09/10/2025
ਇੱਕ ਰਾਜਾ ਸ਼ਿਕਾਰ ਨੂੰ ਨਿਕਲਿਆ ਸੀ। ਜੰਗਲ ਵਿੱਚ ਰਸਤਾ ਭਟਕ ਗਿਆ, ਰਾਤ ਹੋ ਗਈ, ਆਪਣੇ ਸਾਥੀਆਂ ਨਾਲੋਂ ਵਿਛੜ ਗਿਆ। ਦੂਰ ਥੋੜਾ ਜਿਹਾ ਪ੍ਰਕਾਸ਼ ਦਿਖਾਈ ਦਿੱਤਾ, ਉਸ ਪਾਸੇ ਗਿਆ ਤਾਂ ਦੇਖਿਆ ਕਿ ਜੰਗਲ ਦੇ ਵਿੱਚ ਹੀ ਇੱਕ ਛੋਟੀ ਜਿਹੀ ਸਰਾਂ ਸੀ। ਉਹ ਉਸ ਵਿੱਚ ਠਹਿਰਿਆ।
ਸਵੇਰੇ ਉਸਨੇ ਉਸ ਸਰਾਂ ਦੇ ਮਾਲਕ ਨੂੰ ਕਿਹਾ, ਕੀ ਕੁਝ ਆਂਡੇ ਮਿਲ ਸਕਦੇ ਹਨ? ਆਂਡੇ ਉਪਲਬਧ ਸਨ। ਉਸਨੇ ਸਵੇਰੇ ਦੋ ਆਂਡੇ ਲਏ, ਦੁੱਧ ਲਿਆ ਅਤੇ ਮਗਰੋਂ ਪੁੱਛਿਆ ਕਿ ਕਿੰਨੇ ਪੈਸੇ ਹੋ ਗਏ? ਉਸ ਸਰਾਂ ਦੇ ਬੁੱਢੇ ਮਾਲਕ ਨੇ ਕਿਹਾ ਇੱਕ ਹਜ਼ਾਰ ਰੁਪਏ।
ਉਹ ਰਾਜਾ ਹੈਰਾਨ ਹੋ ਗਿਆ। ਉਸਨੇ ਬੜੀਆਂ ਮਹਿੰਗੀਆਂ ਚੀਜ਼ਾਂ ਜੀਵਨ ਵਿੱਚ ਖਰੀਦੀਆਂ ਸਨ ਪਰ ਦੋ ਆਂਡਿਆਂ ਦੀ ਕੀਮਤ ਇੱਕ ਹਜ਼ਾਰ ਰੁਪਏ ਹੋਵੇਗੀ, ਇਸਦੀ ਉਸਨੂੰ ਕਲਪਨਾ ਵੀ ਨਹੀਂ ਸੀ। ਉਸਨੇ ਉਸ ਸਰਾਂ ਦੇ ਮਾਲਕ ਨੂੰ ਕਿਹਾ, ਆਰ ਐਗਜ ਸੋ ਰੇਅਰ ਹਿਅਰ? ਕੀ ਆਂਡੇ ਇਥੇ ਇੰਨੀ ਮੁਸ਼ਕਿਲ ਨਾਲ ਮਿਲਦੇ ਹਨ ਕਿ ਹਜ਼ਾਰ ਰੁਪਏ ਉਹਨਾਂ ਦੀ ਕੀਮਤ ਹੈ?
ਉਹ ਬੁੱਢਾ ਮਾਲਕ ਹੱਸਿਆ ਅਤੇ ਉਸਨੇ ਕਿਹਾ, ਐਗਜ ਆਰ ਨੋਟ ਰੇਅਰ ਸਰ ਬਟ ਕਿੰਗਸ ਆਰ। ਉਸਨੇ ਕਿਹਾ, ਆਂਡੇ ਤਾਂ ਇੱਥੇ ਮੁਸ਼ਕਿਲ ਨਾਲ ਨਹੀਂ ਮਿਲਦੇ ਪਰ ਰਾਜੇ ਬੜੀ ਮੁਸ਼ਕਿਲ ਨਾਲ ਮਿਲਦੇ ਹਨ।
ਉਸ ਰਾਜੇ ਨੇ ਹਜ਼ਾਰ ਰੁਪਏ ਕੱਢੇ ਅਤੇ ਦੇ ਦਿੱਤੇ। ਉਸ ਬੁੱਢੇ ਸਰਾਂ ਦੇ ਮਾਲਕ ਦੀ ਪਤਨੀ ਬਹੁਤ ਹੈਰਾਨ ਹੋਈ। ਰਾਜੇ ਦੇ ਜਾਂਦਿਆਂ ਹੀ ਉਸਨੇ ਪੁੱਛਿਆ ਕਿ ਹੱਦ ਹੋ ਗਈ, ਤੂੰ ਹਜ਼ਾਰ ਰੁਪਏ ਕਢਾ ਲਏ ਉਸ ਰਾਜੇ ਦੇ ਖੀਸੇ ਵਿੱਚੋਂ ਦੋ ਆਂਡਿਆਂ ਦੇ ਬਦਲੇ। ਕਿਹੜੀ ਤਰਕੀਬ ਵਰਤੀ ਸੀ? ਇਸ ਦਾ ਰਹੱਸ ਕੀ ਹੈ?
ਉਹ ਬੁੱਢਾ ਆਦਮੀ ਬੋਲਿਆ, ਮੈਂ ਆਦਮੀ ਦੀ ਕਮਜ਼ੋਰੀ ਜਾਣਦਾ ਹਾਂ।
ਉਸ ਔਰਤ ਨੇ ਪੁੱਛਿਆ, ਇਹ ਆਦਮੀ ਦੀ ਕਮਜ਼ੋਰੀ ਕੀ ਹੈ?
ਉਹ ਬੁੱਢਾ ਬੋਲਿਆ, ਮੈਂ ਤੈਨੂੰ ਇੱਕ ਹੋਰ ਘਟਨਾ ਸੁਣਾਉਂਦਾ ਹਾਂ, ਉਸ ਨਾਲ ਸ਼ਾਇਦ ਤੈਨੂੰ ਆਦਮੀ ਦੀ ਕਮਜ਼ੋਰੀ ਸਮਝ ਵਿੱਚ ਆ ਜਾਵੇ।
ਮੈਂ ਜਵਾਨ ਸੀ ਅਤੇ ਮੈਂ ਇੱਕ ਬਹੁਤ ਵੱਡੇ ਸਮਰਾਟ ਦੇ ਦਰਬਾਰ ਵਿੱਚ ਗਿਆ। ਮੈਂ ਇੱਕ ਪੰਜ ਰੁਪਏ ਦੀ ਸਸਤੀ ਜਿਹੀ ਪੱਗ ਖਰੀਦੀ ਸੀ।
ਪਰ ਉਸ ਨੂੰ ਬਹੁਤ ਵਧੀਆ ਢੰਗ ਨਾਲ ਰੰਗਵਾਇਆ ਸੀ, ਬੜੇ ਚਮਕਦਾਰ ਉਸਦੇ ਰੰਗ ਸਨ। ਮੈਂ ਉਹ ਪੱਗ ਬੰਨ ਕੇ ਦਰਬਾਰ ਵਿੱਚ ਪਹੁੰਚਿਆ। ਉਸ ਦੇਸ਼ ਵਿੱਚ ਮੈਂ ਅਜਨਬੀ ਸੀ। ਰਾਜੇ ਨੇ ਦਰਬਾਰ ਵਿੱਚ ਮੇਰੀ ਪੱਗ ਵੇਖਦਿਆਂ ਹੀ ਪੁੱਛਿਆ, ਇਸ ਪੱਗ ਦਾ ਕੀ ਮੁੱਲ ਹੈ?
ਮੈਂ ਕਿਹਾ ਇੱਕ ਹਜ਼ਾਰ ਸੋਨੇ ਦੇ ਸਿੱਕੇ। ਉਹ ਰਾਜਾ ਹੱਸਿਆ ਤੇ ਬੋਲਿਆ ਕੀ ਕਹਿੰਦੇ ਹੋ, ਇੱਕ ਹਜ਼ਾਰ ਸੋਨੇ ਦੇ ਸਿੱਕੇ? ਅਤੇ ਉਦੋਂ ਹੀ ਉਸਦੇ ਵਜ਼ੀਰ ਨੇ ਉਸ ਦੇ ਕੰਨ ਵਿੱਚ ਕਿਹਾ, ਮਹਾਰਾਜ, ਹੁਸ਼ਿਆਰ ਰਹੋ, ਇਹ ਆਦਮੀ ਬੜਾ ਚਲਾਕ ਮਾਲੂਮ ਹੁੰਦਾ ਹੈ। ਦੋ ਚਾਰ ਰੁਪਏ ਦੀ ਪੱਗ ਹੈ ਅਤੇ ਹਜ਼ਾਰ ਸੋਨੇ ਦੇ ਸਿੱਕੇ ਕੀਮਤ ਦੱਸ ਰਿਹਾ ਹੈ। ਕੋਈ ਠੱਗ ਮਾਲੂਮ ਹੁੰਦਾ ਹੈ।
ਉਸ ਬੁੱਢੇ ਆਦਮੀ ਨੇ ਕਿਹਾ, ਮੈਂ ਸਮਝ ਗਿਆ ਕਿ ਵਜ਼ੀਰ ਕੀ ਕਹਿ ਰਿਹਾ ਹੈ। ਕਿਉਂਕਿ ਵਜ਼ੀਰ ਰਾਜੇ ਨੂੰ ਠੱਗਦਾ ਰਿਹਾ ਹੋਵੇਗਾ। ਉਹ ਦੂਜੇ ਠੱਗ ਨੂੰ ਪਸੰਦ ਨਹੀਂ ਕਰੇਗਾ ਪਰ ਮੈਂ ਉਦੋਂ ਹੀ ਕਿਹਾ ਕਿ ਮੈਂ ਜਾਂਦਾ ਹਾਂ ਫਿਰ।
ਰਾਜੇ ਨੇ ਪੁੱਛਿਆ, ਸਹੀ ਦੱਸੋ, ਤੁਸੀਂ ਕਿਉਂ ਆਏ ਅਤੇ ਹੁਣ ਕਿਉਂ ਚੱਲੇ ਹੋ?
ਤਾਂ ਮੈਂ ਕਿਹਾ, ਮੈਂ ਜਿਸ ਆਦਮੀ ਕੋਲੋਂ ਇਹ ਪੱਗ ਖਰੀਦੀ ਸੀ, ਮੈਂ ਵੀ ਡਰਿਆ ਸੀ ਅਤੇ ਮੈਂ ਵੀ ਕਿਹਾ ਸੀ, ਇੱਕ ਹਜਾਰ ਸੋਨੇ ਦੇ ਸਿੱਕੇ? ਤਾਂ ਉਹ ਆਦਮੀ ਮੈਨੂੰ ਬੋਲਿਆ ਸੀ, ਇਸ ਧਰਤੀ ਉੱਤੇ ਇੱਕ ਅਜਿਹਾ ਸਮਰਾਟ ਵੀ ਹੈ ਜੋ ਇਸਦੇ ਬਦਲੇ ਪੰਜ ਹਜ਼ਾਰ ਸੋਨੇ ਦੇ ਸਿੱਕੇ ਵੀ ਦੇ ਸਕਦਾ ਹੈ।
ਤਾਂ ਮੈਂ ਜਾਵਾਂ? ਇਹ ਉਹ ਦਰਬਾਰ ਨਹੀਂ ਹੈ, ਤੁਸੀਂ ਉਹ ਸਮਰਾਟ ਨਹੀਂ ਹੋ ਜਿਸ ਨੂੰ ਮੈਂ ਲੱਭ ਰਿਹਾ ਹਾਂ। ਮੈਨੂੰ ਕਿਸੇ ਹੋਰ ਦਰਬਾਰ ਵਿੱਚ ਜਾਣਾ ਪਵੇਗਾ, ਕੋਈ ਹੋਰ ਸਮਰਾਟ ਲੱਭਣਾ ਪਵੇਗਾ। ਮੈਂ ਜਾਂਦਾ ਹਾਂ।
ਉਹ ਸਮਰਾਟ ਨੇ ਕਿਹਾ, ਦਸ ਹਜ਼ਾਰ ਹਜਾਰ ਸੋਨੇ ਦੇ ਸਿੱਕੇ ਇਸ ਨੂੰ ਦੇ ਦਿੱਤੇ ਜਾਣ ਅਤੇ ਪੱਗ ਖਰੀਦ ਲਈ ਜਾਵੇ।
ਦਸ ਹਜ਼ਾਰ ਸੋਨੇ ਦੇ ਸਿੱਕਿਆਂ ਵਿੱਚ ਮੇਰੀ ਪੱਗ ਵਿਕ ਗਈ। ਵਜ਼ੀਰ ਬਹੁਤ ਹੈਰਾਨ ਹੋਇਆ ਅਤੇ ਜਦੋਂ ਮੈਂ ਦਰਬਾਰ ’ਚੋਂ ਸਿੱਕੇ ਲੈ ਕੇ ਬਾਹਰ ਨਿਕਲ ਰਿਹਾ ਸੀ ਤਾਂ ਵਜ਼ੀਰ ਨੇ ਮੈਨੂੰ ਪੁੱਛਿਆ ਕਿ ਮੇਰੇ ਦੋਸਤ, ਥੋੜ੍ਹਾ ਮੈਨੂੰ ਸਮਝਾਓ ਤਾਂ ਸਹੀ ਕਿ ਰਾਜ ਕੀ ਹੈ ਇਸ ਗੱਲ ਦਾ? ਇਹ ਪੱਗ ਪੰਜ ਰੁਪਏ ਤੋਂ ਜ਼ਿਆਦਾ ਦੀ ਨਹੀਂ ਹੈ।
ਤੇ ਮੈਂ ਉਸ ਵਜ਼ੀਰ ਦੇ ਕੰਨ ਵਿੱਚ ਕਿਹਾ, ਮੇਰੇ ਦੋਸਤ, ਤੈਨੂੰ ਪੱਗਾਂ ਦਾ ਮੁੱਲ ਪਤਾ ਹੈ ਤੇ ਮੈਨੂੰ ਆਦਮੀ ਦੀਆਂ ਕਮਜ਼ੋਰੀਆਂ ਦਾ ਪਤਾ ਹੈ।
ਹੰਕਾਰ ਆਦਮੀ ਦੀ ਕਮਜ਼ੋਰੀ ਹੈ। ਹਉਮੈ, ਈਗੋ ਆਦਮੀ ਦੀ ਕਮਜ਼ੋਰੀ ਹੈ। ‘ਮੈਂ ਕੁਝ ਹਾਂ,’ ਇਹ ਆਦਮੀ ਦੀ ਕਮਜ਼ੋਰੀ ਹੈ।
ਅਤੇ ਜਿੰਨਾ ਚਿਰ ਕੋਈ ਇਸ ਕਮਜ਼ੋਰੀ ਨਾਲ ਘਿਰਿਆ ਹੋਇਆ ਹੈ, ਉਦੋਂ ਤੱਕ ਉਹ ਭਾਵੇਂ ਕਿੰਨੇ ਹੀ ਮੰਦਰਾਂ ਦੀ ਖੋਜ ਕਰੇ, ਕਿੰਨੇ ਹੀ ਧਰਮ ਗ੍ਰੰਥ ਪੜ੍ਹੇ, ਕਿੰਨੀ ਹੀ ਤਰ੍ਹਾਂ ਪੂਜਾ ਕਰੇ, ਕਿੰਨੇ ਹੀ ਤਿਆਗ ਅਤੇ ਉਪਵਾਸ ਕਰੇ, ਸੰਨਿਆਸੀ ਹੋ ਜਾਵੇ ਤੇ ਜੰਗਲਾਂ ਵਿੱਚ ਚਲਾ ਜਾਵੇ, ਕੋਈ ਫ਼ਰਕ ਨਹੀਂ ਪਵੇਗਾ; ਸਗੋਂ, ਇਹ ਕਮਜ਼ੋਰੀ ਇੰਨੀ ਅਨੌਖੀ ਹੈ ਕਿ ਉਹ ਸਾਰੀਆਂ ਚੀਜ਼ਾਂ ਇਸ ਕਮਜ਼ੋਰੀ ਨੂੰ ਹੋਰ ਮਜ਼ਬੂਤ ਕਰਨ ਦਾ ਕਾਰਨ ਬਣ ਜਾਣਗੀਆਂ।
ਇੱਕ ਸੰਨਿਆਸੀ ਨੇ ਮੈਨੂੰ ਕਿਹਾ, ਮੈਂ ਲੱਖਾਂ ਰੁਪਿਆਂ ’ਤੇ ਲੱਤ ਮਾਰ ਦਿੱਤੀ। ਇੱਕ ਵਾਰ ਕਿਹਾ, ਦੋ ਵਾਰ ਕਿਹਾ, ਤਿੰਨ ਵਾਰ ਕਿਹਾ। ਮਹਿਮਾਨ ਸੀ ਮੈਂ ਉਨ੍ਹਾਂ ਦੇ ਆਸ਼ਰਮ ਵਿੱਚ। ਫਿਰ, ਵਾਪਸੀ ਵੇਲੇ ਮੈਂ ਉਨ੍ਹਾਂ ਨੂੰ ਪੁੱਛਿਆ, ਇਹ ਲੱਤ ਤੁਸੀਂ ਕਦੋਂ ਮਾਰੀ ਸੀ?
ਉਨ੍ਹਾਂ ਨੇ ਕਿਹਾ, ਕੋਈ ਤੀਹ ਸਾਲ ਪਹਿਲਾਂ। ਮੈਂ ਉਨ੍ਹਾਂ ਨੂੰ ਕਿਹਾ, ਜੇ ਬੁਰਾ ਨਾ ਮਨਾਓ ਤਾਂ ਇੱਕ ਬੇਨਤੀ ਕਰਾਂ, ਲੱਤ ਠੀਕ ਤਰ੍ਹਾਂ ਨਹੀਂ ਲੱਗੀ, ਨਹੀਂ ਤਾਂ ਤੀਹ ਸਾਲਾਂ ਬਾਅਦ ਵੀ ਉਨ੍ਹਾਂ ਪੈਸਿਆਂ ਦੀ ਯਾਦ ਕਿਵੇਂ ਆ ਸਕਦੀ ਹੈ?
ਲੱਖਾਂ ਰੁਪਏ ਤੁਹਾਡੇ ਕੋਲ ਰਹੇ ਹੋਣਗੇ, ਤਾਂ ਇਹ ਹੰਕਾਰ ਰਿਹਾ ਹੋਵੇਗਾ ਕਿ ਮੇਰੇ ਕੋਲ ਲੱਖਾਂ ਰੁਪਏ ਹਨ, ਮੈਂ ਕੁਝ ਹਾਂ, ਅਤੇ ਤੁਹਾਡੇ ਮਨ ਵਿੱਚ ਸ਼ਾਇਦ ਕੁਝ ਹੋਣ ਦਾ ਖਿਆਲ ਰਿਹਾ ਹੋਵੇਗਾ। ਫਿਰ ਤੁਸੀਂ ਲੱਖਾਂ ਰੁਪਏ ਛੱਡ ਦਿੱਤੇ, ਉਦੋਂ ਤੋਂ, ਇਹ ਖਿਆਲ ਤੁਹਾਡੇ ਮਨ ਵਿੱਚ ਹੈ ਕਿ ਮੈਂ ਲੱਖਾਂ ਰੁਪਏ ਛੱਡ ਦਿੱਤੇ ਹਨ, ਮੈਂ ਕੁਝ ਹਾਂ। ਮੈਂ ਲੱਖਾਂ ਰੁਪਏ ਛੱਡੇ ਹਨ!
ਉਹੀ ਹੰਕਾਰ ਜੋ ਪਹਿਲਾਂ ਲੱਖਾਂ ਰੁਪਏ ਹੋਣ ਨਾਲ ਭਰਦਾ ਸੀ, ਹੁਣ ਲੱਖਾਂ ਰੁਪਏ ਛੱਡਣ ਨਾਲ ਭਰਦਾ ਹੈ। ਕਮਜ਼ੋਰੀ ਉੱਥੇ ਦੀ ਉੱਥੇ ਹੈ। ਮਾਮਲਾ ਉੱਥੇ ਹੀ ਅਟਕਿਆ ਹੋਇਆ ਹੈ, ਉਸ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ।
ਦੌਲਤ ਵਾਲੇ ਦਾ ਹੰਕਾਰ ਹੁੰਦਾ ਹੈ, ਦੌਲਾਤ ਛੱਡਣ ਵਾਲੇ ਦਾ ਹੰਕਾਰ ਹੁੰਦਾ ਹੈ। ਵਧੀਆ ਕੱਪੜੇ ਪਾਉਣ ਵਾਲੇ ਦਾ ਹੰਕਾਰ ਹੁੰਦਾ ਹੈ, ਸਾਦੇ ਕੱਪੜੇ ਪਾਉਣ ਵਾਲੇ ਦਾ ਹੰਕਾਰ ਹੁੰਦਾ ਹੈ। ਵੱਡੇ ਮਕਾਨ ਬਣਵਾਉਣ ਵਾਲੇ ਦਾ ਹੰਕਾਰ ਹੁੰਦੇ ਹਨ, ਝੌਂਪੜੀਆਂ ਵਿੱਚ ਰਹਿਣ ਵਾਲੇ ਦਾ ਹੰਕਾਰ ਹੁੰਦਾ ਹੈ। ਹੰਕਾਰ ਦੇ ਬਹੁਤ ਸੂਖਮ ਢੰਗ ਹੁੰਦੇ ਹਨ। ਉਹ ਨਾ ਜਾਣੇ ਕਿਹੜੇ-ਕਿਹੜੇ ਤਰੀਕਿਆਂ ਨਾਲ ਆਪਣੀ ਸੰਤੁਸ਼ਟੀ ਕਰ ਲੈਂਦਾ ਹੈ। ਨਾ ਜਾਣੇ ਕਿਹੜੇ-ਕਿਹੜੇ ਤਰੀਕਿਆਂ ਨਾਲ ਇਹ ਖਿਆਲ ਪੈਦਾ ਕਰ ਲੈਂਦਾ ਹੈ ਕਿ ਮੈਂ ਕੁਝ ਹਾਂ, ਮੈਂ ਕੁਝ ਖਾਸ ਹਾਂ, ਹੋਰਾਂ ਨਾਲੋਂ ਵੱਖਰਾ ਹਾਂ।
— 🌷🌻🌹
ਪੰਜਾਬੀ ਅਨੁਵਾਦ: ਮੀਤ ਅਨਮੋਲ