30/08/2025
ਗੁਰੂ ਨਾਨਕ ਦੇਵ ਜੀ ਮਾਤਾ ਸੁਲੱਖਣੀ ਜੀ ਦਾ ਵਿਆਹ ♥️♥️
ਮੋਦੀਖਾਨੇ ਵਿਚ ਕੰਮ ਕਰਦਿਆਂ ਲੋਕੀ ਬਹੁਤ ਖੁਸ਼ ਸਨ। ਇੱਥੋਂ ਤਕ ਕਿ ਮੋਦੀਖਾਨਾ, ਜਿਸ ਦੀਆਂ ਪਹਿਲਾਂ ਬਹੁਤ ਸ਼ਿਕਾਇਤਾਂ ਸਨ. ਹੁਣ ਬਹੁਤ ਹੀ ਵਧੀਆ ਚਲ ਰਿਹਾ ਸੀ ਤੇ ਨਵਾਬ ਦੌਲਤ ਖਾਂ ਲੋਧੀ ਵੀ ਗੁਰੂ ਜੀ ਦੀ ਕੁਸ਼ਲਤਾਪੂਰਵਕ ਕਾਰਗੁਜਾਰੀ ਤੋਂ ਬਹੁਤ ਖੁਸ਼ ਸੀ। ਪ੍ਰੰਤੂ, ਜੈ ਰਾਮ ਜੀ ਅਤੇ ਬੇਬੇ ਨਾਨਕੀ ਜੀ ਉਨ੍ਹਾਂ ਦੇ ਬਚਤ ਨਾ ਕਰਨ ਦੇ ਸੁਭਾਅ ਤੋਂ ਚਿੰਤਤ ਸਨ, ਇਸ ਲਈ ਉਨ੍ਹਾਂ ਨੇ ਗੁਰੂ ਜੀ ਦਾ ਵਿਆਹ ਕਰਨ ਬਾਰੇ ਗੰਭੀਰਤਾ ਨਾਲ ਸੋਚਿਆ। ਉਨ੍ਹਾਂ ਦਾ ਵਿਚਾਰ ਸੀ ਕਿ ਗ੍ਰਹਿਸਤ ਵਿਚ ਪੈ ਕੇ ਨਾਨਕ ਜੀ ਵੀ ਬਚਤ ਕਰਨ ਬਾਰੇ ਕੁਝ ਸੋਚਣ ਲੱਗ ਪੈਣਗੇ।
ਬਟਾਲੇ ਨਗਰ ਦੇ ਰਹਿਣ ਵਾਲਾ ਭਾਈ ਮੂਲ ਚੰਦ, ਜੋ ਪੱਖੋਕੇ ਰੰਧਾਵੇ ਦਾ ਪਟਵਾਰੀ ਸੀ, ਜੈ ਰਾਮ ਜੀ ਦਾ ਜਾਣੂ ਸੀ। ਉਨ੍ਹਾਂ ਦੀ ਲੜਕੀ ਬੀਬੀ ਸੁਲੱਖਣੀ ਜੀ ਬੜੀ ਸੂਝਵਾਨ ਤੇ ਸੁੰਦਰ ਸੀ। ਜੈ ਰਾਮ ਜੀ ਨੇ ਗੁਰੂ ਜੀ ਵਾਸਤੇ ਸੁਲੱਖਣੀ ਜੀ ਦੇ ਰਿਸ਼ਤੇ ਦੀ ਗੱਲ ਚਲਾਈ ਤਾਂ ਮੂਲ ਚੰਦ ਜੀ ਝੱਟ-ਪੱਟ ਰਜਾਮੰਦ ਹੋ ਗਏ, ਕਿਉਂਕਿ ਮੋਦੀਖਾਨੇ ਦੇ ਇੰਚਾਰਜ ਦਾ ਰੁਤਬਾ ਚੰਗਾ ਗਿਣਿਆ ਜਾਂਦਾ ਸੀ। ਗੁਰੂ ਜੀ ਨੇ ਵੀ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਦੇ ਤੌਖਲੇ ਦੇ ਉਲਟ, ਵਿਆਹ ਵਿਚ ਰੁਚੀ ਪ੍ਰਗਟ ਕੀਤੀ। ਉਨ੍ਹਾਂ ਨੇ ਮਾਤਾ ਤ੍ਰਿਪਤਾ ਜੀ, ਪਿਤਾ ਕਾਲੂ ਜੀ ਅਤੇ ਰਾਏ ਬੁਲਾਰ ਜੀ ਨਾਲ ਇਸ ਰਿਸ਼ਤੇ ਬਾਰੇ ਸਲਾਹ ਤਾਂ ਪਹਿਲਾਂ ਹੀ ਕੀਤੀ ਹੋਈ ਸੀ, ਹੁਣ ਉਨ੍ਹਾਂ ਨੂੰ ਸੱਦੇ ਵੀ ਭੇਜ ਦਿੱਤੇ। ਇਸਦੇ ਨਾਲ ਕੁਝ ਰਿਸ਼ਤੇਦਾਰਾਂ ਅਤੇ ਨਾਲ ਹੀ ਗੁਰੂ ਜੀ ਦੇ ਖਾਸ ਮਿੱਤਰਾਂ ਨੂੰ ਵੀ ਸੱਦਿਆ ਗਿਆ। ਗੁਰੂ ਜੀ ਦੀ ਉਸ ਸਮੇਂ 18 ਸਾਲ ਦੀ ਉਮਰ ਸੀ, ਜਦ 24 ਜੇਠ 1544 ਬਿ. (1487 ਈ.) ਨੂੰ ਉਨ੍ਹਾਂ ਦਾ ਵਿਆਹ ਹੋਇਆ।
ਗੁਰੂ ਜੀ ਦੀ ਬਰਾਤ ਵਿਚ ਜਿਥੇ ਰਾਏ ਬੁਲਾਰ ਜੀ ਵਰਗੀਆਂ ਸ਼ਖ਼ਸੀਅਤਾਂ ਸ਼ਾਮਲ ਸਨ, ਉੱਥੇ ਭਗਵੇਂ ਕੱਪੜਿਆਂ ਵਾਲੇ ਸਾਧੂ-ਸੰਤ ਵੀ ਸ਼ਾਮਲ ਸਨ। ਅਜਿਹੀ ਅਨੋਖੀ ਬਾਰਾਤ ਦੇਖ ਕੇ ਲੋਕੀਂ ਹੈਰਾਨ ਰਹਿ ਗਏ।
ਜਿਸ ਥਾਂ ਉੱਤੇ ਬਰਾਤ ਬਿਠਾਈ ਗਈ, ਉਸਦੇ ਨੇੜੇ ਇਕ ਕੱਚੀ ਕੰਧ ਖੜੀ ਸੀ। ਇਕ ਮਾਈ ਨੇ ਸੁਝਾਅ ਦਿੱਤਾ ਕਿ ਕੰਧ ਤੋਂ ਥੋੜੀ ਦੂਰ ਹੋ ਕੇ ਬੈਠੋ, ਇਸ ਦਾ ਕੋਈ ਪਤਾ ਨਹੀਂ ਕਦੋਂ ਡਿੱਗ ਪਵੇ। ਗੁਰੂ ਜੀ ਦਾ ਜਵਾਬ ਸੀ ਕਿ ਇਹ ਕੰਧ ਕਦੇ ਨਹੀਂ ਡਿੱਗੇਗੀ। (ਇਥੇ ਇਹ ਦੱਸਣਾ ਯੋਗ ਹੋਵੇਗਾ ਕਿ ਇਹ ਕੰਧ ਬਟਾਲੇ ਵਿਚ ਅਜੇ ਵੀ ਖੜੀ ਹੈ, ਜਿਸ ਥਾਂ 'ਤੇ ਗੁਰਦੁਆਰਾ ਕੰਧ ਸਾਹਿਬ ਸੁਸ਼ੋਭਿਤ ਹੈ।)
ਇਸ ਪ੍ਰਕਾਰ ਗੁਰੂ ਜੀ ਵਿਆਹ ਕਰਵਾ ਕੇ ਮਾਤਾ ਸੁਲੱਖਣੀ ਜੀ ਨੂੰ ਸੁਲਤਾਨਪੁਰ ਲੋਧੀ ਲੈ ਆਏ ਅਤੇ ਆਪਣਾ ਵਖਰਾ ਮਕਾਨ (ਹੁਣ ਗੁ. ਗੁਰੂ ਕਾ ਬਾਗ) ਲੈ ਕੇ ਰਹਿਣ ਲੱਗੇ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਮਾਤਾ-ਪਿਤਾ ਵੀ ਕੁਝ ਦਿਨ ਰਹੇ ਅਤੇ ਫਿਰ ਤਲਵੰਡੀ ਚਲੇ ਗਏ।
ਉਨ੍ਹਾਂ ਦੇ ਘਰ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਦਾ ਜਨਮ ਭਾਵੇਂ 1551 ਬਿ. (1494 ਈ.) ਅਤੇ ਛੋਟੇ ਪੁੱਤਰ ਬਾਬਾ ਲਖਮੀ ਦਾਸ ਦਾ ਜਨਮ ਫੱਗਣ 1553 ਬਿ. (1496 ਈ.) ਨੂੰ ਹੋਇਆ।