16/07/2022
ਵਿਅੰਗ
ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਨਾਲ ਸੌ ਫ਼ੀਸਦੀ ਸਹਿਮਤ ਹਾਂ. ਭਗਤ ਸਿੰਘ ਸੱਚਮੁਚ ਅੱਤਵਾਦੀ ਸੀ. ਉਸ ਨੇ ਜਿਹੜੇ ਗੋਰੇ ਅਫ਼ਸਰ ਨੂੰ ਮਾਰਿਆ, ਉਹ ਭਾਰਤ ਵਿੱਚ ਤੀਰਥ ਯਾਤਰਾ 'ਤੇ ਆਇਆ ਹੋਇਆ ਸੀ. ਇਸ ਯਾਤਰਾ ਦੌਰਾਨ ਉਸ ਨੇ ਅਨੇਕ ਖੂਹ ਪੁਟਵਾਏ, ਗਰੀਬ ਕੁੜੀਆਂ ਦੇ ਵਿਆਹ ਕੀਤੇ, ਵਿਧਵਾਵਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਤੇ ਅਨਾਥ ਬੱਚਿਆਂ ਨੂੰ ਰੋਜ਼ ਇੱਕ ਜੀ ਬੀ ਡਾਟੇ ਨਾਲ ਲੈਪ-ਟੋਪ ਵੰਡੇ. ਭਰੋਸੇਯੋਗ ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਭਾਰਤ ਦੀ ਮੁਕੰਮਲ ਅਜ਼ਾਦੀ ਦੀ ਵਕਾਲਤ ਕਰਦਾ ਸੀ ਤੇ ਅਜਾਦੀ ਲਈ ਲੜ ਰਹੇ ਸੁਤੰਤਰਤਾ ਸੈਨਾਨੀਆਂ ਨੂੰ ਏ. ਕੇ. ਸੰਤਾਲੀਆਂ ਦਿਆ ਕਰਦਾ ਸੀ. ਇੱਕ ਵਾਰ ਤਾਂ ਉਸ ਨੇ ਇੰਗਲੈਂਡ ਦੀ ਮਹਾਰਾਣੀ ਨੂੰ ਸਿਰਫ਼ ਇੰਨੀ ਗੱਲ 'ਤੇ ਚੂੰਢੀ ਵੱਢ ਦਿੱਤੀ ਸੀ ਕਿ ਉਹ ਭਾਰਤੀਆਂ ਨੂੰ ਅਜ਼ਾਦੀ ਕਿਉਂ ਨਹੀਂ ਦੇ ਰਹੀ. ਕਿੱਥੇ ਵੱਢੀ ਸੀ, ਇਸ ਬਾਰੇ ਇਤਿਹਾਸਕਾਰ ਚੁੱਪ ਹਨ.
ਭਗਤ ਸਿੰਘ ਸੱਚਮੁਚ ਹੀ ਅੱਤਵਾਦੀ ਸੀ ਜਿਸ ਨੇ ਚੰਨਣ ਸਿੰਘ ਨਾਂ ਦੇ ਪੁਲਸੀਏ ਨੂੰ ਮਾਰਿਆ. ਜੋ ਅਮ੍ਰਿਤਧਾਰੀ ਹੋਣ ਦੇ ਬਾਵਜੂਦ ਵੀ ਅੰਗਰੇਜੀ ਸਰਕਾਰ ਦਾ ਸਿਪਾਹੀ ਬਣਿਆ ਤੇ ਸਦਾ 'ਗੌਡ ਸੇਵ ਦੀ ਕਿੰਗ' ਗਾਇਆ. ਉਹ ਸਰਕਾਰ ਤੋਂ ਕੋਈ ਤਨਖਾਹ ਨਹੀਂ ਸੀ ਲੈਂਦਾ. ਜਦ ਵੀ ਉਹ ਕਿਸੇ ਸੁਤੰਤਰਤਾ ਸੈਨਾਨੀ ਨੂੰ ਗਰਿਫਤਾਰ ਕਰਦਾ, ਉਸਨੂੰ ਹਵਾਲਾਤ ਦੀ ਥਾਂ ਆਪਣੇ ਘਰ ਰੱਖ ਕੇ ਉਸ ਦੀ ਪੂਰੀ ਸੇਵਾ ਕਰਦਾ. ਉਸ ਦੀ ਜ਼ਮਾਨਤ ਦਿੰਦਾ. ਉਸ ਨੇ ਇੰਨੀਆਂ ਜ਼ਮਾਨਤਾਂ ਦਿੱਤੀਆਂ ਕਿ ਜੇ ਅੱਤਵਾਦੀ ਭਗਤ ਸਿੰਘ ਨੇ ਉਸ ਨੂੰ ਨਾ ਮਾਰਿਆ ਹੁੰਦਾ, ਉਸ ਦਾ ਨਾਂ ਗਿਨੀਜ਼ ਬੁੱਕ ਵਿੱਚ ਆ ਜਾਣਾ ਸੀ. ਭਰੋਸੇਯੋਗ ਸੂਤਰ ਦੱਸਦੇ ਹਨ ਕਿ ਉਸ ਦਿਨ ਵੀ ਉਹ ਭਗਤ ਸਿੰਘ ਹੋਰਾਂ ਪਿੱਛੇ ਉਨ੍ਹਾਂ ਨੂੰ ਫੜਨ ਲਈ ਨਹੀਂ, ਸਗੋਂ ਸ਼ਕੰਜਵੀਂ ਲੈ ਕੇ ਨੱਸ ਰਿਹਾ ਸੀ.
ਭਗਤ ਸਿੰਘ ਦਾ ਸਭ ਤੋਂ ਵੱਡਾ ਅੱਤਵਾਦ ਤਾਂ ਉਸ ਅਸੰਬਲੀ ਵਿੱਚ ਬੰਬ ਚਲਾਉਣਾ ਹੈ, ਜਿਹੜੀ ਪੂਰੇ ਡੇਢ ਸੌ ਸਾਲ ਤੋਂ ਭਾਰਤ ਦੀ ਸੇਵਾ ਕਰ ਰਹੀ ਸੀ. ਜਿਸ ਨੇ ਭਾਰਤੀਆਂ ਨੂੰ ਮੁਗਲਾਂ ਦੇ ਰਾਜ ਤੋਂ ਅਜਾਦ ਕਰਵਾਇਆ ਤੇ ਮਨੁੱਖੀ ਅਧਿਕਾਰਾਂ ਨਾਲ ਰਜਾ ਦਿੱਤਾ. ਜਿਹੜੀ ਇੰਗਲੈਂਡ ਤੋਂ ਨੋਟਾਂ ਦੇ ਟਰੱਕ ਭਰ ਕੇ ਲਿਆਈ ਤੇ ਸਾਰੇ ਭਾਰਤੀਆਂ ਵਿੱਚ ਵੰਡ ਦਿੱਤੇ. ਉਨ੍ਹਾਂ ਦੇ ਰਾਜ ਵਿੱਚ ਭਾਰਤ ਦੀ ਇਕੋਨਮੀ ਸੰਸਾਰ ਦੀ ਨੰਬਰ ਇੱਕ ਇਕੋਨਮੀ ਬਣੀ ਤੇ ਇੱਕ ਰੁਪਏ ਦੇ ਸੱਤਰ ਡਾਲਰ ਆਉਣ ਲੱਗੇ ਸਨ. ਉਨ੍ਹਾਂ ਦੇ ਰਾਜ ਵਿੱਚ ਕਿਸੇ ਭਾਰਤੀ ਨੂੰ ਅਜਾਦੀ ਮੰਗਣ ਬਦਲੇ ਸਜ਼ਾ ਦੇਣ ਦੀ ਗੱਲ ਤਾਂ ਛੱਡੋ, 'ਸ਼ਟਅਪ' ਤੱਕ ਨਹੀਂ ਕਿਹਾ ਗਿਆ. ਜਿਹੜੇ ਲੋਕ ਆਪ ਘੁੰਮਣ-ਫਿਰਨ ਜੇਲ੍ਹਾਂ ਵਿੱਚ ਚਲੇ ਵੀ ਗਏ, ਉਨ੍ਹਾਂ ਨੂੰ ਫ਼ਾਈਵ-ਸਟਾਰ ਸਹੂਲਤਾਂ ਦਿੱਤੀਆਂ ਗਈਆਂ ਤੇ ਕਾਲੇ ਪਾਣੀ ਫਸੇ ਲੋਕਾਂ ਨੂੰ ਏਅਰ-ਲਿਫਟ ਕਰ ਕੇ ਕੱਢਿਆ ਗਿਆ. ਭਰੋਸੇਯੋਗ ਸੂਤਰ ਤਾਂ ਇੱਥੋਂ ਤੱਕ ਆਖਦੇ ਹਨ ਕਿ ਉਹ ਆਪਣੀਆਂ ਮੇਮਾਂ ਨੂੰ ਤਲਾਕ ਦੇ ਕੇ ਭਾਰਤੀਆਂ ਨਾਲ ਵਿਆਹ ਦੇਣਾ ਚਾਹੁੰਦੇ ਸਨ ਪਰ ਭਗਤ ਸਿੰਘ ਨੇ ਬੰਬ ਚਲਾ ਕੇ ਸਾਰੀ ਖੇਡ ਵਿਗਾੜ ਦਿੱਤੀ. ਅੱਤਵਾਦੀ ਜੋ ਸੀ