21/04/2025
ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਨੇ ਬੂਟੇ ਲਗਾ ਕੇ ਮਨਾਇਆ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਭਗਤ ਧੰਨਾ ਜੀ ਦਾ ਪ੍ਰਕਾਸ਼ ਦਿਹਾੜਾ
ਨਵਾਂਸ਼ਹਿਰ- ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਭਗਤ ਧੰਨਾ ਜੀ ਦਾ ਪ੍ਰਕਾਸ਼ ਦਿਹਾੜਾ ਬੰਗਾ ਰੋਡ ਨਵਾਂਸ਼ਹਿਰ ਵਿਖੇ ਡਿਵਾਈਡਰ ‘ਤੇ ਬੂਟੇ ਲਗਾ ਕੇ ਮਨਾਇਆ ਗਿਆ । ਇਸ ਮੌਕੇ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਦੇ ਪ੍ਰਧਾਨ ਸ. ਸੁਖਵਿੰਦਰ ਸਿੰਘ ਥਾਂਦੀ ਨੇ ਸਮੂਹ ਸੰਗਤਾਂ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਭਗਤ ਧੰਨਾ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਸੁਸਾਇਟੀ ਪਿਛਲੇ ਨੋ ਸਾਲਾਂ ਤੋਂ ਸੰਤ, ਮਹਾਂਪੁਰਸ਼ ਅਤੇ ਗੁਰੂ ਸਾਹਿਬਾਨ ਜੀ ਨਾਲ ਸਬੰਧਤ ਪੁਰਬਾਂ ਨੂੰ ਬੂਟੇ ਲਗਾ ਕੇ ਮਨਾਇਆ ਜਾ ਰਿਹਾ ਹੈ । ਤਾਂ ਜੋ ਉਹਨਾਂ ਦੀ ਯਾਦਾਂ ਨੂੰ ਹਮੇਸ਼ਾ ਲਈ ਤਾਜ਼ਾ ਰੱਖਿਆ ਜਾ ਸਕੇ ਅਤੇ ਵਾਤਾਵਰਣ ਨੂੰ ਸੁੱਧ ਰੱਖਣ ਲਈ ਯੋਗਦਾਨ ਪਾਇਆ ਜਾ ਸਕੇ । ਇਸ ਮੌਕੇ ਸੁਸਾਇਟੀ ਸਕੱਤਰ ਸ. ਅਮਰਜੀਤ ਸਿੰਘ ਖਾਲਸਾ ਨੇ ਦੱਸਿਆ ਸ਼ਾਂਤੀ ਦੇ ਪੁੰਜ, ਸੁਖਮਨੀ ਦੇ ਰਚੇਤਾ, ਬਾਣੀ ਦੇ ਬੋਹਿਥ, ਗੁਰੂ ਗ੍ਰੰਥ ਸਾਹਿਬ ਦੇ ਸੰਪਾਦਕ ਰਚੇਤਾ, ਨਾਮ ਬਾਣੀ ਵਿਚ ਵਿਲੀਨ, ਹਰਿਮੰਦਰ ਸਾਹਿਬ ਤੇ ਤਰਨਤਾਰਨ ਸਾਹਿਬ ਦੇ ਸਿਰਜਣਹਾਰੇ-ਸ੍ਰੀ ਗੁਰੂ ਅਰਜਨ ਦੇਵ ਜੀ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਦੇ ਸਪੁੱਤਰ ਦਾ ਜਨਮ 15 ਅਪ੍ਰੈਲ 1563 ਨੂੰ ਮਾਤਾ ਭਾਨੀ ਜੀ ਦੀ ਕੁੱਖੋਂ, ਗੋਇੰਦਵਾਲ ਵਿਖੇ ਹੋਇਆ। ਇਨ੍ਹਾਂ ਦੀ ਮਾਤਾ ਬੀਬੀ ਭਾਨੀ ਗੁਰੂ ਅਮਰਦਾਸ ਦੀ ਬੇਟੀ ਸਨ। । ਆਪ ਜੀ ਨੇ ਸੰਨ 1601 ਤੋਂ ਲੈ ਕੇ ਅਗਸਤ 1604 ਦੇ ਲੰਮੇ ਅਰਸੇ ਦੌਰਾਨ ਸ਼੍ਰੀ ਆਦਿ ਗ੍ਰੰਥ ਦੀ ਬੀੜ ਤਿਆਰ ਕੀਤੀ ਜਿਸ ਵਿੱਚ 34 ਮਹਾਂਪੁਰਸ਼ਾਂ ਦੀ ਬਾਣੀ ਅੰਕਿਤ ਕੀਤੀ ਜਿਨ੍ਹਾਂ ਵਿੱਚ ਪੰਜ ਗੁਰੂ ਸਾਹਿਬਾਨ ਦੀ ਬਾਣੀ, 15 ਭਗਤਾਂ , 11 ਭੱਟਾਂ ਅਤੇ ਤਿੰਨ ਗੁਰੂ ਘਰ ਦੇ ਸਿੱਖਾਂ ਦੀ ਬਾਣੀ ਦਾ ਸੰਗ੍ਰਹਿ ਤਿਆਰ ਕੀਤਾ। ਇਸ ਸੇਵਾ ਲਈ ਭਾਈ ਗੁਰਦਾਸ ਜੀ ਨੇ ਆਪਣੀ ਲੇਖਣੀ ਦੁਆਰਾ ਮਹਾਨ ਯੋਗਦਾਨ ਪਾਇਆ। ਗੁਰੂ ਸਾਹਿਬ ਜੀ ਨੇ ਆਪਣੀ ਦੇਖ ਰੇਖ ਹੇਠ ਜਿਲਦ ਸਾਜ ਕੀਤੀ ਅਤੇ 30 ਅਗਸਤ 1604 ਨੂੰ ਇਸ ਇਲਾਹੀ ਗ੍ਰੰਥ ਦਾ ਪਹਿਲੀ ਵਾਰ ਦਰਬਾਰ ਸਾਹਿਬ ਅੰਦਰ ਪ੍ਰਕਾਸ਼ ਕੀਤਾ ਗਿਆ, ਬਾਬਾ ਬੁੱਢਾ ਜੀ ਨੇ ਪ੍ਰਥਮ ਗ੍ਰੰਥੀ ਦੇ ਤੌਰ ’ਤੇ ਪਹਿਲਾ ਹੁਕਮਨਾਮਾ ਲਿਆ। ਉਨ੍ਹਾਂ ਕਿਹਾ ਸਾਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਪਹਿਰਾ ਦੇਣਾ ਚਾਹੀਦਾ ਹੈ ਅਸੀਂ ਮਨੁੱਖਾਂ ਦੇ ਬਣਾਏ ਧਰਮਾਂ ਤੋਂ ਉੱਪਰ ਉੱਠ ਕੇ ਸਰਬ-ਸਾਂਝੇ ਧਰਮ ਅਰਥਾਤ ਮਾਨਵਤਾ, ਅਹਿੰਸਾ, ਦਇਆ, ਅਮਨ ਅਤੇ ਅਖੰਡਤਾ ਦੇ ਰਸਤੇ ਉੱਪਰ ਕਦਮ ਧਰੀਏ । ਇਸ ਮੌਕੇ ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ ਸਿਆਣ, ਸੁਮਿਤ ਸਿੰਘ, ਅਮਰੀਕ ਸਿੰਘ, ਗੁਰਤੇਜ ਸਿੰਘ ਅਤੇ ਕਮਲਪ੍ਰੀਤ ਸਿੰਘ ਆਦਿ ਹਾਜ਼ਰ ਸਨ ।