18/11/2025
ਕੀ ਕੈਨੇਡਾ ਪੀ. ਆਰ ਬੰਦ ਕਰਨ ਜਾ ਰਿਹਾ? ਬਹੁਤ ਸਾਰੇ ਨਵੇਂ ਸ਼ੰਕੇ ਕੈਨੇਡਾ ਪਰਵਾਸ ਨਾਲ ਜੋੜਕੇ ਚਰਚਾ ਵਿੱਚ ਹਨ। ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਰੁਝਾਨ ਤੇ ਤਰਜੀਹ ਹੋਰ ਮੁਲਕਾਂ ਵੱਲ ਸ਼ਿਫਟ ਹੋ ਚੁੱਕੀ ਐ। ਸਭ ਤੋਂ ਵੱਡਾ ਸਵਾਲ ਕੀ ਅੱਜ ਵੀ ਪੰਜਾਬ ਦੇ ਵੀਜ਼ਾ ਕੰਸਲਟੈਂਟ ਨਵੇਂ ਵਿਦਿਆਰਥੀਆਂ ਤੋਂ ਐਪਲੀਕੇਸ਼ਨਾਂ ਸਬਮਿਟ ਕਰਵਾ ਰਹੇ ਨੇ ।?
ਜੇ ਤੁਸੀਂ ਕੈਨੇਡਾ ਜਾਣ ਦੇ ਇੱਛੁਕ ਹੋ ਤਾ ਇਸ ਵਾਰ ਕੈਨੇਡਾ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਪੇਸ਼ ਕੀਤੀ ਗਈ ਰਿਪੋਰਟ ਜਰੂਰ ਸਮਝੋ ਜੋ ਕੈਨੇਡਾ ਇੰਮੀਗਰੇਸ਼ਨ ਦੀ ਅਸਲ ਤਸਵੀਰ ਪੇਸ਼ ਕਰਦੀ ਹੈ। ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਪਰਵਾਸ ਕੈਨੇਡਾ ਦੀਆਂ ਸਰਕਾਰੀ ਨੀਤੀਆਂ ਦਾ ਇੱਕ ਅਹਿਮ ਹਿੱਸਾ ਰਹੇਗਾ ਪਰ ਯਾਦ ਰਹੇ ਕਿ ਇਸ ਦੀ ਤਸਵੀਰ ਜ਼ਰੂਰ ਬਦਲ ਰਹੀ ਹੈ । ਇਹ ਰਿਪੋਰਟ ਇਮੀਗ੍ਰੇਸ਼ਨ, ਰਿਫਿਊਜੀ ਐਂਡ ਸਿਟੀਜ਼ਨਸ਼ਿਪ ਮੰਤਰਾਲੇ ਵੱਲੋਂ ਸਲਾਨਾ ਜਾਰੀ ਕੀਤੀ ਜਾਂਦੀ ਹੈ । ਕੈਨੇਡਾ ਸਰਕਾਰ ਦਾ ਪਰਵਾਸ ਨੂੰ ਲੈ ਕੇ ਆਖ਼ਰ ਪਲਾਨ ਕੀ ਹੈ ? ਕੀ ਕੈਨੇਡਾ ਵਸਣ ਦੇ ਚਾਹਵਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਕੋਈ ਰਾਹਤ ਮਿਲੇਗੀ ਅਤੇ ਪੀਆਰ ਹਾਸਲ ਕਰਨ ਲਈ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਸਰਕਾਰ ਦੀ ਪਾਲਿਸੀ ਵਿੱਚ ਹੁਣ ਆਰਥਿਕ ਪਰਵਾਸ ਨੂੰ ਤਰਜੀਹ ਦੇਣਾ ਹੈ। ਜਿਆਦਾ ਜ਼ੋਰ ਇਸੇ ਮੁੱਦੇ ਉੱਤੇ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਰਕਾਰ, ਕੈਨੇਡਾ ਵਿੱਚ ਪਹਿਲਾਂ ਤੋਂ ਰਹਿ ਰਹੇ ਅਤੇ ਸੈਟਲ ਹੋ ਚੁੱਕੇ (ਟੈਂਪਰੇਰੀ ਰੈਜ਼ੀਡੈਂਟਸ) ਨੂੰ (ਪਰਮਾਨੈਂਟ ਰੈਜ਼ੀਡੈਂਸੀ) ਲਈ ਤਰਜੀਹ ਦੇਵੇਗੀ, ਜਿਸ ਨਾਲ ਨਵੇਂ ਆਉਣ ਵਾਲਿਆਂ ਦੀ ਗਿਣਤੀ ਹੋਰ ਘਟ ਜਾਵੇਗੀ। ਬੜੇ ਅਨਸਾਸ਼ਿਤ ਤਰੀਕੇ ਨਾਲ਼ ਸਭ ਨਿਯੰਤਰਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇੱਕ ਹੋਰ ਵੱਡੀ ਅਪਡੇਟ ਹੈ ਕਿ ਫਰੈਂਚ ਬੋਲਣ ਵਾਲੇ ਪਰਵਾਸੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਕਿਊਬੈਕ ਦੇ ਬਾਹਰ ਫਰੈਂਚ ਬੋਲਣ ਵਾਲਿਆਂ ਦੀ ਗਿਣਤੀ ਨੂੰ ਵਧਾਉਣਾ ਪਾਲਿਸੀ ਦਾ ਹਿੱਸਾ ਹੈ। ਇੱਕ ਹੋਰ ਅਹਿਮ ਮੁੱਦਾ ਰਹੇਗਾ ਕਿ ਅਸਥਾਈ ਕਾਮਿਆਂ ਤੇ ਸਟੂਡੈਂਟ ਵੀਜ਼ਾ ਵਾਲਿਆਂ ਨੂੰ ਮਿਆਦ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦੇ ਮਲਕ ਵਾਪਸ ਭੇਜਿਆ ਜਾਵੇਗਾ। ਕਾਫੀ ਕੁਝ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਬਦਲ ਗਿਆ ਹੈ ਅਤੇ ਕਾਫੀ ਕੁਝ ਨਵਾਂ ਹੋਣ ਜਾ ਰਿਹਾ ਹੈ।
ਰਿਪੋਰਟ ਦੇ ਮੁਤਾਬਕ, ਇੰਮੀਗਰੈਟਸ ਦਾ ਆਰਥਿਕ ਤੌਰ 'ਤੇ ਯੋਗਦਾਨ ਅਤੇ ਲੇਬਰ ਮਾਰਕਿਟ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।
ਡਿਮਾਂਡ ਦੇ ਮੁਤਾਬਕ ਇਮੀਗ੍ਰੇਸ਼ਨਾਂ
ਪੌਲਿਸੀ ਬਣਾਈ ਗਈ ਹੈ। 2024 ਵਿੱਚ ਐਕਸਪ੍ਰੈੱਸ ਐਂਟਰੀ ਦੇ ਤਹਿਤ ਵੱਡੀ ਗਿਣਤੀ ਵਿੱਚ ਪਰਵਾਸੀਆਂ ਨੂੰ ਬੁਲਾਇਆ ਗਿਆ ਹੈ ਜਿਸ ਵਿੱਚ ਖ਼ਾਸ ਕਿੱਤਿਆਂ ਜਿਵੇਂ ਕਿ ਹੈਲਥ ਕੇਅਰ, ਸਟੈੱਮ (ਸਾਈਂਸ, ਟੈਕਨੋਲੋਜੀ, ਇੰਜਨਿਅਰਿੰਗ, ਮੈਥਸ), ਟਰੇਡਸ, ਫਰੈਂਚ ਭਾਸ਼ਾ ਦੀ ਕੁਸ਼ਲਤਾ, ਟ੍ਰਾਂਸਪੋਰਟ ਅਤੇ ਐਗਰੀਕਲਚਰ ਦੀਆਂ ਕੈਟੇਗਰੀਜ਼ ਧਿਆਨ ਵਿੱਚ ਰੱਖਿਆ ਗਿਆ ਹੈ।
ਇਸ ਤੋਂ ਇਲਾਵਾ ਰੀਜਨਲ ਪ੍ਰੋਗਰਾਮਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਜਿਵੇਂ ਕਿ ਰੂਰਲ (ਪੇਂਡੂ) ਜਾਂ ਨੌਰਦਰਨ ਪਾਇਲਟ, ਫ੍ਰੈਂਕੋਫੋਨ ਪਾਇਲਟ, ਪ੍ਰੋਵੀਂਸਲ ਨੋਮੀਨੀ ਵਗੈਰਾ
ਇਸ ਤੋਂ ਇਲਾਵਾ ਪਾਲਿਸੀ ਵਿੱਚ ਇਸ ਤਰ੍ਹਾਂ ਬਦਲਾਅ ਕੀਤਾ ਗਿਆ ਹੈ ਕਿ ਅਸਥਾਈ ਕਾਮਿਆਂ ਨੂੰ ਸਥਾਈ ਬਣਨ ਦਾ ਮੌਕਾ ਦਿੱਤਾ ਜਾਵੇ ਅਤੇ ਨਵੇਂ ਅਸਥਾਈ ਕਾਮਿਆਂ ਦੀ ਗਿਣਤੀ ਨੂੰ ਘਟਾਇਆ ਜਾਣੀ ਹੈ
ਅਸਥਾਈ ਵਸਨੀਕਾਂ ਦੀ ਗਿਣਤੀ (ਸਟੂਡੈਂਟ, ਵਰਕ, ਵਜ਼ਿਟਰ) ਉੱਤੇ ਕੈਪ ਲਗੱਗਾ ਅਤੇ ਮੌਜੂਦਾ ਗਿਣਤੀ ਨੂੰ ਵੀ ਘੱਟ ਕੀਤਾ ਜਾਣਾ ਲਗਭਗ ਤਹਿ ਹੈ।
ਸਟੂਡੈਂਟ ਵੀਜ਼ਾ ਲੈ ਕੇ ਆਉਣ ਵਾਲਿਆਂ ਲਈ ਪਹਿਲਾਂ ਵਰਕ ਪਰਮਿਟ ਹਾਸਲ ਕਰਨਾ ਅਤੇ ਫਿਰ ਪਰਮਾਨੈਂਟ ਰੈਜ਼ੀਡੈਂਸ ਲਈ ਅਪਲਾਈ ਕਰਨਾ ਇੱਕ ਆਮ ਰਸਤਾ ਸੀ, ਪਰ ਹੁਣ ਇਹ ਤਸਵੀਰ ਬਦਲ ਚੁੱਕੀ ਹੈ ਸੋ ਜੇਕਰ ਕੈਨੇਡਾ ਵਿੱਚ ਪੜ੍ਹਾਈ ਲਈ ਜਾ ਰਹੇ ਹੋ ਤਾਂ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ ਰੱਖੋ।
ਜਿਵੇਂ ਕਿ ਲੇਬਰ ਮਾਰਕਿਟ ਦੀ ਡਿਮਾਂਡ ਕੀ ਹੈ ? ਅਤੇ ਜ਼ਰੂਰਤ ਕਿੰਨੀ ਹੈ? ਸਾਫ ਹੈ ਕਿ ਮੁਕਾਬਲਾ ਵਧੇਗਾ ਅਤੇ ਤੁਹਾਡਾ ਉਨ੍ਹਾਂ ਦੀ ਮੰਗ ਅਨੁਸਾਰ ਹੋਣਾ ਕਾਫੀ ਮਾਅਨੇ ਰੱਖੇਗਾ। ਜੇਕਰ ਤੁਹਾਡਾ ਕਿੱਤਾ ਉਨ੍ਹਾਂ ਕਿੱਤਿਆਂ ਵਿੱਚ ਸ਼ੁਮਾਰ ਨਹੀਂ ਹੈ ਜਿਸ ਦੀ ਮੰਗ ਹੈ ਤਾਂ ਤੁਹਾਡੇ ਲਈ ਮੌਕੇ ਕਾਫੀ ਘੱਟ ਹੋ ਸਕਦੇ ਹਨ।
ਕੈਨੇਡਾ ਦਾ ਪਰਵਾਸ ਨੀਤੀਆਂ ਵਿੱਚ ਬਦਲਾਅ ਕਰਨਾ ਸਿਆਸੀ ਮਜਬੂਰੀ ਵੀ ਹੈ ਅਤੇ ਸਮੇਂ ਦੀ ਮੰਗ ਵੀ ਹੈ ਪਰ ਇੱਕ ਗੱਲ ਕਲੀਅਰ ਹੈ ਕਿ ਪਰਵਾਸ ਤੋਂ ਬਿਨਾਂ ਇਨ੍ਹਾਂ ਮੁਲਕਾਂ ਦਾ ਗੁਜ਼ਾਰਾ ਵੀ ਨਹੀਂ ਹੈ। ਪਰਵਾਸ ਪੂਰਾ ਰੁਕ ਨਹੀਂ ਸਕਦਾ ਪਰ ਕੁਝ ਪਾਬੰਦੀਆਂ ਜ਼ਰੂਰ ਸਮੇਂ-ਸਮੇਂ ਉੱਤੇ ਲੱਗਣਗੀਆਂ ਅਤੇ ਉਸ ਵਿੱਚ ਬਦਲਾਅ ਵੀ ਆਉਂਦੇ ਰਹਿਣਗੇ।