30/12/2024
ਬੰਦੇ ਦੀ ਬੰਦਿਆਈ ਵਾਇਆ ਰਾਗ
ਮੈਂ ਕਦੇ ਕਿਸੇ ਪੰਜਾਬੀ ਕਿਤਾਬ ਦੀ ਸਮੀਖਿਆ ਨਹੀਂ ਲਿਖੀ। ਛਪਵਾਈ ਤਾਂ ਉੱਕਾ ਹੀ ਨਹੀਂ। ਜਨਵਰੀ ਵਿੱਚ ਮੈਨੂੰ ਮਨਧੀਰ ਦਿਓਲ ਨੇ ਆਪਣੇ ਪਿਤਾ ਦੇ ਦੋ ਨਾਵਲੈੱਟ ਭੇਜੇ। ਮੈਂ ਕੋਈ ਅੱਠ ਕੁ ਸਾਲ ਪਹਿਲਾਂ ਦਾ ਮਨਧੀਰ ਨਾਲ ਵਾਅਦਾ ਕੀਤਾ ਹੋਇਆ ਸੀ ਕਿ ਮੈਂ ਉਸ ਦੇ ਪਿਤਾ ਜੀ ਦੀ ਕਿਤਾਬ ਬਾਰੇ ਲਿਖਾਂਗਾ। ਉਸ ਦੀ ਵਜ੍ਹਾ ਦਿਓਲ ਹੁਰਾਂ ਦਾ ਜਗਰਾਊਂ ਦੀ ਪੰਜਾਬੀ ਸਾਹਿਤ ਸਭਾ ਨਾਲ ਜੁੜੇ ਹੋਣਾ ਸੀ। ਉਹੀ ਸਭਾ ਜਿਸ ਦੀ ਸਥਾਪਨਾ ਮੇਰੇ ਬਾਬੇ ਬਲਵੰਤ ਸਿੰਘ ਨੇ 1950ਵਿਆਂ ਵਿੱਚ ਕੀਤੀ ਸੀ। ਮਨਧੀਰ ਹੁਰਾਂ ਨੇ ਪਹਿਲਾਂ ਮੈਨੂੰ ਦਿਓਲ ਦਾ ਸੰਪੂਰਨ ਕਾਵਿ ਸੰਗ੍ਰਹਿ ਭੇਂਟ ਕੀਤਾ ਸੀ। ਉਹ ਵੱਡ ਆਕਾਰੀ ਕਾਵਿ-ਸੰਗ੍ਰਹਿ ਮੈਂ ਥੋੜ੍ਹਾ-ਥੋੜ੍ਹਾ ਪੜ੍ਹਦਾ ਗਿਆ ਤੇ ਨੋਟਸ ਵੀ ਲਏ ਪਰ ਲਗਾਤਾਰਤਾ ਨਾ ਬਣੀ। ਪੂਰਾ ਨਾ ਪੜ੍ਹ ਸਕਿਆ। ਕਵਿਤਾ ਪਾਠ ਵਿਚਾਲੇ ਛੁੱਟ ਗਿਆ।
ਫੇਰ 2023 ਵਿੱਚ ਦਿਓਲ ਹੁਰਾਂ ਦੇ ਦੋ ਨਾਵਲਿਟ ਇਕ ਜਿਲਦ ਵਿੱਚ ਛਪੇ। ਲੁਧਿਆਣੇ ਪੰਜਾਬੀ ਭਵਨ ਸੋਹਣਾ ਸਮਾਗਮ ਰਚਾਇਆ ਗਿਆ। ਮਨਧੀਰ ਦਿਓਲ ਹੁਰੀਂ ਚਿਰ ਬਾਅਦ ਮਿਲੇ। ਨਾਵਲਿਟਾਂ 'ਤੇ ਭਰਵੀਂ ਚਰਚਾ ਹੋਈ। ਮੁੜ ਕੇ ਬੂਟਾ ਚੌਹਾਨ ਹੁਰਾਂ ਦੇ ਉੱਦਮ ਸਦਕਾ ਭਾਰਤੀ ਸਾਹਿਤ ਅਕਾਦਮੀ ਵੱਲੋਂ ਦਿਓਲ ਦੇ ਪਿੰਡ ਸ਼ੇਖ ਦੌਲਤ ਉਨ੍ਹਾਂ ਦੇ ਪੁਰਾਣੇ ਘਰ ਦੇ ਵਿਹੜੇ ਵਿੱਚ ਭਰਵਾਂ ਸਮਾਗਮ ਹੋਇਆ। ਉਸ ਵਿੱਚ ਸ਼ਿਕਰਤ ਕੀਤੀ।
ਕਰਦੇ-ਕਰਾਉਂਦੇ ਦੋਵੇਂ ਨਾਵਲਿਟ ਮੈਂ ਇਕੋ ਬੈਠਕ ਵਿੱਚ ਪੜ੍ਹ ਲਏ। ਮਨਧੀਰ ਨੂੰ ਕਿਹਾ ਕਿ ਮੈਂ ਕਵਿਤਾ ਬਾਰੇ ਨਹੀਂ ਲਿਖ ਸਕਿਆ ਪਰ ਨਾਵਲਿਟਾਂ ਬਾਰੇ ਜ਼ਰੂਰ ਲਿਖਾਂਗਾ। ਨਾਵਲਿਟਾਂ ਨੇ ਮੈਨੂੰ ਸੱਚਮੁੱਚ ਬਹੁਤ ਪ੍ਰਭਾਵਿਤ ਕੀਤਾ। ਵਿਸ਼ਾ, ਸ਼ੈਲੀ, ਪਾਤਰ, ਬਿਰਤਾਂਤਕਾਰੀ ਤੇ ਪਰਤਾਂ ਵਿੱਚ ਲੁਕਿਆ ਹੋਇਆ ਦਿਓਲ ਦਾ ਉਹ ਵਿਚਾਰ ਜੋ ਉਹ ਇਨ੍ਹਾਂ ਨਾਵਲਾਂ ਰਾਹੀਂ ਪਾਠਕਾਂ ਤੱਕ ਪਹੁੰਚਾਉਣਾ ਚਾਹੁੰਦਾ ਸੀ, ਸਭ ਹੀ ਐਨ ਥਾਂ ਸਿਰ ਬੈਠੇ ਲੱਗੇ। ਇਨ੍ਹਾਂ ਵਿੱਚੋਂ ਇਕ ਫ਼ਲਸਫ਼ਾਨਾ ਰੰਗਤ ਦੀ ਭਾਅ ਝਲਕਦੀ ਸੀ। ਇਸ ਨੇ ਮੈਥੋਂ ਪੰਜ-ਸੱਤ ਪੰਨਿਆਂ ਦਾ ਆਲੋਚਨਾਤਮਿਕ ਲੇਖ ਲਿਖਵਾ ਲਿਆ। ਮੈਂ ਸਹੁੰ ਖਾਧੀ ਸੀ ਕਿ ਮੈਂ ਕਦੇ ਕਿਸੇ ਪੰਜਾਬੀ ਕਿਤਾਬ ਦੀ ਸਮੀਖਿਆ ਨਹੀਂ ਕਰਨੀ। ਮਿੱਤਰਾਚਾਰੀ ਜਾਂ ਲਾਲਚ ਵੱਸ ਮਨਧੀਰ ਨਾਲ ਕੀਤਾ ਵਾਅਦਾ ਝੂਠਾ ਪੈ ਰਿਹਾ ਸੀ। ਦਿਓਲ ਨੇ ਮੇਰੀ ਸਹੁੰ ਤੁੜਵਾ ਦਿੱਤੀ। ਵਾਅਦਾ ਵਫ਼ਾ ਕਰਵਾ ਦਿੱਤਾ।
ਮੇਰੇ ਦਿਲ ਵਿੱਚੋਂ ਆਵਾਜ਼ ਆਈ ਕਿ ਜੇ ਮੈਂ ਵਾਅਦਾ ਨਾ ਵੀ ਕੀਤਾ ਹੁੰਦਾ ਤੇ ਇੱਥੋਂ ਤੱਕ ਕਿ ਜੇ ਜਗਰਾਉਂ ਦੇ ਪਿਛੋਕੜ ਵਾਲੀ ਸਾਂਝ ਨਾ ਵੀ ਹੁੰਦੀ ਤਾਂ ਇਹ ਨਾਵਲਿਟ ਪੜ੍ਹਨ ਤੋਂ ਬਾਅਦ ਮੈਂ ਇਨ੍ਹਾਂ ਬਾਰੇ ਜ਼ਰੂਰ ਲਿਖਣਾ ਸੀ। ਸੋ ਮੈਂ ਲਿਖ ਦਿੱਤਾ ਪਰ ਮਨਧੀਰ ਨੂੰ ਕੁਝ ਨਾ ਦੱਸਿਆ।
ਸਮੀਖਿਆ ਲਿਖ ਕੇ ਮੈਂ ਨਵਾਂ ਜ਼ਮਾਨਾ ਨੂੰ ਭੇਜ ਦਿੱਤੀ। ਮੋਹਨ ਤਿਆਗੀ ਦੀ ਬਹੁਤ ਮੁੱਲਵਾਨ ਸਮੀਖਿਆ ਦਿਓਲ ਦੀ ਕਵਿਤਾ ਬਾਰੇ ਕਈ ਸਾਲ ਪਹਿਲਾਂ ਨਵਾਂ ਜ਼ਮਾਨਾ ਐਤਵਾਰਤਾ ਵਿੱਚ ਛਪੀ ਸੀ। ਕਈ ਮਹੀਨੇ ਉਡੀਕਣ ਤੋਂ ਬਾਅਦ ਵੀ ਮੇਰੀ ਸਮੀਖਿਆ ਨਵਾਂ ਜ਼ਮਾਨਾ ਵਿੱਚ ਨਾ ਛਪੀ। ਵਜ੍ਹਾ ਮੈਨੂੰ ਪਤਾ ਨਹੀਂ ਲੱਗੀ।
ਉਨ੍ਹਾਂ ਹੀ ਦਿਨਾਂ ਵਿੱਚ ਇੰਦਰਜੀਤ ਪੁਰੇਵਾਲ ਹੁਰਾਂ ਨਾਲ ਮੇਰੀ ਵੱਟਸਐਪ 'ਤੇ ਗੱਲ ਚੱਲ ਰਹੀ ਸੀ। ਅਰਸਾ ਪਹਿਲਾਂ ਭੇਜਿਆ ਮੇਰਾ 'ਫੇਸਬੁੱਕੀ ਹੀਰ-ਰਾਝਾਂ' ਲੇਖ ਉਨ੍ਹਾਂ ਛਾਪਿਆ ਨਹੀਂ ਸੀ। ਇਕ ਦਿਨ ਫ਼ੋਨ ਆਇਆ ਕਹਿੰਦੇ, "ਤੇਰੀ ਨਾਰਾਜ਼ਗੀ ਦੂਰ ਕਰ ਦਿੰਦੇ ਹਾਂ। ਨਵੇਂ ਅੰਕ ਵਿੱਚ ਉਹ ਲੇਖ ਛਪ ਰਿਹਾ ਹੈ। " ਮੈਂ ਕਿਹਾ ਭਾਜੀ ਜਿਵੇਂ ਤੁਹਾਨੂੰ ਠੀਕ ਲੱਗੇ।
ਇਕ ਰਾਤ ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੈਂ ਆਪਣੀਆਂ ਲਿਖਤਾਂ ਫਰੋਲਣ ਲੱਗਾ। ਦਿਉਲ ਵਾਲਾ ਲੇਖ ਸਾਹਮਣੇ ਆ ਗਿਆ। ਮੈਂ ਉਹ ਲੇਖ ਰਾਗ ਦੀ ਈ-ਮੇਲ 'ਤੇ ਭੇਜ ਕੇ ਪੁਰੇਵਾਲ ਭਾਅ ਨੂੰ ਮੈਸੇਜ ਛੱਡਿਆ ਕਿ ਇਕ ਲੇਖ ਭੇਜਿਆ ਹੈ, ਦੇਖਿਉ ਜੇ ਠੀਕ ਲੱਗਿਆ ਨਹੀਂ ਤਾਂ ਦੱਸ ਦਿਉ। ਕੋਈ ਨਾਰਾਜ਼ਗੀ ਨਹੀਂ ਪਰ ਦੱਸ ਜ਼ਰੂਰ ਦੇਣਾ। ਕੁਝ ਦਿਨਾਂ ਬਾਅਦ ਉਨ੍ਹਾਂ ਕਿਹਾ ਕਿ ਛਾਪਣਾ ਹੈ। ਉਦੋਂ ਰਾਗ 18 ਅੰਕ ਦੀ ਤਿਆਰੀ ਚੱਲ ਰਹੀ ਸੀ। ਫਿਰ ਦਿਨ, ਹਫ਼ਤੇ, ਮਹੀਨੇ, ਬੀਤਣ ਲੱਗੇ। 18ਵਾਂ ਅੰਕ ਨਾ ਆਇਆ। ਫੇਰ ਦਸੰਬਰ ਵੀ ਹੌਲੀ-ਹੌਲੀ ਮੁੱਕਣ ਵਾਲੇ ਰਾਹ ਪੈ ਨਿਕਲਿਆ।
ਲਗਦਾ ਸੀ ਕਿ ਇਸ ਵਾਰ ਦਾ ਦਸੰਬਰ ਵੀ ਬੀਤ ਜਾਵੇਗਾ। ਅਚਾਨਕ ਇਕ ਦਿਨ ਮੈਂ ਫੇਸਬੁੱਕ 'ਤੇ ਕਿਸੇ ਦੀ ਪੋਸਟ ਦੇਖੀ ਕਿ ਰਾਗ ਦਾ ਅੰਕ 18-19 ਆ ਰਿਹਾ ਹੈ। ਮੈਂ ਇੰਦਰਜੀਤ ਪੁਰੇਵਾਲ ਨੂੰ ਮੈਸੇਜ ਕੀਤਾ। ਉਨ੍ਹਾਂ ਦਾ ਜੁਆਬ ਆਇਆ ਕਿ ਦੋ ਕੁ ਦਿਨ ਵਿੱਚ ਮਿਲ ਜਾਵੇਗਾ। ਫੇਰ ਮੈਸੇਜ ਆਇਆ ਕਿ ਪਿਆਰੇ ਮਿੱਤਰ ਕੋਲ ਅੰਕ ਪਹੁੰਚ ਗਿਆ ਹੈ, ਲੈ ਲਵੋ। ਕੁਝ ਨਾ ਟਾਲਣਯੋਗ ਮਸਲਿਆਂ ਕਰ ਕੇ ਹਾਲੇ ਤੱਕ ਜਾ ਨਹੀਂ ਸਕਿਆ।
ਪਰ ਇਸ ਸਮੀਖਿਆ ਦੇ ਛਪਣ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਇਹ ਮੇਰੀ ਪਹਿਲੀ ਛਪੀ ਹੋਈ ਸਮੀਖਿਆ ਹੈ। ਪੜ੍ਹ ਕੇ ਦੱਸਣਾ ਕਿ ਮੈਨੂੰ ਅੱਗੇ ਹੋਰ ਸਮੀਖਿਆਵਾਂ ਕਰਨੀਆਂ ਚਾਹੀਦੀਆਂ ਹਨ ਜਾਂ ਨਹੀਂ?
ਸੋ, ਇੰਦਰਜੀਤ ਪੁਰੇਵਾਲ ਦਾ ਖ਼ਾਸ ਤੌਰ 'ਤੇ ਧੰਨਵਾਦ ਕਰਨਾ ਚਾਹੁੰਦਾ ਹਾਂ ਜਿੰਨ੍ਹਾਂ ਸਾਲਾਂ ਦੀ ਲੇਟ-ਫੇਟ ਕੱਢ ਕੇ ਮੇਰੇ ਦੋ-ਦੋ ਲੇਖ ਇਸ ਜੜੁੱਤ ਅੰਕ ਵਿੱਚ ਛਾਪ ਦਿੱਤੇ। 'ਫੇਸਬੁੱਕੀ ਹੀਰ-ਰਾਂਝਿਆਂ' ਵਾਲੇ ਲੇਖ ਬਾਰੇ ਫੇਰ ਗੱਲ ਕਰਾਂਗੇ। ਰਾਗ ਦਾ ਅੰਕ 18-19 ਕਾਫ਼ੀ ਭਰਪੂਰ ਸਮੱਗਰੀ ਨਾਲ ਆਇਆ ਹੈ। ਮੇਰੇ ਦੋਵੇਂ ਲੇਖ ਪੜ੍ਹ ਕੇ ਤੁਸੀਂ ਮੈਨੂੰ ਆਪਣੇ ਮੁੱਲਵਾਨ ਰਾਏ ਜ਼ਰੂਰ ਦੇਣਾ।
ਚੜ੍ਹਦੀ ਕਲਾ!
✍️ਦੀਪ ਜਗਦੀਪ ਸਿੰਘ