18/08/2026
‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-4 ਦੀ ਮਸ਼ਾਲ ਮਾਰਚ ਦਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਭਰਵਾਂ ਸਵਾਗਤ
ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ, ਵਿਧਾਇਕ ਕੁਲਵੰਤ ਸਿੰਘ ਅਤੇ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਮਸ਼ਾਲ ਮਾਰਚ ਦੀ ਕੀਤੀ ਅਗਵਾਈ
#ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) 18 ਅਗਸਤ (ਬ੍ਰੇਕਿੰਗ ਸ਼ੌਟਸ ਨਿਊਜ਼):-
‘ਖੇਡਾਂ ਵਤਨ ਪੰਜਾਬ ਦੀਆਂ—ਸੀਜ਼ਨ-4’ ਦੀ ਮਸ਼ਾਲ ਮਾਰਚ ਦਾ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਪ੍ਰਵੇਸ਼ ਕਰਨ ’ਤੇ ਅੱਜ ਨਿੱਘਾ ਅਤੇ ਜੋਸ਼ ਭਰਪੂਰ ਸਵਾਗਤ ਕੀਤਾ ਗਿਆ। ਮਸ਼ਾਲ ਮਾਰਚ ਸੈਕਟਰ 78, ਮੋਹਾਲੀ ਸਥਿਤ ਸਪੋਰਟਸ ਕੰਪਲੈਕਸ ਵਿਖੇ ਪਹੁੰਚਿਆ, ਜਿੱਥੇ ਖੇਡ ਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਸ. ਮਲਵਿੰਦਰ ਸਿੰਘ ਕੰਗ, ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ, ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ. ਪਰਮਿੰਦਰ ਸਿੰਘ ਗੋਲਡੀ, ਸਾਲ 2016 ਦੀ ਜੂਨੀਅਰ ਹਾਕੀ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਕਪਤਾਨ ਸ. ਹਰਜੀਤ ਸਿੰਘ ਤੁਲੀ ਅਤੇ ਦਰੋਣਾਚਾਰੀਆ ਐਵਾਰਡੀ ਸ. ਜੀਵਨਜੋਤ ਸਿੰਘ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਮਸ਼ਾਲ ਮਾਰਚ ਦੀ ਜ਼ਿਲ੍ਹੇ ਵਿੱਚ ਪੁੱਜਣ ਤੇ ਖੇਡ ਕੰਪਲੈਕਸ ਤੱਕ ਅਗਵਾਈ ਕੀਤੀ। ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਪ੍ਰਭਜੋਤ ਕੌਰ, ਜ਼ਿਲ੍ਹਾ ਵਪਾਰ ਕਮਿਸ਼ਨ ਦੇ ਚੇਅਰਮੈਨ ਸ. ਰਣਜੀਤ ਪਾਲ ਸਿੰਘ, ਐਸ.ਡੀ.ਐਮ ਮੋਹਾਲੀ ਸ੍ਰੀਮਤੀ ਦਮਨਦੀਪ ਕੌਰ, ਜ਼ਿਲ੍ਹਾ ਖੇਡ ਅਫ਼ਸਰ ਸ੍ਰੀਮਤੀ ਉਮੇਸ਼ਵਰੀ ਸ਼ਰਮਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗਿੰਨੀ ਦੁੱਗਲ ਵੀ ਮਸ਼ਾਲ ਮਾਰਚ ਦੇ ਸਵਾਗਤ ਲਈ ਮੌਜੂਦ ਸਨ।
ਸਮਾਗਮ ਦੌਰਾਨ ਖਿਡਾਰੀਆਂ, ਵਿਦਿਆਰਥੀਆਂ ਅਤੇ ਖੇਡ ਪ੍ਰੇਮੀਆਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਉੱਭਰਦੇ ਜਿਮਨਾਸਟਿਕ ਖਿਡਾਰੀਆਂ ਅਤੇ ਭੰਗੜਾ ਟੀਮਾਂ ਦੀਆਂ ਪੇਸ਼ਕਾਰੀਆਂ ਨੇ ਸਮਾਗਮ ਵਿੱਚ ਹੋਰ ਵੀ ਜੋਸ਼ ਅਤੇ ਰੰਗ ਭਰ ਦਿੱਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਸ. ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਨੇ ਉੱਭਰਦੇ ਖਿਡਾਰੀਆਂ ਨੂੰ ਬਲਾਕ, ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਲਈ ਮਜ਼ਬੂਤ ਮੰਚ ਪ੍ਰਦਾਨ ਕੀਤਾ ਹੈ। ਉਹਨ੍ਹਾਂ ਕਿਹਾ ਕਿ ਨਕਦ ਇਨਾਮਾਂ, ਬਿਹਤਰ ਖੇਡ ਸਹੂਲਤਾਂ ਅਤੇ ਵੱਖ-ਵੱਖ ਪੱਧਰਾਂ ’ਤੇ ਮੁਕਾਬਲਾ ਕਰਨ ਦੇ ਮੌਕਿਆਂ ਨਾਲ ਨੌਜਵਾਨ ਖਿਡਾਰੀਆਂ ਦਾ ਹੌਸਲਾ ਵਧਿਆ ਹੈ।
ਆਪਣੇ ਵਿਦਿਆਰਥੀ ਜੀਵਨ ਦੌਰਾਨ ਕੌਮੀ ਪੱਧਰ ’ਤੇ ਬਾਸਕਟਬਾਲ ਵਿੱਚ ਸੋਨ ਤਮਗਾ ਜਿੱਤਣ ਵਾਲੇ ਸ. ਕੰਗ ਨੇ ਕਿਹਾ ਕਿ ਸੀਜ਼ਨ-4 ਦੀ ਸ਼ੁਰੂਆਤ ਸੂਬਾ ਸਰਕਾਰ ਦੀ ਖੇਡਾਂ ਨੂੰ ਉਤਸ਼ਾਹਿਤ ਕਰਨ ਪ੍ਰਤੀ ਲਗਾਤਾਰ ਵਚਨਬੱਧਤਾ ਨੂੰ ਦਰਸਾਉਂਦੀ ਹੈ। ਉਹਨ੍ਹਾਂ ਕਿਹਾ ਕਿ ਇਸ ਉਪਰਾਲੇ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ, ਉਹਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਉਹਨ੍ਹਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਵੱਲ ਲਗਾਉਣਾ ਹੈ। ਉਹਨ੍ਹਾਂ ਕਿਹਾ ਕਿ ਪੰਜਾਬ ਦੀ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਵਿਰਾਸਤ ਹੈ ਅਤੇ ਸੂਬੇ ਦੇ ਖਿਡਾਰੀਆਂ ਨੇ ਹਾਕੀ, ਪੁਰਸ਼ ਅਤੇ ਮਹਿਲਾ ਕ੍ਰਿਕਟ ਅਤੇ ਬਾਸਕਟਬਾਲ ਸਮੇਤ ਵੱਖ-ਵੱਖ ਖੇਡਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਦੇ ਨਾਲ-ਨਾਲ ਕੌਮੀ ਟੀਮਾਂ ਦੀ ਅਗਵਾਈ ਵੀ ਕੀਤੀ ਹੈ। ਉਹਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਖਿਡਾਰੀਆਂ ਨੂੰ ਰਾਜ, ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਉੱਚਾ ਮੁਕਾਮ ਹਾਸਲ ਕਰਨ ਲਈ ਲੋੜੀਂਦਾ ਬੁਨਿਆਦੀ ਢਾਂਚਾ ਅਤੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਸ. ਕੰਗ ਨੇ ਕਿਹਾ ਕਿ ਪੰਜਾਬ ਵਿੱਚ ਖੇਡ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਅਤੇ ਨੌਜਵਾਨ ਖਿਡਾਰੀਆਂ ਨੂੰ ਪ੍ਰਦਾਨ ਕੀਤੇ ਜਾ ਰਹੇ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ।
ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਪੱਧਰ ’ਤੇ ਆਧੁਨਿਕ ਖੇਡ ਸਹੂਲਤਾਂ ਅਤੇ ਸਟੇਡੀਅਮ ਵਿਕਸਤ ਕਰਨ ਨਾਲ ਪੇਂਡੂ ਨੌਜਵਾਨਾਂ ਲਈ ਖੇਡਾਂ ਦੇ ਖੇਤਰ ਵਿੱਚ ਨਵੇਂ ਮੌਕੇ ਪੈਦਾ ਹੋਏ ਹਨ। ਉਹਨ੍ਹਾਂ ਕਿਹਾ ਕਿ ਹੁਣ ਨੌਜਵਾਨ ਖਿਡਾਰੀਆਂ ਨੂੰ ਪਿੰਡ ਤੋਂ ਜ਼ਿਲ੍ਹਾ, ਸੂਬਾ, ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚਣ ਲਈ ਬਿਹਤਰ ਮੌਕੇ ਮਿਲ ਰਹੇ ਹਨ। ਉਹਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਲੋਕਾਂ ਦੀ ਭਲਾਈ ਅਤੇ ਸੂਬੇ ਦੇ ਸਰਵਪੱਖੀ ਵਿਕਾਸ ਲਈ ਸਿੱਖਿਆ, ਸਿਹਤ, ਖੇਡਾਂ ਸਮੇਤ ਹਰ ਖੇਤਰ ’ਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਉਹਨ੍ਹਾਂ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਉੱਚ ਅਹੁਦਿਆਂ ’ਤੇ ਸਰਕਾਰੀ ਨੌਕਰੀਆਂ ਦੇਣ ਦੀ ਨੀਤੀ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਬਣ ਰਹੇ ਹਨ।
ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ. ਪਰਮਿੰਦਰ ਸਿੰਘ ਗੋਲਡੀ ਨੇ 2016 ਦੀ ਜੂਨੀਅਰ ਹਾਕੀ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਕਪਤਾਨ ਸ. ਹਰਜੀਤ ਸਿੰਘ ਤੁਲੀ ਨਾਲ ਆਪਣੇ ਹਾਕੀ ਕੋਚਿੰਗ ਦੇ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਢੁੱਕਵੇਂ ਮੌਕੇ ਅਤੇ ਸਹਿਯੋਗੀ ਮਾਹੌਲ ਮਿਲੇ ਤਾਂ ਉਹ ਹਰ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰ ਸਕਦੇ ਹਨ। ਉਹਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਖੇਡਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਹੈ ਅਤੇ ਸੂਬੇ ਦਾ ਖੇਡ ਬਜਟ ਵਧਾ ਕੇ 1,800 ਕਰੋੜ ਰੁਪਏ ਕੀਤਾ ਗਿਆ ਹੈ, ਜਿਸ ਨਾਲ ਖੇਡਾਂ ਦੇ ਬੁਨਿਆਦੀ ਢਾਂਚੇ ਅਤੇ ਖਿਡਾਰੀਆਂ ਲਈ ਸਹੂਲਤਾਂ ਨੂੰ ਹੋਰ ਮਜ਼ਬੂਤੀ ਮਿਲੀ ਹੈ। ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਪ੍ਰਭਜੋਤ ਕੌਰ ਅਤੇ ਜ਼ਿਲ੍ਹਾ ਵਪਾਰ ਕਮਿਸ਼ਨ ਦੇ ਚੇਅਰਮੈਨ ਸ. ਰਣਜੀਤ ਪਾਲ ਸਿੰਘ ਨੇ ਵੀ ਸਮਾਗਮ ਨੂੰ ਸੰਬੋਧਨ ਕਰਦਿਆਂ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
‘ਖੇਡਾਂ ਵਤਨ ਪੰਜਾਬ ਦੀਆਂ—ਸੀਜ਼ਨ-4’ ਦੇ ਮੁਕਾਬਲੇ ਵੱਖ-ਵੱਖ ਪੱਧਰਾਂ ’ਤੇ ਕਰਵਾਏ ਜਾਣਗੇ। ਬਲਾਕ ਪੱਧਰੀ ਮੁਕਾਬਲੇ 3 ਤੋਂ 15 ਸਤੰਬਰ, ਜ਼ਿਲ੍ਹਾ ਪੱਧਰੀ ਮੁਕਾਬਲੇ 20 ਤੋਂ 30 ਸਤੰਬਰ ਅਤੇ ਸੂਬਾ ਪੱਧਰੀ ਮੁਕਾਬਲੇ 10 ਅਕਤੂਬਰ ਤੋਂ 28 ਨਵੰਬਰ 2026 ਤੱਕ ਹੋਣਗੇ। ਮਸ਼ਾਲ ਮਾਰਚ ਦਾ ਉਦੇਸ਼ ਲੋਕਾਂ ਵਿੱਚ ਖੇਡਾਂ, ਤੰਦਰੁਸਤੀ, ਅਨੁਸ਼ਾਸਨ ਅਤੇ ਸਿਹਤਮੰਦ ਜੀਵਨ ਸ਼ੈਲੀ ਦਾ ਸੰਦੇਸ਼ ਪਹੁੰਚਾਉਣ ਦੇ ਨਾਲ-ਨਾਲ ਪੰਜਾਬ ਦੇ ਨੌਜਵਾਨਾਂ ਨੂੰ ਖੇਡ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਭਾਗ ਲੈਣ ਲਈ ਪ੍ਰੇਰਿਤ ਕਰਨਾ ਹੈ। ਜ਼ਿਲ੍ਹਾ ਖੇਡ ਅਫ਼ਸਰ ਸ੍ਰੀਮਤੀ ਉਮੇਸ਼ਵਰੀ ਸ਼ਰਮਾ ਨੇ ਦੱਸਿਆ ਕਿ ਮਸ਼ਾਲ ਮਾਰਚ 19 ਅਗਸਤ 2026 ਨੂੰ ਰੂਪਨਗਰ ਜ਼ਿਲ੍ਹੇ ਲਈ ਰਵਾਨਾ ਹੋਵੇਗੀ, ਜਿੱਥੇ ਇਹ ਖੇਡ ਭਾਵਨਾ, ਤੰਦਰੁਸਤੀ ਅਤੇ ਨੌਜਵਾਨਾਂ ਦੀ ਖੇਡਾਂ ਵਿੱਚ ਸਰਗਰਮ ਭਾਗੀਦਾਰੀ ਦਾ ਸੰਦੇਸ਼ ਅੱਗੇ ਲੈ ਕੇ ਜਾਵੇਗੀ।