
06/05/2025
ਗੈਰ ਕਾਨੂੰਨੀ ਪਾਕਿਸਤਾਨੀ ਨਾਗਰਿਕਾਂ ਦੇ ਦੇਸ਼ ਨਿਕਾਲੇ ਲਈ ਤੁਰੰਤ ਕਾਰਵਾਈ ਨੂੰ ਲੈਕੇ ਭਾਜਪਾ ਆਗੂਆਂ ਨੇ ਦਿੱਤਾ ਐਸਡੀਐਮ ਇਰਵਿਨ ਕੌਰ ਨੂੰ ਮੰਗ ਪੱਤਰ
ਕਪੂਰਥਲਾ( )ਭਾਜਪਾ ਆਗੂਆਂ ਦਾ ਇੱਕ ਵਫ਼ਦ ਸੋਮਵਾਰ ਨੂੰ ਐਸਡੀਐਮ ਇਰਵਿਨ ਕੌਰ ਨੂੰ ਮਿਲਿਆ।ਇਸ ਮੁਲਾਕਾਤ ਦੇ ਦੌਰਾਨ ਦੌਰਾਨ ਭਾਜਪਾ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਪੰਜਾਬ,ਸ.ਭਗਵੰਤ ਸਿੰਘ ਮਾਨ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਦੇਣ ਲਈ ਐਸਡੀਐਮ ਇਰਵਿਨ ਕੌਰ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ।ਮੰਗ ਪੱਤਰ ਵਿੱਚ ਗੈਰ ਕਾਨੂੰਨੀ ਪਾਕਿਸਤਾਨੀ ਨਾਗਰਿਕਾਂ ਦੇ ਦੇਸ਼ ਨਿਕਾਲੇ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ।ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਮੰਗ ਪੱਤਰ ਰਹੀ 22 ਅਪ੍ਰੈਲ, 2025 ਨੂੰ ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਖੇਤਰ ਵਿੱਚ ਪਾਕਿਸਤਾਨ ਦੁਆਰਾ ਪਨਾਹ ਅਤੇ ਸਹਾਇਤਾ ਪ੍ਰਾਪਤ ਅੱਤਵਾਦੀਆਂ ਵਲੋਂ ਬੇਰਹਿਮੀ ਨਾਲ ਕੀਤੇ ਗਏ ਅੱਤਵਾਦੀ ਹਮਲੇ ਵੱਲ ਧਿਆਨ ਦਿਵਾਉਂਦੇ ਹੋਏ ਦੱਸਿਆ ਗਿਆ ਕਿ ਹਮਲੇ ਵਿੱਚ ਦੇਸ਼ ਦੇ 26 ਨਿਹੱਥੇ ਨਾਗਰਿਕਾਂ ਦੀ ਜਾਨ ਚਲੀ ਗਈ ਸੀ।ਇਸ ਹਮਲੇ ਦੀ ਸਾਜਿਸ਼ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐੱਸਆਈ ਅਤੇ ਪਾਕਿਸਤਾਨੀ ਫੌਜ ਦੇ ਨਿਰਦੇਸ਼ਾਂ ਅਧੀਨ ਰਚੀ ਗਈ ਸੀ,ਜਿਸ ਨੇ ਪੂਰੇ ਦੇਸ਼ ਨੂੰ ਡੂੰਘੇ ਸਦਮੇ ਵਿੱਚ ਧੱਕ ਦਿੱਤਾ। ਅੱਜ ਦੁਨੀਆ ਦੇ ਸਾਰੇ ਅਮਨ ਤੇ ਸ਼ਾਂਤੀ ਪਸੰਦ ਦੇਸ਼ ਪਾਕਿਸਤਾਨ ਦੇ ਵਿਰੁੱਧ ਅਤੇ ਭਾਰਤ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ।ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹੀਆਂ ਸਾਰੀਆਂ ਤਾਕਤਾਂ ਨੂੰ ਅਜਿਹਾ ਮੁੰਹਤੋੜ ਜਵਾਬ ਦੇਣ ਦਾ ਸੰਕਲਪ ਲਿਆ ਹੈ,ਜੋ ਅੱਜ ਤੋਂ ਪਹਿਲਾਂ ਕਦੇ ਨਾ ਦਿੱਤਾ ਗਿਆ ਹੋਵੇ,ਤਾਂ ਜੋ ਕੋਈ ਵੀ ਅੱਤਵਾਦੀ ਸੰਗਠਨ ਜਾਂ ਅੱਤਵਾਦ ਦੀ ਪੁਸ਼ਤ-ਪਨਾਹੀ ਕਰਨ ਵਾਲਾ ਦੇਸ਼ ਬਚ ਨਾ ਸਕੇ।ਮਾਨਯੋਗ ਪ੍ਰਧਾਨ ਮੰਤਰੀ ਦੁਆਰਾ ਰੱਖਿਆ ਬਲਾਂ ਨੂੰ ਇਸ ਸੰਕਲਪ ਨੂੰ ਪੂਰਾ ਕਰਨ ਲਈ ਖੁੱਲ੍ਹੀ ਛੁੱਟੀ ਦਿੱਤੀ ਗਈ ਹੈ ਅਤੇ ਸਾਨੂੰ ਯਕੀਨ ਹੈ ਕਿ ਭਾਰਤੀ ਸੁਰੱਖਿਆ ਬਲਾਂ ਦੇ ਯਤਨ ਇਸ ਕਾਰਜ ਨੂੰ ਪੂਰਾ ਕਰਨਗੇ।ਇਸ ਮੁੱਦੇ ਤੇ ਪੂਰੇ ਦੇਸ਼ ਦੇ 140 ਕਰੋੜ ਲੋਕ ਮਾਨਯੋਗ ਪ੍ਰਧਾਨ ਮੰਤਰੀ ਅਤੇ ਸੁਰੱਖਿਆ ਬਲਾਂ ਦੇ ਨਾਲ ਹਨ।ਉਨ੍ਹਾਂਨੇ ਕਿਹਾ ਕਿ ਇਸ ਦੁੱਖਦਾਈ ਘਟਨਾ ਦੇ ਮੱਦੇਨਜ਼ਰ,ਕੇਂਦਰ ਸਰਕਾਰ ਨੇ ਸਿੰਧੂ ਜਲ ਸੰਧੀ ਨੂੰ ਰੱਦ ਕਰਨਾ,ਪਾਕਿਸਤਾਨ ਨਾਲ ਕੁਟਨੀਤਕ ਸਬੰਧਾਂ ਨੂੰ ਘੱਟੋ-ਘੱਟ ਤੇ ਸੀਮਤ ਕਰਨਾ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਵੀਜੇ ਰੱਦ ਕਰਨਾ ਅਤੇ ਸੀਮਤ ਸਮਾਂ ਸੀਮਾ ਦੇ ਅੰਦਰ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣ ਵਰਗੇ ਅਨੇਕਾਂ ਮਹੱਤਵਪੂਰਨ ਕਦਮ ਚੁੱਕੇ ਹਨ।ਗ੍ਰਿਹ ਮੰਤਰਾਲੇ ਦੇ ਆਦੇਸ਼ ਨੰਬਰ-25022/28/2025-ਐਫਆਈ(ਮਿਤੀ 25-04-2025) ਅਤੇ ਵਿਦੇਸ਼ੀ ਐਕਟ,1946 ਦੀ ਧਾਰਾ 3(1)ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ,ਪਾਕਿਸਤਾਨੀ ਨਾਗਰਿਕਾਂ(ਲੰਬੋ ਸਮੇਂ ਅਤੇ ਡਿਪਲੋਮੈਟਿਕ/ਅਧਿਕਾਰਤ ਵੀਜ਼ਿਆਂ ਨੂੰ ਛੱਡ ਕੇ)ਲਈ ਵੀਜ਼ਾ ਸੇਵਾਵਾਂ ਨੂੰ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਹੈ।ਇਸ ਲਈ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿ ਰਹੇ ਸਾਰੇ ਉਹਨਾ ਪਾਕਿਸਤਾਨੀ ਨਾਗਰਿਕਾਂ ਦੀ ਤੁਰੰਤ ਪਛਾਣ ਕੀਤੀ ਜਾਵੇ,ਜਿਨ੍ਹਾਂ ਕੋਲ ਵੈਧ ਦਸਤਾਵੇਜ਼ ਨਹੀਂ ਹਨ,ਜਿਨ੍ਹਾਂ ਕੋਲ ਵੀਜ਼ਾ ਮਿਆਦ ਪੁੱਗ ਚੁੱਕੀ ਹੈ,ਜਾਂ ਜਿਨ੍ਹਾਂ ਦੇ ਵੀਜੇ ਮੁਅੱਤਲ ਕਰ ਦਿੱਤੇ ਗਏ ਹਨ।ਇਹ ਗੰਭੀਰ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ ਅਤੇ ਇਸ ਲਈ ਅਜਿਹੇ ਵਿਅਕਤੀਆਂ ਨੂੰ ਬਿਨਾਂ ਦੇਰੀ ਦੇ ਸੂਚੀਬੱਧ ਕੀਤਾ ਜਾਣਾ ਚਾਹੀਦਾ ਹੈ ਤੇ ਤੁਰੰਤ ਲੋੜੀਂਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਣੀ ਚਾਹੀਦੀ ਹੈ,ਇਹ ਇੱਕ ਅਤਿਅੰਤ ਸੰਵੇਦਨਸ਼ੀਲ ਮਾਮਲਾ ਹੈ। ਇਸ ਲਈ ਆਸ ਕੀਤੀ ਜਾਂਦੀ ਹੈ ਕਿ ਸਥਾਨਿਕ ਪ੍ਰਸ਼ਾਸਨ ਰਾਸ਼ਟਰੀ ਨਿਰਦੇਸ਼ਾਂ ਅਨੁਸਾਰ ਤੇਜ਼ੀ ਅਤੇ ਦ੍ਰਿੜਤਾ ਨਾਲ ਕਾਰਵਾਈ ਕਰੇਗਾ,ਜਿਸ ਨਾਲ ਜਨਤਕ ਵਿਸ਼ਵਾਸ ਮਜ਼ਬੂਤ ਹੋਵੇਗਾ ਅਤੇ ਸੁਰੱਖਿਆ ਚਿੰਤਾਵਾਂ ਨੂੰ ਸਮੇਂ ਰਹਿੰਦੇ ਦੂਰ ਕੀਤਾ ਜਾ ਸਕੇਗਾ।ਇਸ ਮੌਕੇ ਤੇ,ਕਪੂਰਚੰਦ ਥਾਪਰ,ਅਸ਼ਵਨੀ ਤੁਲੀ,ਆਸ਼ੂ ਪੁਰੀ, ਕਮਲਜੀਤ ਪ੍ਰਭਾਕਰ,ਯਾਦਵਿੰਦਰ ਪਾਸੀ,ਸੰਨੀ ਬੈਂਸ, ,ਰੋਸ਼ਨ ਲਾਲ ਸੱਭਰਵਾਲ,ਸਤਿਬੀਰ ਸਿੰਘ ਸੰਨੀ, ਸ਼ਾਰਪ ਸੱਭਰਵਾਲ ਆਦਿ ਹਾਜ਼ਰ ਸਨ।