵਾਂ ਨੂੰ ਸਤਿਕਾਰਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪਹਿਲਾਂ ਭਾਈ ਸਾਹਿਬ ਦਾ ਸਨਮਾਨ ਕੀਤਾ ਹੈ।
ਭਾਈ ਗੁਰਮੀਤ ਸਿੰਘ ਸ਼ਾਂਤ ਗੁਰਮਤਿ ਸੰਗੀਤ ਦੇ ਇੱਕ ਅਜਿਹੇ ਸੋਮੇ ਵਜੋਂ ਜਾਣੇ ਜਾਂਦੇ ਹਨ, ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ 31 ਰਾਗਾਂ ਵਿੱਚ ਕੀਰਤਨ ਦੀ ਪਰੰਪਰਾ ਨੂੰ ਜਿਉਂਦਾ ਰੱਖਣ ਦਾ ਬੀੜਾ ਚੁੱਕਿਆ। ਉਨ੍ਹਾਂ ਦੀ ਸੰਗੀਤ ਪ੍ਰਤੀ ਸਮਰਪਣ ਅਤੇ ਗੁਰਮਤਿ ਸੰਗੀਤ ਦੀ ਸੰਭਾਲ ਲਈ ਕੀਤੇ ਗਏ ਯਤਨ ਅੱਜ ਦੀ ਪੀੜ੍ਹੀ ਲਈ ਮਿਸਾਲ ਹਨ। ਉਨ੍ਹਾਂ ਨੇ ਨਾ ਸਿਰਫ਼ 31 ਰਾਗਾਂ ਦੀ ਬਾਰੀਕੀਆਂ ਨੂੰ ਸਮਝਿਆ, ਸਗੋਂ ਇਸ ਨੂੰ ਸੰਗਤਾਂ ਤੱਕ ਪਹੁੰਚਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੀਆਂ ਸੇਵਾਵਾਂ ਨੇ ਗੁਰਮਤਿ ਸੰਗੀਤ ਦੀ ਸਮਰੱਥਾ ਨੂੰ ਵਧਾਇਆ ਅਤੇ ਇਸ ਨੂੰ ਵਿਸ਼ਵ ਪੱਧਰ ਤੇ ਪ੍ਰਸਿੱਧੀ ਦਿੱਤੀ।
ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦਾ ਮੁੱਖ ਉਦੇਸ਼ ਗੁਰਮਤਿ ਸੰਗੀਤ ਦੀ ਸੰਭਾਲ ਅਤੇ ਪ੍ਰਚਾਰ ਕਰਨਾ ਹੈ। ਇਸ ਸੰਸਥਾ ਨੇ ਅਜਿਹੇ ਸਮਾਗਮਾਂ ਰਾਹੀਂ ਗੁਰਮਤਿ ਸੰਗੀਤ ਦੇ ਮਾਹਿਰਾਂ ਨੂੰ ਸਨਮਾਨਿਤ ਕਰਕੇ ਇਸ ਪਰੰਪਰਾ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਮਾਗਮ ਦੌਰਾਨ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਇੱਕ ਅਹਿਮ ਮੁੱਦੇ 'ਤੇ ਵੀ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ, "ਅੱਜਕੱਲ੍ਹ ਬਹੁਤ ਸਾਰੇ ਰਾਗੀ ਫਿਲਮੀ ਸੰਗੀਤ ਦੀਆਂ ਟਿਊਨਾਂ 'ਤੇ ਗੁਰਬਾਣੀ ਦਾ ਕੀਰਤਨ ਕਰਕੇ ਗੁਰੂ ਸ਼ਬਦ ਦਾ ਅਪਮਾਨ ਕਰ ਰਹੇ ਹਨ। ਇਹ ਗੁਰਮਤਿ ਸੰਗੀਤ ਦੀ ਪਰੰਪਰਾ ਦੇ ਵਿਰੁੱਧ ਹੈ। ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਸ ਮੁੱਦੇ 'ਤੇ ਨੋਟਿਸ ਲੈਣਾ ਚਾਹੀਦਾ ਅਤੇ ਅਜਿਹੇ ਰਾਗੀਆਂ 'ਤੇ ਪਾਬੰਦੀ ਲਗਾਉਣੀ ਚਾਹੀਦੀ, ਤਾਂ ਜੋ ਗੁਰਮਤਿ ਸੰਗੀਤ ਦੀ ਪਵਿੱਤਰਤਾ ਬਣੀ ग्वे।"
ਇਸ ਸਨਮਾਨ ਨਾਲ ਭਾਈ ਗੁਰਮੀਤ ਸਿੰਘ ਸ਼ਾਂਤ ਦੀਆਂ ਸੇਵਾਵਾਂ ਨੂੰ ਨਾ ਸਿਰਫ਼ ਮਾਨਤਾ ਮਿਲੀ, ਸਗੋਂ ਗੁਰਮਤਿ ਸੰਗੀਤ ਦੀ ਸੰਭਾਲ ਅਤੇ ਪ੍ਰਚਾਰ ਲਈ ਵੀ ਇੱਕ ਪ੍ਰੇਰਣਾਦਾਇਕ ਕਦਮ ਸਾਬਤ ਹੋਇਆ। ਭਾਈ ਸਾਹਿਬ ਦੀ ਸੰਗੀਤ ਪ੍ਰਤੀ ਸਮਰਪਣ ਅਤੇ ਗੁਰਮਤਿ ਸੰਗੀਤ ਦੀ ਸੰਭਾਲ ਲਈ ਕੀਤੇ ਗਏ ਯਤਨ ਨੌਜਵਾਨ ਪੀੜ੍ਹੀ ਲਈ ਇੱਕ ਪ੍ਰੇਰਣਾ ਸਰੋਤ ਹਨ। ਉਨ੍ਹਾਂ ਦੀਆਂ ਸੇਵਾਵਾਂ ਨੇ ਸਿੱਖ ਸੰਗਤ ਨੂੰ ਗੁਰਬਾਣੀ ਦੇ 31 ਰਾਗਾਂ ਵਿੱਚ ਕੀਰਤਨ ਦੀ ਮਹੱਤਤਾ ਨੂੰ ਸਮਝਣ ਅਤੇ ਇਸ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਹੈ।
ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਇਸ ਸਮਾਗਮ ਰਾਹੀਂ ਇਹ ਸੁਨੇਹਾ ਦਿੱਤਾ ਕਿ ਗੁਰਮਤਿ ਸੰਗੀਤ ਸਿੱਖ ਧਰਮ ਦੀ ਅਹਿਮ ਪਹਿਚਾਣ ਹੈ ਅਤੇ ਇਸ ਦੀ ਸੰਭਾਲ ਕਰਨਾ ਸਮੁੱਚੀ ਸੰਗਤ ਦੀ ਜ਼ਿੰਮੇਵਾਰੀ ਹੈ। ਸੰਸਥਾ ਦੇ ਇਸ ਉਪਰਾਲੇ ਨੇ ਗੁਰਮਤਿ ਸੰਗੀਤ ਦੇ ਮਾਹਿਰਾਂ ਨੂੰ ਸਤਿਕਾਰਨ ਦੀ ਪਰੰਪਰਾ ਨੂੰ ਹੋਰ ਮਜ਼ਬੂਤ ਕੀਤਾ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਪਵਿੱਤਰ ਸੰਗੀਤ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਹੈ