24/06/2025
ਇਹ ਗੱਲ ਸੰਨ 2006 ਦੀ ਹੈ।ਮੇਰਾ ਲਿਖਿਆ ਗੀਤ "ਡੋਲੀ" ਪ੍ਰਸਿੱਧ ਗਾਇਕਾ Rupinder Handa ਦੀ ਆਵਾਜ਼ ਵਿੱਚ ਪ੍ਰਸਿੱਧ ਸੰਗੀਤਕਾਰ Sukhpal Sukh ਸੁੱਖਪਾਲ ਸੁੱਖ ਜੀ ਦੇ ਸੰਗੀਤ ਵਿੱਚ ਰਿਲੀਜ਼ ਹੋਇਆ। ਇਸ ਕੈਸਿਟ ਨੂੰ ਪ੍ਰਸਿੱਧ ਕੰਪਨੀ Finetone Music ਨੇ ਰਿਲੀਜ਼ ਕੀਤਾ।
ਸੁਰੀਲੀ ਗਾਇਕਾ ਰੁਪਿੰਦਰ ਹਾਂਡਾ ਚੈਨਲ ਐੱਮ.ਐੱਚ.ਵਨ ਦੇ ਮਸ਼ਹੂਰ ਪ੍ਰੋਗਰਾਮ "ਆਵਾਜ਼ ਪੰਜਾਬ ਦੀ" ਦੀ ਵਿਜੇਤਾ ਰਹੀ ਹੈ। ਇਹ ਕੈਸਿਟ"ਮੇਰੇ ਹਾਣੀਆਂ ਉਸ ਦੀ ਪਹਿਲੀ ਕੈਸਟ ਸੀ ਜਿਸ ਵਿੱਚ ਬਹੁਤ ਹੀ ਖ਼ੂਬਸੂਰਤ ਗੀਤ ਸਨ। ਸੁਖਪਾਲ ਸੁੱਖ ਭਾ ਜੀ ਨੇ ਉਚੇਚੇ ਤੌਰ ਤੇ ਮੇਰੇ ਤੋਂ ਇਸ ਕੈਸਿਟ ਲਈ ਗੀਤ ਲਿਖਵਾਇਆ ਜੋ ਕਿ ਮੈਨੂੰ ਵੀ ਬਹੁਤ ਪਸੰਦ ਹੈ।
ਡੋਲੀ
ਗਾਏ ਗਏ ਸੁਹਾਗ ਨੀ,
ਦਿਲ ਬਾਗੋ-ਬਾਗ ਨੀ,
ਮਾਏ ਤੇਰੀ ਲਾਡਲੀ ਦੁਲਾਰੀ ਦਾ।
ਮੈਨੂੰ ਬੜਾ ਚਾਅ ਵੇ,
ਕੱਲ੍ਹ ਨੂੰ ਵਿਆਹ ਵੇ,
ਬਾਪੂ ਤੇਰੀ ਕੰਨਿਆਂ ਕੁਆਰੀ ਦਾ।
ਗਾਏ ਗਏ ਸੁਹਾਗ ਨੀ.........।
ਸਖੀਓ ਨੀ ਅੱਜ ਬੈਠੀਆਂ ਜੁੜਕੇ।
ਫੇਰ ਖ਼ੌਰੇ ਕਦ ਮਿਲਣਾ ਮੁੜਕੇ।
ਡਾਹਢੇ ਰੱਬ ਨੇ ਚੋਗ ਖਿਲਾਰੀ।
ਸਭ ਨੇ ਉੱਡਣਾ ਵਾਰੋ-ਵਾਰੀ।
ਲਾਹ ਲਵੋ ਚਾਅ ਨੀ,
ਸਮਾਂ ਜਾਣਾ ਆ ਨੀ,
ਕਿਸੇ ਦੂਰ ਦੇਸ ਦੀ ਉਡਾਰੀ ਦਾ।
ਗਾਏ ਗਏ ਸੁਹਾਗ ਨੀ......।
ਜੁੱਗ-ਜੁੱਗ ਜੀਵੇਂ ਵੀਰ 'ਟਿਵਾਣੇ'।
ਭਾਬੋ ਦੇ ਨਾਲ ਖ਼ੁਸ਼ੀਆਂ ਮਾਣੇ।
ਕਿਧਰੇ ਮੈਨੂੰ ਭੁੱਲ ਨਾ ਜਾਇਓ।
ਵਰ੍ਹੇ-ਛਿਮਾਹੀਂ ਗੇੜਾ ਲਾਇਓ।
ਅੰਮੀਂ ਜਾਈਆਂ ਭੈਣਾਂ ਨੂੰ,
ਵਿਚਾਰੀਆਂ ਸ਼ੁਦੈਣਾ ਨੂੰ,
ਕਦੇ ਨਹੀਂਉ ਵੀਰਨਾ ਵਿਸਾਰੀ ਦਾ।
ਗਾਏ ਗਏ ਸੁਹਾਗ........।
ਮਨਪ੍ਰੀਤ ਟਿਵਾਣਾ