08/10/2025
ਹਰਮਨ ਪਿਆਰੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਜੀ ਦੇ ਅਕਾਲ ਬੇਵਕਤੀ ਮੌਤ ਉਤੇ ਦੁੱਖਾਂ ਦਾ ਹੜ੍ਹ ਆ ਗਿਆ।
ਜਦੋਂ 27 ਨਵੰਬਰ ਨੂੰ ਇਹ ਖਬਰ ਅੱਗ ਵਾਂਗ ਫੈਲ ਗਈ ਕਿ ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਮੋਟਰਸਾਈਕਲ ਟਰੈਕਿੰਗ ਦੋਰਾਨ ਸੜਕ ਹਾਦਸਾ ਹੋ ਗਿਆ ਅਤੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹਾਲਤ ਵਿੱਚ ਮੋਹਾਲੀ ਦੇ ਵੱਡੇ ਹਸਪਤਾਲ ਵਿੱਚ ਦਾਖ਼ਲ ਹਨ, ਹਾਲਾਤ ਬਹੁਤ ਨਾਜ਼ੁਕ ਹਨ ਅਤੇ ਰਾਜਵੀਰ ਜਵੰਦਾ ਕੌਮਾਂ ਵਿੱਚ ਚਲੇ ਗਏ ਹਨ। ਥੋੜੇ ਦਿਨਾਂ ਵਿੱਚ ਐਮ:ਆਰ:ਆਈ: ਰਿਪੋਰਟਾਂ ਆਈਆਂ ਤਾਂ ਡਾਕਟਰਾਂ ਦੀ ਟੀਮ ਨੇ ਡਿਕਲੇਅਰ ਕੀਤਾ ਕਿ ਉਸ ਦੀ ਧੌਣ ਦੇ ਮਣਕੇ ਟੁੱਟੇ ਹੋਏ ਹਨ ਅਤੇ ਸਪਾਈਨਲ ਕਾਰਡ ਉਤੇ ਦਬਾਅ ਪੈਣ ਨਾਲ ਦਿਮਾਗ ਦਾ ਬਾਕੀ ਸ਼ਰੀਰ ਨਾਲੋਂ ਸੰਪਰਕ ਟੁੱਟ ਚੁੱਕਾ ਹੈ। ਦਿਮਾਗ ਨੂੰ ਆਕਸੀਜ਼ਨ ਵੀ ਨਹੀਂ ਜਾ ਰਹੀ, ਇਸ ਕਰਕੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ। ਫਿਰ ਵੀ ਵੈਂਟੀਲੇਟਰ ਦੇ ਸਹਾਰੇ ਸ਼ਾਹ ਪ੍ਰਣਾਲੀ ਨੂੰ ਚਲਾਇਆ ਜਾ ਰਿਹਾ ਹੈ। ਸ਼ੋਸ਼ਲ ਮੀਡੀਆ ਉਤੇ ਅਰਦਾਸਾਂ ਅਤੇ ਦੁਆਵਾਂ ਦਾ ਦੌਰ ਸ਼ੁਰੂ ਹੋਇਆ। ਸਮਾਂ ਬਹੁਤ ਜ਼ਜ਼ਬਾਤੀ ਸੀ, ਮੈਡੀਕਲ ਸਾਇੰਸ ਨੂੰ ਜਾਨਣ ਵਾਲੇ ਕੋਈ ਸ਼ਬਦ ਸਿੱਧਾ ਕਹਿਣ ਤੋਂ ਗ਼ੁਰੇਜ਼ ਕਰਦੇ ਸਨ। ਉਹਨਾਂ ਵਿੱਚ ਮੈਂ ਵੀ ਇੱਕ ਸੀ। ਲੋਕਾਂ ਨੇ "ਵਾਹਿਗੁਰੂ" ਸ਼ਬਦ ਨੂੰ ਐਨਾਂ ਲਿਖਿਆ ਕਿ ਅੱਜ "ਵਾਹਿਗੁਰੂ" ਸ਼ਬਦ ਵੀ ਦੁਨੀਆਂ ਵਿੱਚ ਬੇਵੱਸ ਸਾਬਿਤ ਹੋਇਆ ਸਿੱਧ ਹੋ ਰਿਹਾ ਹੈ। ਜਦ ਕਿ ਇਸ ਵਿੱਚ "ਵਾਹਿਗੁਰੂ" ਸ਼ਬਦ ਦਾ ਕੋਈ ਦੋਸ਼ ਜਾਂ ਰੋਲ ਹੈ ਹੀ ਨਹੀਂ ਹੈ।
ਘੱਟ ਜਾਣਕਾਰੀ ਵਾਲੇ ਬਾਬਿਆਂ ਨੇ ਆਮ ਲੋਕਾਂ ਨੂੰ "ਵਾਹਿਗੁਰੂ" ਸ਼ਬਦ ਨੂੰ ਰੱਬ ਦੇ ਨਾਮ ਨਾਲ ਜੋੜ ਦਿੱਤਾ ਹੈ, ਜਦ ਕਿ ਗੁਰਬਾਣੀ ਅਨੁਸਾਰ "ਵਾਹਿਗੁਰੂ" ਸ਼ਬਦ ਇੱਕ ਸਿੱਖ ਵਲੋਂ ਆਪਣੇ ਗੁਰੂ ਤੋਂ ਗਿਆਨ ਲੈਣ ਤੋਂ ਬਾਅਦ ਉਸ ਦਾ ਸ਼ੁਕਰਾਨਾ ਕਰਨ ਲਈ ਪ੍ਰਗਟਾਇਆ ਗਿਆ ਸ਼ਬਦ ਹੈ, "ਵਾਹ-ਹੇ-ਗੁਰੂ" ਭਾਵ ਵਹਿਗੁਰੂ। ਇਸ ਦਾ ਮਨੁੱਖੀ ਜੀਵਨ ਦੇ ਦੁੱਖਾਂ ਅਤੇ ਸੁੱਖਾਂ ਨਾਲ ਕੋਈ ਸਬੰਧ ਨਹੀਂ ਹੈ। ਦੁੱਖ ਅਤੇ ਸੁੱਖ ਦਾ ਆਪਸ ਵਿੱਚ ਐਨਾਂ ਸਬੰਦ ਹੈ ਕਿ ਦੋਨਾਂ ਦਾ ਵਜੂਦ ਵੀ ਇੱਕ ਦੂਜੇ ਤੋਂ ਬਗੈਰ ਹੈ ਹੀ ਨਹੀਂ। ਸੁੱਖ ਦੇ ਪੈਦਾ ਹੋਣ ਨਾਲ ਹੀ ਦੁੱਖ ਦਾ ਭਵਿੱਖ ਤਹਿ ਹੁੰਦਾ ਹੈ, ਪਰ ਜਦੋਂ ਸੁੱਖ ਪੈਦਾ ਹੀ ਨਹੀਂ ਹੋਇਆ ਤਾਂ ਦੁੱਖ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਭਾਵ ਕਿ ਜਿਸ ਨੇ ਜਨਮ ਹੀ ਨਹੀਂ ਲਿਆ ਤਾਂ ਉਸ ਦੀ ਜ਼ਿੰਦਗੀ ਦੇ ਦੁੱਖਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰ ਜਿਸ ਨੇ ਇਸ ਧਰਤੀ ਉੱਤੇ ਜਨਮ ਲੈ ਲਿਆ ਤਾਂ ਉਸ ਮੌਤ ਦਾ ਦੁੱਖ ਤਹਿ ਹੈ ਅਤੇ ਜ਼ਿੰਦਗੀ ਵਿੱਚ ਅਨੇਕਾਂ ਦੁੱਖ਼ਾਂ ਅਤੇ ਸੁੱਖਾਂ ਦਾ ਪੈਦਾ ਹੋਣਾ ਤਹਿ ਹੁੰਦਾ ਹੈ। ਇਸ ਕਰਕੇ ਕੋਈ ਵੀ ਸ਼ਬਦ ਜਾਂ ਮੰਤਰ ਕਿਸੇ ਦੀ ਜ਼ਿੰਦਗੀ ਵਿੱਚ ਤਹਿ ਹੋਏ ਦੁੱਖਾਂ ਨੂੰ ਖ਼ਤਮ ਨਹੀਂ ਕਰ ਸਕਦੇ। ਇਹ ਚਾਹੇ ਵਾਹਿਗੁਰੂ ਸ਼ਬਦ ਹੋਵੇ ਤਾਂ ਕਿਸੇ ਸੰਸਥਾ ਦੁਆਰਾ ਦਿੱਤੇ ਗਏ ਮੰਤਰ ਜਾਪ ਦਾ ਸ਼ਬਦ ਹੋਵੇ। ਦੁੱਖਾਂ ਅਤੇ ਸੁੱਖਾਂ ਲਈ ਇਹ ਸਾਰੇ ਹੀ ਬੇਵੱਸ ਸਾਬਿਤ ਹੋਣਗੇ।
ਮੈਡੀਕਲ ਸਾਇੰਸ ਨੂੰ ਸਮਝਣ ਵਾਲੇ ਜਾਣਦੇ ਹਨ ਕਿ ਮਨੁੱਖੀ ਸਰੀਰ ਦਾ ਦਿਮਾਗ਼ ਨਾਲ ਸਪੰਰਕ ਕੇਵਰ ਸੁਖਨਾ ਨਾੜੀ (ਸਪਾਈਨਲ ਕਾਰਡ) ਰਾਹੀਂ ਹੀ ਹੁੰਦਾ ਹੈ। ਇਸ ਵਿੱਚ ਅਨੇਕਾਂ ਸੂਖਮ ਨਾੜੀਆਂ ਮਨੁੱਖੀ ਸ਼ਰੀਰ ਨੂੰ ਚਾਹਤ ਅਤੇ ਸਵੈਚਲਿਤ ਰੂਪ ਵਿੱਚ ਸੰਚਾਲਿਤ ਕਰਦੀਆਂ ਹਨ। ਜਦੋਂ ਕਿਸੇ ਮਨੁੱਖ ਦੀ ਰੀੜ੍ਹ ਦੀ ਹੱਡੀ ਦੇ ਕਿਸੇ ਹਿੱਸੇ ਵਿੱਚ ਵੀ ਦਰਾੜ ਪੈਦਾ ਹੋ ਜਾਵੇ ਤਾਂ ਉਸ ਤੋਂ ਹੇਠਾਂ ਦਾ ਸਾਰਾ ਸੰਪਰਕ ਟੁੱਟ ਜਾਂਦਾ ਹੈ। ਇਸ ਦੇ ਇਲਾਜ਼ ਵਿੱਚ ਉਹਨਾਂ ਸਮਾਂ ਤਾਂ ਉਮੀਦ ਕੀਤੀ ਜਾ ਸਕਦੀ ਹੈ, ਜਦੋਂ ਤੱਕ ਸੁਖਨਾ ਨਾੜੀ (ਸਪਾਈਨਲ ਕਾਰਡ) ਉਤੇ ਕਿਸੇ ਵੀ ਕਿਸਮ ਦਾ ਦਬਾਅ ਨਾ ਪਿਆ ਹੋਵੇ। ਪਰ ਜਦੋਂ ਇਸ ਨਾੜੀ ਉਤੇ ਦਬਾਅ ਪੈ ਗਿਆ ਹੋਵੇ ਤਾਂ ਇਸ ਦੀ ਮੁਰੰਮਤ ਕਰਨੀ ਅੱਜ ਤੱਕ ਸੰਭਵ ਨਹੀਂ ਹੋ ਸਕੀ। ਪਰ ਭਵਿੱਖ ਵਿੱਚ ਇਸ ਉਤੇ ਤਜ਼ੁਰਬੇ ਹੋ ਰਹੇ ਹਨ। ਹੋ ਸਕਦਾ ਭਵਿੱਖ ਵਿੱਚ ਇਸ ਦਾ ਇਲਾਜ ਸੰਭਵ ਹੋ ਸਕੇ, ਪਰ ਮੌਜੂਦਾ ਸਮੇਂ ਅਸੰਭਵ ਹੈ।
ਇਹ ਹੀ ਸਾਡੇ ਨੌਜਵਾਨ ਗਾਇਕ ਰਾਜਵੀਰ ਜਵੰਦਾ ਨਾਲ ਵਾਪਰਿਆ। ਭਾਰੀ ਮੋਟਰਸਾਈਕਲ ਦੀ ਟੱਕਰ ਆਵਾਰਾ ਪਸ਼ੂਆਂ ਤੋਂ ਬਚਾਅ ਕਰਦਿਆਂ ਸਾਹਮਣੇ ਆ ਰਹੇ ਵਾਹਨ ਨਾਲ ਹੋਈ। ਸ਼ਰੀਰ ਬਚਾਅ ਦੇ ਸਾਰੇ ਸਾਧਨ ਪਹਿਨੇ ਹੋਣ ਦੇ ਬਾਵਜੂਦ ਵੀ ਨਾਜ਼ੁਕ ਧੌਣ ਦੇ ਮਣਕਿਆਂ ਨੂੰ ਵੱਜੇ ਝੱਟਕੇ ਨਾਲ ਹੀ ਐਨਾਂ ਵੱਡਾ ਹਾਦਸਾ ਵਾਪਰ ਗਿਆ ਕਿ ਕੋਈ ਬਚਾਅ ਦਾ ਉਪਾਅ ਰਾਸ ਨਹੀਂ ਆਇਆ।
ਅੰਨੀਂ ਆਸਥਾ ਤੋਂ ਉਪਰ ਉੱਠ ਕੇ ਇਸ ਸਮੇਂ ਬਹੁਤ ਵੱਡੇ ਦੁੱਖ ਦੀ ਘੜੀ ਵਿੱਚ ਪਰਿਵਾਰ ਅਤੇ ਸ੍ਰੋਤਿਆ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਾਂ। ਪਰ ਕਰ ਕੁੱਝ ਵੀ ਨਹੀਂ ਸਕਦੇ। ਪਰ ਕਾਮਨਾਂ ਕਰਦੇ ਹਾਂ ਕਿ ਭਾਰਤ ਦੀਆਂ ਸੜਕਾਂ ਮਨੁੱਖਾਂ ਦੇ ਪੈਸੇ ਨਾਲ ਮਨੁੱਖਾਂ ਲਈ ਹੀ ਬਣਾਈਆਂ ਜਾਂਦੀਆਂ ਹਨ, ਕਿਸੇ ਆਵਾਰਾ ਜਾਂ ਜੰਗਲੀ ਜਾਨਵਰਾਂ ਲਈ ਨਹੀਂ। ਇਸ ਕਰਕੇ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਨੂੰ ਸੜਕਾਂ ਤੋਂ ਦੂਰ ਕਰਨ ਦੇ ਉਪਰਲੇ ਕੀਤੇ ਜਾਣ। ਜੇ ਸਰਕਾਰ ਅਜਿਹਾ ਕਰਨ ਵਿੱਚ ਅਸਮਰਥ ਹੈ ਤਾਂ ਵਿਦੇਸ਼ਾਂ ਦੀਆਂ ਸਰਕਾਰਾਂ ਨਾਲ ਸਮਝੌਤੇ ਕੀਤੇ ਜਾ ਸਕਦੇ ਹਨ। ਜਿਹੜਾ ਕਿ ਇਹਨਾਂ ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦਾ ਨਿਰਵਾਰਨ ਕਰ ਸਕੇ।
ਹਾਦਸਿਆਂ ਨੂੰ ਕੰਟਰੋਲ ਕਰਨਾਂ ਸੱਭਿਅਕ ਵਿਕਾਸ ਦਾ ਹਿੱਸਾ ਹੈ। ਅੰਨੀ ਸ਼ਰਧਾ ਵਿੱਚ ਅਸੀਂ ਆਪਣੀ ਜ਼ਿੰਮੇਵਾਰੀ ਕਿਸੇ ਰੱਬ ਜਾਂ ਗੈਬੀ ਸ਼ਕਤੀਆਂ ਉਤੇ ਨਹੀਂ ਪਾ ਸਕਦੇ।
ਲੇਖਕ -ਹਰਵਿੰਦਰ ਸਿੰਘ ਰੱਜੋਵਾਲ।