
22/08/2025
ਜਸਵਿੰਦਰ ਭੱਲਾ ਜੀ ਦੇ ਪੂਰੇ ਹੋਣ ਦੀ ਖਬਰ ਸੁਣੀ ਤਾਂ ਯਕੀਨ ਨੀਂ ਆਇਆ । ਇਹ ਗੱਲ ਵੈਸੇ ਤਾਂ ਹਰੇਕ ਨੂੰ ਹੀ ਕਹਿ ਦਿੰਦੇ ਆ ਸ਼ਰਧਾਂਜਲੀ ਦਿੰਦੇ ਸਮੇਂ ਪਰ ਭੱਲਾ ਸਾਬ ਦੀ ਘਾਟ ਕਲਾ ਖੇਤਰ ਚ ਵਾਕਿਆ ਕਦੇ ਵੀ ਪੂਰੀ ਨਹੀ ਹੋਣੀ । ਮੇਰੇ ਫਾਦਰ ਭੱਲਾ ਸਾਬ ਦੇ ਪ੍ਰਸ਼ੰਸਕ ਸੀ ਜਿਸ ਕਰਕੇ ਮੇਰੀ ਇਹਨਾਂ ਨਾਲ introduction ਘਰੇ ਪਈਆਂ ਛਣਕਾਟੇ ਦੀਆਂ ਟੇਪਾਂ ਸੁਣਕੇ ਹੋਈ । ਅੱਜ ਜਿਹੜਾ ਦੌਰ ਚੱਲ ਰਿਹਾ comedy ਚ Stand-Up ਵਾਲਾ, ਇਸਨੂੰ ਸਭਤੋਂ ਦਲੇਰਾਨਾ ਦੌਰ ਕਿਹਾ ਜਾ ਸਕਦਾ ਹਿੰਦੁਸਤਾਨੀ ਹਾਸਰਸ ਦੁਨੀਆਂ ਦਾ । ਕਿਸੇ ਤੇ ਤਵਾ ਲਾਉਣ ਵਾਲੀ ਸਕਿੱਟ ਜਿਵੇਂ ਭੱਲਾ ਸਾਬ ਅਕਸਰ ਹੀ ਕਰਦੇ ਹੁੰਦੇ ਸੀ ਆਵਦੇ ਸਾਥੀ ਬਾਲ ਮੁਕੰਦ ਸ਼ਰਮਾ ਜੀ ਦੇ ਦਾਦੇ ਵਾਲਾ ਕਿਰਦਾਰ ਘੜਕੇ, ਉਸਨੂੰ ਹੁਣ roast ਕਰਨਾ ਕਹਿ ਦਿੰਦੇ ਆ । ਜਦੋਂ ਵੀ ਨਵਾਂ ਛਣਕਾਟਾ ਆਉਣਾ ਹੁੰਦਾ ਸੀ ਤਾਂ ਉਹਦੀ ਮੇਕਿੰਗ ਸਮੇਂ ਪੰਜਾਬ ਦੇ ਗੰਭੀਰ ਮਸਲੇ ਕੌਮੇਡੀ ਰਾਹੀਂ involve ਕੀਤੇ ਹੁੰਦੇ ਸੀ ਸਰਕਾਰ ਦੀ ਉਸ ਨਾਕਾਮੀ ਬਾਰੇ ਦੱਸਣ ਤੇ ਚਾਨਣਾ ਪਾਉਣ ਲਈ । ਉਸ ਵਕਤ ਕੋਈ ਵੀ ਬੰਦਾ safe zone ਚ ਨਹੀਂ ਹੁੰਦਾ ਸੀ । ਭੱਲਾ ਸਾਬ ਦਾ ਇਸ ਪ੍ਰੋਫੈਸ਼ਨ ਵਾਲਾ ਹਰੇਕ ਸੱਜਣ ਡਰਿਆ ਹੁੰਦਾ ਸੀ ਕਿ ਕੋਈ ਪਤਾ ਨੀਂ ਕੀਹਦੇ ਤੇ ਕਿਹੜੀ ਸਕਿੱਟ ਬਣਾਕੇ ਛਣਕਾਟੇ ਚ ਪਾ ਦੇਣੀ ਆ । ਭੱਲਾ ਸਾਬ ਦਾ ਸਭਤੋਂ ਸ਼ਾਨਦਾਰ ਕੰਮ ਮੈਨੂੰ ‘ਚਾਚਾ ਸੁਧਰ ਗਿਆ’ ਲੱਗਿਆ, ਇਸ ਛਣਕਾਟੇ ਸਮੇਂ ਦੁਨੀਆਂ ਬਦਲ ਰਹੀ ਸੀ ਤੇ ਹੁਣ ਕੈਸਟਾਂ ਦੀ ਬਜਾਇ CDs ਆਉਣ ਲੱਗੀਆਂ । ਕੈਸਟ ਸਿਰਫ ਸੁਣਨੀ ਹੁੰਦੀ ਹੈ ਪਰ ਜਦੋਂ ਸੀਡੀ ਦਾ ਦੌਰ ਚੱਲਿਆ ਤਾਂ ਸਿਰਫ ਉਹੀ ਬੰਦੇ ਬਚੇ ਜਿਹੜੇ ਸਮਾਂ ਰਹਿੰਦੇ evolve ਕਰਗੇ ਤੇ ਪੁਰਾਣੇ audio ਤੋਂ ਬਾਦ ਨਵੇਂ visual ਮਾਧਿਅਮ ਚ ਆਵਦੀ comedy ਤੇ ਖੁਦ ਨੂੰ carry ਕਰਨ ਦੀ ਸਮਰੱਥਾ ਰੱਖਦੇ ਸੀ ।
ਭੱਲਾ ਸਾਬ ਨੇਂ ‘ਚਾਚਾ ਸੁਧਰ ਗਿਆ’ ਛਣਕਾਟੇ ਚ ‘ਆਪਦਾ ਨੂੰ ਅਵਸਰ’ ਚ ਬਦਲਣ ਵਾਲੀ ਕਹਾਵਤ ਸੱਚ ਸਾਬਤ ਕਰਤੀ । ਇਸ ਸਾਰੇ ਛਣਕਾਟੇ ਦਾ ਬੇਸ ਹੀ ਸੈਕਟੇਰੀਏਟ ਚ ਖੁਦ ਨਾਲ ਹੋਈ ਕੁੱਟਮਾਰ ਦੀ ਘਟਨਾ ਬਣੀ ਜਿਸਦਾ ਜਿੰਮੇਵਾਰ ਉਸ ਸਮੇਂ ਪੰਜਾਬ ਦੇ ਕਾਂਗਰਸੀ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਨਿਆ ਜਾਂਦਾ । ਦੱਸਦੇ ਆ ਵੀ ਇਹਨਾਂ ਨੂੰ ਸਨਮਾਨਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸੱਦਾ ਆਇਆ ਹੋਇਆ ਸੀ ਤੇ ਤੈਅ ਸਮੇਂ ਸਾਰੇ ਪਹੁੰਚਗੇ ਸਿਵਾਇ ਕੈਪਟਨ ਸਾਬ ਦੇ । ਕੈਪਟਨ ਸਾਬ ਦੇ ਲੇਟ ਉੱਠਣ ਵਾਲੀ ਆਦਤ ਤੋਂ ਸਾਰੇ ਹੀ ਜਾਣੂੰ ਆ ਤੇ ਜਦੋਂ ਉਡੀਕ ਕਰਦੇ ਕਲਾਕਾਰਾਂ ਨੂੰ ਬੈਠਿਆਂ ਕਾਫੀ ਸਮਾਂ ਹੋ ਗਿਆ ਤਾਂ ਆਦਤ ਤੋਂ ਮਜਬੂਰ ਭੱਲਾ ਸਾਬ ਦੇ ਮੂੰਹੋਂ ਨਿੱਕਲ ਗਿਆ ‘ਸੱਦਕੇ ਜਵਾਈਆਂ ਨੂੰ ਆਪ ਆਏ ਨੀਂ’ । ਇਹ ਗੱਲ ਕੈਪਟਨ ਸਾਬ ਤੱਕ ਪਹੁੰਚੀ ਤਾਂ ਉਹਨਾਂ ਪੁਲਸ ਮੁਲਾਜਮਾਂ ਨੂੰ ਕਿਹਾ ਕਿ ਦੇਖਦੇ ਕੀ ਆਂ, ਸਿੱਟ ਲੋ ਬੱਸ । ਇਹ ਭੱਲਾ ਸਾਬ ਦੀ ਪ੍ਰਤਿਭਾ ਹੀ ਸੀ ਜਿਸ ਕਰਕੇ ਆਵਦੇ ਨਾਲ ਹੋਈ ਉਸ ਮਾੜੀ ਘਟਨਾ ਨੂੰ ਪਿੱਠਭੂਮੀ ਬਣਾਕੇ ਬਹੁਤ ਚੰਗਾ content ਬਣਾਇਆ ਤੇ ਦਰਸ਼ਕਾਂ ਅੱਗੇ ਪੇਸ਼ ਕੀਤਾ ਜਿਹੜਾ ਦਰਸ਼ਕਾਂ ਨੂੰ ਵੀ ਬਹੁਤ ਪਸੰਦ ਆਇਆ ।
ਜਿਵੇਂ ਪਹਿਲੇ ਪੈਰੇ ਚ ਲਿਖਿਆ ਕਿ ਸਟੈਂਡ-ਅਪ ਕੌਮੇਡੀ ਰਾਹੀਂ ਸਮਾਜ ਚ taboo ਮੰਨੇ ਜਾਂਦੇ ਵਿਸ਼ਿਆਂ ਤੇ ਜਾਂ Don’t touch me ਫੀਲਿੰਗ ਵਾਲੇ ਬੰਦਿਆਂ ਤੇ ਗੱਲਬਾਤ ਹੋਣੀ ਇਸ ਗੱਲ ਦਾ ਸਬੂਤ ਹੈ ਕਿ ਇਹ ਸਭਤੋਂ ਦਲੇਰਾਨਾ ਦੌਰ ਹੈ ਇਸ ਕਲਾ ਦਾ । ਪਰ ਜਿਹੜਾ ਕੁਛ ਜਸਪ੍ਰੀਤ ਸਿੰਘ, ਜ਼ਾਕਿਰ ਖਾਨ, ਅਭਿਨਵ ਬੱਸੀ ਵਰਗੇ ਮੁਲਕ ਦੇ ਕੁਛ ਚੋਟੀ ਦੇ talent 2021-22 ਚ ਕਰਨ ਲੱਗੇ ਆ, ਭੱਲਾ ਸਾਬ ਸਿੱਧਾ ਨਾਮ ਲੈਕੇ ਤਵਾ ਲਾਉਣ ਆਲਾ ਕੰਮ ਮੌਜੂਦਾ ਸਟੈਂਡ-ਅਪ ਆਲਿਆਂ ਦੇ ਜੰਮਣ ਤੋਂ ਵੀ ਪਹਿਲਾਂ ਦੇ ਕਰਦੇ ਆਏ ਸੀ । ਨਹੀਂ ਇਸ ਵਿਧਾ ਦੀ ਹਾਲਤ ਆਪਾਂ ਜਾਣਦੇ ਹੀ ਹਾਂ, ਪੰਜਾਬ ਦੇ ਇਤਿਹਾਸ ਚ ਸਭਤੋਂ ਸਫਲ ਕੌਮੇਡੀਅਨ (ਜਿਹੜੇ ਹੁਣ ਮੁੱਖਮੰਤਰੀ ਪੰਜਾਬ ਬਣੇ ਹੋਏ ਆ) ਵਜੋਂ ਜਾਣੇ ਜਾਂਦੇ ਭਗਵੰਤ ਮਾਨ ਦੀ ਕੌਮੇਡੀ ਚ ਸਰਕਾਰੀ ਮਾਸਟਰ, ਛੋਟੇ ਪੁਲਸ ਮੁਲਾਜਮ ਤੇ ਕਿਸੇ ਠੱਗ ਐਮਐਲਏ ਵਰਗੇ generic ਵਿਸ਼ੇ ਤੇ ਕਿਰਦਾਰ ਸੀ । ਜਿਸ ਕਰਕੇ ਇਹੋ ਜਿਹੀ ਸੇਫ ਚੱਲਣ ਵਾਲੀ politically correct ਕੌਮੇਡੀ ਬੜੀ ਛੇਤੀ ਨੀਰਸ ਹੋ ਜਾਂਦੀ ਹੈ ।
ਉਸ ਸਮੇਂ ਕਿਸੇ ਵੀ ਕਲਾ ਖੇਤਰ ਦਾ ਕੋਈ ਵੀ ਕਲਾਕਾਰ ਭੱਲਾ ਸਾਬ ਦੀ ਤੋਪ ਦੀ ਰੇਂਜ ਤੋਂ ਬਾਹਰ ਨਹੀਂ ਸੀ । ਇਹ ਗੱਲ ਵੀ ਗੌਰ ਕਰਨਯੋਗ ਹੈ ਕਿ ਉਹਨਾਂ ਵੇਲਿਆਂ ਦੇ ਕਿਸੇ ਵੀ ਸੁਪਰਸਟਾਰ ਨੇਂ ਛਣਕਾਟੇ ਚ ਆਵਦਾ ਨਾਮ ਵਰਤੇ ਜਾਣ ਤੇ ਇਤਰਾਜ਼ ਨਹੀਂ ਜਤਾਇਆ, ਨਾਂ ਕੋਈ ਗੁੱਸਾ ਗਿਲਾ ਦਿਖਾਇਆ ਤੇ ਨਾਂ ਹੀ ਕੋਈ ਸ਼ਿਕਾਇਤ ਕੀਤੀ । ਜਿਵੇਂ ਇੱਕ ਸਕਿੱਟ ਚ ਬਾਲਾ ਸਵਾਲ ਕਰਦਾ ਚਾਚੇ ਚਤਰੇ ਨੂੰ ਵੀ ਅਮਰ ਨੂਰੀ ਨੇਂ ਅਜਿਹਾ ਕੀ ਦੇਖਿਆ ਸਰਦੂਲ ਸਿਕੰਦਰ ਚ ਜਿਹੜਾ ਉਹਦੇ ਨਾਲ ਵਿਆਹ ਕਰਾਉਣ ਦਾ ਫੈਸਲਾ ਲੈ ਲਿਆ । ਬਾਵਜੂਦ ਇਸ ਗੱਲ ਦੇ ਕਿ ਸੁਹੱਪਣ ਤੇ looks ਦੇ ਮਾਮਲੇ ਚ ਦੋਵਾਂ ਦਰਮਿਆਨ ਜਮੀਨ ਅਸਮਾਨ ਦਾ ਫਰਕ ਸੀ । ਖਾਸ ਕਰਕੇ colour complexion ਚ, ਨੂਰੀ ਸੱਚੀਓਂ ਬੇਹੱਦ ਸੋਹਣੀ ਤੇ ਸਾਫ ਰੰਗ ਵਾਲੀ ਸੀ ਤੇ ਸਰਦੂਲ ਦਾ ਰੰਗ ਹੱਦੋਂ ਬਾਹਲਾ ਪੱਕਾ ਸੀ । ਫਿਰ ਚਾਚਾ ਚਤਰਾ ਜਵਾਬ ਦਿੰਦਾ ਕਿ ‘ਭਤੀਜ ! ਨੂਰੀ ਨੇਂ ਸਰਦੂਲ ਸਿਕੰਦਰ ਦੇ ਗੁਣ ਦੇਖੇ ਆ । ਜੇ ਕੱਲਾ ਰੰਗ ਹੀ ਦੇਖਣਾ ਹੁੰਦਾ ਤਾਂ ਹੰਸਰਾਜ ਕਿਹੜਾ ਮਾੜਾ ਸੀ’ ?
ਫਿਰ ਵਾਰੀ ਆਉਂਦੀ ਹੈ ਸੁਰਿੰਦਰ ਸ਼ਿੰਦਾ ਜੀ ਦੀ । ਇਹ ਗੱਲ ਜੱਗ ਜਾਹਰ ਹੈ ਕਿ ਤਰਖਾਣ ਤੇ ਸੁਨਿਆਰਾ ਭਾਈਚਾਰੇ ਦੇ ਲੋਕ ਗਿਣੇ ਬੇਸ਼ੱਕ OBC ਚ ਜਾਂਦੇ ਆ ਪਰ ਇਹਨਾਂ ਚ ਤੇ ਕਾਗਜ਼ੀ ਕਾਰਵਾਈ ਸਮੇਂ ਜਨਰਲ ਦੱਸੇ ਜਾਂਦੇ ਜੱਟਾਂ ਚ ਕੋਈ ਬਹੁਤਾ ਫਰਕ ਹੈਨੀ । ਇਹ ਦੋਵੇਂ ਗਰੁੱਪ ਮਾਲੀ ਤੌਰ ਤੇ ਤਕੜੇ ਆ, ਇਹਨਾਂ ਦੇ ਮਰਦ ਔਰਤ ਅਕਸਰ ਹੀ ਸੋਹਣੇ ਹੁੰਦੇ ਆ ਬਾਕੀ ਸਾਰੀਆਂ ਜਾਤਾਂ ਦੇ ਮੁਕਾਬਲੇ । ਸਮਾਜ ਚ ਜਿਹੜਾ ਕਿਸੇ ਦਾ ਰੁਤਬਾ ਬਣਿਆ ਹੁੰਦਾ, ਇਹ ਦੋਵੇਂ ਗਰੁੱਪ ਜੱਟਾਂ ਦੇ ਬਰਾਬਰ ਹੀ ਨੇਂ । ਇਹਨਾਂ ਬਾਰੇ ਇਸ ਤਰਾਂ ਦੀ ਲੰਮੀ ਭੂਮਿਕਾ ਭੰਨਣ ਦਾ ਕਾਰਨ ਹੈ ਬਾਲੇ ਵੱਲੋਂ ‘ਚਾਚਾ ਸੁਧਰ ਗਿਆ’ ਚ ਚਾਚੇ ਚਤਰੇ ਨੂੰ ਕੀਤਾ ਇੱਕ ਹੋਰ ਸਵਾਲ । ਉਹ ਪੁੱਛਦਾ ਕਿ ‘ਜੱਟ ਜੱਟ ਆਖ ਜੱਟਾਂ ਨੂੰ glorify ਕਰਦੇ ਸਭਤੋਂ ਜਿਆਦਾ ਗੀਤ ਸੁਰਿੰਦਰ ਛਿੰਦਾ ਜੀ ਨੇਂ ਗਾਏ ਆ । ਕੀ ਜੱਟਾਂ ਦੀ ਐਨੀ ਜਿਆਦਾ ਸੋਭਾ ਕਰਨ ਵਾਲਾ ਛਿੰਦਾ ਆਪ ਜੱਟ ਆ’ ? ਚਾਚਾ ਚਤਰਾ ਬੋਲਦਾ ‘ਨਹੀਂ ਭਤੀਜ ! ਬੱਸ ਥੋੜਾ ਜਾ ਘੱਟ ਆ’ ।
ਭੱਲਾ ਸਾਬ ਦੇ ਕੁਛ ਕਿਰਦਾਰ ਰਹਿੰਦੀ ਦੁਨੀਆਂ ਤੱਕ ਯਾਦ ਰੱਖੇ ਜਾਣਗੇ । ਚਾਚਾ ਚਤਰਾ ਤੇ NRI ਭਾਨੇ ਵਾਲਾ ਕਿਰਦਾਰ (ਹੈਲੋ ! ਭਾਨੀਏ ਮੈਂ ਬੋਲਦਾਂ ਅਮਰੀਕਾ ਤੋਂ ਭਾਨਾ । ਅੱਗੋਂ ਭਾਨੀ ਕਹਿੰਦੀ ਆ ਮਰਜਾਣਿਆ ਸੁਣ ਗਿਆ, ਕੰਨ ਕਾਹਤੋਂ ਖਾਨਾਂ) ਹਮੇਸ਼ਾ ਲੋਕਾਂ ਦੇ ਜ਼ਿਹਨ ਚ ਤਾਜੇ ਰਹਿਣਗੇ ।