
11/07/2025
ਸਾਖੀ
ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀਆਂ ਜੀਵਨ ਸਾਖੀਆਂ
ਸਾਖੀ - 9 - ਰਾਜਾ ਜੈ ਸਿੰਘ ਵਲੋਂ ਸਵਾਗਤ
ਛੱਜੂ ਝੀਵਰ ਦੀ ਵਿਦਵਤਾ ਨੂੰ ਮੁੱਖ ਰੱਖ ਕੇ ਗੁਰੂ ਜੀ ਨੇ ਉਸ ਨੂੰ ਇਸ਼ਨਾਨ ਕਰਵਾਇਆ ਅਤੇ ਨਵੇਂ ਕੱਪੜੇ ਪਵਾ ਕੇ ਇਕ ਸੁੰਦਰ ਨੌਜਵਾਨ ਦੇ ਰੂਪ ਵਿਚ ਸੰਵਾਰ ਦਿਤਾ । ਉਸ ਨੂੰ ਹੁਣ ਕੋਈ ਪਹਿਚਾਣ ਵੀ ਨਹੀ ਸੀ ਸਕਦਾ ਕਿ ਉਹ ਕਦੀ ਗੁੰਗਾ ਝੀਵਰ ਸੀ ਫਿਰ ਗੁਰੂ ਜੀ ਨੇ ਉਸ ਨੂੰ ਸਿਰੋਪਾ ਬਖ਼ਸ਼ਿਆ ਅਤੇ ਜਗਤ ਨਾਥ ਪੁਰੀ ਦੇ ਇਲਾਕੇ ਦਾ ਪ੍ਰਚਾਰਕ ਥਾਪ ਦਿੱਤਾ । ਉਸ ਇਲਾਕੇ ਵਿਚ ਜਾ ਕੇ ਉਹ ਇਕ ਉੱਘਾ ਲਿਖਾਰੀ ਅਤੇ ਕਵੀ ਦੇ ਤੌਰ ਤੇ ਪ੍ਰਸਿੱਧ ਹੋਇਆ । ਉਸ ਨੇ ਜਗਤ ਨਾਥ ਪੁਰੀ ਦੇ ਇਲਾਕੇ ਵਿਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਅਤੇ ਅਣਗਿਣਤ ਲੋਕਾਂ ਨੂੰ ਗੁਰੂ ਦੇ ਚਰਨੀ ਲਾਇਆ । ਭਾਈ ਛੱਜੂ ਦੇ ਪਰਿਵਾਰ ਵਿਚੋਂ ਹੀ ਭਾਈ ਹਿੰਮਤ ਚੰਦ ਹੋਏ ਜਿਹੜੇ ਵਿਸਾਖੀ ਦੇ ਮੌਕੇ ਤੇ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿਚ ਹਾਜ਼ਰ ਹੋਏ ਅਤੇ ਆਪਣਾ ਸ਼ੀਸ਼ ਗੁਰੂ ਜੀ ਨੂੰ ਅਰਪਣ ਕੀਤਾ ਪੰਜਾ ਪਿਆਰਿਆਂ ਵਿਚ ਉਹ ਪੰਜਵੇਂ ਬੁਲਾਵੇ ਤੇ ਉੱਠ ਖੜੇ ਹੋਏ ਸਨ । ਉਹ ਭਾਈ ਗੁਲਾਬ ਰਾਇ ਝੀਵਰ ਦੇ ਘਰ ਸੰਮਤ 1718 ਵਿਚ ਪੈਦਾ ਹੋਏ ਸਨ । ਭਾਈ ਹਿੰਮਤ ਸਿੰਘ ਦੇ ਦੂਸਰੇ ਭਰਾ ਵੀ ਅੰਮ੍ਰਿਤ ਛੱਕ ਕੇ ਸਿੰਘ ਸਜੇ ਸਨ ਅਤੇ ਉਹ ਵੀ ਚਮਕੌਰ ਸਾਹਿਬ ਜੰਗ ਵਿਚ ਸ਼ਹੀਦ ਹੋਏ ਸਨ ।।
ਪੰਡਿਤ ਲਾਲ ਚੰਦ ਦਾ ਘੁਮੰਡ ਤੋੜਨ ਤੋਂ ਬਾਅਦ ਗੁਰੂ ਜੀ ਨੇ ਸਾਰੀ ਸੰਗਤ ਨੂੰ ਵਾਪਿਸ ਮੁੜਨ ਦਾ ਆਦੇਸ਼ ਦੇ ਦਿੱਤਾ ਸੀ ਜਦ ਸਭ ਸੰਗਤਾਂ ਪਰਤ ਗਈਆ ਤਾ ਗੁਰੂ ਜੀ ਆਪਣੇ ਕੁਝ ਸਾਥੀਆਂ ਸਮੇਤ ਦਿੱਲੀ ਵੱਲ ਚਲ ਪਏ । ਆਪ ਜੀ ਪੰਜੋਖਰਾ ਸਾਹਿਬ ਤੋਂ ਲਖਨੌਰ ਪੁੱਜੇ । ਪਿੰਡ ਮੋੜੇ ਵਿਚ ਇਕ ਰਾਤ ਨਠਿਰ ਕੇ ਆਪ ਜੀ ਸ਼ਾਹਬਾਦ ਪੁੱਜੇ । ਫਿਰ ਸ਼ਾਹਬਾਦ ਤੋਂ ਪਿਪਲੀ ਰਾਹੀ ਕੁਰਕਸ਼ੇਤਰ ਪੁੱਜੇ ਇਸ ਇਲਾਕੇ ਦੀਆਂ ਸਭ ਸੰਗਤਾਂ ਆਪ ਜੀ ਦੇ ਦਰਸ਼ਨ ਨੂੰ ਆਈਆ । ਕੁਰਕਸ਼ੇਤਰ ਵਿਖੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਵੀ ਆਏ ਸਨ ਇਸ ਕਰਕੇ ਇਸ ਇਲਾਕੇ ਵਿਚ ਸਿੱਖੀ ਦਾ ਪ੍ਰਚਾਰ ਬਹੁਤ ਸੀ । ਇਥੇ ਹੀ ਲਾਡਵਾ ਦੀ ਸੰਗਤ ਭਾਈ ਊਦੇ ਦੀ ਅਗਵਾਈ ਵਿਚ ਆਈ ਭਾਈ ਊਦੇ ਉਹ ਸਿੱਖ ਸੀ ਜਿਸ ਨੇ ਭਾਈ ਜੈਤਾ ਜੀ ਨਾਲ ਮਿਲਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਬੜੀ ਦਲੇਰੀ ਨਾਲ ਚਾਂਦਨੀ ਚੌਕ ਦਿੱਲੀ ਤੋਂ ਚੁੱਕ ਕੇ ਅਨੰਦਪੁਰ ਸਾਹਿਬ ਪਹੁੰਚਾਇਆਂ ਸੀ ।
ਕੁਰਕਸ਼ੇਤਰ ਵਿਖੇ ਸੰਗਤਾਂ ਦੀ ਮੰਗ ਉਤੇ ਗੁਰੂ ਜੀ ਦੋ ਦਿਨ ਟਿਕੇ ਫਿਰ ਜਦ ਤੀਸਰੇ ਦਿਨ ਚਲਣ ਲੱਗੇ ਤਾਂ ਇਲਾਕੇ ਦੀਆਂ ਸੰਗਤਾਂ ਹੀ ਨਾਲ ਚਲ ਪਈਆ ਗੁਰੂ ਜੀ ਉਨ੍ਹਾਂ ਨੂੰ ਵਾਪਸ ਮੁੜਨ ਨੂੰ ਕਹਿਦੇ ਪਰ ਉਹ ਬੇਨਤੀ ਕਰਕੇ ਨਾਲ ਹੀ ਤੁਰ ਪੈਂਦੇ । ਇਸ ਤਰ੍ਹਾਂ ਅਗੇ ਜਾ ਕੇ ਜਿਥੇ ਪੜਾਅ ਕਰਦੇ ਉਸ ਇਲਾਕੇ ਦੀਆਂ ਹੋਰ ਸੰਗਤਾਂ ਨਾਲ ਤੁਰ ਪੈਂਦੀਆਂ । ਪਾਨੀਪਤ ਅਤੇ ਸੋਨੀਪਤ ਹੁਦੇ ਹੋਏ ਗੁਰੂ ਜੀ ਸੰਗਤਾਂ ਸਮੇਤ ਦਿੱਲੀ ਜਾ ਪਹੁੰਚੇ ।।
ਰਾਜਾ ਜੈ ਸਿੰਘ ਨੂੰ ਪਤਾ ਲੱਗ ਗਿਆ ਕਿ ਗੁਰੂ ਜੀ ਦਿੱਲੀ ਅੱਪੜ ਗਏ ਹਨ ਉਸ ਨੇ ਪਹਿਲਾਂ ਹੀ ਤਿਆਰੀਆਂ ਕੀਤੀਆਂ ਹੋਈਆਂ ਸਨ ਇਸ ਲਈ ਆਪਣੇ ਸਾਰੇ ਅਹਿਲਕਾਰਾਂ ਅਤੇ ਗੁਰੂ ਘਰ ਦੇ ਸ਼ਰਧਾਲੂਆਂ ਸਮੇਤ ਗੁਰੂ ਜੀ ਦੇ ਸਵਾਗਤ ਵਾਸਤੇ ਆਪ ਲੈਣ ਆਈਆ ।
ਰਾਜਾ ਜੈ ਸਿੰਘ ਦੀ ਅਗਵਾਈ ਹੇਠ ਗੁਰੂ ਜੀ ਆਪਣੇ ਸਿੱਖਾਂ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਸਮੇਤ ਰਾਜਾ ਜੈ ਸਿੰਘ ਦੇ ਬੰਗਲੇ ਵਿਚ ਜਾ ਠਹਿਰੇ । ਗੁਰੂ ਜੀ ਦੇ ਇਕ ਦੋ ਦਿਨ ਆਰਾਮ ਕਰਨ ਤੋਂ ਬਾਅਦ ਰਾਜਾ ਜੈ ਸਿੰਘ ਨੇ ਕਿਹਾ , ਮਹਾਰਾਜ ਸ਼ਹਿਨਸ਼ਾਹ ਔਰੰਗਜ਼ੇਬ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ , ਆਪ ਜੀ ਉਨ੍ਹਾਂ ਨੂੰ ਮਿਲਣਾ ਕਿਥੇ ਯੋਗ ਸਮਝਦੇ ਹੋ । ਗੁਰੂ ਜੀ ਨੇ ਇਖ ਟੁੱਕ ਜਵਾਬ ਦੇ ਦਿੱਤਾ ਕਿ ਉਹ ਔਰੰਗਜ਼ੇਬ ਨੂੰ ਕਿਸੇ ਹਾਲਤ ਵਿਚ ਮਿਲਣਾ ਨਹੀ ਚਾਹੁੰਦੇ ਨਾ ਉਹ ਉਸਦੇ ਦਰਬਾਰ ਜਾਣਾ ਚਾਹੁੰਦੇ ਸਨ ਅਤੇ ਨਾ ਹੀ ਉਨ੍ਹਾਂ ਦੇ ਬੰਗਲੇ ਵਿਚ ਵੀ ਉਸ ਨੂੰ ਮਿਲਣਾ ਚਾਹੁੰਦੇ ਸਨ ਰਾਜਾ ਜੈ ਸਿੰਘ ਅਤੇ ਉਸ ਦੇ ਦਰਬਾਰੀ ਬਾਲਾ ਪ੍ਰੀਤਮ ਗੁਰੂ ਦੀ ਅਜਿਹੀ ਦ੍ਰਿੜਤਾ ਨੂੰ ਵੇਖ ਕੇ ਹੈਰਾਨ ਰਹਿ ਗਏ ।।
ਸਭ ਸੰਗਤਾਂ ਨੂੰ ਬੇਨਤੀ ਹੈ ਭੁੱਲ ਚੁੱਕ ਮਾਫ਼ ਕਰਨੀ ਜੀ
ਲਿਖਤ .....ਸਰਦਾਰ ਹਰਪਾਲ ਸਿੰਘ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਪੜ੍ਹਨ ਲਈ ਸਾਡੇ ਇਸ ਪੇਜ ਨੂੰ ਲਾਈਕ ਸ਼ੇਅਰ ਕਰੋ ਜੀ ।।
ਧੰਨਵਾਦ।