13/05/2025
ਇਸ ਪੰਜਾਬੀ ਫ਼ਿਲਮ ਦਾ ਹਿੱਸਾ ਬਣੇ ਗਾਇਕ ਜਸਬੀਰ ਜੱਸੀ, ਰਿਕਾਰਡ ਕਰਵਾਇਆ ਗਾਣਾ
ਹਾਲ ਹੀ ਦੇ ਦਿਨਾਂ ਵਿੱਚ ਸੰਪੂਰਨ ਹੋਈ ਆਉਣ ਵਾਲੀ ਪੰਜਾਬੀ ਫ਼ਿਲਮ 'ਮੇਹਰ' ਇੰਨੀ ਦਿਨੀ ਸਿਨੇਮਾ ਗਲਿਆਰਿਆਂ ਵਿੱਚ ਖਾਸੀ ਚਰਚਾ ਦਾ ਕੇਂਦਰ ਬਣੀ ਹੋਈ ਹੈ। ਇਸ ਫਿਲਮ ਦਾ ਮਸ਼ਹੂਰ ਗਾਇਕ ਜਸਬੀਰ ਜੱਸੀ ਨੂੰ ਅਹਿਮ ਹਿੱਸਾ ਬਣਾਇਆ ਗਿਆ ਹੈ। ਮਸ਼ਹੂਰ ਗਾਇਕ ਜਸਬੀਰ ਜੱਸੀ ਇਸ ਫ਼ਿਲਮ ਲਈ ਇੱਕ ਵਿਸ਼ੇਸ਼ ਗਾਣੇ ਨੂੰ ਅੰਜ਼ਾਮ ਦੇਣ ਜਾ ਰਹੇ ਹਨ, ਜਿਸ ਦੀ ਰਿਕਾਰਡਿੰਗ ਅੱਜ ਉਨ੍ਹਾਂ ਵੱਲੋ ਮੁਕੰਮਲ ਕਰ ਲਈ ਗਈ ਹੈ।
'ਡੀਬੀ ਡਿਜੀਟੇਨਮੈਂਟ' ਦੇ ਬੈਨਰ ਹੇਠ ਬਣਾਈ ਅਤੇ ਦਿਵਿਆ ਭਟਨਾਗਰ-ਰਘੂ ਖੰਨਾ ਦੁਆਰਾ ਪ੍ਰਸਤੁਤ ਕੀਤੀ ਜਾ ਰਹੀ ਇਸ ਅਰਥ-ਭਰਪੂਰ ਪੰਜਾਬੀ ਫ਼ਿਲਮ ਦਾ ਨਿਰਦੇਸ਼ਨ ਰਾਕੇਸ਼ ਮਹਿਤਾ ਕਰ ਰਹੇ ਹਨ, ਜਿੰਨਾਂ ਵੱਲੋ ਕਾਫ਼ੀ ਸਮੇਂ ਬਾਅਦ ਬਤੌਰ ਨਿਰਦੇਸ਼ਕ ਇਹ ਫਿਲਮ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਹੈ। ਇਸ ਫ਼ਿਲਮ ਦੁਆਰਾ ਬਾਲੀਵੁੱਡ ਨਿਰਮਾਤਾ ਰਾਜ ਕੁੰਦਰਾ ਅਦਾਕਾਰ ਦੇ ਰੂਪ ਵਿੱਚ ਸ਼ਾਨਦਾਰ ਪਾਲੀਵੁੱਡ ਡੈਬਿਊ ਕਰਨ ਜਾ ਰਹੇ ਹਨ। ਉਨ੍ਹਾਂ ਦੇ ਅੋਪੋਜਿਟ ਅਦਾਕਾਰਾ ਗੀਤਾ ਬਸਰਾ ਨਜ਼ਰ ਆਵੇਗੀ।
ਚੰਡੀਗੜ੍ਹ ਅਤੇ ਖਰੜ ਆਦਿ ਇਲਾਕਿਆ ਵਿੱਚ ਫਿਲਮਾਂਈ ਗਈ ਇਸ ਪਰਿਵਾਰਿਕ ਫ਼ਿਲਮ ਦੀ ਸਹਿਯੋਗੀ ਸਟਾਰ-ਕਾਸਟ ਵਿੱਚ ਮਾਸਟਰ ਅਗਮਵੀਰ ਸਿੰਘ, ਬਨਿੰਦਰ ਬੰਨੀ, ਸਵਿਤਾ ਭੱਟੀ, ਰੁਪਿੰਦਰ ਰੂਪੀ, ਦੀਪ ਮਨਦੀਪ, ਆਸ਼ੀਸ਼ ਦੁੱਗਲ, ਹੌਬੀ ਧਾਲੀਵਾਲ, ਤਰਸੇਮ ਪਾਲ ਅਤੇ ਕੁਲਵੀਰ ਸੋਨੀ ਸ਼ਾਮਲ ਹਨ। ਦਿਲ-ਟੁੰਬਵੇਂ ਕਹਾਣੀ-ਸਾਰ ਅਧਾਰਿਤ ਇਸ ਇਮੋਸ਼ਨਲ ਫ਼ਿਲਮ ਦੀ ਸਿਨੇਮੈਟੋਗ੍ਰਾਫੀ ਆਸ਼ੂਦੀਪ ਸ਼ਰਮਾ ਦੁਆਰਾ ਕੀਤੀ ਗਈ ਹੈ।
ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਇਸ ਫ਼ਿਲਮ ਦਾ ਗੀਤ ਅਤੇ ਸੰਗ਼ੀਤ ਪੱਖ ਵੀ ਇਸ ਦਾ ਖਾਸ ਆਕਰਸ਼ਨ ਹੋਵੇਗਾ, ਜਿਸ ਨੂੰ ਚਾਰ ਚੰਨ੍ਹ ਲਾਉਣ ਵਿੱਚ ਜਸਬੀਰ ਜੱਸੀ ਦਾ ਇਹ ਗੀਤ ਅਹਿਮ ਭੂਮਿਕਾ ਨਿਭਾਵੇਗਾ। ਪੰਜਾਬ ਦੇ ਅਤਿ-ਆਧੁਨਿਕ ਸੰਗ਼ੀਤਕ ਸਟੂਡਿਓ ਵਿਖੇ ਰਿਕਾਰਡ ਕੀਤੇ ਗਏ ਇਸ ਗਾਣੇ ਦਾ ਸੰਗ਼ੀਤ ਜੱਸੀ ਕਟਿਆਲ ਦੁਆਰਾ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਵੱਲੋ ਤਿਆਰ ਕੀਤੇ ਗਏ ਬੇਸ਼ੁਮਾਰ ਗੀਤ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।