20/03/2025
ਖ਼ਾਲਸਾ ਕਾਲਜ ਡੁਮੇਲੀ 'ਚ "ਨਸ਼ਾ ਮੁੱਕਤ ਭਵਿੱਖ ਪ੍ਰਤੀ ਲੋੜੀਂਦੀ ਜੰਗ " ਵਿਸ਼ੇ ਤੇ
ਇੱਕ ਰੋਜ਼ਾ ਵਰਕਸ਼ਾਪ ਸੱਫਲ ਹੋ ਨਿਬੜੀ
* ਨਰੋਏ ਸਮਾਜ ਦੀ ਸਿਰਜਣਾ ਲਈ ਅਜਿਹੇ ਸਮਾਗਮ ਹੋਣਾ ਹੀ ਅਜੋਕੇ ਸਮੇਂ ਦੀ ਅਹਿਮ ਲੋੜ -- ਸਿੱਧੂ
ਜਲੰਧਰ/ਆਦਮਪੁਰ ( ਪਰਮਜੀਤ)
ਰਾਸ਼ਟਰੀ ਮਹਿਲਾ ਆਯੋਗ ਨਵੀਂ ਦਿੱਲੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਿਯੋਗ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਵਿਦਿਅਕ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਅਤੇ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਫਾਊਂਡੇਸ਼ਨ ਨਰੂੜ ਪਾਂਸ਼ਟ ਵੱਲੋਂ ਕਾਲਜ ਕੈਂਪਸ ਵਿੱਚ "ਨਸ਼ਾ ਮੁਕਤ ਭਵਿੱਖ ਅਤੇ ਨਸ਼ੇ ਖਿਲਾਫ ਜੰਗ ,ਔਰਤਾਂ ਦਾ ਖਾਮੋਸ਼ ਦਰਦ, ਭੂਮਿਕਾ, ਚੁਣੌਤੀਆਂ, ਮੁਸ਼ਕਲਾਂ, ਰੋਕਥਾਮ, ਹੱਲ ਅਤੇ ਸਿੱਖਿਆ ਤੇ ਬਹਾਲੀ" ਵਿਸ਼ਿਆਂ ਉੱਪਰ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਸ਼੍ਰੀ ਜੀਤੇਦਰ ਰੰਜਨ ਸੁਪਰਡੰਟ ਨਾਰਕੋਟਿਕਸ ਸੈਂਟਰਲ ਬਿਊਰੋ ਅੰਮ੍ਰਿਤਸਰ, ਡਾ. ਰੋਹਿਲ ਓਬਰਾਏ, ਡੀ.ਏ.ਵੀ. ਕਾਲਜ ਚੰਡੀਗੜ੍ਹ ਅਤੇ ਮਿਸਿਜ ਵਿਭੂਤੀ ਸ਼ਰਮਾ ਅਰੋੜਾ ਅਸਿਸਟੈਂਟ ਲੀਗਲ ਏਡ ਡਿਫੈਂਸ ਕੌਂਸਿਲ, ਪ੍ਰੋ. ਅਵਤਾਰ ਸਿੰਘ ਰਾਮਗੜ੍ਹੀਆ ਕਾਲਜ ਫਗਵਾੜਾ, ਸ. ਭਗਵੰਤ ਸਿੰਘ ਕੋਚ, ਕਮਿਸ਼ਨਰੇਟ ਪੈਨਲ ਮੈੱਬਰ ਸ. ਅਮਰਿੰਦਰ ਜੀਤ ਸਿੰਘ ਸਿੱਧੂ ਕੋਚ, ਪ੍ਰੋ. ਰਣਜੀਤ ਸੈਣੀ ਸਰਕਾਰੀ ਕਾਲਜ ਹੁਸ਼ਿਆਰਪੁਰ ਰਾਸ਼ਟਰੀ ਮਹਿਲਾ ਆਯੋਗ ਨਵੀਂ ਦਿੱਲੀ ਵੱਲੋਂ ਵਿਸ਼ੇਸ਼ ਬੁਲਾਰੇ ਵਜੋਂ ਪਹੁੰਚੇ।
ਉਦਘਟਨੀ ਭਾਸ਼ਣ ਵਿੱਚ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਫਾਊਂਡੇਸ਼ਨ ਨਰੂੜ ਪਾਂਸ਼ਟ ਦੇ ਚੇਅਪਰਸਨ ਸ. ਕਿਰਪਾਲ ਸਿੰਘ ਮਾਇਓਪੱਟੀ ਨੇ ਕਿਹਾ ਕਿ ਪੰਜਾਬ ਵਿੱਚ ਵਧ ਰਹੇ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਐਨ ਜੀ ਓ ਨੂੰ ਆਪਣਾ ਬਣਦਾ ਯੋਗਦਾਨ ਪਾਉਂਣਾ ਚਾਹੀਦਾ ਹੈ।
ਇਸ ਮੌਕੇ ਪ੍ਰੋ. ਅਵਤਾਰ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਨੌਜਵਾਨਾਂ ਦੇ ਨਸ਼ਿਆਂ ਵੱਲ ਜਾਣ ਦੇ ਆਰਥਿਕ ਅਤੇ ਮਾਨਸਿਕ ਕਾਰਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਸ੍ਰੀਮਤੀ ਵਿਭੂਤੀ ਸ਼ਰਮਾ ਅਰੋੜਾ ਵਲੋਂ ਪਹਿਲੇ ਟੈਕਨੀਕਲ ਸੈਸ਼ਨ ਵਿੱਚ ਬੋਲਦਿਆਂ ਨਸ਼ਿਆਂ ਦੀ ਰੋਕਥਾਮ, ਸੈਕਸੁਅਲ ਹਰਾਸਮੈਂਟ ਅਤੇ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀਆਂ ਵੱਖ ਵੱਖ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਦੂਸਰੇ ਟੈਕਨੀਕਲ ਸੈਸ਼ਨ ਵਿੱਚ ਸ਼੍ਰੀ ਜੀਤੇਦਰ ਰੰਜਨ ਨੇ ਨਸ਼ਿਆਂ ਦੀਆਂ ਕਿਸਮਾਂ ਅਤੇ ਇਹਨਾਂ ਦੇ ਬੁਰੇ ਪ੍ਰਭਾਵਾਂ ਨੂੰ ਰੋਕਣ ਲਈ ਸਰਕਾਰ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਤੀਸਰੇ ਟੈਕਨੀਕਲ ਸੈਸ਼ਨ ਵਿਚ ਡਾ. ਰੋਹਿਲ ਉਬਰਾਏ ਨੇ ਨਸ਼ਿਆਂ ਦੀ ਰੋਕਥਾਮ ਦੇ ਲਈ ਇੱਕ ਇਸਤਰੀ ਦੀ ਕੀ ਭੂਮਿਕਾ ਹੋ ਸਕਦੀ ਹੈ ਬਾਰੇ ਵਿਚਾਰ ਪੇਸ਼ ਕੀਤੇ।
ਅੰਤਿਮ ਸੈਸ਼ਨ ਵਿਚ ਕਮਿਸ਼ਨਰੇਟ ਪੈਨਲ ਮੈਂਬਰ ਸ. ਅਮਰਿੰਦਰਜੀਤ ਸਿੰਘ ਸਿੱਧੂ ਨੇ ਕਾਲਜ ਵੱਲੋਂ ਲਗਾਈ ਗਈ ਇਸ ਵਰਕਸ਼ਾਪ ਨੂੰ ਸਾਰਥਿਕ ਦਸਿਆ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ, ਨਵੀਂ ਦਿੱਲੀ ਅਤੇ ਪੰਜਾਬ ਯੂਨਵਰਸਿਟੀ, ਚੰਡੀਗੜ੍ਹ ਦੀ ਖੁੱਲ੍ਹ ਕੇ ਪ੍ਰਸੰਸਾ ਕੀਤੀ ਗਈ।
ਉਨ੍ਹਾਂ ਵਲੋਂ ਨਸ਼ਾ ਮੁਕਤ ਸਮਾਜਿਕ ਹੋਂਦ ਲਈ, ਸਮਾਜ ਘੜਾਵੀ ਔਰਤ ਨਾਲ ਨਿੱਤ ਹੋ ਰਹੀਆਂ ਵਧੀਕੀਆਂ, ਘਰੇਲੂ ਹਿੰਸਾ ਪ੍ਰਤੀ ਜਾਗਰੂਕ ਕਰਨ ਤੇ ਨਰੋਏ ਸਮਾਜ ਦੀ ਸਿਰਜਣਾ ਅਜੋਕੇ ਸਮੇਂ ਦੀ ਅਹਿਮ ਲੋੜ ਦਸਿਆ।
ਇਸ ਮੌਕੇ ਸ. ਭਗਵੰਤ ਸਿੰਘ ਕੋਚ ਸਾਹਿਬ ਪ੍ਰੋ. ਰਣਜੀਤ ਸੈਣੀ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਰੋਕਥਾਮ ਲਈ ਦ੍ਰਿੜਤਾ ਨਾਲ ਪਹਿਰਾ ਦੇਣ ਤੇ ਸਭਿਅਕ ਪ੍ਰਾਣੀ ਵਜੋਂ ਯਤਨ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਮੈਡਮ ਰਜਮੀਤ ਕੌਰ ਜੀ, ਪ੍ਰੋ. ਰਣਜੀਤ ਸਿੰਘ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ, ਪ੍ਰੋ. ਕੁਲਵਿੰਦਰ ਕੌਰ ਸਰਕਾਰੀ ਕਾਲਜ ਹੁਸ਼ਿਆਰਪੁਰ, ਪ੍ਰੋ. ਲਖਵਿੰਦਰ ਕੌਰ, ਪ੍ਰੋ. ਕੁਲਵੰਤ ਕੌਰ ਗੁਰੂ ਨਾਨਕ ਖ਼ਾਲਸਾ ਕਾਲਜ ਡਰੋਲੀ ਕਲਾਂ, ਐਡਵੋਕੇਟ ਜਸਵੰਤ ਸਿੰਘ ਫਗਵਾੜਾ, ਪ੍ਰੋ.ਅਮਰਜੀਤ ਸਿੰਘ ਦਿਹਾਣਾ, ਸਰਕਾਰੀ ਕਾਲਜ ਹੁਸ਼ਿਆਰਪੁਰ,ਸ੍ਰ. ਅਵਤਾਰ ਸਿੰਘ ਭੋਗਲ, ਸ੍ਰ. ਸੰਦੀਪ ਸਿੰਘ ਪਰਮਾਰ, ਸ੍ਰੀ ਸੰਦੀਪ ਭਾਰਦਵਾਜ, ਸ੍ਰੀ ਸੰਨੀ ਮਹਿਤਾ ਵਿਸ਼ੇਸ਼ ਤੌਰ ਤੇ ਪਹੁੰਚੇ।
ਸਮਾਗਮ ਦੇ ਸੱਫਲ ਅਯੋਜਨ ਲਈ ਸ਼ਿਰਕਤ ਕਰਨ ਪੁੱਜੇ ਵਿਸ਼ੇਸ਼ ਬੁਲਾਰਿਆਂ, ਸਹਿਯੋਗੀ ਸੱਜਣਾਂ, ਆਯੋਜਕਾਂ ਦਾ ਸੰਸਥਾ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਵਿਦਿਆਰਥੀਆਂ ਦੇ ਸੱਬਰ-ਸੰਤੋਖ-ਉਤਸਾਹਿਤ ਹੋ ਸੰਜੀਦਗੀ ਨਾਲ ਸ਼ਮੂਲੀਅਤ ਕਰਨ ਦੀ ਵੀ ਸ਼ਲਾਘਾ ਕੀਤੀ ਗਈ।
ਸਮੂਹ ਪ੍ਰੋਗਰਾਮ ਨੂੰ ਲੜੀਵਾਰ ਪਰੋ ਚਲਾਉਣ ਦੀ ਸਟੇਜ ਸਕੱਤਰ ਵਜੋਂ ਅਹਿਮ ਭੂਮਿਕਾ ਪ੍ਰੋ. ਅਮਰਪਾਲ ਕੌਰ ਜੀ ਦੇ ਦੁਆਰਾ ਨਿਭਾਈ ਗਈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।