20/07/2025
🌹🌺ਨਵਾਂ ਦਿਨ , ਨਵੀਂ ਸਵੇਰ ਸਭ ਲਈ ਖੁਸ਼ੀਆਂ ਲੈ ਕੇ ਆਵੇ🌺 🌹ਆਓ ਸਾਰੇ ਮਿਲ ਕੇ ਸਰਬੱਤ ਦੇ ਭਲੇ ਲਈ ਅਰਦਾਸ ਕਰੀਏ🌹 ੴ ਨਾਨਕ ਨਾਮ ਚੜ੍ਹਦੀ ਕਲਾ , ਤੇਰੇ ਭਾਣੇ ਸਰਬੱਤ ਦਾ ਭਲਾ ੴ
ਸੋਰਠਿ ਮਹਲਾ ੩ ॥
ਸੋਰਠਿ ਤੀਜੀ ਪਾਤਿਸ਼ਾਹੀ।
ਹਰਿ ਜੀਉ! ਤੁਧੁ ਨੋ ਸਦਾ ਸਾਲਾਹੀ ਪਿਆਰੇ; ਜਿਚਰੁ ਘਟ ਅੰਤਰਿ ਹੈ ਸਾਸਾ ॥
ਮੇਰੇ ਮਿੱਠੜੇ ਮਾਲਕ! ਜਦ ਤਾਈਂ ਮੇਰੀ ਦੇਹ ਵਿੱਚ ਸਾਹ ਹੈ, ਮੈਂ ਹਮੇਸ਼ਾਂ ਹੀ ਤੇਰੀ ਸਿਫ਼ਤ ਸਲਾਹ ਕਰਦਾ ਹਾਂ।
ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ! ਜਾਣਉ ਬਰਸ ਪਚਾਸਾ ॥
ਜੇਕਰ ਮੈਂ ਤੈਨੂੰ ਇਕ ਮੁਹਤ ਤੇ ਛਿਨ ਲਈ ਭੀ ਭੁੱਲ ਜਾਵਾ। ਮੈਂ ਇਸ ਨੂੰ ਪੰਜਾਹ ਸਾਲਾਂ ਤੇ ਤੁੱਲ ਜਾਣਦਾ ਹਾਂ, ਹੇ ਸਾਹਿਬ!
ਹਮ ਮੂੜ ਮੁਗਧ ਸਦਾ ਸੇ ਭਾਈ; ਗੁਰ ਕੈ ਸਬਦਿ ਪ੍ਰਗਾਸਾ ॥੧॥
ਮੈਂ ਸਦੀਵ ਹੀ ਮੂਰਖ ਅਤੇ ਬੁੱਧੂ ਸੀ, ਗੁਰਾਂ ਦੇ ਉਪਦੇਸ਼ ਨਾਲ ਹੁਣ ਮੇਰਾ ਮਨ ਰੋਸ਼ਨ ਹੋ ਗਿਆ ਹੈ, ਹੇ ਵੀਰ!
ਹਰਿ ਜੀਉ! ਤੁਮ ਆਪੇ ਦੇਹੁ ਬੁਝਾਈ ॥
ਮੇਰੇ ਪੂਜਯ ਪ੍ਰਭੂ! ਤੂੰ ਆਪ ਹੀ ਬੰਦਿਆਂ ਨੂੰ ਸਿੱਖਮਤ ਦਿੰਦਾ ਹੈ।
ਹਰਿ ਜੀਉ! ਤੁਧੁ ਵਿਟਹੁ ਵਾਰਿਆ ਸਦ ਹੀ; ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥
ਮੇਰੇ ਵਾਹਿਗੁਰੂ, ਮੈਂ ਤੇਰੇ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ ਅਤੇ ਤੇਰੇ ਨਾਮ ਉਤੋਂ ਸਦਕੇ ਥੀਂਵਦਾ ਹਾਂ।
ਹਮ ਸਬਦਿ ਮੁਏ, ਸਬਦਿ ਮਾਰਿ ਜੀਵਾਲੇ ਭਾਈ! ਸਬਦੇ ਹੀ ਮੁਕਤਿ ਪਾਈ ॥
ਹੇ ਵੀਰ! ਨਾਮ ਦੇ ਰਾਹੀਂ ਮੈਂ ਮਰ ਗਿਆ ਹਾਂ ਤੇ ਮਰ ਕੇ ਨਾਮ ਦੇ ਰਾਹੀਂ ਮੁੜ ਕੇ ਜੀਊ ਪਿਆ ਹਾਂ ਅਤੇ ਨਾਮ ਦੇ ਰਾਹੀਂ ਹੀ ਮੇਰੀ ਕਲਿਆਣ ਹੋ ਗਈ ਹੈ।
ਸਬਦੇ ਮਨੁ ਤਨੁ ਨਿਰਮਲੁ ਹੋਆ; ਹਰਿ ਵਸਿਆ ਮਨਿ ਆਈ ॥
ਨਾਮ ਦੇ ਨਾਲ ਮੇਰੀ ਆਤਮਾ ਤੇ ਦੇਹ ਪਵਿੱਤ੍ਰ ਹੋ ਗਏ ਹਨ ਤੇ ਹਰੀ ਆ ਕੇ ਮੇਰੇ ਚਿੱਤ ਵਿੱਚ ਟਿਕ ਗਿਆ ਹੈ।
ਸਬਦੁ ਗੁਰ ਦਾਤਾ, ਜਿਤੁ ਮਨੁ ਰਾਤਾ; ਹਰਿ ਸਿਉ ਰਹਿਆ ਸਮਾਈ ॥੨॥
ਗੁਰੂ ਜੀ ਨਾਮ ਦੇ ਦੇਣ ਵਾਲੇ ਹਨ, ਜਿਸ ਨਾਲ ਮੇਰਾ ਮਨ ਰੰਗਿਆ ਗਿਆ ਹੈ ਅਤੇ ਮੈਂ ਪ੍ਰਭੂ ਅੰਦਰ ਲੀਨ ਹੋਇਆ ਰਹਿੰਦਾ ਹਾਂ।
ਸਬਦੁ ਨ ਜਾਣਹਿ, ਸੇ ਅੰਨੇ ਬੋਲੇ; ਸੇ ਕਿਤੁ ਆਏ ਸੰਸਾਰਾ ॥
ਅੰਨ੍ਹੇ ਅਤੇ ਬੋਲੇ ਹਨ ਉਹ, ਜੋ ਨਾਮ ਨੂੰ ਨਹੀਂ ਜਾਣਦੇ। ਉਹ ਕਾਹਦੇ ਲਈ ਜਹਾਨ ਵਿੱਚ ਆਏ ਸਨ।
ਹਰਿ ਰਸੁ ਨ ਪਾਇਆ, ਬਿਰਥਾ ਜਨਮੁ ਗਵਾਇਆ; ਜੰਮਹਿ ਵਾਰੋ ਵਾਰਾ ॥
ਉਹ ਹਰੀ ਦੇ ਅੰਮ੍ਰਿਤ ਨੂੰ ਨਹੀਂ ਪਾਉਂਦੇ, ਆਪਣਾ ਜੀਵਨ ਵਿਅਰਥ ਗੁਆ ਲੈਂਦੇ ਹਨ ਅਤੇ ਮੁੜ ਮੁੜ ਕੇ ਜੰਮਦੇ ਰਹਿੰਦੇ ਹਨ।
ਬਿਸਟਾ ਕੇ ਕੀੜੇ, ਬਿਸਟਾ ਮਾਹਿ ਸਮਾਣੇ; ਮਨਮੁਖ ਮੁਗਧ ਗੁਬਾਰਾ ॥੩॥
ਮੂਰਖ ਅਤੇ ਬੁੱਧੂ ਅਧਰਮੀ ਗੰਦਗੀ ਦੇ ਕਿਰਮ ਹਨ, ਤੇ ਉਹ ਗੰਦਗੀ ਵਿੱਚ ਹੀ ਗਲਸੜ ਜਾਂਦੇ ਹਨ।
ਆਪੇ ਕਰਿ ਵੇਖੈ, ਮਾਰਗਿ ਲਾਏ ਭਾਈ! ਤਿਸੁ ਬਿਨੁ ਅਵਰੁ ਨ ਕੋਈ ॥
ਪ੍ਰਭੂ ਆਪ ਹੀ ਰਚਦਾ, ਦੇਖਦਾ ਅਤੇ ਸਿੱਧੇ ਰਸਤੇ ਪਾਉਂਦਾ ਹੈ। ਉਸ ਦੇ ਬਗੈਰ ਹੋਰ ਕੋਈ ਨਹੀਂ, ਹੇ ਵੀਰ!
ਜੋ ਧੁਰਿ ਲਿਖਿਆ, ਸੁ ਕੋਇ ਨ ਮੇਟੈ ਭਾਈ! ਕਰਤਾ ਕਰੇ, ਸੁ ਹੋਈ ॥
ਉਸ ਨੂੰ ਕੋਈ ਭੀ ਮੇਟ ਨਹੀਂ ਸਕਦਾ, ਜਿਹੜਾ ਮੁੱਢ ਤੋਂ ਲਿਖਿਆ ਹੋਇਆ ਹੈ, ਹੇ ਵੀਰ! ਜੋ ਕਰਤਾਰ ਕਰਦਾ ਹੈ, ਉਹੀ ਹੁੰਦਾ ਹੈ।
ਨਾਨਕ ਨਾਮੁ ਵਸਿਆ ਮਨ ਅੰਤਰਿ ਭਾਈ! ਅਵਰੁ ਨ ਦੂਜਾ ਕੋਈ ॥੪॥੪॥
ਨਾਨਕ, ਜਦ ਨਾਮ ਇਨਸਾਨ ਦੇ ਚਿੱਤ ਅੰਦਰ ਟਿਕ ਜਾਂਦਾ ਹੈ, (ਫੇਰ) ਉਹ ਹੋਰ ਕਿਸੇ ਦੂਸਰੇ ਨੂੰ ਨਹੀਂ ਵੇਖਦਾ।