28/10/2025
23 ਅਕਤੂਬਰ 1993, ਵਾਲੇ ਦਿਨ ਸ਼ਹੀਦ ਭਾਈ ਜਗਜੀਤ ਸਿੰਘ ਉਰਫ ਬਿੱਲਾ ਦੀ ਧਰਮ ਸੁਪਤਨੀ ਬੀਬੀ ਰੇਸ਼ਮ ਕੌਰ ਨੂੰ ਸ਼ਹੀਦ ਕਰ ਦਿੱਤਾ ਗਿਆ:
ਗੁਰਦੀਪ ਸਿੰਘ ਜਗਬੀਰ ( ਡਾ.)
23 ਅਕਤੂਬਰ 1993, ਵਾਲੇ ਦਿਨ ਸ਼ਹੀਦ ਭਾਈ ਜਗਜੀਤ ਸਿੰਘ ਉਰਫ ਬਿੱਲਾ ਦੀ ਧਰਮ ਸੁਪਤਨੀ ਬੀਬੀ ਰੇਸ਼ਮ ਕੌਰ ਨੂੰ ਸ਼ਹੀਦ ਕਰਣ ਤੋਂ ਪਹਿਲਾਂ ਇੰਨਟੈਰੋਗੇਟ ਕਰਣ ਦੇ ਦੌਰਾਨ ਉਸ ਦੇ ਸਾਹਮਣੇ ਉਸਦੇ ਅਠ ਮਹੀਨਿਆਂ ਦੇ ਬੇਟੇ ਸਿਮਰਨਜੀਤ ਸਿੰਘ ਨੂੰ ਨੰਗਿਆਂ ਕਰ ਕੇ ਬਰਫ਼ ਦੀਆਂ ਸਿਲਾਂ' ਤੇ ਲਿਟਾਇਆ ਗਿਆ।
ਸ਼ਹੀਦ ਬੀਬੀ ਰੇਸ਼ਮ ਕੌਰ, ਖਾਲਸਾ ਰਾਜ ਦੀ ਪ੍ਰਾਪਤੀ ਦੇ ਲਈ ਜੂਝ ਕੇ ਸ਼ਹੀਦ ਹੋਏ, ਭਾਈ ਜਗਜੀਤ ਸਿੰਘ ਉਰਫ਼ ਬਿੱਲਾ ਦੀ ਧਰਮ ਸੁਪਤਨੀ ਸੀ। ਸ਼ਾਇਦ ਇਸ ਸ਼ਹੀਦ ਬੀਬੀ ਅਤੇ ਉਸਦੇ ਅੱਠ ਮਹੀਨਿਆਂ ਦੇ ਬੇਟੇ ਸਿਮਰਨਜੀਤ ਸਿੰਘ ਦਾ ਇਹੋ ਕਸੂਰ ਸੀ ਕੇ ਉਸਦਾ ਪਤੀ ਇਕ ਝੁਜਾਰੂ ਸਿੰਘ ਸੀ ਜੋ ਸਿੱਖਾਂ ਦੀ ਅਜ਼ਾਦੀ ਦੀ ਲਹਿਰ ਦਾ ਜੰਗਜੂ ਸੀ ਅਤੇ ਸਿਖਾਂ ਦੀ ਆਜ਼ਾਦੀ ਦੇ ਲਈ ਲੜ ਰਿਹਾ ਸੀ।
ਪੰਜਾਬ ਪੁਲਿਸ ਨੂੰ ਭਾਈ ਜਗਜੀਤ ਸਿੰਘ ਦੀ ਭਾਲ ਸੀ। ਪੁਲਿਸ ਜਦੋਂ ਭਾਈ ਜਗਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਣ ਵਿੱਚ ਪੂਰੀ ਤਰ੍ਹਾਂ ਦੇ ਨਾਲ ਅਸਫ਼ਲ ਹੋ ਗਈ ਤਾਂ ਪੁਲਿਸ ਨੇ ਆਪਣੇ ਚਿਰ ਪ੍ਰੀਚਤ ਅੰਦਾਜ਼ ਵਿੱਚ ਭਾਈ ਸਾਹਿਬ ਦੇ ਪਰਿਵਾਰ ਨੂੰ ਗ੍ਰਿਫ਼ਤਾਰ ਕਰ ਕੇ ਭਾਈ ਸਾਹਿਬ ਨੂੰ ਹਾਸਲ ਕਰਣ ਦੀ ਨੀਤ ਦੇ ਨਾਲ, ਚੰਡੀਗੜ੍ਹ ਵਿਖੇ ਉਨ੍ਹਾਂ ਦੇ ਸੈਕਟਰ 15- ਡੀ ਵਾਲੇ ਮਕਾਨ ਵਿੱਚ ਛਾਪਾ ਮਾਰਿਆ।ਇਸ ਛਾਪੇ ਮਾਰੀ ਦੇ ਦੌਰਾਨ ਜਿੱਥੇ ਪੂਰੇ ਘਰ ਦੀ ਤਲਾਸ਼ੀ ਲਈ ਗਈ ਉਥੇ ਜਬਰੀ ਬਿਨਾਂ ਕਿਸੇ ਵਾਰੰਟ ਦੇ, ਆਪ ਦੀ ਪਤਨੀ ਬੀਬੀ ਰੇਸ਼ਮ ਕੌਰ, ਭਰਾ ਭਾਈ ਕੇਵਲ ਸਿੰਘ, ਪਿਤਾ ਸਰਦਾਰ ਹੰਸਾ ਸਿੰਘ ਅਤੇ ਉਸਦੇ ਅੱਠ ਮਹੀਨੇ ਦੇ ਬੱਚੇ, ਸਿਮਰਨਜੀਤ ਸਿੰਘ ਨੂੰ ਨਜਾਇਜ਼ ਗ੍ਰਿਫਤਾਰ ਕਰ ਲਿਆ। ਅਸਲ ਦੇ ਵਿੱਚ ਭਾਈ ਜਗਜੀਤ ਸਿੰਘ ਦਾ ਘਰ ਟਾਂਡਾ ਲਾਗੇ, ਕਮਲਪੁਰ ਪਿੰਡ ਵਿੱਚ ਸੀ, ਪਰ ਪੁਲਿਸ ਦੀ ਬੇਰਹਿਮੀ ਦੇ ਡਰੋਂ ਪਰਿਵਾਰ ਚੰਡੀਗੜ੍ਹ ਆ ਗਿਆ ਸੀ। ਪੰਜਾਬ ਪੁਲਿਸ ਨੇ ਭਾਈ ਜਗਜੀਤ ਸਿੰਘ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਦੇ ਨਾਲ ਤਬਾਹ ਕਰ ਦਿੱਤਾ ਸੀ ਅਤੇ ਪਰਿਵਾਰਕ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਉਤੇ ਅੰਨ੍ਹੇਵਾਹ ਤਸ਼ੱਦਦ ਢਾਹਿਆ ਜਾਂਦਾ ਸੀ। ਇਸ ਬੇਰਹਿਮ ਅਤੇ ਨਾਜਾਇਜ਼ ਸਲੂਕ ਦੇ ਚੱਲਦਿਆਂ ਉਨ੍ਹਾਂ ਨੂੰ ਚੰਡੀਗੜ੍ਹ ਆਉਣਾ ਦੇ ਲਈ ਮਜਬੂਰ ਹੋਣਾ ਪਿਆ ਸੀ।
ਪੰਜਾਬ ਪੁਲਿਸ ਵੱਲੋਂ ਇਨ੍ਹਾਂ ਉੱਤੇ, ਇਹ ਤਸੀਹੇ ਅਤੇ ਤਸ਼ਦਦ ਉਸ ਵਕਤ ਦੇ ਐੱਸ ਐੱਸ ਪੀ, ਰਾਜ ਕਿਰਨ ਬੇਦੀ ਦੇ ਹੁਕਮਾਂ ਮੁਤਾਬਿਕ ਢਾਏ ਜਾ ਰਹੇ ਸਨ। ਐੱਸ ਐੱਸ ਪੀ ਰਾਜ ਕਿਰਨ ਬੇਦੀ ਦੀ ਅਗਵਾਹੀ ਹੇਠ ਹੀ ਅਕਤੂਬਰ 1993 ਵਿੱਚ ਪੰਜਾਬ ਪੁਲੀਸ ਨੇ ਭਾਈ ਜਗਜੀਤ ਸਿੰਘ ਦੇ ਚੰਡੀਗੜ ਦੇ ਘਰ ਵਿੱਚ ਛਾਪਾ ਮਾਰਿਆ ਸੀ। ਪਰ ਜਦੋਂ ਪੁਲਿਸ ਨੂੰ ਭਾਈ ਜਗਜੀਤ ਸਿੰਘ ਘਰ ਨਾ ਮਿਲੇ ਤਾਂ ਉਨ੍ਹਾਂ ਦੀ ਧਰਮ ਸੁਪਤਨੀ ਬੀਬੀ ਰੇਸ਼ਮ ਕੌਰ ਨੂੰ ਬੁੱਚੜ ਪੁਲੀਸ ਅਧਿਕਾਰੀਆਂ ਨੇ ਇਸ ਕਰ ਕੇ ਗ੍ਰਿਫਤਾਰ ਕਰ ਲਿਆ ਕੇ ਆਪਣੀ ਪਤਨੀ ਅਤੇ ਅੱਠ ਮਹੀਨਿਆਂ ਦੇ ਬੱਚੇ ਦੀ ਖਾਤਰ ਤਾਂ ਇਹ ਸਾਡੇ ਪਾਸ ਆਵੇ ਗਾ ਹੀ। ਬੀਬੀ ਰੇਸ਼ਮ ਕੌਰ ਦੇ ਨਾਲ ਹੀ ਉਨ੍ਹਾਂ ਦੇ ਸਹੁਰਾ ਸਾਹਿਬ ਸਰਦਾਰ ਹੰਸਾ ਸਿੰਘ ਅਤੇ ਬੀਬੀ ਦੇ ਅੱਠ ਮਹੀਨੇ ਦੇ ਬੱਚੇ ਨੂੰ ਵੀ ਨਾਜਾਇਜ਼ ਹਿਰਾਸਤ ਵਿੱਚ ਲੈ ਲਿਆ ਗਿਆ।
ਬੀਬੀ ਰੇਸ਼ਮ ਕੌਰ ਨੂੰ , ਉਨ੍ਹਾਂ ਦੇ ਬੇਟੇ ਸਿਮਰਨਜੀਤ ਸਿੰਘ ਨੂੰ ਅਤੇ ਉਨ੍ਹਾਂ ਦੇ ਪਿਤਾ ਸਰਦਾਰ ਹੰਸਾ ਸਿੰਘ ਨੂੰ ਇੰਜ ਤੰਗ ਪ੍ਰੇਸ਼ਾਨ ਕਰਕੇ,ਬੇਰਹਿਮ ਪੁਲੀਸ ਅਧਿਕਾਰੀ ਐਸ.ਐਸ.ਪੀ ਰਾਜ ਕਿਰਨ ਬੇਦੀ, ਭਾਈ ਜਗਜੀਤ ਸਿੰਘ ਤੱਕ ਪੁੱਜਣਾ ਚਾਹੁੰਦਾ ਸੀ।ਇੰਜ ਪੁਲੀਸ ਦੇ ਹੱਥ ਆਉਣ' ਤੇ ਬੇਦੀ ਆਪਣੇ ਮੋਢੇ 'ਤੇ ਇੱਕ ਹੋਰ ਫੀਤੀ ਲੱਗ ਗਈ ਮਹਿਸੂਸ ਕਰ ਰਿਹਾ ਸੀ।
ਬੇਦੀ, ਥਰਡ ਡਿਗਰੀ ਦੇ ਤਸੀਹੇ ਦੇਣ ਕਰ ਕੇ ਖਾਸਾ ਬਦਨਾਮ ਸੀ, ਜੋ ਪਹਿਲਾਂ ਵੀ ਬਹੁਤ ਸਾਰੇ ਸਿੱਖ ਨੋਜਵਾਨਾ ਨੂੰ ਜ਼ਾਲਮਾਨਾ ਤਸੀਹੇ ਦੇ ਕੇ ਉਨ੍ਹਾਂ ਨੂੰ ਸ਼ਹੀਦ ਕਰ ਚੁੱਕਾ ਸੀ।
ਹੁਣ ਬੀਬੀ ਰੇਸ਼ਮ ਕੌਰ ਦੇ ਉੱਤੇ ਲਗਾਤਾਰ ਤਿੰਨ ਦਿਨ ਤਸੀਹੇ ਦੇਣ ਵਿੱਚ ਉਸ ਨੇ ਤਸੀਹਿਆਂ ਦਾ ਕੋਈ ਐਸਾ ਨੁਸਖਾ ਨਹੀ ਛੱਡਿਆ ਜੋ ਉਸ ਨੇ ਵਰਤਿਆ ਨਾ ਹੋਵੇ। ਸਾਰੇ ਥਰਡ ਡਿਗਰੀ ਤਸੀਹੇ ਦੇਣ ਤੋਂ ਬਾਅਦ ਜਦੋਂ ਇਹ ਹੰਭ ਗਿਆ ਅਤੇ ਉਸ ਦੇ ਪੱਲੇ ਕੁਝ ਨਾ ਪਿਆ ਤਾਂ ਆਖਰ ਉਹਨੇ ਤਸੀਹੇ ਦਾ ਐਸਾ ਨੁਸਖਾ ਅਜਮਾਇਆ ਜਿਹੜਾ ਸਾਰੀਆਂ ਡਿਗਰੀਆਂ ਦੀ ਹੱਦ ਪਾਰ ਕਰ ਗਿਆ। ਉਸ ਨੇ ਬੀਬੀ ਰੇਸ਼ਮ ਕੌਰ ਦੇ ਅੱਠ ਮਹੀਨੇ ਦੇ ਮਾਸੂਮ ਬੱਚੇ ਸਿਮਰਨਜੀਤ ਸਿੰਘ ਨੂੰ, ਮਾਂ ਦੀਆ ਅੱਖਾ ਸਾਹਮਣੇ ਨਗਿਆਂ ਕਰ ਕੇ ਬਰਫ਼ ਦੀਆਂ ਸਿਲਾਂ ' ਤੇ ਪੁੱਠਾ ਲਟਾ ਦਿੱਤਾ। ਇੰਜ ਉਹ ਮੁਗ਼ਲਾਂ ਦੇ ਤਸੀਹਿਆਂ ਨਾਲੋਂ ਵੀ ਚਾਰ ਕਦਮ ਹੋਰ ਅੱਗੇ ਵਧ ਗਿਆ। ਮੀਰ ਮੰਨੂੰ ਵੀ ਸਿੱਖ ਬੀਬੀਆਂ ਦੀਆ ਅੱਖਾ ਦੇ ਸਾਹਮਣੇ ਉਹਨਾਂ ਦੇ ਮਸੂਮ ਬੱਚਿਆ ਨੂੰ ਤਸੀਹੇ ਦੇ ਦੇ ਸ਼ਹੀਦ ਕਰਦਾ ਸੀ। ਹੁਣ ਜਦੋਂ ਇੱਕ ਮਾਂ ਦੇ ਸਾਹਮਣੇ ਉਸਦੇ ਅੱਠ ਮਹੀਨਿਆਂ ਦੇ ਬਚੇ ਨੂੰ ਨੰਗਿਆਂ ਕਰ ਕੇ ਬਰਫ ਦੀ ਸਿੱਲ ਉਪਰ ਪੁੱਠਾ ਲਿਟਾਇਆ ਜਾਂਦਾ ਹੋਣੈ ਅਤੇ ਜੋ ਉਹ ਤੜਫਦਾ ਹੋਣੈ ਉਸ ਨੂੰ ਇੱਕ ਮਾਂ ਕਿਵੇਂ ਹਰਦੀ ਹੋਵੇ ਜੀ।ਇਸ ਪੁਲਿਸ ਅਫਸਰ ਰਾਜ ਕਿਰਣ ਬੇਦੀ ਨੇ ਇਹ ਨੀਵੀਂ ਪੱਧਰ ਦਾ ਰਸਤਾ ਚੁਣ ਕੇ ਮੁਗਲਾਂ ਨੂੰ ਵੀ ਮਾਤ ਪਾ ਦਿੱਤੀ। ਬੀਬੀ ਰੇਸ਼ਮ ਕੌਰ ਦੀਆ ਅੱਖਾਂ ਦੇ ਸਾਹਮਣੇ ਉਸ ਦੇ ਅੱਠ ਮਹੀਨਿਆ ਦੇ ਮਾਸੂਮ ਪੁੱਤਰ ਸਿਮਰਨਜੀਤ ਸਿੰਘ ਨੂੰ ਨੰਗਾ ਕਰ ਕੇ ਬਰਫ ਤੇ ਪਾ ਕੇ ਬੁੱਚੜ, ਬੀਬੀ ਜੀ, ਨੂੰ ਪੁੱਛਦਾ ਹੈ ਹੁਣ ਬੋਲ ਕਿੱਥੇ ਹੈ ਤੇਰਾ ਘਰਵਾਲਾ? ਪੁਲਿਸ ਵਾਲੇ ਨੰਗੇ ਬੱਚੇ ਨੂੰ ਫੜ ਕੇ ਬਰਫ਼ ਦੇ ਨਾਲ ਟਿਕਾਈ ਰੱਖਦੇ, ਜਦੋਂ ਤੱਕ ਬੱਚਾ ਠੰਡ ਨਾਲ ਨੀਲਾ ਹੋ ਕੇ ਸੁੰਨ ਨਾ ਹੋ ਜਾਂਦਾ ਉਦੋਂ ਤੱਕ ਬਰਫ ਤੋ ਨਾ ਚੁੱਕਦੇ। ਪੁਲਿਸ ਵਾਲੇ ਇੰਜ ਕਰਕੇ ਬੀਬੀ ਰੇਸ਼ਮ ਕੌਰ ਪਾਸੋਂ ਉਸ ਦੇ ਪਤੀ ਭਾਈ ਜਗਜੀਤ ਸਿੰਘ ਬਿੱਲਾ ਬਾਰੇ ਹੀ ਨਹੀੱ ਸਨ ਪੁੱਛਦੇ ਸਗੋਂ ਉਸ ਦੇ ਸਾਥੀਆਂ ਅਤੇ ਸ਼ਹੀਦ ਭਾਈ ਗੁਰਿਬੰਦਰ ਸਿੰਘ ਨਵਾਂ ਪਿੰਡ, ਦੀ ਘਰ ਵਾਲੀ ਬੀਬੀ ਪਰਿਮੰਦਰ ਕੌਰ ਬਾਰੇ ਵੀ ਪੁੱਛਦੇ ਸਨ। ਬੀਬੀ ਪਰਿਮੰਦਰ ਕੌਰ, ਬੀਬੀ ਰੇਸ਼ਮ ਕੌਰ ਦੇ ਬਹੁਤ ਨਜਦੀਕ ਸਨ।ਇਸਦੇ ਨਾਲ ਹੀ ਅਸਲੇ ਬਾਰੇ ਵੀ ਪੁੱਛਦੇ ਰਹੇ ਪਰ ਸਿੱਦਕ ਦੀ ਮੂਰਤ ਬੀਬੀ ਰੇਸ਼ਮ ਕੌਰ, ਆਪਣੇ ਸਿਦਕ ਤੋ ਰਤਾ ਵੀ ਨਾ ਡੋਲੀ ਜਾਂ ਉਹ ਪੁਲਸੀਏ ਉਸ ਨੂੰ ਭੋਰਾ ਜਿਹਾ ਵੀ ਨਾ ਡੁਲਾ ਸਕੇ।
ਬੇਦਰਦ ਅਤੇ ਬੇਰਹਿਮ ਪੁਲਿਸ ਵਾਲੇ ਬੀਬੀ ਰੇਸ਼ਮ ਕੌਰ ਦੇ ਅੱਠ ਮਹੀਨਿਆਂ ਦੇ ਮਾਸੂਮ ਬੱਚੇ ਨੂੰ ਉਹਨਾ ਦੀਆਂ ਅੱਖਾਂ ਸਾਹਮਣੇ ਤਸੀਹੇ ਦੇਂਦੇ ਰਹੇ ਪਰ ਬੀਬੀ ਫੇਰ ਵੀ ਨਾ ਡੋਲੀ। ਇਹ ਪੁਲਿਸ ਦੀ ਇਕ ਬਹੁਤ ਵੱਡੀ ਹਾਰ ਸੀ।ਆਪਣੀ ਇੰਜ ਹਾਰ ਹੁੰਦੀ ਦੇਖ ਕੇ ਇਸ ਬੁੱਚੜ ਰਾਜ ਕਿਰਣ ਬੇਦੀ ਨੇ ਬੀਬੀ ਰੇਸ਼ਮ ਕੌਰ ਦੇ ਗਲੇ ਦੇ ਉੱਤੇ, ਤਿੱਖਾ ਹਥਿਆਰ ਰੱਖ ਕੇ ਹੋਲੀ ਹੋਲੀ ਗਲੇ ਅੰਦਰ ਲੰਘਾਉਣਾ ਸ਼ੁਰੂ ਕਰ ਦਿੱਤਾ ਪਰ ਫਿਰ ਵੀ ਬੀਬੀ ਦਾ ਮੂੰਹ ਨਾ ਖੁਲਵਾ ਸਕਿਆ। ਅਖੀਰ ਸਰੀਰ ਦੇ ਸਹਿਣ ਦੀ ਇੱਕ ਹੱਦ ਹੁੰਦੀ ਹੈ, ਪਰ ਗੁਰਸਿੱਖ ਦੇ ਹੌਸਲੇ ਦੀ ਕੋਈ ਹੱਦ ਨਹੀਂ ਹੁੰਦੀ।ਬੀਬੀ ਰੇਸ਼ਮ ਕੌਰ ਆਖਰ ਤੱਕ ਨਾ ਡੋਲੀ ਨਾ ਹੌਸਲਾ ਹਾਰੀ। ਬੀਬੀ ਰੇਸ਼ਮ ਕੌਰ ਲੰਬੀ ਇੰਟੇਰੋਗੇਸ਼ਨ ਤੋਂ ਬਾਅਦ ਜਖਮਾਂ ਦੀ ਤਾਬ ਨਾ ਝਲਦੇ ਹੋਇਆਂ, 22 ਅਕਤੂਬਰ 1993 ਵਾਲੇ ਦਿਨ, ਸ਼ਹਾਦਤ ਦੀ ਸਰਵਉਤਮ ਪਦਵੀ ਪ੍ਰਾਪਤ ਕਰ ਗਈ ।
ਭਾਈ ਜਗਜੀਤ ਸਿੰਘ ਜੀ ਦੇ ਪਿਤਾ ਜੀ ਸਰਦਾਰ ਹੰਸਾ ਸਿੰਘ ਜੋ ਕੇ, ਪੀ.ਡਬਲਯੂ.ਡੀ ਦੇ ਸਰਕਾਰੀ ਮਿਹਕਮੇ ਵਿੱਚ ਗਜ਼ਟਿਡ ਅਫਸਰ ਵਜੋਂ ਰਿਟਾਇਰਡ ਹੋਏ ਸਨ, ਉਨ੍ਹਾਂ ਨੂੰ ਵੀ ਰਜ ਕੇ ਤਸੀਹੇ ਦਿੱਤੇ ਗਏ ਜਦੋਂ ਕਿ ਪੁਲਿਸ ਨੂੰ ਪਤਾ ਸੀ ਕੇ ਆਪ ਨੂੰ ਕੁਝ ਨਹੀ ਪਤਾ ਹੈ। ਤਸੀਹਿਆਂ ਦੇ ਕਾਰਣ, ਉਨ੍ਹਾਂ ਦਾ ਜਿਸਮ ਵੀ ਨਿਢਾਲ ਹੋ ਚੁਕਿਆ ਸੀ।ਬੀਬੀ ਰੇਸ਼ਮ ਕੌਰ ਦੀ ਮਿਰਤਕ ਦੇਹ ਨੂੰ ਗੱਡੀ ਵਿੱਚ ਸੁੱਟ ਕੇ, ਨਾਲ ਹੀ ਸਰਦਾਰ ਹੰਸਾ ਸਿੰਘ ਨੂੰ ਬੈਠਾ ਕੇ ਹਸਪਤਾਲ ਲੈ ਗਏ। ਸਰਦਾਰ ਹੰਸਾ ਸਿੰਘ ਤੋ ਪੁਲਿਸ ਵਾਲੇ ਜਬਰੀ ਦਸਖਤ ਕਰਾਉਣ ਚਾਹੁੰਦੇ ਸਨ ਕੇ ਬੀਬੀ ਰੇਸ਼ਮ ਕੌਰ ਨੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਪੁਲਿਸ ਵਾਲਿਆਂ ਨੇ ਕਿਹਾ ਕਿ ਬਾਪੂ ਦਸਖਤ ਕਰ ਦੇ, ਤਾਂਜੋ ਇਸ ਦਾ ਇਲਾਜ ਹੋ ਸਕੇ ਪਰ ਉਨ੍ਹਾਂ ਨੇ ਕਿਹਾ, ਸਦਕੇ ਤੁਹਾਡੇ ਵੱਡੇ ਪੁਲਿਸ ਵਾਲਿਆਂ' ਤੇ ਹੁਣ ਤੁਸੀਂ ਲਾਸ਼ ਦਾ ਇਲਾਜ ਕਰਵਾਉਣਾ ਹੈ, ਇਹ ਕਹਿ ਕੇ ਸਰਦਾਰ ਹੰਸਾ ਸਿੰਘ ਨੇ ਦਸਖਤ ਕਰਨ ਤੋ ਇਨਕਾਰ ਕਰ ਦਿੱਤਾ। ਖੰਨਾ ਪੁਲਿਸ ਨੇ ਪਿੰਡ ਦੇ ਸਰਪੰਚ ਅਤੇ ਕੁਝ ਹੋਰ ਬੰਦਿਆ ਤੋ ਸ਼ਨਾਖਤ ਕਰਵਾ ਕੇ ਆਪ ਹੀ ਬੀਬੀ ਰੇਸ਼ਮ ਕੌਰ ਦਾ ਸਸਕਾਰ ਕਰ ਦਿੱਤਾ। ਦਸ ਦਿਨ ਬਾਅਦ ਸਰਦਾਰ ਹੰਸਾ ਸਿੰਘ ਨੂੰ ਵੀ ਰਿਹਾਅ ਕਰ ਦਿੱਤਾ।
(