16/10/2025
ਜਾਣੋ ਕੌਣ ਹਨ DIG ਹਰਚਰਨ ਸਿੰਘ ਭੁੱਲਰ, ਜਿਨ੍ਹਾਂ ਨੂੰ ਸੀਬੀਆਈ ਨੇ ਰਿਸ਼ਵਤ ਦੇ ਦੋਸ਼ਾਂ ’ਚ ਗ੍ਰਿਫ਼ਤਾਰ ਕੀਤਾ
Know who is DIG Harcharan Singh Bhullar, who was arrested by CBI on charges of bribery
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰੋਪੜ ਰੇਂਜ (ਜਿਸ ਵਿੱਚ ਮੋਹਾਲੀ, ਰੋਪੜ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਸ਼ਾਮਲ ਹਨ) ਦੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (DIG) ਹਰਚਰਨ ਸਿੰਘ ਭੁੱਲਰ ਨੂੰ ਵੀਰਵਾਰ ਨੂੰ ਉਨ੍ਹਾਂ ਦੇ ਮੋਹਾਲੀ ਦਫ਼ਤਰ ਤੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।
ਸੀਬੀਆਈ ਸੂਤਰਾਂ ਨੇ ਦੱਸਿਆ ਕਿ ਡੀਆਈਜੀ ਨੂੰ ਫਤਿਹਗੜ੍ਹ ਸਾਹਿਬ ਦੇ ਇੱਕ ਸ਼ਿਕਾਇਤਕਰਤਾ ਤੋਂ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਗਿਆ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਡੀਆਈਜੀ ਨੇ ਇੱਕ ਕੇਸ ਦਾ ਨਿਪਟਾਰਾ ਕਰਨ ਲਈ ਵੱਡੀ ਰਕਮ ਦੀ ਮੰਗ ਕੀਤੀ ਅਤੇ ਪਹਿਲੀ ਕਿਸ਼ਤ ਦੀ ਅਦਾਇਗੀ ਲਈ ਉਸਨੂੰ ਮੋਹਾਲੀ ਦਫ਼ਤਰ ਬੁਲਾਇਆ।
ਇਸ ਜਾਣਕਾਰੀ 'ਤੇ ਕਾਰਵਾਈ ਕਰਦਿਆਂ, ਸੀਬੀਆਈ ਅਧਿਕਾਰੀਆਂ ਨੇ ਛਾਪਾ ਮਾਰਿਆ ਅਤੇ ਉਸਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ। ਹਰਚਰਨ ਸਿੰਘ ਭੁੱਲਰ ਕਾਫੀ ਨਾਮੀ ਪੁਲਿਸ ਅਧਿਕਾਰੀ ਹਨ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਿਰੁਧ ਡਰੱਗ ਕੇਸ ਵਿਚ ਉਹ ਸਿੱਟ ਦੇ ਮੁਖੀ ਹਨ। ਉਨ੍ਹਾਂ ਦੀ ਅਗਵਾਈ ਵਿਚ ਮਜੀਠੀਆ ਤੋਂ ਕਈ ਵਾਰ ਇਸ ਮਾਮਲੇ ਵਿੱਚ ਪੁੱਛਗਿੱਛ ਹੋ ਚੁੱਕੀ ਹੈ।
ਹਰਚਰਨ ਸਿੰਘ ਭੁੱਲਰ ਇੱਕ ਸੀਨੀਅਰ ਭਾਰਤੀ ਪੁਲਿਸ ਸੇਵਾ (IPS) 2007 ਬੈਚ ਦੇ ਅਧਿਕਾਰੀ ਹਨ। ਉਨ੍ਹਾਂ ਨੇ ਪੰਜਾਬ ਪੁਲਿਸ ਵਿੱਚ ਕਈ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕੀਤਾ ਹੈ। ਉਹ ਇਸ ਸਮੇਂ ਡਿਪਟੀ ਇੰਸਪੈਕਟਰ ਜਨਰਲ (DIG) ਵਜੋਂ ਸੇਵਾ ਨਿਭਾਉਂਦੇ ਹਨ।
ਹਰਚਰਨ ਸਿੰਘ ਭੁੱਲਰ ਆਪਣੇ ਸਖ਼ਤ ਕੰਮਾਂ ਅਤੇ ਇਮਾਨਦਾਰ ਅਕਸ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਡਰੱਗ ਮਾਫੀਆ, ਸੰਗਠਿਤ ਅਪਰਾਧ ਅਤੇ ਸਮਾਜਿਕ ਸੁਰੱਖਿਆ ਮੁੱਦਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ, ਜਿਸ ਨਾਲ ਉਨ੍ਹਾਂ ਨੂੰ ਪੁਲਿਸ ਵਿਭਾਗ ਵਿੱਚ ਇੱਕ ਸਖ਼ਤ ਅਤੇ ਨਿਰਪੱਖ ਅਧਿਕਾਰੀ ਵਜੋਂ ਜਾਣਿਆ ਜਾਂਦਾ ਹੈ।
ਹਰਚਰਨ ਸਿੰਘ ਭੁੱਲਰ ਨੇ ਆਪਣੇ ਕਾਰਜਕਾਲ ਦੌਰਾਨ ਕਈ ਪ੍ਰਭਾਵਸ਼ਾਲੀ ਮੁਹਿੰਮਾਂ ਅਤੇ ਪਹਿਲਕਦਮੀਆਂ ਸ਼ੁਰੂ ਕੀਤੀਆਂ। "ਯੁੱਧ ਨਸ਼ਾ ਵਿਰੁਧ" ਮੁਹਿੰਮ ਤਹਿਤ, ਉਨ੍ਹਾਂ ਨੇ ਰੂਪਨਗਰ ਰੇਂਜ ਵਿੱਚ 288 ਐਫਆਈਆਰ ਦਰਜ ਕੀਤੀਆਂ ਅਤੇ 452 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦਾ ਧਿਆਨ ਸਿਰਫ਼ ਗ੍ਰਿਫ਼ਤਾਰੀਆਂ ਤੱਕ ਹੀ ਸੀਮਤ ਨਹੀਂ ਸੀ, ਉਨ੍ਹਾਂ ਨੇ ਨਸ਼ਾ ਸਪਲਾਈ ਲੜੀ ਨੂੰ ਤੋੜਨ 'ਤੇ ਵੀ ਜ਼ੋਰ ਦਿੱਤਾ। ਭੁੱਲਰ ਨੇ ਸਮਾਜਿਕ ਸੰਗਠਨਾਂ ਅਤੇ ਸਥਾਨਕ ਆਗੂਆਂ ਨਾਲ ਮਿਲ ਕੇ ਨਸ਼ਾ ਮੁਕਤ ਸਮਾਜ ਬਣਾਉਣ ਲਈ ਕੰਮ ਕੀਤਾ।
ਭੁੱਲਰ ਨੇ ਅਪ੍ਰੈਲ 2024 ਵਿਚ ਸੰਗਰੂਰ ਜੇਲ੍ਹ ਵਿੱਚ ਹੋਈ ਹਿੰਸਾ ਦੀ ਨਿਆਂਇਕ ਜਾਂਚ ਦੀ ਨਿਗਰਾਨੀ ਕੀਤੀ ਜਿਸ ਵਿਚ ਦੋ ਕੈਦੀਆਂ ਦੀ ਮੌਤ ਹੋ ਗਈ ਸੀ। ਉਨ੍ਹਾਂ ਨੇ ਹਥਿਆਰਾਂ ਦੀ ਜਾਂਚ ਤੇ ਜੇਲ੍ਹਾਂ ਵਿਚ ਸੁਰੱਖਿਆ ਨੂੰ ਮਜ਼ਬੂਤ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ।
ਹਰਚਰਨ ਸਿੰਘ ਭੁੱਲਰ ਪੰਜਾਬ ਦੇ ਸਾਬਕਾ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਮਹਿਲ ਸਿੰਘ ਭੁੱਲਰ ਦੇ ਪੁੱਤਰ ਹਨ, ਜੋ 1980 ਅਤੇ 1990 ਦੇ ਦਹਾਕੇ ਦੌਰਾਨ ਪੰਜਾਬ ਵਿਚ ਅੱਤਵਾਦ ਵਿਰੋਧੀ ਕਾਰਵਾਈਆਂ ਲਈ ਜਾਣੇ ਜਾਂਦੇ ਸਨ। ਉਨ੍ਹਾਂ ਦਾ ਛੋਟਾ ਭਰਾ, ਕੁਲਦੀਪ ਸਿੰਘ ਭੁੱਲਰ, ਇੱਕ ਸਾਬਕਾ ਕਾਂਗਰਸੀ ਵਿਧਾਇਕ ਹੈ। ਹਰਚਰਨ ਸਿੰਘ ਭੁੱਲਰ ਇੱਕ ਤਜਰਬੇਕਾਰ ਅਤੇ ਵਚਨਬੱਧ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ। ਪਰ ਹੁਣ ਰਿਸ਼ਵਤ ਦੇ ਦੋਸ਼ਾਂ ਵਿਚ ਫਰੇ ਜਾਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ।