24/08/2023
#ਮੌਲਾਨਾ_ਰੂਮ_ਦੀ_ਬਹੁਤ_ਸੁੰਦਰ_ਪ੍ਰਚੀਨ_ਗਾਥਾ_ਹੈ,
ਹਜ਼ਰਤ ਮੂਸਾ ਦੇ ਜ਼ਮਾਨੇ, ਇਕ ਆਜੜੀ ਭੇਡਾਂ ਚਾਰਦਾ ਸ਼ਹਿਰ ਦੀ ਨੁੱਕਰੇ ਆ ਗਿਆ।ਇਹ ਇਕੱਲਾ ਸੀ ਤੇ ਚੰਦ ਭੇਡਾਂ ਇਸ ਦਾ ਸਰਮਾਇਆ ਸੀ।ਜੰਗਲਾਂ ਦੇ ਰੁੱਖ ਇਸਦਾ ਮਕਾਨ ਸਨ।ਸ਼ਹਿਰ ਦੀ ਨੁੱਕਰ ਤੇ ਇਕ ਇਬਾਦਤਗਾਹ ਵਿਚ ਕਥਾ ਸੁਣਨ ਲੱਗ ਪਿਆ।ਉਪਦੇਸ਼ਕ ਕਹਿ ਰਿਹਾ ਸੀ,"ਖ਼ੁਦਾ ਇਕ ਹੈ,ਲਾ-ਮਕਾਨ ਹੈ,ਲਾ-ਸ਼ਰੀਕ ਹੈ।"ਇਹ ਸੁਣ ਆਜੜੀ ਬਹੁਤ ਖ਼ੁਸ਼ ਹੋਇਆ,ਕਹਿਣ ਲੱਗਾ,"ਖ਼ੁਦਾ ਤਾਂ ਮੇਰੇ ਵਰਗਾ ਹੈ,ਮੇਰਾ ਵੀ ਕੋਈ ਸ਼ਰੀਕ ਨਹੀਂ,ਕੋਈ ਮਕਾਨ ਨਹੀਂ,ਮੈਂ ਵੀ ਇਕੱਲਾ ਹਾਂ।"
ਆਪਣੇ ਮਨ ਵਿਚ ਅੈਸਾ ਨਿਸ਼ਚਾ ਕਰ,ਜੰਗਲ ਪਰਤ ਆਇਆ।ਅੱਜ ਭੇਡਾਂ ਦਾ ਦੁੱਧ ਚੋ ਕੇ ਤੇ ਬਾਜ਼ਰੇ ਦੀ ਰੋਟੀ ਬਣਾ ਦਰੱਖ਼ਤ ਥੱਲੇ ਬੈਠ ਗਿਆ ਤੇ ਆਖਣ ਲੱਗਾ,"ਹੇ ਖ਼ੁਦਾ!ਹੁਣ ਆ,ਮੇਰੇ ਨਾਲ ਬੈਠ ਕੇ ਖਾਹ।ਕਿਉਂਕਿ ਤੂੰ ਵੀ ਮੇਰੇ ਵਰਗਾ ਹੈਂ।ਜੋਦੜੀ ਕਰਕੇ ਆਖਣ ਲੱਗਾ,"ਦੇਖ ਖ਼ੁਦਾ,ਮੇਰੇ ਕੋਲ ਭੇਡਾਂ ਵੀ ਹਨ।ਉਪਦੇਸ਼ਕ ਨੇ ਇਹ ਨਹੀਂ ਦੱਸਿਆ ਕਿ ਤੁਹਾਡੇ ਕੋਲ ਭੇਡਾਂ ਹਨ ਕਿ ਨਹੀਂ।ਫਿਰ ਖ਼ੁਦਾ ਮੈਂ ਜੜੵੀਆਂ ਬੂਟੀਆਂ ਦਾ ਕੰਮ ਵੀ ਜਾਣਦਾ ਹਾਂ,ਜੇਕਰ ਤੈਨੂੰ ਕਿਧਰੇ ਬੁਖ਼ਾਰ ਚੜ੍ਹ ਜਾਏ,ਇਲਾਜ ਕਰਾਂਗਾ,ਤੇਰਾ ਚੋਲਾ ਪਾਟ ਜਾਏ,ਸੀਅ ਦੇਵਾਂਗਾ।ਜਦ ਵੀ ਤੈਨੂੰ ਭੁੱਖ ਲੱਗੇ,ਰੋਟੀ ਬਣਾ ਦੇਵਾਂਗਾ।ਮੈਨੂੰ ਜੁੱਤੀ ਗੰਢਣ ਦੀ ਜਾਚ ਵੀ ਹੈ,ਗੰਢ ਦਿਆ ਕਰਾਂਗਾ।"
ਇਸ ਤਰ੍ਹਾਂ ਜੋਦੜੀ ਕਰ ਖ਼ੁਦਾ ਨੂੰ ਬੁਲਾ ਰਿਹਾ ਸੀ,ਤਾਂ ਕੋਲ ਦੀ ਹਜ਼ਰਤ ਮੂਸਾ ਲੰਘਿਆ ਜਾ ਰਿਹਾ ਸੀ,ਉਹ ਕਰੋਧਿਤ ਹੋ ਕੇ ਕਹਿਣ ਲੱਗਾ,"ਖ਼ੁਦਾ ਨੂੰ ਤੂੰ ਭੁੱਖਾ ਨੰਗਾ ਸਮਝਿਆ ਹੈ? ਉਸ ਨੂੰ ਕਿਧਰੇ ਤਾਪ ਚੜ੍ਹਦਾ ਹੈ,ਜੋ ਜੜ੍ਹੀ ਬੂਟੀ ਘੋਲ ਕੇ ਪਿਲਾਵੇਂਗਾ?ਮੂਰਖ ਨਾਦਾਨ ਅਗਿਆਨੀ!ਖਿੱਚ ਕੇ ਦੋ ਥੱਪੜ ਮਾਰ ਕੋਹਿਤੂਰ 'ਤੇ ਚਲਾ ਗਿਆ ਤੇ ਰੋੰਦਾ ਰਹਿ ਗਿਆ ਉਹ ਇਆਲ।
ਜ਼ਾਰੋ ਜ਼ਾਰ ਰੋਂਦਾ ਹੈ,"ਅੈ ਖ਼ੁਦ!ਉਹ ਮਜ਼ਹਬੀ ਪੇਸ਼ਵਾ ਤਾਂ ਕਹਿ ਰਿਹਾ ਸੀ ਕਿ ਤੂੰ ਮੇਰੇ ਵਰਗਾ ਹੈਂ,ਮੇਰੀ ਢਾਰਸ ਬੱਝੀ ਸੀ।ਪਰ ਇਹ ਪੈਗੰਬਰ ਤਾਂ ਕੁਝ ਹੋਰ ਹੀ ਕਹਿੰਦਾ ਹੈ।"ਹੁਣ ਉਹ ਰੋ ਰਿਹਾ ਹੈ,ਉਸਦੀ ਖ਼ੁਸੀ ਗ਼ਮ ਵਿਚ ਬਦਲ ਗਈ,ਉਸਦਾ ਦਿਲ ਟੁੱਟ ਗਿਆ।
ਹਜ਼ਰਤ ਮੂਸਾ ਰੋਜ਼ ਕੋਹਿਤੂਰ ਜਾਂਦਾ ਸੀ ਅਤੇ ਬੈਠ ਕੇ ਇਬਾਦਤ ਕਰਦਾ ਸੀ।ਪਰ ਅੱਜ ਰਾਤ ਨੂੰ ਜਦ ਧਿਆਨ ਵਿਚ ਬੈਠਣ ਲੱਗਾ ਤਾਂ ਪਰਮਾਤਮਾ ਵਿਚ ਧਿਆਨ ਜੋੜਨਾ ਅੌਖਾ ਹੋ ਗਿਆ।ਬਹੁਤ ਯਤਨ ਕਰਨ ਤੇ ਵੀ ਜਦ ਧਿਆਨ ਨਾ ਜੁੜਿਆ ਤਾਂ ਫਰਿਆਦ ਕੀਤੀ,"ਹੇ ਖ਼ੁਦਾ!ਮੈਥੋਂ ਕੀ ਭੁੱਲ ਹੋ ਗਈ ਹੈ? ਅੱਜ ਜੁੜਨਾ ਕਿਉਂ ਨਸੀਬ ਨਹੀਂ ਹੋ ਰਿਹਾ।"ਆਵਾਜ਼ ਆਈ,"ਨਹੀਂ ਜੁੜ ਸਕੇਂਗਾ ਕਿਉਂਕਿ ਅੱਜ ਤੂੰ ਕਿਸੇ ਜੁੜੇ ਹੋਏ ਨੂੰ ਤੋੜ ਕੇ ਅਇਆ ਹੈਂ।ਤੈਨੂੰ ਜਗਤ ਵਿਚ ਜੋੜਨ ਵਾਸਤੇ ਭੇਜਿਆ ਸੀ,ਤੋੜਨ ਵਾਸਤੇ ਨਹੀਂ :-
'ਤੂ ਬਰਾਇ ਵਸਲ ਕਰਦਨ ਆਮਦੀ।
ਨੇ ਬਰਾਏ ਫਸਲ ਕਰਦਨ ਆਮਦੀ।
(ਮੌਲਾਨਾ ਰੂਮ)
ਦਿਲਾਂ ਨੂੰ ਤੋੜਨ ਵਾਲਾ ਪਰਮਾਤਮਾ ਤੋਂ ਟੁੱਟਿਆ ਹੀ ਰਹਿੰਦਾ ਹੈ :-
'ਜੇ ਤਉ ਪਿਰਿਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ॥'
{ਸਲੋਕ ਫਰੀਦ,ਅੰਗ ੧੩੮੪}
ਜੋ ਜੋਗੀ ਹੈ,ਉਸ ਦੇ ਆਸਰੇ ਲੋਕ ਕਦਮ ਕਦਮ 'ਤੇ ਜੁੜਦੇ ਨੇ।ਮਨੁੱਖ ਮਨੁੱਖਾਂ ਨਾਲ ਜੁੜਦੇ ਨੇ,ਪਰਮਾਤਮਾ ਨਾਲ ਜੁੜਦੇ ਨੇ।ਲੇਕਿਨ ਭੋਗੀਆਂ ਕਰਕੇ ਤਾਂ ਅੱਜ ਸਾਰਾ ਸੰਸਾਰ ਟੁੱਟਿਆ ਹੋਇਆ ਹੈ।ਸਭ ਭੋਗੀ ਨੇ,ਇਹ ਯੁੱਗ ਭੋਗੀਆਂ ਦਾ ਹੈ।ਕਿਧਰੇ ਕੋਈ ਇਕ ਅੱਧ ਟਾਂਵਾ ਟਾਂਵਾਂ ਸੱਚ ਦੀ ਸ਼ਮਾਂ ਜਲਾ ਕੇ ਬੈਠਾ ਹੈ।ਇਸ ਕਲਯੁੱਗ ਨੂੰ ਜੋਗੀਆਂ ਦਾ ਯੁੱਗ ਬਣਾ ਸਕੀਏ,ਤਾਂ ਆਪਣੇ ਤੋਂ ਹੀ ਗੱਲ ਸ਼ੁਰੂ ਕਰਨੀ ਪਵੇਗੀ।
ਗਿਆਨੀ ਸੰਤ ਸਿੰਘ ਜੀ ਮਸਕੀਨ।