31/08/2025
# @
ਜਲਵਾਯੂ ਤਬਦੀਲੀ ਅਤੇ ਖੇਤੀ ਸੰਕਟ ਬਾਰੇ ਵਿਚਾਰ ਗੋਸ਼ਟੀ ਹੋਈ
31 ਅਗਸਤ ਸ਼ੇਰਪੁਰ ਸੰਦੀਪ ਸਿੰਘ ਗਰੇਵਾਲ
30 ਅਗਸਤ ਨੂੰ ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ, ਇਕਾਈ ਸ਼ੇਰਪੁਰ ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ, ਪੰਜਾਬ ਵੱਲੋਂ ਸਾਂਝੇ ਤੌਰ 'ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦਾ ਵਿਸ਼ਾ ਸੀ — 'ਸਰਕਾਰਾਂ ਦੀਆਂ ਖੇਤੀਬਾੜੀ ਵਿਰੋਧੀ ਨੀਤੀਆਂ ਅਤੇ ਸਾਡੀ ਭੋਜਨ ਸੁਰੱਖਿਆ ਦਾ ਭਵਿੱਖ'। ਇਸ ਸਮੇਂ ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਦੇ ਕੇਂਦਰੀ ਆਗੂ ਸੁਖਦੇਵ ਸਿੰਘ ਭੁਪਾਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਭੋਜਨ ਸੁਰੱਖਿਆ ਨੂੰ ਰਾਸ਼ਟਰੀ ਸੁਰੱਖਿਆ ਨਾਲੋਂ ਵੱਧ ਮਹੱਤਵ ਮਿਲਣਾ ਚਾਹੀਦਾ ਹੈ। ਸਾਡੀਆਂ ਸਰਕਾਰਾਂ ਰਾਸ਼ਟਰੀ ਸੁਰੱਖਿਆ 'ਤੇ ਜਿੰਨਾ ਖ਼ਰਚਾ ਕਰਦੀਆਂ ਹਨ, ਉਸ ਤੋਂ ਵੱਧ ਧਿਆਨ ਅਤੇ ਖ਼ਰਚਾ ਵਾਤਾਵਰਨ ਨੂੰ ਬਚਾਉਣ ਅਤੇ ਭੋਜਨ ਸੁਰੱਖਿਆ ਨੀਤੀ 'ਤੇ ਕੀਤਾ ਜਾਣਾ ਚਾਹੀਦਾ ਹੈ। ਕਾਰਪੋਰੇਟ ਜਗਤ ਦੁਆਰਾ ਸੰਚਾਲਿਤ ਸਰਕਾਰਾਂ ਇਸ ਅਹਿਮ ਮੁੱਦੇ ਨੂੰ ਅੱਖੋਂ ਪਰੋਖੇ ਕਰ ਦਿੰਦੀਆਂ ਹਨ। ਸਰਕਾਰਾਂ ਅਜਿਹੀਆਂ ਨੀਤੀਆਂ ਹੀ ਲੈ ਕੇ ਆਉਂਦੀਆਂ ਹਨ, ਜਿਹੜੀਆਂ ਮਹਿਜ ਪੂੰਜੀ ਅਧਾਰਤ ਹਨ ਅਤੇ ਕੁਦਰਤ-ਮਨੁੱਖ ਵਿਰੋਧੀ ਹਨ। ਮੌਜੂਦਾ ਹੜ੍ਹਾਂ ਦੀ ਭਿਆਨਕ ਸਥਿਤੀ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹਾ ਇਸ ਕਰਕੇ ਹੋਇਆ ਹੈ ਕਿ ਬੀ.ਬੀ.ਐਮ.ਬੀ. ਸਮੇਂ ਦੀ ਨਜਾਕਤ ਨੂੰ ਦੇਖ ਕੇ ਕੰਮ ਨਹੀਂ ਕਰਦੀ, ਭਾਵ ਉਹ ਡੈਮਾਂ ਨੂੰ ਲਬਾਲਬ ਭਰਨ ਦਾ ਲਾਲਚ ਤਾਂ ਕਰਦੀ ਹੈ, ਪਰ ਦਰਿਆਵਾਂ ਦੇ ਈਕੋ ਸਿਸਟਮ ਨੂੰ ਧਿਆਨ ਵਿੱਚ ਨਹੀਂ ਰੱਖਦੀ। ਉਸਨੂੰ ਚਾਹੀਦਾ ਹੈ ਕਿ ਦਰਿਆਵਾਂ ਵਿੱਚ ਪਾਣੀ ਅਚਾਨਕ ਛੱਡਣ ਦੀ ਬਜਾਏ ਲਗਾਤਾਰ ਚਲਦਾ ਰਹੇ। ਕੁੱਲ ਪਾਣੀ ਦੇ ਵਹਾਅ ਦਾ ਘੱਟੋ-ਘੱਟ 20 ਪ੍ਰਤੀਸ਼ਤ ਦਰਿਆਵਾਂ ਵਿੱਚ ਵਹਿੰਦੇ ਰਹਿਣ ਨਾਲ ਈਕੋ ਸਿਸਟਮ ਦਾ ਸੰਤੁਲਨ ਵੀ ਬਣਿਆ ਰਹਿੰਦਾ ਹੈ। ਬੋਰਡ ਨੂੰ ਚਾਹੀਦਾ ਹੈ ਕਿ ਸਮੇਂ ਦੇ ਬਦਲਾਅ ਨਾਲ ਉਹਨਾਂ ਨੂੰ ਆਪਣੇ ਕੰਮ ਕਰਨ ਦੇ ਨਿਯਮਾਂ ਵਿੱਚ ਵੀ ਤਬਦੀਲੀ ਕਰੇ। ਸਰਕਾਰਾਂ ਨੂੰ ਵੀ ਪਾਣੀ ਦੇ ਪ੍ਰਬੰਧਨ ਵਾਸਤੇ ਜਲਵਾਯੂ ਤਬਦੀਲੀ ਨੂੰ ਧਿਆਨ ਵਿੱਚ ਰਖਦਿਆਂ ਸਖ਼ਤ ਦਿਸ਼ਾ ਨਿਰਦੇਸ਼ ਦੇਣੇ ਚਾਹੀਦੇ ਹਨ। ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਸੂਬਾਈ ਪ੍ਰਧਾਨ ਮਹਿੰਦਰ ਸਿੰਘ ਭੱਠਲ ਨੇ ਕਿਹਾ ਕਿ ਉਦਯੋਗਿਕ ਅਤੇ ਰਸਾਇਣਿਕ ਜ਼ਹਿਰਾਂ ਵਾਲੀ ਖੇਤੀ ਤਕਨੀਕ ਨੇ ਕਿਸਾਨਾਂ ਨੂੰ ਪੂੰਜੀ ਦੁਆਲੇ ਕੇਂਦਰਿਤ ਕਰਕੇ ਸਗੋਂ ਮੌਤ ਦੇ ਰਾਹ ਪਾ ਦਿੱਤਾ ਹੈ। ਕੁਦਰਤੀ ਅਤੇ ਸਹਿਕਾਰੀ ਖੇਤੀ ਨੂੰ ਅਪਣਾਉਣ ਲਈ ਉਪਰਾਲੇ ਕਰਨ ਦੀ ਲੋੜ ਹੈ। ਇਸ ਨੂੰ ਕਰਨ ਲਈ ਸਰਕਾਰਾਂ 'ਤੇ ਦਬਾਅ ਪਾਉਣਾ ਹੋਵੇਗਾ ਕਿ ਉਹ ਆਪਣੇ ਕੁੱਲ ਬਜਟ ਦਾ 50 ਪ੍ਰਤੀਸ਼ਤ ਹਿੱਸਾ ਖੇਤੀ ਲਈ ਰਾਖਵਾਂ ਰੱਖਣ। ਇਸ ਨਾਲ ਜਿੱਥੇ ਅਸੀਂ ਜਲਵਾਯੂ ਤਬਦੀਲੀ ਨੂੰ ਠੱਲ੍ਹ ਪਾ ਸਕਾਂਗੇ, ਉਥੇ ਭੋਜਨ ਸੁਰੱਖਿਆ ਦੀ ਗਾਰੰਟੀ ਕਰਕੇ ਮਨੁੱਖੀ ਸਿਹਤ ਅਤੇ ਮਿੱਟੀ ਨੂੰ ਵੀ ਤੰਦਰੁਸਤ ਕਰ ਸਕਾਂਗੇ। ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਦੇ ਸੂਬਾ ਪ੍ਰਧਾਨ ਗੁਰਦਰਸ਼ਨ ਸਿੰਘ ਖਟੜਾ ਨੇ ਕਿਹਾ ਕਿ ਖੇਤੀ ਕੋਈ ਧੰਦਾ ਨਹੀਂ ਹੈ, ਸਗੋਂ ਖੇਤੀ ਮਨੁੱਖੀ ਸਮਾਜ ਦੀ ਜੀਵਨ ਰੇਖਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੁਦਰਤ-ਮਨੁੱਖ ਪੱਖੀ ਏਜੰਡਾ ਲਾਗੂ ਕਰਕੇ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ। ਜਗਪਾਲ ਸਿੰਘ ਊਧਾ, ਜਰਨਲ ਸਕੱਤਰ, ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ, ਪੰਜਾਬ ਨੇ ਕਿਹਾ ਕਿ ਜੀ.ਐਮ. (ਜੇਨੈਟੀਕਲੀ ਮੋਡੀਫਾਈਡ) ਬੀਜਾਂ ਦੀ ਨੀਤੀ ਦਾ ਵਿਰੋਧ ਕਰਨਾ ਚਾਹੀਦਾ ਹੈ। ਵਿਚਾਰ ਚਰਚਾ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਵਾਤਾਵਰਨ ਪ੍ਰੇਮੀ ਸੁਰਿੰਦਰ ਪਾਲ ਕੌਸ਼ਲ ਬਰਨਾਲਾ, ਮਾ. ਜਸਵੰਤ ਸਿੰਘ ਬਨਭੌਰੀ, ਮਾ. ਮਹਿੰਦਰ ਪ੍ਰਤਾਪ, ਸੁਖਜੀਤ ਸਿੰਘ ਰਟੌਲ ਗੋਬਿੰਦਪੁਰਾ, ਹਰਜੀਤ ਸਿੰਘ ਬਦੇਸ਼ਾ, ਗੁਰਮੇਲ ਸਿੰਘ ਮੇਘ, ਸ਼ਮਿੰਦਰ ਸਿੰਘ ਲੌਂਗੋਵਾਲ, ਮੇਜਰ ਸਿੰਘ ਖੇੜੀ ਅਤੇ ਮਹਿੰਦਰ ਸਿੰਘ ਖੋਖਰ ਵੀ ਸ਼ਾਮਿਲ ਸਨ। ਸਮਾਗ਼ਮ ਦੇ ਸ਼ੁਰੂ ਹੁੰਦਿਆਂ ਹੀ ਹਾਲ ਹੀ ਵਿੱਚ ਹੜ੍ਹਾਂ ਦੌਰਾਨ ਵੱਡੇ ਪੱਧਰ ਤੇ ਦੋਵੇਂ ਮੁਲਕਾਂ ਭਾਰਤ ਅਤੇ ਪਾਕਿਸਤਾਨ ਦੀਆਂ ਮਨੁੱਖੀ ਜਾਨਾਂ ਅਜਾਈਂ ਜਾਣ 'ਤੇ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ ਅਤੇ ਹੋਏ ਜਾਨ ਮਾਲ 'ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ। ਸਮੁੱਚੇ ਇਕੱਠ ਨੇ ਸਰਬਸੰਮਤੀ ਨਾਲ ਕੇਂਦਰ ਸਰਕਾਰ ਤੋਂ ਇਹ ਮੰਗ ਕੀਤੀ ਕਿ ਜੰਮੂ ਕਸ਼ਮੀਰ, ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਆਏ ਹੜ੍ਹਾਂ ਅਤੇ ਵਾਪਰੀਆਂ ਹੋਰ ਘਟਨਾਵਾਂ (ਜਿਵੇਂ, ਬੱਦਲਾਂ ਦਾ ਫਟਣਾ, ਧਿਗਾਂ ਡਿੱਗਣਾ, ਆਦਿ) ਨੂੰ ਕੌਮੀ ਆਫ਼ਤ ਐਲਾਨ ਕੇ ਫੌਰੀ ਤੌਰ 'ਤੇ ਵਿਸ਼ੇਸ਼ ਮੁਆਵਜੇ ਦਾ ਐਲਾਨ ਕਰਕੇ ਪੀੜਿਤਾਂ ਨੂੰ ਰਾਹਤ ਦਿੱਤੀ ਜਾਵੇ। ਅਜਮੇਰ ਅਕਲੀਆ ਅਤੇ ਕੇਸਰ ਸਿੰਘ ਗਰੇਵਾਲ ਨੇ ਅਗਾਂਹਵਧੂ ਗੀਤ ਗਾਏ। ਇਸ ਸਮਾਗਮ ਵਿੱਚ ਰਾਜਵਿੰਦਰ ਸਿੰਘ ਸਰਪੰਚ ਸ਼ੇਰਪੁਰ, ਮੈਂਬਰ ਪੰਚਾਇਤ ਹਰਦੀਪ ਸਿੰਘ ਗਰੇਵਾਲ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਦੀ ਸ਼ੇਰਪੁਰ ਇਕਾਈ ਦੇ ਕਨਵੀਨਰ ਸੰਦੀਪ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਸਫਲਤਾਪੂਰਵਕ ਹੋਏ ਇਸ ਸਮਾਗਮ ਵਿੱਚ ਅਮਰਜੀਤ ਸਿੰਘ ਜੱਸੀ, ਹਰਗੋਬਿੰਦ ਸ਼ੇਰਪੁਰ, ਬਹਾਦਰ ਸਿੰਘ ਚੌਧਰੀ, ਸੁਖਚੈਨ ਸਿੰਘ ਕਲੇਰਾਂ, ਹਰਨੇਕ ਸਿੰਘ ਖੇੜੀ, ਬਲਦੇਵ ਸਿੰਘ ਘਨੌਰੀ, ਮਾ. ਈਸ਼ਰ ਸਿੰਘ, ਮਾ. ਦਿਆਲ ਸਿੰਘ, ਭੋਲਾ ਸਿੰਘ ਸ਼ੇਰਪੁਰ, ਬੰਤ ਸਿੰਘ ਰੰਗੀਆਂ, ਆਦਿ, ਦਾ ਭਰਪੂਰ ਯੋਗਦਾਨ ਰਿਹਾ। ਗੁਰਦੁਆਰਾ ਅਕਾਲ ਪ੍ਰਕਾਸ਼ ਸਾਹਿਬ, ਸ਼ੇਰਪੁਰ ਵਿਖੇ ਹੋਏ ਸਮਾਗਮ ਵਿੱਚ ਯੋਗਦਾਨ ਦੇਣ ਲਈ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਗਿਆ। ਸਟੇਜ ਸੰਚਾਲਨ ਦੀ ਭੂਮਿਕਾ ਰਣਜੀਤ ਸਿੰਘ ਕਾਲ਼ਾ ਬੂਲਾ ਅਤੇ ਕਰਮਿੰਦਰ ਸਿੰਘ ਹੇੜੀਕੇ ਨੇ ਬਾਖੂਬੀ ਨਿਭਾਈ।