
22/08/2025
ਬੁਰੇ ਹਾਲ ਸੜਕਾਂ, ਨਜਾਇਜ਼ ਕਬਜ਼ੇ ਅਤੇ ਅਨੇਕਾਂ ਸਮੱਸਿਆਵਾਂ ਨਾਲ ਜੂਝਦੇ ਵੀਆਈਪੀ ਰੋਡ ਦੇ ਨਿਵਾਸੀ ਨਰਕ ਦਾ ਜੀਵਨ ਜਿਉਣ ਲਈ ਮਜਬੂਰ
ਸਮਾਜ ਸੇਵੀ ਸੰਦੀਪ ਪਰੂਥੀ ਨੇ ਦਿੱਤੀ 12 ਸਤੰਬਰ ਤੋਂ ਭੁੱਖ ਹੜਤਾਲ ਤੇ ਬੈਠਣ ਦੀ ਚੇਤਾਵਨੀ
ਜ਼ੀਰਕਪੁਰ, 22 ਅਗਸਤ
ਸਥਾਨਕ ਵੀਆਈਪੀ ਰੋਡ ਉੱਪਰ ਬਣੀਆਂ ਸੋਸਾਇਟੀਆਂ ਸਾਊਥ ਸਿਟੀ, ਮਾਇਆ ਗਾਰਡਨ ਫੇਸ 3 , ਸਕਾਈ ਲਾਈਨ ਪਾਰਕ , ਹਰਮੀਟੇਜ ਸੈਂਟਰੈਲਿਸ, ਡੀਪੀਐਸ ਰੋਡ ਵੀਆਈਪੀ ਐਨਕਲੇਵ, ਚੈਰੀ ਹਿਲ, ਸਨਸ਼ਾਈਨ ਆਦਿ ਦੇ ਨਿਵਾਸੀ ਬੀਤੇ ਕਈ ਮਹੀਨਿਆਂ ਤੋਂ ਇਲਾਕੇ ਦੀਆਂ ਸੜਕਾਂ ਦੀ ਭੈੜੀ ਹਾਲਤ ,ਨਜਾਇਜ਼ ਕਬਜ਼ਿਆਂ ਅਤੇ ਪਾਰਕਾਂ ਦੇ ਰੱਖ ਰਖਾਵ ਨੂੰ ਲੈ ਕੇ ਬੇਹਦ ਪ੍ਰੇਸ਼ਾਨ ਹਨ ਅਤੇ ਨਰਕ ਦਾ ਜੀਵਨ ਜਿਊਣ ਲਈ ਮਜਬੂਰ ਹਨ। ਇਸ ਸਬੰਧੀ ਸੁਸਾਇਟੀਆਂ ਦੇ ਨਿਵਾਸੀਆਂ ਨੇ ਕਈ ਵਾਰ ਜਿਲਾ ਪ੍ਰਸ਼ਾਸਨ ਨੂੰ ਮਿਲ ਕੇ ਇਹਨਾਂ ਸੜਕਾਂ ਦੀ ਭੈੜੀ ਹਾਲਤ ਦੀ ਫੌਰੀ ਮੁਰੰਮਤ ਬਾਰੇ ਬੇਨਤੀ ਕੀਤੀ ਹੈ ਪਰੰਤੂ ਪਰਨਾਲਾ ਉੱਥੇ ਦਾ ਉੱਥੇ ਹੀ ਹੈ ।
ਸਮਾਜ ਸੇਵੀ ਸੰਸਥਾ ਸੇਵਕ ਸਭਾ ਦੇ ਪ੍ਰਧਾਨ ਸ਼੍ਰੀ ਸੰਦੀਪ ਪਰੂਥੀ ਨੇ ਦੱਸਿਆ ਕਿ ਉਹਨਾਂ ਨੇ ਵੀ ਜਿਲੇ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਸਾਰੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਹੈ ਪ੍ਰੰਤੂ ਸਮੱਸਿਆ ਜਿਉਂ ਦੀਆਂ ਜਿਉਂ ਦੀ ਤਿਉਂ ਬਣੀ ਹੋਈ ਹੈ। ਉਹਨਾਂ ਕਿਹਾ ਕਿ ਵੀਆਈਪੀ ਰੋਡ ਦੀ ਸੁਸਾਇਟੀਆਂ ਦੇ ਲਗਭਗ 4 ਹਜਾਰ ਪਰਿਵਾਰ ਪਿਛਲੇ ਦੋ ਸਾਲਾਂ ਤੋਂ ਸੜਕਾਂ ਦੀ ਤਰਸਯੋਗ ਹਾਲਤ ਦੇ ਕਾਰਨ ਬੇਹੱਦ ਪ੍ਰੇਸ਼ਾਨ ਹਨ। ਸੜਕਾਂ ਦੇ ਉੱਪਰ ਪਏ ਡੂੰਘੇ ਟੋਏ , ਬਰਸਾਤ ਦੇ ਦਿਨਾਂ ਵਿੱਚ ਚਿੱਕੜ ਕਾਰਨ ਲੋਕਾਂ ਦਾ ਪੈਦਲ ਤਾਂ ਕਿ ਵਾਹਨਾਂ ਤੇ ਚੱਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ । ਕਈ ਵਾਰ ਮਹਿਲਾਵਾਂ ਪੁਰਸ਼ ਬੱਚੇ ਚਿੱਕੜ ਵਿਚ ਡਿੱਗ ਕੇ ਚਿੱਕੜ ਨਾਲ ਲੱਥਪਥ ਹੋ ਜਾਂਦੇ ਹਨ। ਹਰ ਰੋਜ਼ ਕੰਮ ਤੇ ਜਾਣ ਵਾਲੇ ਕਰਮਚਾਰੀ, ਸਕੂਲਾਂ ਨੂੰ ਜਾਣ ਵਾਲੇ ਬੱਚੇ , ਖਾਸ ਕਰ ਬਜ਼ੁਰਗ ਵਿਆਕਤੀਆਂ ਦਾ ਬਾਹਰ ਨਿੱਕਲਣਾ ਮੁਸ਼ਕਿਲ ਹੋਇਆ ਪਿਆ ਹੈ । ਲੋਕਾਂ ਨੂੰ ਦੁਖੀ ਮਨ ਨਾਲ ਇਹ ਕਹਿੰਦੇ ਸੁਣਿਆ ਹੈ ਕਿ ਉਹ ਕਰੋੜਾਂ ਰੁਪਏ ਪ੍ਰਾਪਰਟੀ ਤੇ ਖਰਚ ਨੇ ਵੀ ਉਹ ਨਰਕ ਭੋਗ ਰਹੇ ਹਨ , ਜਦੋਂ ਕਿ ਸਰਕਾਰ ਨੂੰ ਹਰ ਤਰਾਂ ਦੇ ਟੈਕਸ ਦਿੱਤੇ ਜਾਂਦੇ ਹਨ।
ਉਹਨਾਂ ਕਿਹਾ ਕਿ ਅਣ ਅਧਿਕਾਰਿਤ ਝੁੱਗੀਆਂ , ਦੁਕਾਨਾਂ ਦੀਆਂ ਐਕਸਟੈਂਸ਼ਨਾ, ਰੇਹੜੀ ਵਾਲਿਆਂ ਦੇ ਨਜਾਇਜ ਕਬਜ਼ੇ ਪ੍ਰੇਸ਼ਾਨੀ ਦਾ ਕਾਰਣ ਬਣ ਰਹੇ ਹਨ , 50 -60 ਫੁੱਟ ਚੌੜੀਆਂ ਸੜਕਾਂ ਨਜਾਇਜ਼ ਕਬਜ਼ਿਆਂ ਕਾਰਨ 15 ਤੋਂ 20 ਫੁੱਟ ਤੱਕ ਦੀ ਰਹਿ ਜਾਂਦੀਆਂ ਹਨ, ਸੜਕਾਂ ਉੱਪਰ ਲਗਾਏ ਗਏ ਬਿਜਲੀ ਦੇ ਖੰਬੇ ਵੀ ਸੜਕ ਦੇ ਘਟੇ ਹੋਏ ਸਪੈਨ ਵਿੱਚ ਵੱਡੀ ਰੁਕਾਵਟ ਦਾ ਕਾਰਨ ਬਣੇ ਹੋਏ ਹਨ। ਨਜਾਇਜ਼ ਕਬਜ਼ਿਆਂ ਕਾਰਨ ਅਤੇ ਡੋਮੀਨੈਂਸ ਚੌਂਕ ਵਿੱਚ ਟਰੈਫਿਕ ਲਾਈਟਾਂ ਦਾ ਪ੍ਰਬੰਧ ਨਾ ਹੋਣ ਕਾਰਨ ਅਕਸਰ ਘੰਟਿਆਂ ਬੱਧੀ ਜਾਮ ਲੱਗਿਆ ਰਹਿੰਦਾ ਹੈ। ਉਹਨਾਂ ਕਿਹਾ ਕਿ ਅਨੇਕਾਂ ਵਾਰ ਸਬੰਧਤ ਮਹਿਕਮਿਆਂ ਨੂੰ ਬੇਨਤੀਆਂ ਭੇਜੀਆਂ ਹੋਈਆਂ ਹਨ , ਕਈ ਵਾਰ ਪ੍ਰਸ਼ਾਸਨ ਦੇ ਅਧਿਕਾਰੀ, ਕਾਰਜਸਾਧਕ ਅਫਸਰ , ਏਡੀਸੀ ਰੈਂਕ ਤੱਕ ਦੇ ਅਧਿਕਾਰੀ ਹਾਲਾਤ ਵੇਖਣ ਲਈ ਦੌਰੇ ਕਰ ਚੁੱਕੇ ਹਨ ਪਰ ਸ਼ਾਇਦ ਉਹਨਾਂ ਵੱਲੋਂ ਕੀਤੀ ਕਾਰਵਾਈ ਕਾਗਜਾਂ ਤੱਕ ਹੀ ਸੀਮਤ ਰਹਿ ਜਾਂਦੀ ਹੈ । ਸੜਕਾਂ ਦੀ ਭੈੜੀ ਹਾਲਤ ਕਾਰਨ ਹਰ ਰੋਜ਼ ਛੋਟੇ ਵੱਡੇ ਹਾਦਸੇ ਹੁੰਦੇ ਰਹਿੰਦੇ ਹਨ , ਬੀਤੇ ਸਮੇਂ ਕਰੰਟ ਕਾਰਣ ਇੱਕ ਨੌਜਵਾਨ ਅਪਣੀ ਜਾਨ ਵੀ ਗਵਾ ਚੁੱਕਾ ਹੈ । ਅੱਜ ਕੱਲ ਦੀ ਬਰਸਾਤ ਦੇ ਕਾਰਨ ਸੜਕਾਂ ਉੱਪਰ ਦਾ ਚਿੱਕੜ ਫੈਲਿਆ ਰਹਿੰਦਾ ਹੈ । ਬਰਸਾਤ ਦਾ ਪਾਣੀ ਨਿਕਾਸੀ ਨਾ ਹੋਣ ਕਾਰਨ ਸੋਸਾਇਟੀਆਂ, ਕਲੋਨੀਆਂ ਵਿੱਚ ਵੀ ਗੋਡੇ ਗੋਡੇ ਭਰ ਜਾਂਦਾ ਹੈ ।
ਸਮਾਜ ਸੇਵੀ ਸੇਵਕ ਸਭਾ ਦੇ ਪ੍ਰਧਾਨ ਸੰਦੀਪ ਪਰੂਥੀ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ 11 ਸਤੰਬਰ ਤੱਕ ਡੋਮੀਨੋਜ ਚੌਕ ਤੋਂ ਲੈ ਕੇ ਸਕਾਈ ਪਾਰਕ ਸੁਸਾਇਟੀ ਤੱਕ ਦੀ ਸੜਕ ਦਾ ਕੰਮ ਮੁਕੰਮਲ ਨਾ ਹੋਇਆ , ਡੀਪੀਐਸ ਰੋਡ ਤੋਂ ਸਿੰਘਪੁਰਾ ਤੱਕ ਦੀ ਸੜਕ ਦਾ ਕੰਮ ਮੁਕੰਮਲ ਨਾ ਹੋਇਆ, ਚੈਰੀ ਸੁਸਾਇਟੀ ਦੇ ਸਾਹਮਣੇ ਪਾਰਕ ਦਾ ਕੰਮ ਨਾ ਸ਼ੁਰੂ ਹੋਇਆ ਤਾਂ 12 ਸਤੰਬਰ ਤੋਂ ਉਹ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਭੁੱਖ ਹੜਤਾਲ ਤੇ ਬੈਠਣਗੇ ਅਤੇ ਇਹ ਭੁੱਖ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਪ੍ਰਸ਼ਾਸਨ ਇਹ ਵਿਸ਼ਵਾਸ ਨਹੀਂ ਦਿਲਵਾਏਗਾ ਕਿ ਸਾਰਾ ਕੰਮ ਨਿਰਧਾਰਤ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ।