Malkana Talks

Malkana Talks The more I read, the more I acquire, the more certain I am that I know nothing. Voltaire

01/07/2026

ਜ਼ਿੰਦਗੀ ਕਈ ਵਾਰੀ ਬੰਦੇ ਨੂੰ ਸੱਪ ਸੀਡੀ ਆਲੀ ਗੇਮ ਆਲੇ ਸੱਪ ਅੰਗੂੰ ਡੰਗਦੀ ਐ। ਸਿਖ਼ਰ ਤੇ ਜਾ ਕੇ ਐਹੇ ਜਾ ਡੰਗ ਵਜਦੈ ਕਿ ਬੰਦਾ ਫੇਰ ਜ਼ੀਰੋ ਤੇ ਆ ਡਿਗਦੈ। ਜਦੋਂ ਇਹ ਦੁਨੀਆਂ ਰਾਸ ਨੀ ਆਉਂਦੀ ਤਾਂ ਬੰਦੇ ਨੂੰ ਆਵਦੀ ਇਕੱਲੇ ਦੀ ਹੀ ਇੱਕ ਦੁਨੀਆਂ ਬਣਾਉਣੀ ਪੈਂਦੀ ਐ। ਓਥੇ ਫੇਰ ਥੋਨੂੰ ਕਿਸੇ ਧੋਖੇ ਦਾ ਖਤਰਾ ਨੀ ਰਹਿੰਦਾ। ਦੂਜਿਆਂ ਦੀ ਨਿਗ੍ਹਾ 'ਚ ਤੁਸੀਂ ਇਕੱਲੇ ਹੁੰਨੇ ਓਂ ਪਰ ਥੋਡਾ ਆਵਦਾ ਈ ਇੱਕ ਸੰਸਾਰ ਹੁੰਦੈ। ਥੋਡੀਆਂ ਆਵਦੀਆਂ ਧੁੱਪਾਂ-ਛਾਵਾਂ ਹੁੰਦੀਐਂ। ਭਗਵਿਆਂ ਤੋਂ ਬਿਨ੍ਹਾਂ ਮਨ ਸਾਧ ਹੋ ਜਾਂਦੈ। ਥੋਡੀ ਵੰਝਲੀ ਦੇ ਸੁਰ ਥੋਨੂੰ ਈ ਮਹਿਸੂਸ ਹੁੰਦੇ ਐ। ਕੰਨੀ ਪਈਆਂ ਅਦਿੱਖ ਮੁੰਦਰਾਂ ਦੇ ਹੁਲਾਰੇ ਆਪੇ ਕਦਮਾਂ ਨਾਲ ਤਾਲਮੇਲ ਬਣਾ ਲੈਂਦੇ ਐ। ਕਿਸੇ ਫ਼ਨੀਅਰ ਦਾ ਚੜ੍ਹਿਆ ਜ਼ਹਿਰ ਹੌਲੀ-ਹੌਲੀ ਉਤਰਨਾ ਸ਼ੁਰੂ ਹੋ ਜਾਂਦੈ। ਸ਼ਰਾਪ ਅੰਗੂੰ ਲੱਗੀ ਸੁੰਨ ਕਿਸੇ ਮੋੜ ਤੇ ਆ ਕੇ ਵਰਦਾਨ ਅਰਗੀ ਹੋ ਜਾਂਦੀ ਐ। ਅੱਖਾਂ 'ਚੋਂ ਤਿੜਕੇ ਸੁਪਨਿਆਂ ਦੀ ਦਿਲ ਤੱਕ ਪਹੁੰਚੀ ਚੀਸ ਹੌਲੀ-ਹੌਲੀ ਮੱਠੀ ਜਰੂਰ ਪੈ ਜਾਂਦੀ ਐ ਪਰ ਉਹ ਮੱਠੀ-ਮੱਠੀ ਚੀਸ ਉਮਰ ਭਰ ਥੋਨੂੰ ਥੋਡਾ ਅਤੀਤ ਯਾਦ ਕਰਾਉਂਦੀ ਰਹਿੰਦੀ ਐ ....

Malkana Talks (Gurvinder Malkana)

27/06/2026

ਮਹਾਤਮਾ ਬੁੱਧ ਨੂੰ ਜੇ ਕੋਈ ਆਮ ਜੀ ਸਮਝ ਆਲਾ ਬੰਦਾ ਵਾਹਵਾ ਡੂੰਘਾਈ ਆਲਾ ਸਵਾਲ ਪੁੱਛ ਲੈਂਦਾ ਸੀ ਤਾਂ ਉਹ ਸਿਰਫ਼ ਮੁਸਕਰਾ ਕੇ ਛੱਡ ਦਿੰਦੇ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਐਥੇ ਮੱਥਾ ਮਾਰੇ ਦਾ ਕੋਈ ਫ਼ੈਦਾ ਨੀ, ਸਮਝ ਤਾਂ ਇਹਦੇ ਆਉਣਾ ਨੀ।

ਮਹਾਤਮਾ ਬੁੱਧ ਸਭ ਜਾਣਦੇ ਹੋਏ ਵੀ ਚੁੱਪ ਰਹਿੰਦੇ ਸੀ ਪਰ ਐਥੇ ਜਨਤਾ ਨੂੰ ਪਤਾ ਤਾਂ ਆਪ ਨੂੰ ਨੀ ਕੱਖ ਦਾ ਹੁੰਦਾ ਤੇ ਸਮਝਾਉਣ ਦੂਜਿਆਂ ਨੂੰ ਤੁਰ ਪੈਂਦੇ ਐ ਕਿ ਸਾਡੀ ਮੰਨੋ। ਜਿੰਨਾ ਅਕਲੋਂ ਊਣਾ, ਓਨਾ ਰੌਲਾ। ਜਾਣਕਾਰੀ ਪੈਸੇ ਦੀ, ਰੌਲਾ ਲੱਖਾਂ-ਕਰੋੜਾਂ ਦਾ ਕਿ ਹਮਸੇ ਸਿਆਣਾ ਕੌਣ। ਪਹਿਲਾਂ ਆਪ ਤਾਂ ਜਾਣਲੋ, ਦੂਜਿਆਂ ਨੂੰ ਫੇਰ ਸਮਝਾ ਲਿਓ।

ਪਰ ਗੱਲ ਇਹ ਵੀ ਨਾਲ ਐ ਕਿ ਜਿੰਨੇ ਤੁਸੀਂ ਗਹਿਰੇ ਹੁੰਦੇ ਜਾਓਂਗੇ, ਜਿੰਨੀ ਥੋਡੀ ਸਮਝ ਵਧਦੀ ਜਾਊ, ਓਨੀ ਥੋਡੀ ਦੂਜਿਆਂ ਨੂੰ ਮੱਤਾਂ ਦੇਣ ਦੀ, ਦੂਜਿਆਂ ਦੀ ਜ਼ਿੰਦਗੀ 'ਚ ਦਖ਼ਲਅੰਦਾਜ਼ੀ ਕਰਨ ਦੀ ਆਦਤ ਘਟਦੀ ਜਾਊ।

Malkana Talks (Gurvinder Malkana)

20/06/2026

ਜਨਤਾ ਨੇ ਟਟੀਹਰੀਆਂ ਤੇ ਛੱਤਾਂ ਪਾ-ਪਾ ਕੇ ਇਨ੍ਹਾਂ ਦਾ ਜਿਉਣਾ ਹਰਾਮ ਕਰ ਰੱਖਿਐ। ਪਤਾ ਨੀ ਕਿਉਂ ਬੰਦੇ ਨੂੰ ਇਹ ਲਗਦੈ ਕਿ ਇਸ ਧਰਤੀ ਤੇ ਮੈਥੋਂ ਸਿਆਣੀ ਪ੍ਰਜਾਤੀ ਕੋਈ ਹੈ ਈ ਨੀ। ਬੱਸ ਇਹੀ ਸਭ ਤੋਂ ਵੱਡਾ ਭੁਲੇਖੈ। ਜੇ ਟਟੀਹਰੀਆਂ ਨੂੰ ਧੁੱਪ ਈ ਲਗਦੀ ਹੁੰਦੀ ਤਾਂ ਉਨ੍ਹਾਂ ਨੂੰ ਕਿਹੜਾ ਛਾਂ ਨੀ ਦੀਂਹਦੀ ਸੀ। ਉਨ੍ਹਾਂ ਨੂੰ ਕਿਹੜਾ ਦਰਖ਼ਤ ਨੀ ਦੀਂਹਦੇ ਸੀ। ਜਦੋਂ ਟਟੀਹਰੀ ਛੱਤ ਤੇ ਧੁੱਪੇ ਆਂਡੇ ਦਿੰਦੀ ਐ, ਜੇ ਉਹਨੂੰ ਧੁੱਪ ਈ ਲਗਦੀ ਹੁੰਦੀ ਤਾਂ ਉਹ ਛੱਤ ਦੇ ਹੇਠਾਂ ਛਾਵੇਂ ਵੀ ਆਂਡੇ ਦੇ ਸਕਦੀ ਸੀ। ਜਿਵੇਂ ਕਬੂਤਰ ਆਪਣੇ ਘਰਾਂ 'ਚ ਆਲ੍ਹਣੇ ਬਣਾਉਂਦੇ ਐ, ਆਪਾਂ ਜਾਂ ਆਪਣੇ ਬਜ਼ੁਰਗਾਂ ਨੇ ਅੱਜ ਤੱਕ ਓਵੇਂ ਕਿਸੇ ਟਟੀਹਰੀ ਦਾ ਆਲ੍ਹਣਾ ਆਪਣੇ ਘਰ 'ਚ ਦੇਖਿਐ? ਦੇਖਿਐ ਕਦੇ ਕਿਸੇ ਟਟੀਹਰੀ ਨੇ ਕਿਸੇ ਵਰ੍ਹਾਂਡੇ 'ਚ ਆਲ੍ਹਣਾ ਪਾਇਆ ਹੋਵੇ? ਜੇਠ-ਹਾੜ੍ਹ ਦੇ ਮਹੀਨੇ ਜਦੋਂ ਬੰਦਾ ਖੇਤ 'ਚ ਦਰਖ਼ਤ ਦੀ ਛਾਂ ਭਾਲਦੈ, ਤਾਂ ਦੇਖਿਐ ਕਿਸੇ ਨੇ ਕਿ ਓਦੋਂ ਟਟੀਹਰੀ ਧੁੱਪੇ ਨਾ ਬੈਠੀ ਹੋਵੇ? ਟਟੀਹਰੀ ਛੱਤਾਂ ਪਾਉਣ ਆਲਿਆਂ ਤੋਂ ਕਿਤੇ ਵੱਧ ਸਿਆਣੀ ਐਂ, ਉਹਨੂੰ ਸਭ ਪਤੈ ਕਿ ਮੇਰੇ ਆਂਡਿਆਂ 'ਚੋਂ ਬੱਚੇ ਨਿਕਲਣ ਵਾਸਤੇ ਕਿੰਨਾ ਤਾਪਮਾਨ ਚਾਹੀਦੈ।

ਕੁਦਰਤ ਨੇ ਹਰੇਕ ਜੀਵ ਨੂੰ ਸਮਰੱਥ ਬਣਾਇਐ। ਜਿਵੇਂ ਆਪਣੇ ਘਰੇ ਕੋਈ ਮਿੱਠੀ ਚੀਜ਼ ਪਈ ਹੋਵੇ, ਤਾਂ ਪਤਾ ਈ ਨੀ ਲਗਦਾ ਵੀ ਕੀੜੀਆਂ ਕਿੱਧਰੋਂ ਆਗੀਆਂ। ਆਪਾਂ ਕਿਹੜਾ ਕੀੜੀਆਂ ਨੂੰ ਮਿੱਠੀ ਚੀਜ਼ ਤੱਕ ਕਲ਼ੀ ਪਾ ਕੇ ਰਾਹ ਦਿਖਾਉਣੇ ਆਂ। ਆਪੇ ਆਉਂਦੀਐਂ। ਕੁਦਰਤ ਨੇ ਸੈਂਸਰ ਈ ਬੜੇ ਜ਼ਬਰਦਸਤ ਲਾਏ ਐ ਉਨ੍ਹਾਂ ਦੇ।

ਤੁਸੀਂ ਜਨੌਰਾਂ ਨੂੰ ਦਾਣੇ ਪਾਉਣ ਲੱਗਜੋ, ਉਹ ਆਪੇ ਬਿਲਕੁੱਲ ਓਸੇ ਟੈਮ ਤੇ ਓਸੇ ਜਗ੍ਹਾ ਤੇ ਆਉਣ ਲੱਗ ਜਾਣਗੇ। ਹੁਣ ਦੱਸੋ ਜਨੌਰਾਂ ਦੇ ਕਿਹੜੀ ਘੜੀ ਬੰਨ੍ਹੀ ਹੁੰਦੀ ਐ, ਵੀ ਉਹ ਟੈਮ ਦੇਖ ਕੇ ਆਉਂਦੇ ਐ। ਜਾਂ ਫੇਰ ਤੁਸੀਂ ਉਨ੍ਹਾਂ ਨੂੰ ਕਹਿਣੇ ਓਂ ਕਿ ਕੱਲ੍ਹ ਤੋਂ ਐਸੇ ਟੈਮ ਈ ਐਥੇ ਆਜਿਆ ਕਰੋ? ਕੌਣ ਉਨ੍ਹਾਂ ਨੂੰ ਓਹੀ ਰਾਹ ਦਸਦੈ? ਜਾਂ ਫੇਰ ਉਹ ਫ਼ੋਨ ਤੇ ਮੈਪ ਲਾ ਕੇ ਆਉਂਦੇ ਐ? ਪਰਵਾਸੀ ਪੰਛੀਆਂ ਕੰਨੀ ਦੇਖਲੋ ਕਿਵੇਂ ਇੱਕ ਖ਼ਾਸ ਸਮੇਂ ਤੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਐ। ਦੁਬਾਰੇ ਫੇਰ ਓਹੀ ਥਾਂ ਤੇ ਵਾਪਸੀ। ਦੱਸੋ ਉਨ੍ਹਾਂ ਮੂਹਰੇ ਕੌਣ ਗੱਡੀ ਲਾ ਕੇ ਉਨ੍ਹਾਂ ਨੂੰ ਰਾਹ ਦਿਖਾਉਂਦੈ ਜਾਂ ਕਿਹੜੇ ਮੈਪ ਐ ਉਨ੍ਹਾਂ ਕੋਲੇ? ਕੁਦਰਤ ਕਮਾਲ ਐ, ਕਮਾਲ ਐ, ਕਮਾਲ ਐ।

ਕਦੇ ਤੁਸੀਂ ਘੁੱਗੀ-ਕਬੂਤਰ ਨੂੰ ਕਿਤਾਬ ਪੜ੍ਹਦੇ ਦੇਖਿਐ ਵੀ ਬੱਚੇ ਕਿਵੇਂ ਪਾਲੀਏ? ਸਭ ਆਪੇ ਹੋਈ ਜਾਂਦੈ ਨਾ।

ਸਾਡੇ ਘਰੇ ਜਾਮਣਾ ਦਾ ਬੂਟੈ। ਜਦੋਂ ਤਾਂ ਜਾਮਣਾ ਕੱਚੀਆਂ ਸੀ, ਓਦੋਂ ਤਾਂ ਕੋਈ ਜਨੌਰ ਨੀ ਆਇਆ, ਜਦੋਂ ਪੱਕਗੀਆਂ ਤਾਂ ਹੁਣ ਕਾਟੋਆਂ, ਬੁਲਬੁਲਾਂ, ਚਿੜੀਆਂ ਆਉਣ ਲਾਗੀਆਂ। ਹੁਣ ਦੱਸੋ ਇਨ੍ਹਾਂ ਨੂੰ ਕੀਹਨੇ ਸੁਨੇਹਾ ਲਾਇਆ ਸੀ ਵੀ ਆਜੋ ਜਾਮਣਾ ਪੱਕਗੀਆਂ। ਆਪੇ ਸਿਆਣੀਐਂ ਉਹ।

ਸੋ ਊਂਈਂ ਨਾ ਟਟੀਹਰੀਆਂ ਨੂੰ ਤੰਗ ਕਰੀ ਜਾਇਆ ਕਰੋ। ਥੋਡੇ ਤੋਂ ਕਿਤੇ ਵੱਧ ਸਿਆਣੀਐਂ ਉਹ। ਹਾਂ, ਜਾਨਵਰਾਂ ਵਾਸਤੇ ਪਾਣੀ ਦਾ ਪ੍ਰਬੰਧ ਕਰਦਿਓ, ਜੇ ਕੋਈ ਜ਼ਖ਼ਮੀ ਹੋਜੇ ਤਾਂ ਉਹਦੀ ਸੰਭਾਲ ਕਰਲੋ। ਪਰ ਉਨ੍ਹਾਂ ਨੂੰ ਇਹ ਨਾ ਸਿਖਾਓ ਵੀ ਤੂੰ ਧੁੱਪੇ ਬੈਠਣੈ ਕਿ ਛਾਵੇਂ, ਇਹ ਉਨ੍ਹਾਂ ਨੂੰ ਕੁਦਰਤ ਨੇ ਆਪੇ ਸਿਖਾਇਆ ਹੋਇਐ। ਤੁਸੀਂ ਨਾ ਟੈਂਨਸ਼ਨ ਲਓ।

Malkana Talks (Gurvinder Malkana)

02/06/2026

ਆਹ ਜਿਹੜੇ ਮੰਗਣ ਆਲੇ ਸਾਧੂ ਟਾਈਪ ਬਾਬੇ ਆਉਂਦੇ ਐ ਮੈਨੂੰ ਇਨ੍ਹਾਂ ਤੋਂ ਭੋਰਾ Problem ਨੀ। ਨਾ ਈ ਅਸੀਂ ਕਦੇ ਕਿਸੇ ਨੂੰ ਖਾਲੀ ਮੋੜਿਐ। ਆਟਾ, ਕਣਕ, ਪੈਸੇ ਜੋ ਵੀ ਮੰਗਦੇ ਐ, ਜਿੰਨੇ ਜੋਗੇ ਹੈਗੇ ਆਂ, ਦਿੰਨੇ ਆਂ। ਨਾ ਮੈਂ ਅੱਜ ਤੱਕ ਕਦੇ ਕਿਸੇ ਸਾਧੂ ਨਾਲ ਬਿਨ੍ਹਾਂ ਗੱਲੋਂ ਬਹਿਸ ਕੀਤੀ ਐ ਵੀ ਭਾਈ ਤੈਨੂੰ ਕਿੰਨਾ ਕੁ ਗਿਆਨ ਐਂ। ਨਾ ਮੈਂ ਅੱਜ ਤੱਕ ਕਦੇ ਕਿਸੇ ਸਾਧੂ ਨੂੰ ਨੀਵਾਂ ਦਿਖਾਉਣ ਵਾਸਤੇ ਉਹਨੂੰ ਸਵਾਲ-ਜਵਾਬ ਕੀਤੇ ਐ ਤੇ ਆਵਦਾ ਗਿਆਨ ਝਾੜਿਐ। ਪਰ ਮੈਨੂੰ Problem ਓਦੋਂ ਹੁੰਦੀ ਐ ਜਦੋਂ ਇਹ ਲੋਕਾਂ ਨੂੰ ਭਵਿੱਖ ਦੱਸਣ ਦੇ ਨਾਂ ਤੇ ਜਾਂ ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਦੇ ਨਾਂ ਤੇ ਉਨ੍ਹਾਂ ਤੋਂ ਪੈਸੇ ਮੰਗਦੇ ਐ, ਉਨ੍ਹਾਂ ਨੂੰ ਲੁਟਦੇ ਐ, ਉਨ੍ਹਾਂ ਨੂੰ ਵਹਿਮਾਂ 'ਚ ਪਾਉਂਦੇ ਐ।

ਕੱਲ੍ਹ ਦੀ ਗੱਲ ਐ। ਇੱਕ ਬਾਬੇ ਨੇ ਗਾ ਕੇ ਸਾਡੇ ਪਿੰਡ ਪ੍ਰਭਾਤ ਫੇਰੀ ਕੱਢੀ। ਫੇਰ ਪਿੰਡ 'ਚੋਂ ਪੈਸੇ ਮੰਗਣ ਲਾਗਿਆ। ਸਾਡੇ ਵੀ ਆ ਗਿਆ। ਮੈਂ ਪੈਸੇ ਦੇਤੇ। ਪੈਸੇ ਫੜ੍ਹ ਕੇ ਮੈਨੂੰ ਕਹਿੰਦਾ ਤੇਰਾ ਨਾਂ ਕੀ ਐ? ਮਖਿਆਂ ਗੁਰਵਿੰਦਰ ਸਿੰਘ। ਕਹਿੰਦਾ ਕਿੰਨੇ ਭਰਾ ਓਂ? ਮਖਿਆਂ ਇਹ ਤਾਂ ਤੁਸੀਂ ਬੁੱਝੋ। ਕਹਿੰਦਾ ਅਸੀਂ ਵਹਿਮਾ 'ਚ ਪਾਉਣ ਆਲੇ ਸਾਧੂ ਨੀ, ਅਸੀਂ "ਪੂਰੇ ਸਾਧੂ" ਆਂ ਤੇ ਪੂਰੇ ਸਾਧੂਆਂ ਦੇ ਵਚਨ ਪੂਰੇ ਹੁੰਦੇ ਐ। ਕਹਿੰਦਾ ਤੂੰ ਕਦੇ ਹਜੂਰ ਸਾਹਿਬ ਗਿਐਂ? ਮਖਿਆਂ ਨਾ। ਕਹਿੰਦਾ ਅਸੀਂ ਕੁਛ ਕੁ ਸਾਧੂ ਹਜੂਰ ਸਾਹਿਬ ਜਾ ਰਹੇ ਆਂ। ਤੈਨੂੰ ਦੋ ਦੇ ਨੀ ਕਹਿੰਦਾ, ਚਾਰ ਦੇ ਨੀ ਕਹਿੰਦਾ, ਬੱਸ ਇੱਕ ਸਾਧੂ ਦੇ ਪੈਰੀਂ ਜੁੱਤੀਆਂ ਪਾਉਣ ਲਈ ਪੈਸਿਆਂ ਦੀ ਸੇਵਾ ਕਰਦੇ, ਤੇਰੀ ਮਨੋਕਾਮਨਾ ਪੂਰੀ ਹੋਜੂ। ਮੈਨੂੰ ਮਨੋਕਾਮਨਾ ਆਲੀ ਗੱਲ ਤੇ ਖਿਝ ਜੀ ਚੜ੍ਹਗੀ। ਮਖਿਆਂ ਜੇ ਜੁੱਤੀਆਂ ਨਾਲ ਈ ਮਨੋਕਾਮਨਾ ਪੂਰੀ ਹੁੰਦੀ ਹੋਵੇ ਫੇਰ ਤਾਂ ਮੇਰੇ ਅਰਗਾ ਕਿਸੇ ਨਾ ਕਿਸੇ ਸਾਧੂ ਨੂੰ ਫੜ੍ਹਕੇ, ਪਵਾ ਕੇ ਜਿੰਮੀ ਚੂ, ਸਿੱਧਾ ਪ੍ਰਧਾਨ ਮੰਤਰੀ ਬਣਜੇ।

ਮਖਿਆਂ ਬਾਬਾ ਐਂ ਦੱਸ ਸਾਧੂਆਂ ਦੇ ਕਿਹੜੇ ਤਬਕੇ ਨਾਲ ਸੰਬੰਧਿਤ ਐਂ? ਕਹਿੰਦਾ ਮੇਰਾ ਨਾਂ ਗਿਰੀ ਨਾਥ ਐ। ਮਖਿਆਂ ਨਾਂ ਨੀ ਤਬਕਾ ਦੱਸ। ਬਾਬਾ ਚੁੱਪ। ਮਖਿਆਂ ਨਾਥਾਂ 'ਚੋਂ ਐਂ? ਕਹਿੰਦਾ ਹਾਂ। ਮਖਿਆਂ ਨਾਥ ਪ੍ਰੰਪਰਾ ਚਲਾਈ ਕੀਹਨੇ ਸੀ? ਬਾਬਾ ਚੁੱਪ। ਮਖਿਆਂ ਚੱਲ ਐਂ ਦੱਸ ਵੀ ਗੋਰਖ ਨਾਥ ਨੇ ਕੰਨ ਪਾੜ ਕੇ ਕੀ ਪ੍ਰਯੋਗ ਕੀਤਾ ਸੀ? (ਅਸਲ 'ਚ ਗੋਰਖ ਨਾਥ ਦਾ ਮੰਨਣਾ ਸੀ ਕਿ ਆਪਣੇ ਕੰਨਾਂ ਦੇ ਲਟਕਦੇ ਹਿੱਸੇ 'ਚ ਐਨਰਜੀ ਦਾ ਭੰਡਾਰ ਹੁੰਦੈ ਤੇ ਗੋਰਖ ਨਾਥ ਨੇ ਕੰਨਾਂ ਦਾ ਉਹ ਹਿੱਸਾ ਪਾੜ ਕੇ ਮੁੰਦਰਾਂ ਪਾਈਆਂ ਸੀ ਤੇ ਓਹੀ ਐਨਰਜੀ ਨੂੰ ਖਿੰਡਾ ਕੇ ਦਿਮਾਗ਼ ਨੂੰ ਚੜ੍ਹਾਉਣ ਦਾ ਪ੍ਰਯੋਗ ਕੀਤਾ ਸੀ) ਕਹਿੰਦਾ ਬੱਚਾ ਮੈਂ ਅਨਪੜ੍ਹ ਆਂ, ਮੈਂ ਗ੍ਰੰਥ ਨੀ ਪੜ੍ਰੇ। ਕਹਿੰਦਾ ਗੁਰਬਾਣੀ ਪੜ੍ਹੋ ਉਹਦੇ 'ਚ ਸਭ ਕੁਛ ਐ। ਮਖਿਆਂ ਬਾਬਾ ਗੁਰਬਾਣੀ 'ਚ ਤਾਂ ਸਭ ਕੁਛ ਹੈਗਾ ਈ ਐ, ਤੁਸੀਂ ਵੀ ਦੱਸੋ ਕੁਛ, ਤੁਸੀਂ "ਪੂਰੇ ਸਾਧੂ" ਓਂ। ਮਖਿਆਂ ਚਲ ਗੁਰਬਾਣੀ 'ਚੋਂ ਈ ਦੱਸਦਿਓ। ਗੁਰਬਾਣੀ 'ਚ ਇੱਕ ਪੰਕਤੀ ਐ ਕਿ:

ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥

ਮਖਿਆਂ ਆਈ ਪੰਥੀ ਦਾ ਕੀ ਮਤਲਬ ਐ, ਨਾਲੇ ਇਹ ਗੱਲ ਹੈਗੀ ਥੋਡੇ ਨਾਥਾਂ ਨਾਲ ਸੰਬੰਧਿਤ ਐ। ਕਹਿੰਦਾ ਬੱਚਾ ਮੈਂ ਦੱਸ ਤਾਂ ਦਿੱਤਾ ਵੀ ਮੈਂ ਗ੍ਰੰਥ ਨੀ ਪੜ੍ਹੇ।

(ਗੋਰਖ ਨਾਥ ਨੇ ਆਵਦੇ ਅਨੁਆਈਆਂ ਦੀ ਬਿਰਤੀ ਅਨੁਸਾਰ ਉਨ੍ਹਾਂ ਨੂੰ 12 ਪੰਥਾਂ 'ਚ ਵੰਡਿਆ ਸੀ ਤੇ ਉਨ੍ਹਾਂ 'ਚੋਂ "ਆਈ ਪੰਥੀ" ਸਭ ਤੋਂ ਮਸ਼ਹੂਰ ਹੋਇਐ)

ਮਖਿਆਂ ਬਾਬਾ ਫੇਰ ਲੋਕਾਂ ਨੂੰ ਭਰਮਾਂ 'ਚ ਕਿਉਂ ਪਾਉਣੇ ਓਂ, ਸਿੱਧਾ ਕਿਉਂ ਨੀ ਮੰਗਦੇ? ਕਿਉਂ ਇਹ ਦਾਅਵਾ ਕਰਦੇ ਓਂ ਕਿ ਸਾਡੇ ਪੈਰੀਂ ਜੁੱਤੀ ਪਵਾ ਕੇ ਥੋਡੀ ਮਨੋਕਾਮਨਾ ਪੂਰੀ ਹੋਜੂ? ਕਿਉਂ ਕਹਿਣੇ ਓਂ ਕਿ ਅਸੀਂ ਪੂਰੇ ਸਾਧੂ ਆਂ ਤੇ ਪੂਰੇ ਸਾਧੂਆਂ ਦੇ ਵਚਨ ਪੂਰੇ ਹੁੰਦੇ ਐ?

ਐਨੀ ਗੱਲ ਸੁਣ ਕੇ ਬਾਬੇ ਦਾ ਰੰਗ ਉੱਡਗਿਆ ਤੇ ਕੋਈ ਗੱਲ ਨਾ ਔੜੇ। ਕਹਿੰਦਾ ਬੱਚਾ ਮੈਂ ਦੱਸ ਤਾਂ ਦਿੱਤਾ ਵੀ ਮੈਂ ਕੁਛ ਨੀ ਪੜ੍ਹਿਆ। ਮੈਂ ਤਾਂ ਜੱਟ ਸਾਧੂ ਆਂ।

ਮਖਿਆਂ ਬਾਬਾ "ਜੱਟ ਸਾਧੂ" ਤੇ "ਜੱਟ ਸੌਦਾ" ਇੱਕੋ ਗੱਲ ਐ। ਜਿਵੇਂ ਆਪਾਂ ਕਹਿ ਦਿੰਨੇ ਆਂ ਕਿ ਜੱਟ ਸੌਦਾ, ਮਤਲਬ ਸਿੱਧਾ-ਸਿੱਧਾ ਸ੍ਹਾਬ੍ਹ, ਕੋਈ ਡੂੰਘਾਈ ਆਲੀ ਗੱਲ ਨੀ, ਬੱਸ ਉੱਤੋਂ-ਉੱਤੋਂ। ਓਹੀਂ ਗੱਲ ਥੋਡੀ ਐ। ਕੋਈ ਗਹਿਰਾਈ ਨੀ, ਸਿੱਧਾ-ਸਿੱਧਾ ਸ੍ਹਾਬ੍ਹ, ਉੱਤੋਂ-ਉੱਤੋਂ ਸਾਧੂ, ਬੱਸ ਕੱਪੜੇ ਪਾ ਲੇ ਕੱਲੇ, ਪਰ ਦਾਅਵਾ ਪੂਰੇ ਸਾਧੂ ਹੋਣ ਦਾ।

ਮਖਿਆਂ ਬਾਬਾ ਜੇ ਗ੍ਰੰਥ ਪੜ੍ਹੇ ਹੁੰਦੇ ਫੇਰ ਪਹਿਲੀ ਗੱਲ ਤਾਂ ਲੋਕਾਂ ਨੂੰ ਗੁਮਰਾਹ ਕਰਕੇ ਪੈਸੇ ਲੈਣ ਆਲੀ ਦੌੜ ਈ ਮੁੱਕੀ ਹੁੰਦੀ। ਚਲੋ ਜੇ ਪੈਸੇ ਦਾ ਲਾਲਚ ਹੁੰਦਾ ਵੀ ਤਾਂ ਤੈਨੂੰ ਦਸ-ਦਸ ਰੁਪੀਆਂ ਵਾਸਤੇ ਲੋਕਾਂ ਦੇ ਕੌਲਿਆਂ 'ਚ ਨਾ ਵੱਜਣਾ ਪੈਂਦਾ, ਤੈਨੂੰ ਇੱਕ ਥਾਂ ਬੈਠੇ ਨੂੰ ਪੈਸੇ ਤਾਂ ਲੋਕ ਆਪ ਆ ਕੇ ਦੇਕੇ ਜਾਂਦੇ। ਹੁਣ ਨੂੰ ਤਾਂ ਤੇਰੇ ਫੋਨ ਤੇ ਕਰਨ ਔਜਲੇ ਦੀ ਟੋਨ ਲੱਗੀ ਹੋਣੀ ਸੀ ਕਿ :-

ਟੌਮ ਫੋਡ ਪਾਵਾਂ ਚਾਹੇ ਕੁੜਤਾ ਸਵਾਵਾਂ ਕੁੜੇ
ਪੈਰਿਸ ਤੋਂ ਕੱਪੜਾ ਮੰਗਾਉਂਦਾ ਦਰਜੀ
ਆਹ ਦੇ LV print ਕੁੜੇ 10K ਦਾ ਆਵੇ
ਆਹ ਦੇ ਬੈਗ ਫੁੱਲ ਕੈਸ਼ ਚਾਲੀ ਮਿੰਟ 'ਚ ਕਮਾਵੇ
ਆਹ ਦੇ ਲੈਂਬੋ ਥੱਲੇ ਜੱਟ ਦੇ ਨੀ ਢਾਈ ਸੌ ਤੇ ਜਾਵੇ ...

Malkana Talks (ਗੁਰਵਿੰਦਰ ਮਲਕਾਣਾ)

ਬਹੁਤ ਵਧੀਆ।
25/05/2026

ਬਹੁਤ ਵਧੀਆ।

ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ
ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ
ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ।

ਮਰਹੂਮ ਸੁਰਜੀਤ ਪਾਤਰ ਦੀ ਇਹ ਰਚਨਾ ਸਾਨੂੰ ਝੰਜੋੜ ਕੇ ਰੱਖ ਦਿੰਦੀ।

ਵਿਦੇਸ਼ਾਂ ਵਿੱਚ ਰੋਜੀ ਲਈ ਸੰਘਰਸ਼ ਕਰਨ ਗਈ ਔਲਾਦ ਤਾਂ ਮਾਂ ਦੇ ਸਿਵੇ ਦੀ ਅਗਣ ਸੇਕਦੀ ਹੀ ਹੈ ਪਰ ਕਈ ਵਾਰ ਵਕਤ ਦੀ ਅਣਹੋਣੀ ਇਧਰ ਵਸਦੇ ਮਾਪਿਆਂ ਨੂੰ ਵੀ ਪਰਦੇਸਾਂ ਵਿੱਚ ਰੁਜ਼ਗਾਰ ਲਈ ਗਈ ਆਪਣੇ ਬੱਚਿਆਂ ਦੀਆਂ ਲਾਸ਼ਾਂ ਲਿਆਉਣ ਤੱਕ ਦੇ ਸੰਘਰਸ਼ ਦੇ ਉਸ ਪਹਾੜੋਂ ਵੱਡੇ ਦੁੱਖ ਲਈ ਮਜਬੂਰ ਕਰ ਦਿੰਦੀ ਹੈ, ਜਿਸ ਬਾਰੇ ਸੋਚ ਕੇ ਵੀ ਕਲੇਜਾ ਮੂੰਹ ਨੂੰ ਆਉਂਦਾ ਹੈ।

ਮਾਤਰ ਕਲਪਨਾ ਤੋਂ ਪਰੇ ਸੱਚੀਆਂ ਘਟਨਾਵਾਂ ਨੂੰ ਸਮਰਪਿਤ ਇਹ ਗੀਤ ਬੜਾ ਹੀ ਭਾਵੁਕ ਕਰ ਦੇਣ ਵਾਲਾ ਹੈ।

ਪਿਛਲੇ ਦਿਨੀ ਆਜ਼ਾਦ ਧੂਰਕੋਟ ਦਾ ਲਿਖਿਆ ਤੇ ਜਗਮੀਤ ਦਾ 'Putt Vs Pardesh' ਨਾਮ ਦਾ ਗੀਤ ਅਚਾਨਕ ਸਾਹਮਣੇ ਆਇਆ ਤਾਂ ਮੈਂ ਸ਼ੇਅਰ ਕੀਤੇ ਬਿਨਾ ਰਹਿ ਨਾ ਸਕਿਆ।

(Links in the CB)

Jacknama - ਜੈਕਨਾਮਾ

17/05/2026

ਊਂ ਤਾਂ ਕੁਦਰਤ ਦਾ ਕੰਮ Perfect ਈ ਆ ਪਰ ਇੱਕ ਕਮੀਂ ਐਂ, ਉਹ ਇਹ ਐ ਕਿ ਬੰਦੇ ਦੀ ਮੌਤ ਤੋਂ ਚਾਰ-ਪੰਜ ਸਾਲਾਂ ਬਾਅਦ ਉਹ ਮਹੀਨੇ ਕੁ ਲਈ ਦੁਬਾਰੇ ਧਰਤੀ ਤੇ ਆਵੇ ਤੇ ਕਰਨਾ ਉਹਨੇ ਕੁਛ ਨਾ ਹੋਵੇ, ਬੱਸ ਮੰਜਾ ਡਾਹ ਕੇ ਆਵਦੇ ਘਰਦੇ ਕੰਮ ਹੁੰਦੇ ਦੇਖਣੇ ਹੋਣ।

ਇਹਦੇ ਨਾਲ ਉਨ੍ਹਾਂ ਲੋਕਾਂ ਦਾ ਹੰਕਾਰ ਟੁੱਟ ਕੇ ਚੂਰ ਹੋ ਹੋਜੂ ਜਾਂ ਭੁਲੇਖਾ ਨਿਕਲਜੂ, ਜਿਹੜੇ ਆਵਦੇ ਟੱਬਰ ਨੂੰ ਕਹਿੰਦੇ ਹੁੰਦੇ ਐ ਕਿ ਥੋਨੂੰ ਮੇਰੇ ਗਏ ਤੋਂ ਬਾਅਦ ਪਤਾ ਲੱਗੂ। ਮੈਨੂੰ ਐਹੇ ਜੇ ਬੰਦਿਆਂ ਤੇ ਤਰਸ ਆਉਂਦੈ ਕਿ ਇਹ ਕਿੰਨੇ ਵੱਡੇ ਭੁਲੇਖੇ 'ਚ ਤੁਰੇ ਫਿਰਦੇ ਐ। ਕਦੇ ਕਿਸੇ ਦੇਣ ਜਾਣ ਨਾਲ ਦੁਨੀਆਂ ਰੁਕੀ ਐ?

ਮੈਂ ਇੱਕ ਗੱਲ ਨੋਟ ਕੀਤੀ ਐ ਕਿ ਜਿਹੜੇ ਸੱਚੀਓਂ ਵਧੀਆ ਬੰਦੇ ਹੁੰਦੇ ਐ, ਉਹ ਇਹ ਗੱਲ ਆਵਦੇ ਮੂੰਹੋਂ ਕਦੇ ਨੀ ਕਹਿੰਦੇ ਤੇ ਉਨ੍ਹਾਂ ਦੇ ਜਾਣ ਮਗਰੋਂ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦਾ ਘਾਟਾ ਵੀ ਮਹਿਸੂਸ ਕਰਦੈ ਤੇ ਉਨ੍ਹਾਂ ਨੂੰ ਯਾਦ ਵੀ ਰਖਦੈ।

"ਮੇਰੇ ਬਿਨ੍ਹਾਂ ਕੀ ਬਣੂੰ" ਆਲੀ ਗੱਲ ਸਿਰਫ਼ ਉਹ ਬੰਦੇ ਕਹਿੰਦੇ ਐ ਜਿਹੜੇ ਜਾਂ ਤਾਂ ਹੰਕਾਰ ਨਾਲ ਭਰੇ ਹੁੰਦੇ ਐ ਤੇ ਜਾਂ ਫਿਰ ਕਿਸੇ ਬਹੁਤ ਵੱਡੇ ਭੁਲੇਖੇ 'ਚ ਤੁਰੇ ਫ਼ਿਰਦੇ ਹੁੰਦੇ ਐ। ਉਨ੍ਹਾਂ ਨੂੰ ਲਗਦੈ ਕਿ ਸਾਡੀ ਮੌਤ ਤੋਂ ਬਾਅਦ ਪਤਾ ਨੀ ਪਰਿਵਾਰ ਈ ਰੁਲਜੂ। ਪਰ ਹੋਣਾ ਕੀ ਹੁੰਦੈ, ਉਹ ਆਪਾਂ ਨੂੰ ਪਤਾ ਈ ਐ। ਮੌਤ ਤੋਂ ਲੈ ਕੇ ਭੋਗ ਤੱਕ ਉਨ੍ਹਾਂ ਦੇ ਪਰਿਵਾਰ ਦੇ ਸਿਰਫ਼ ਰੁਟੀਨ 'ਚ ਫ਼ਰਕ ਪੈਂਦੈ, ਹੋਰ ਕੱਖ ਨੀ ਹੁੰਦਾ। ਭੋਗ ਤੋਂ ਬਾਅਦ ਜਦੋਂ ਸੁਆਹ ਪਾਣੀ 'ਚ ਤੇਰ ਦਿੰਦੇ ਐ ਤਾਂ ਮੁੜਕੇ ਗੱਡੀ ਫੇਰ ਓਸੇ ਲੀਹ ਤੇ ਚੱਲ ਪੈਂਦੀ ਐ। ਓਹੀ ਨਿੱਤ ਦੇ ਕੰਮ-ਕਾਰ, ਓਹੀ ਹਾਸਾ-ਮਜ਼ਾਕ।

ਮੈਂ ਕਈ ਪਰਿਵਾਰ ਐਹੇ ਜੇ ਦੇਖੇ ਐ ਜਿਹੜੇ ਐਹੇ ਜੇ ਬੰਦਿਆਂ ਦੇ ਜਾਣ ਤੋਂ ਬਾਅਦ ਸੁਖੀ ਹੋਗੇ, ਤਰੱਕੀ 'ਚ ਹੋਗੇ ਪਰ ਮਰਨ ਆਲੇ ਨੇ ਮਰਨ ਵੇਲੇ ਕੀ ਸੋਚਿਆ, ਹੁਣ ਦੇਖੂੰ ਕੀ ਬਣੂੰ ਇਨ੍ਹਾਂ ਦਾ।

ਕੇਰਾਂ ਇੱਕ ਬਾਬਾ ਕਰੀ ਜਾਵੇ ਅਕੇ ਮੇਰੇ ਜਾਣ ਤੋਂ ਬਾਅਦ ਸਾਡੇ ਟੱਬਰ ਨੂੰ ਮੱਝਾਂ ਸਾਂਭਣ ਦਾ ਈ ਔਖਾ ਹੋਜੂ। ਕਹਿੰਦਾ ਕੱਲ੍ਹ ਰਾਤ ਨੂੰ ਸਾਡੀ ਮੱਝ ਖੁੱਲ੍ਹਗੀ। ਸਾਰੇ ਸੁੱਤੇ ਪਏ। ਮੈਂ ਬੰਨ੍ਹੀ। ਜੇ ਮੈਂ ਨਾ ਹੁੰਦਾ ਤਾਂ ਮੱਝ ਨੇ ਪੱਖੇ ਨਾਲ ਲੱਗ ਕੇ ਮਰ ਜਾਣਾ ਸੀ। ਇਨ੍ਹਾਂ ਤੋਂ ਮੇਰੇ ਬਾਅਦ ਮੱਝਾਂ ਈ ਨੀ ਲੋਟ ਆਉਣੀਆਂ, ਇਹ ਊਂਈਂ ਮਾਰ ਲੈਣਗੇ ਇਨ੍ਹਾਂ ਨੂੰ।

ਹੁਣ ਬਾਬੇ ਨੂੰ ਕੌਣ ਸਮਝਾਵੇ ਵੀ ਭੁਲੇਖੇ ਆਲੇ ਪਰਦੇ ਲਾਹ ਕੇ Human Mind ਨੂੰ ਸਮਝ ਬਾਬਾ। ਜਦੋਂ ਇਹਨੂੰ ਪਤਾ ਹੁੰਦੈ ਕਿ ਮੂਹਰੇ ਸਾਂਭਣ ਆਲਾ ਬੈਠੈ, ਤਾਂ ਇਹ ਆਪਣੇ-ਆਪ ਈ Relax Mode 'ਚ ਵਗ ਜਾਂਦੈ ਤੇ ਜਦੋਂ ਇਹਨੂੰ ਇਹ ਪਤਾ ਲੱਗਜੇ ਵੀ ਆਹ ਜਿੰਮੇਵਾਰੀ ਮੇਰੀ ਐ, ਮੈਨੂੰ ਕਰਨਾ ਪਊ ਇਹ, ਤਾਂ ਇਹ ਆਪਣੇ ਆਪ ਈ Active ਹੋ ਜਾਂਦੈ। ਬਿਲਕੁੱਲ ਓਵੇਂ ਜਿਵੇਂ ਬੱਸ 'ਚ ਸਫ਼ਰ ਕਰਨ ਵੇਲੇ ਡਰਾਈਵਰ ਦਾ Mind Active ਹੁੰਦੈ, ਕਿਉਂਕਿ ਉਹਨੂੰ ਪਤਾ ਹੁੰਦੈ ਕਿ ਬੱਸ ਚਲਾਉਣ ਦੀ ਜ਼ਿੰਮੇਵਾਰੀ ਮੇਰੀ ਐ ਤੇ ਪਿੱਛੇ ਬੈਠੀਆਂ ਸਵਾਰੀਆਂ ਜਮਾਂ Relax ਹੁੰਦੀਐਂ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦੈ ਕਿ ਸਟੇਰਿੰਗ ਸਾਂਭਣ ਆਲਾ ਹੈਗੈ।
ਤੇ ਜਦੋਂ ਓਹੀ ਸਵਾਰੀਆਂ ਆਵਦੀ ਕੋਈ ਕਾਰ ਜਾਂ ਮੋਟਰਸਾਈਕਲ ਚਲਾਉਂਦੀਐਂ ਤਾਂ ਓਸ ਵੇਲੇ ਉਨ੍ਹਾਂ ਦਾ Mind Active ਹੁੰਦੈ ਕਿਉਂਕਿ ਉਨ੍ਹਾਂ ਨੂੰ ਪਤਾ ਹੁੰਦੈ ਕਿ ਹੁਣ ਜ਼ਿੰਮੇਵਾਰੀ ਸਾਡੀ ਐ।

ਸੋ ਬਾਬਾ ਤੂੰ ਊਂਈਂ ਨਾ Tension ਲੈ, Relax ਹੋ ਕੇ ਜਾਹ ਦੁਨੀਆਂ ਤੋਂ, ਮੱਝਾਂ-ਮੁੱਝਾਂ ਆਪੇ ਸੰਭਦੀਆਂ ਫਿਰਨਗੀਆਂ।

ਬੱਸ ਏਸੇ ਕਰਕੇ ਮੈਨੂੰ ਲਗਦੈ ਵੀ ਮਰਨ ਤੋਂ ਬਾਅਦ ਬੰਦਾ ਮਹੀਨੇ ਕੁ ਵਾਸਤੇ ਇੱਕ ਵਾਰੀ ਧਰਤੀ ਤੇ ਜਰੂਰ ਆਵੇ ਤਾਂ ਕਿ ਆਵਦੇ ਅੱਖੀਂ ਦੇਖਲੇ ਕਿ ਮੇਰੇ ਜਾਣ ਤੋਂ ਬਾਅਦ ਵੀ ਸਾਰਾ ਕੁਛ ਦੇਖ ਕਿੰਨਾ ਵਧੀਆ ਚੱਲੀ ਜਾਂਦੈ, ਮੈਂ ਕਿੱਡੇ ਵੱਡੇ ਭੁਲੇਖੇ 'ਚ ਸੀ।

ਬਾਕੀ ਜੀਹਨੂੰ ਵੀ ਇਹ ਗੱਲ ਲਗਦੀ ਐ ਕਿ ਮੇਰੇ ਮਰਨ ਤੋਂ ਬਾਅਦ ਆਹ ਹੋਜੂ, ਓਹ ਹੋਜੂ, ਟੱਬਰ ਰੁਲਜੂ, ਟੱਬਰ ਭੁੱਖਾ ਮਰਜੂ, ਇਨ੍ਹਾਂ ਨੂੰ ਕੌਣ ਪੁੱਛੂ .... ਉਹ ਆਵਦੇ ਕਮਰੇ 'ਚ ਜਮਾਂ ਸਾਹਮਣੀ ਕੰਧ ਤੇ ਸੁਰਜੀਤ ਪਾਤਰ ਜੀ ਦਾ ਆਹ ਸ਼ੇਅਰ ਸ਼ੀਸ਼ੇ 'ਚ ਜੜਾ ਕੇ ਲਾ ਲੋ :-

ਦੁਨੀਆਂ ਨੇ ਵਸਦੀ ਰਹਿਣਾ ਏ ਸਾਡੇ ਬਗੈਰ ਵੀ
ਤੂੰ ਐਵੇ ਤਪਿਆ, ਤੜਪਿਆ ਤੇ ਉਲਝਿਆ ਨਾ ਕਰ।

Malkana Talks (Gurvinder Malkana)

17/04/2026

ਬਹੁਤੇ ਲੋਕ ਸਾਰੀ ਉਮਰ ਇਹ ਬਿਮਾਰੀ ਲਾਈ ਰਖਦੇ ਐ ਕਿ ਮੈਂ ਸਭ ਨੂੰ ਖ਼ੁਸ਼ ਕਰਨੈ, ਸਾਰੇ ਮੈਨੂੰ ਚੰਗਾ ਕਹਿਣ।

ਇਹ ਵੀ ਇੱਕ ਤਰ੍ਹਾਂ ਦੀ ਗੁਲਾਮੀ ਹੀ ਐ। ਜਿਹੜਾ ਬੰਦਾ ਇਹ ਚੱਕਰ 'ਚ ਫ਼ਸ ਜਾਂਦੈ ਉਹ ਆਵਦੀ ਜ਼ਿੰਦਗੀ ਦਾ ਸਵਾਦ ਆਪ ਖ਼ਰਾਬ ਕਰਦੈ।

ਦੇਬੀ ਮਖ਼ਸੂਸਪੁਰੀ ਦਾ ਸ਼ੇਅਰ ਐ :-

ਦੇਬੀ ਤੇਰੀ ਕੀ ਔਕਾਤ ਇਨ੍ਹਾਂ ਨਿੰਦਕਾਂ ਨੇ
ਪੀਰ-ਫ਼ਕੀਰ ਨਾ ਬਖ਼ਸ਼ੇ, ਗੁਰੂ-ਅਵਤਾਰ ਨਾ ਛੱਡੇ।

ਤੇ ਤੁਸੀਂ ਲੋਕਾਂ ਤੋਂ ਸਭ ਤੋਂ ਚੰਗੇ ਹੋਣ ਦਾ ਸਰਟੀਫਿਕੇਟ ਭਾਲਦੇ ਓਂ? ਨਿਕਲਿਆ ਆਓ ਭੁਲੇਖੇ 'ਚੋਂ।

ਬੱਸ ਆਵਦੀ ਨਿਗ੍ਹਾ 'ਚ ਸਹੀ ਰਹੋ, ਇਮਾਨਦਾਰ ਰਹੋ, ਰਾਤ ਨੂੰ ਨੀਂਦ ਸੌਖੀ ਆਜੇ। ਇਹ ਨਾ ਹੋਵੇ ਕਿ ਥੋਨੂੰ ਥੋਡੇ ਕੀਤੇ ਕੰਮਾਂ ਕਰਕੇ ਹੀ ਬੇਚੈਨੀ ਹੋਵੇ ਤੇ ਸੁੱਖ ਦੀ ਨੀਂਦ ਨਾਂ ਆਵੇ। ਬੱਸ ਐਨਾ ਈ ਬਹੁਤ ਐ।

Malkana Talks (ਗੁਰਵਿੰਦਰ ਮਲਕਾਣਾ)

Address

Malkana

Website

Alerts

Be the first to know and let us send you an email when Malkana Talks posts news and promotions. Your email address will not be used for any other purpose, and you can unsubscribe at any time.

Contact The Business

Send a message to Malkana Talks:

Shortcuts

Share