06/08/2025
ਸਫ਼ਰ ਕਰਨਾ ਸਿਰਫ਼ ਇੱਕ ਸਰੀਰਕ ਗਤੀਵਿਧੀ ਨਹੀਂ, ਇਹ ਮਨ ਅਤੇ ਆਤਮਾ ਦੀ ਅੰਦਰੂਨੀ ਯਾਤਰਾ ਵੀ ਹੁੰਦੀ ਹੈ। ਜਦੋਂ ਅਸੀਂ ਆਪਣੀ ਰੋਜਾਨਾ ਜ਼ਿੰਦਗੀ ਦੇ ਰੁਟੀਨ ਤੋਂ ਬਾਹਰ ਨਿਕਲਦੇ ਹਾਂ, ਤਦੋਂ ਅਸੀਂ ਆਪਣੇ ਅਸਲ ‘ਮੈਂ’ ਨਾਲ ਮਿਲਦੇ ਹਾਂ। ਲੰਬੀਆਂ ਯਾਤਰਾਵਾਂ ਸਾਨੂੰ ਨਵੇਂ ਰਸਤੇ ਨਹੀਂ, ਨਵੀ ਸੋਚ ਨਵੇਂ ਅਨੁਭਵ ਅਤੇ ਨਵੀ ਉਮੀਦ ਵੀ ਦਿੰਦੀਆਂ ਹਨ।
ਇਹ ਰਸਤੇ ਕਈ ਵਾਰੀ ਸਾਡੇ ਅੰਦਰਲੀਆ ਗੱਲਾਂ ਨੂੰ ਬਾਹਰ ਕੱਢਣ ਦਾ ਜਰੀਆ ਬਣ ਜਾਂਦੇ ਹਨ। ਰੋਜ਼ ਦੀ ਉਲਝਣ, ਲੋਕਾ ਦੀ ਭੀੜ ਅਤੇ ਰੁਟੀਨ ਦੇ ਸ਼ੋਰ ਸ਼ਰਾਬੇ ਵਿੱਚ ਜੋ ਅਵਾਜ਼ ਅਸੀਂ ਸੁਣ ਨਹੀਂ ਸਕਦੇ, ਉਹ ਇਨ੍ਹਾ ਰਸਤਿਆ ਦੀ ਖ਼ਾਮੋਸ਼ੀ ਵਿੱਚ ਅਚਾਨਕ ਸੁਣਨ ਲੱਗਦੀ ਹੈ।
ਕੁਦਰਤ ਦੇ ਵਿਚਕਾਰ ਜਾਂ ਕਿਸੇ ਨਵੇਂ ਸ਼ਹਿਰ ਦੀਆਂ ਗਲੀਆਂ ਵਿੱਚ ਤੁਰਦਿਆਂ, ਮਨ ਹੌਲੇ-ਹੌਲੇ ਹਲਕਾ ਹੋਣ ਲੱਗਦਾ ਹੈ। ਜਿਵੇਂ ਇੱਕ ਹਵਾ ਦਾ ਝੋਕਾ ਸਾਰੀਆਂ ਫਿਕਰਾਂ ਨੂੰ ਆਪਣੇ ਨਾਲ ਲੈ ਜਾਂਦਾ ਹੋਵੇ, ਤੇ ਇਹੀ ਸਮਾਂ ਹੁੰਦਾ ਹੈ ਜਦੋਂ ਅਸੀਂ ਆਪਣੇ ਆਪ ਨਾਲ ਗੱਲ ਕਰਦੇ ਹਾਂ — ਬਿਨਾਂ ਕਿਸੇ ਹੜਬੜੀ ਦੇ, ਬਿਨਾਂ ਕਿਸੇ ਲੋੜ ਦੇ ਬਿਨਾ ਕਿਸੇ ਕਾਹਲ ਦੇ
ਜਿਹੜਾ ਤਣਾਅ ਤੁਹਾਡਾ ਰੋਜਾਨਾ ਜਿਦੰਗੀ ਦਾ ਸਾਥੀ ਬਣ ਜਾਂਦਾ ਹੈ, ਉਹ ਸਫ਼ਰ ਦੌਰਾਨ ਅਚਾਨਕ ਵਿਛੋੜਾ ਲੈ ਲੈਂਦਾ ਹੈ। ਕੋਈ ਵੀਰਾਨ ਰਸਤਾ, ਝੀਲ ਦੇ ਕੋਨੇ ਤੋਂ ਚੜਦਾ ਸੂਰਜ, ਕੋਈ ਢਲਦੀ ਸ਼ਾਮ, ਜਾਂ ਅਣਜਾਣ ਜਗ੍ਹਾ ’ਤੇ ਮਿਲੀ ਚੁੱਪ — ਇਹ ਸਭ ਕੁਝ ਮਨ ਨੂੰ ਅਜਿਹਾ ਸਹਾਰਾ ਦੇ ਜਾਂਦੇ ਹਨ, ਜਿਵੇਂ ਕਦੇ ਵੀ ਕਿਸੇ ਨੇ ਹੌਲਿਆਂ ਹੱਥ ਫੜ ਕੇ ਕਿਹਾ ਹੋਵੇ, “ਚਿੰਤਾ ਨਾ ਕਰ, ਸਭ ਠੀਕ ਹੋ ਜਾਵੇਗਾ।”
ਸਫ਼ਰ ਸਾਨੂੰ ਸਿਖਾਉਂਦਾ ਹੈ ਕਿ ਸਾਡੇ ਅੰਦਰ ਵੀ ਇੱਕ ਰਸਤਾ ਵੱਸਦਾ ਹੈ — ਇਕ ਅਜਿਹਾ ਰਸਤਾ ਜੋ ਮੰਜ਼ਿਲ ਲਈ ਨਹੀਂ, ਮਨ ਦੀ ਮੁਕਤੀ ਲਈ ਬਣਿਆ ਹੋਇਆ ਹੁੰਦਾ ਹੈ। ਜਦ ਅਸੀਂ ਉਹ ਅੰਦਰਲਾ ਰਸਤਾ ਤੈਅ ਕਰਨਾ ਸ਼ੁਰੂ ਕਰਦੇ ਹਾਂ, ਤਦੋਂ ਬਾਹਰਲੇ ਰਸਤੇ ਬਦਲਦੇ ਨਹੀਂ, ਅਸੀਂ ਖੁਦ ਬਦਲ ਜਾਣ ਲੱਗ ਪੈਂਦੇ ਹਾਂ।
ਘਰ ਵਾਪਸ ਆ ਕੇ ਅਸੀਂ ਉਹੀ ਕੰਮ ਕਰ ਰਹੇ ਹੁੰਦੇ ਹਾਂ, ਉਨ੍ਹਾ ਹੀ ਲੋਕਾਂ ਵਿੱਚ, ਉਸੇ ਹੀ ਮਾਹੋਲ ਵਿੱਚ, ਪਰ ਅੰਦਰ ਕੁਝ ਹੋਰ ਹੀ ਹੋਇਆ ਹੁੰਦਾ ਹੈ। ਇਕ ਖ਼ਾਮੋਸ਼ੀ ਹੁੰਦੀ ਹੈ — ਪਰ ਬੋਝ ਵਾਲੀ ਨਹੀਂ, ਸੰਤੁਸ਼ਟੀ ਵਾਲੀ