03/05/2025
ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਰਵਾਇਆ ਡਿਗਰੀ ਵੰਡ ਸਮਾਗਮ
ਉੱਤਰੀ ਭਾਰਤ ਦੀ ਉੱਘੀ ਵਿੱਦਿਅਕ ਸੰਸਥਾ ਲਾਇਲਪੁਰ ਖ਼ਾਲਸਾ ਕਾਲਜ, ਅਰਬਨ ਅਸਟੇਟ ਕਪੂਰਥਲਾ ਵਿਖੇ ਸਾਲਾਨਾ ਡਿਗਰੀ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਾ. ਸਰੋਜ ਬਾਲਾ ਅਰੋੜਾ ਡੀਨ, ਕਾਲਜ ਡਿਵੈਲਪਮੈਂਟ ਕੌਂਸਲ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਅਤੇ ਡਾ. ਮੋਨਿਕਾ ਖੰਨਾ ਪ੍ਰਿੰਸੀਪਲ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ, ਕਪੂਰਥਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਦੇ ਵਿਹੜੇ ’ਚ ਪਹੁੰਚਣ ’ਤੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ , ਸਮੂਹ ਸਟਾਫ਼ ਤੇ ਕਾਲਜ ਵਿਦਿਆਰਥੀਆਂ ਨੇ ਆਏ ਹੋਏ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਨਿੱਘਾ ਸਵਾਗਤ ਫੁੱਲਾਂ ਦੇ ਗੁਲਦਸਤਿਆਂ ਨਾਲ ਕੀਤਾ। ਇਸ ਸਮਾਗਮ ਦੀ ਸ਼ੁਰੂਆਤ ਸ਼ਬਦ ਨਾਲ ਹੋਈ। ਉਪਰੰਤ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ , ਜਿਸ ’ਚ ਸੈਸ਼ਨ 2024-25 ਲਈ ਅਕਾਦਮਿਕ, ਸੱਭਿਆਚਾਰਕ ਤੇ ਖੇਡਾਂ ਦੇ ਖੇਤਰ ’ਚ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਗਿਆ। ਡਿਗਰੀ ਵੰਡ ਸਮਾਰੋਹ ’ਚ ਬੈਚਲਰ ਆਫ਼ ਕਾਮਰਸ, ਬੈਚਲਰ ਆਫ਼ ਬਿਜ਼ਨਸ ਐਡਮਿਨੀਸਟਰੇਸ਼ਨ, ਬੈਚਲਰ ਆਫ਼ ਕੰਪਿਊਟਰ ਐਪਲੀਕੇਸ਼ਨ , ਬੈਚਲਰ ਆਫ਼ ਆਰਟਸ ਅਤੇ ਬੈਚਲਰ ਆਫ਼ ਸਾਇੰਸ ਦੇ 150 ਦੇ ਕਰੀਬ ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ । ਇਸ ਮੌਕੇ ਮੁੱਖ ਮਹਿਮਾਨ ਡਾ. ਸਰੋਜ ਬਾਲਾ ਅਰੋੜਾ ਨੇ ਡਿਗਰੀ ਧਾਰਕਾਂ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਦੇ ਅਕਾਦਮਿਕ ਸਨਮਾਨ ਤੇ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਜ਼ਿੰਦਗੀ ’ਚ ਹਮੇਸ਼ਾ ਉਸਾਰੂ ਸੋਚ ਰੱਖਣ ਤੇ ਅੱਗੇ ਵਧਣ ਲਈ ਪ੍ਰੇਰਿਤ ਕਰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਾਲਜ ਦੀ ਉੱਨਤੀ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਸਭ ਵਿਦਿਆਰਥੀਆਂ ਨੂੰ ਨਿੱਜੀ ਤਰੱਕੀ ਦੇ ਨਾਲ-ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਆਉਣ ਲਈ ਪ੍ਰੇਰਿਤ ਵੀ ਕੀਤਾ । ਇਸ ਮੌਕੇ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦਿਆਂ ਵਿਸ਼ੇਸ਼ ਮਹਿਮਾਨ ਪ੍ਰਿੰਸੀਪਲ ਡਾ. ਮੋਨਿਕਾ ਖੰਨਾ ਨੇ ਵਿਦਿਆਰਥੀਆਂ ਨੂੰ ਡਿਗਰੀ ਪ੍ਰਾਪਤੀ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਹੋਰ ਚੰਗੇ ਰਾਹਾਂ ਵੱਲ ਤੁਰਨ ਦੀ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਅਨੁਸ਼ਾਸਨ, ਸਫ਼ਲਤਾ ਦੀ ਕੁੰਜੀ ਹੈ ਤੇ ਭਵਿੱਖ ਵਿੱਚ ਵੀ ਅਨੁਸ਼ਾਸਨ ਵਿੱਚ ਰਹਿੰਦਿਆਂ, ਸਖ਼ਤ ਮਿਹਨਤ ਕਰਕੇ ਆਪਣਾ ਤੇ ਆਪਣੇ ਘਰਦਿਆਂ ਦਾ ਨਾਮ ਰੌਸ਼ਨ ਕਰਨਾ ਹੈ। ਕਾਲਜ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫ਼ਲਤਾ ’ਤੇ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਭਵਿੱਖ ’ਚ ਉੱਚੀਆਂ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਆਪਣੇ ਸੰਬੋਧਨ ’ਚ ਸੰਸਥਾ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਕੀਤੇ ਅਣਥੱਕ ਯਤਨਾਂ ਲਈ ਕਾਲਜ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਾਲਜ ਨੇ ਸਿੱਖਿਆ ਦੇ ਖੇਤਰ ਵਿੱਚ ਉੱਚੇ ਮਿਆਰ ਸਥਾਪਿਤ ਕੀਤੇ ਹਨ ਅਤੇ ਕਾਲਜ ਵਿਖੇ ਉਸਾਰੂ ਵਿੱਦਿਅਕ ਮਾਹੌਲ ਸਿਰਜਣ ਸੰਬੰਧੀ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਸਮਾਗਮ ਦੀ ਸਮਾਪਤੀ ਰਾਸ਼ਟਰੀ ਗੀਤ ਦੀਆਂ ਧੁਨਾਂ ਨਾਲ ਹੋਈ। ਸਮੁੱਚੇ ਤੌਰ ’ਤੇ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ। ਅੰਤ ਵਿੱਚ ਕਾਲਜ ਰਜਿਸਟਰਾਰ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਅੰਤ ਵਿੱਚ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਸੰਸਥਾ ਵੱਲੋਂ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਇਸ ਮੌਕੇ ਸਟੇਜ ਦੀ ਭੂਮਿਕਾ ਪ੍ਰੋ. ਵਰਿੰਦਰ ਕੌਰ ਵੱਲੋਂ ਬਾਖ਼ੂਬੀ ਨਿਭਾਈ ਗਈ।