07/08/2025
11 ਅਗਸਤ ਤੋਂ 13 ਅਗਸਤ ਤੱਕ ਸਮੁੱਚੇ ਬਿਜਲੀ ਕਾਮੇ ਲੈਣਗੇ ਸਮੂਹਿਕ ਛੁੱਟੀ ਤੇ 15 ਅਗਸਤ ਨੂੰ ਜਿਲ੍ਹਾ ਹੈਡ ਕੁਆਰਟਰਾਂ ਤੇ ਕਰਨਗੇ ਰੋਸ ਮਾਰਚ
ਬਿਜਲੀ ਮੰਤਰੀ ਅਤੇ ਪਾਵਰ ਮੈਨੇਜਮੈਂਟ ਨਾਲ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਕੀਤਾ ਐਲਾਨ
ਬਿਜਲੀ ਕਾਮਿਆਂ ਦੀਆਂ ਪ੍ਰਮੁੱਖ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਅਧਾਰਿਤ ਪੀ ਐਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ ਨੰ 24) ਪਾਵਰਕਾਮ / ਟ੍ਰਾਂਸ਼ਕੋ ਪੈਨਸ਼ਨਰ ਯੂਨੀਅਨ ਏਟਕ ਪੰਜਾਬ , ਪੈਨਸ਼ਨਰ ਵੈਲਫੇਅਰ ਫੈਡਰੇਸ਼ਨ (ਪਹਿਲਵਾਨ) ਪਾਵਰਕਾਮ ਅਤੇ ਟਰਾਂਸਕੋ ਦੇ ਆਗੂਆਂ ਦੀ ਅੱਜ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਪੀਐਸਟੀਸੀ ਐਲ ਗੈਸਟ ਹਾਊਸ ਮੁਹਾਲੀ ਵਿਖੇ ਮੀਟਿੰਗ ਬੇਸਿੱਟਾ ਰਹੀ ਹੈ । ਇਸ ਸਬੰਧੀ ਗੱਲਬਾਤ ਕਰਦਿਆਂ ਮੁਲਾਜ਼ਮ ਆਗੂ ਦਵਿੰਦਰ ਸਿੰਘ ਪਿਸ਼ੌਰ ਨੇ ਦੱਸਿਆ ਕਿ ਲੰਘੀ 2 ਜੂਨ ਨੂੰ ਬਿਜਲੀ ਮੰਤਰੀ ਦੀ ਪ੍ਰਧਾਨਗੀ ਹੇਠ ਸਥਾਨਕ ਗੈਸਟ ਹਾਊਸ ਵਿਖੇ ਪਾਵਰ ਮੈਨੇਜਮੈਂਟ ਨਾਲ ਜਥੇਬੰਦੀਆਂ ਦੀ ਹੋਈ ਮੀਟਿੰਗ ਦੀ ਲਗਾਤਾਰਤਾ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਨੀਆਂ ਹੋਈਆਂ ਵਾਜਿਬ ਮੰਗਾਂ ਲਾਗੂ ਕਰਨ ਸਬੰਧੀ ਅੱਜ ਹੋਈ ਮੀਟਿੰਗ ਸਮੇਂ ਅਦਾਰੇ ਦੇ ਸੀ ਐਮ ਡੀ ਅਤੇ ਬਿਜਲੀ ਮੰਤਰੀ ਦੇ ਮੰਨੀਆਂ ਮੰਗਾਂ ਲਾਗੂ ਕਰਨ ਸਬੰਧੀ ਅਪਣਾਏ ਨਾਂਹ ਪੱਖੀ ਰਵੱਈਏ ਕਾਰਣ ਗੱਲਬਾਤ ਟੁੱਟ ਗਈ ਹੈ । ਆਗੂਆਂ ਨੇ ਗੈਸਟ ਹਾਊਸ ਦੇ ਗੇਟ ਤੇ ਸੀ ਐਮ ਡੀ ਅਤੇ ਬਿਜਲੀ ਮੰਤਰੀ ਖਿਲਾਫ਼ ਰੋਹ ਭਰਪੂਰ ਨਾਅਰੇਬਾਜੀ ਕਰਕੇ ਜੋਰਦਾਰ ਪਿੱਟ ਸਿਆਪਾ ਕੀਤਾ। ਆਗੂਆਂ ਨੇ ਕਿਹਾ ਕਿ 2 ਜੂਨ ਦੀ ਮੀਟਿੰਗ ਵਿੱਚ ਕਾਫੀ ਮੰਗਾਂ ਤੇ ਸਹਿਮਤੀਆਂ ਬਣੀਆਂ ਸਨ ਜਿਨ੍ਹਾਂ ਨੂੰ ਲਾਗੂ ਕਰਨ ਲਈ ਪਾਵਰ ਮੈਨਜਮੈਂਟ ਨੇ 10 ਦਿਨ ਦਾ ਸਮਾਂ ਤਹਿ ਕੀਤਾ ਸੀ ਪਰ ਲਗਭਗ 2 ਮਹੀਨੇ ਬੀਤ ਜਾਣ ਦੇ ਬਾਵਜੂਦ ਪਾਵਰ ਮੈਨੇਜਮੈਂਟ ਜਾਣਬੁੱਝ ਕੇ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕਰ ਰਹੀ ਹੈ। ਆਗੂਆਂ ਨੇ ਅਫਸੋਸ ਜਾਹਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਦੀ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀ ਖਿਲਾਫ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੁੱਖ ਮੰਗਾਂ ਜਿਵੇਂ ਮਹਿੰਗਾਈ ਭੱਤਾ 13 ਪ੍ਰਤੀਸ਼ਤ ਬਕਾਇਆ ਹੈ ਜਾਰੀ ਨਹੀਂ ਕੀਤਾ ਜਾ ਰਿਹਾ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ , ਤਨਖਾਹ/ਪੈਨਸ਼ਨ ਸੋਧ ਦੀਆਂ ਤਰੁਟੀਆਂ ਦੂਰ ਕਰਨ ਅਤੇ ਬਕਾਏ ਦੇਣ ਆਦਿ ਮੰਗਾਂ ਵੱਟੇ ਖਾਤੇ ਪਾਉਣ ਤੋਂ ਇਲਾਵਾ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਅਦਾਰੇ ਅੰਦਰ ਨਿੱਜੀਕਰਨ ਦੀ ਲੋਕ ਵਿਰੋਧੀ ਨੀਤੀ ਨੂੰ ਲੁਕਵੇਂ ਤਰੀਕੇ ਨਾਲ ਲਾਗੂ ਕਰਨ ਦੀ ਨੀਤੀ ਤਹਿਤ ਅਦਾਰੇ ਵਿੱਚ ਪੰਜਾਹ ਹਜ਼ਾਰ ਦੇ ਕਰੀਬ ਖਾਲੀ ਪਈਆਂ ਅਸਾਮੀਆਂ ਨੂੰ ਰੈਗੂਲਰ ਭਰਤੀ ਰਾਹੀਂ ਭਰਨ ਦੀ ਬਜਾਏ ਖਤਮ ਕੀਤਾ ਜਾ ਰਿਹਾ ਹੈ , ਪਿਛਲੇ ਪੈਡੀ ਸੀਜ਼ਨ ਦੌਰਾਨ ਡਿਊਟੀ ਕਰਦਿਆਂ ਘਾਤਕ ਹਾਦਸਿਆਂ ਦਾ ਸ਼ਿਕਾਰ ਹੋਏ ਬਿਜਲੀ ਕਾਮਿਆਂ ਦੇ ਪਰਿਵਾਰਾਂ ਨੂੰ ਵਧੇ ਮੁਆਵਜ਼ੇ ਦੀ ਅਦਾਇਗੀ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ ਅਤੇ ਜਖਮੀ ਕਾਮਿਆਂ ਨੂੰ ਕੈਸ਼ਲੈਸ ਇਲਾਜ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ । ਇਸੇ ਤਰ੍ਹਾਂ 17 ਜੁਲਾਈ 2020 ਤੋਂ ਬਾਅਦ ਭਰਤੀ ਕਰਮਚਾਰੀਆਂ ਉੱਪਰ ਬਿਜਲੀ ਨਿਗਮ ਦੇ ਤਨਖਾਹ ਸਕੇਲ ਲਾਗੂ ਕਰਨ ਦੀ ਜਗ੍ਹਾ ਧੱਕੇ ਨਾਲ ਕੇਂਦਰੀ ਸਕੇਲ ਲਾਗੂ ਕੀਤਾ ਗਿਆ ਹੈ । ਹਰ ਰੋਜ਼ ਵਾਪਰ ਰਹੇ ਹਾਦਸਿਆਂ ਨਾਲ ਕਾਮਿਆਂ ਦੀਆਂ ਹੋ ਰਹੀਆਂ ਮੌਤਾਂ ਤੇ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ ਜਾ ਰਿਹਾ , ਸੋਲੇਸ਼ੀਅਮ ਪਾਲਿਸੀ ਰਾਹੀਂ ਭਰਤੀ ਕਰਮਚਾਰੀਆਂ ਤੋਂ ਮੋੜਨਯੋਗ ਰਕਮ ਉਪਰ 12 ਪ੍ਰਤੀਸ਼ਤ ਵਿਆਜ਼ ਦੀ ਜਬਰੀ ਵਸੂਲੀ ਕਰਨ ਦੇ ਪੱਤਰ ਜਾਰੀ ਕਰਕੇ ਕਾਮਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਮੁਲਾਜ਼ਮ ਵਿਰੋਧੀ ਪਾਲਿਸੀ ਵਿੱਚ ਬਣਦੀ ਸੋਧ ਨਹੀਂ ਕੀਤੀ ਜਾ ਰਹੀ , ਇਨ ਹਾਊਸ ਕੰਨਟ੍ਰੈਕਟ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਮਸਲੇ ਨੂੰ ਲਮਕਾ ਅਵਸਥਾ ਵਿੱਚ ਰੱਖ ਕੇ ਉਨ੍ਹਾਂ ਦਾ ਆਰਥਿਕ ਸੋਸਣ ਕੀਤਾ ਜਾ ਰਿਹਾ ਹੈ, ਸੋਧੇ ਸਕੇਲ ਲਾਗੂ ਹੋਣ ਤੋਂ ਬਾਅਦ ਤਰੱਕੀ ਪਾ ਰਹੇ ਕਾਮਿਆਂ ਨੂੰ ਪੇ ਬੈਂਡ ਤੋਂ ਬਿਨਾਂ ਤਨਖਾਹ ਦਿੱਤੀ ਜਾ ਰਹੀ ਹੈ , ਗਰਿੱਡ ਸਟਾਫ, ਜੇ ਈ ਕੇਡਰ ਅਤੇ ਫੀਲਡ ਸਟਾਫ ਦੀਆਂ ਮੁਸ਼ਕਿਲਾਂ ਦਾ ਹੱਲ ਜਾਣਬੁੱਝ ਕੇ ਨਹੀਂ ਕੀਤਾ ਜਾ ਰਿਹਾ , ਆਨੇ ਬਹਾਨੇ ਕਰਮਚਾਰੀਆਂ ਦੀਆਂ ਸਿਆਸੀ ਅਧਾਰ ਤੇ ਕੀਤੀਆਂ ਨਜਾਇਜ਼ ਬਦਲੀਆਂ ਰੱਦ ਨਹੀਂ ਕੀਤੀਆ ਗਈਆਂ ,ਵੱਖ ਵੱਖ ਸੀ ਆਰ ਏ ਰਾਹੀਂ ਭਰਤੀ ਲਾਇਨਮੈਨ/ਐਸ ਐਸ ਏ ਕਰਮਚਾਰੀਆਂ ਦੇ ਕੰਟਰੈਕਟ ਸਮੇਂ ਦਾ ਲਾਭ ਨਾ ਦੇ ਕੇ ਮੁਲਾਜ਼ਮ ਵਰਗ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ , ਪੈਨਸ਼ਨਰਾਂ ਦੀ ਵਿਕਾਸ ਟੈਕਸ ਦੇ ਨਾਂ ਤੇ ਹਰੇਕ ਮਹੀਨੇ ਧੱਕੇ ਨਾਲ 200 ਰੁਪਏ ਦੀ ਕੀਤੀ ਜਾ ਰਹੀ ਕਟੌਤੀ ਬੰਦ ਨਹੀਂ ਕੀਤੀ ਜਾ ਰਹੀ । ਆਗੂਆਂ ਨੇ ਕਿਹਾ ਕੇ ਏ ਈ ਦੀ ਡਿਗਰੀ ਹੋਲਡਰ ਕੋਟੇ ਵਿੱਚ ਵਾਧੇ ਦੀ ਮੰਗ ਲਾਗੂ ਕਰਨ, ਭੱਤਿਆਂ ਵਿੱਚ ਵਾਧਾ ਕਰਨ , ਪਾਵਰਕਾਮ ਅਤੇ ਟ੍ਰਾਂਸ਼ਕੋ ਦੀਆਂ ਮਹਿਕਮਾਨਾਂ ਇਮਾਰਤਾਂ ਦੀ ਤਰਸਯੋਗ ਹਾਲਤ ਵਿੱਚ ਸੁਧਾਰ ਕਰਨ , ਦਫਤਰੀ ਕਰਮਚਾਰੀਆਂ ਲਈ ਵਾਤਾਵਰਨ ਦੇ ਅਨਕੂਲ ਦਫਤਰਾਂ ਵਿੱਚ ਬੈਠਣ ਦਾ, ਪੀਣ ਵਾਲੇ ਪਾਣੀ ਦਾ ਅਤੇ ਮਹਿਲਾ ਕਰਮਚਾਰੀਆਂ ਲਈ ਵੱਖਰੇ ਵਾਸ਼ਰੂਮਾਂ, ਈ ਆਰ ਪੀ ਸਿਸਟਮ ਦੀ ਵਰਤੋਂ ਲਈ ਬਿਜਲੀ ਕਰਮਚਾਰੀਆਂ ਨੂੰ ਲੈਪਟਾਪ ਦਾ ਢੁਕਵਾਂ ਪ੍ਰਬੰਧ ਕਰਨ ਆਦਿ ਮੰਗਾਂ ਵੱਲ ਮੈਨੇਜਮੈਂਟ ਧਿਆਨ ਨਹੀਂ ਦੇ ਰਹੀ । ਜਿਸ ਦੇ ਰੋਸ ਵਜੋਂ ਬਿਜਲੀ ਕਰਮਚਾਰੀਆਂ ਵੱਲੋਂ ਮਿਤੀ 25 ਜੂਨ ਤੋਂ ਲਗਾਤਾਰ ਵਰਕ ਟੂ ਰੂਲ ਅਨੁਸਾਰ ਸਿਰਫ ਆਪਣੀ ਬਣਦੀ ਡਿਊਟੀ ਕਰਨ ਤੋਂ ਇਲਾਵਾ ਫੀਲਡ ਵਿੱਚ ਰੋਸ ਮੁਜਾਹਰੇ ਕਰਨ ਦੇ ਬਾਅਦ 27 ਜੁਲਾਈ ਨੂੰ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਵਿਸ਼ਾਲ ਰੋਸ ਧਰਨਾ ਲਗਾਉਣ ਤੋਂ ਬਾਅਦ ਮੈਨੇਜਮੈਂਟ ਵੱਲੋਂ ਦਿੱਤੀ ਅੱਜ ਦੀ ਮੀਟਿੰਗ ਬੇਸਿੱਟਾ ਰਹਿਣ ਕਰਕੇ ਬਿਜਲੀ ਕਰਮਚਾਰੀ 11 ਅਗਸਤ ਤੋਂ 13 ਅਗਸਤ ਤੱਕ ਸਮੂਹਿਕ ਛੁੱਟੀ ਭਰਕੇ ਸਮੁੱਚੇ ਪੰਜਾਬ ਦੇ ਬਿਜਲੀ ਦਫਤਰਾਂ ਸਾਹਮਣੇ ਪ੍ਰਦਰਸ਼ਨ ਕਰਦੇ ਹੋਏ ਮਜਬੂਰਨ ਅਦਾਰੇ ਦਾ ਸਮੁੱਚਾ ਕੰਮਕਾਜ ਠੱਪ ਕਰਨਗੇ ਅਤੇ 15 ਅਗਸਤ ਨੂੰ ਜ਼ਿਲਾ ਹੈਡ ਕੁਆਟਰ ਨੇੜਲੇ ਦਫਤਰ ਵਿੱਚ ਰੋਸ ਰੈਲੀ ਕਰਕੇ ਰੋਸ ਮਾਰਚ ਕੀਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਹੋਵੇਗੀ।