23/12/2024
ਸਿੱਖ ਪਰਿਭਾਸ਼ਾ ਵਿਚ ਸਾਹਿਬਜ਼ਾਦੇ ਗੁਰੂ-ਪੁਤਰਾਂ ਨੂੰ ਕਿਹਾ ਜਾਂਦਾ ਹੈ। ਸਤਿਗੁਰਾਂ ਦੀ ਵੰਸ਼ ਹੋਣ ਕਾਰਨ ਸਾਰੇ ਗੁਰੂ-ਪੁੱਤਰ ਸਾਡੇ ਸਤਿਕਾਰ ਦੇ ਹੱਕਦਾਰ ਹੋਣੇ ਚਾਹੀਦੇ ਹਨ। ਪਰ ਇਉਂ ਹੋਇਆ ਨਹੀਂ।
ਜਿਨ੍ਹਾਂ ‘ਪੁਤ੍ਰੀ ਕਉਲੁ ਨ ਪਾਲਿਓ’ ਉਨ੍ਹਾਂ ਨੂੰ ਸਤਿਗੁਰਾਂ ਆਪ ਫਿਟਕਾਰ ਦਿੱਤਾ। ਸਤਿਕਾਰ ਜੋਗ ਕੇਵਲ ਉਹੀ ਹੋਏ, ਜੋ ਸਿੱਖੀ ਦੀ ਕਸਵੱਟੀ 'ਤੇ ਪੂਰੇ ਉਤਰੇ।
ਗੁਰੂ ਨਾਨਕ ਸਾਹਿਬ ਦੇ ਦੋ ਪੁੱਤਰ ਹੋਏ: ਬਾਬਾ ਸਿਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ।
ਬਾਬਾ ਸਿਰੀ ਚੰਦ ਜੀ ਵਿਰੱਕਤ ਸਾਧੂ ਸਨ। ਉਨ੍ਹਾਂ ‘ਉਦਾਸੀ’ ਪੰਥ ਚਲਾਇਆ। ਪਰ ਉਦਾਸੀ ਦੀ ਰੀਤ ‘ਗ੍ਰਹਸਤ ਮਾਹਿ ਉਦਾਸ’ ਦੇ ਸਿੱਖ ਸਿਧਾਂਤ ਦੇ ਪ੍ਰਤੀਕੂਲ ਹੋਣ ਕਾਰਨ ਗੁਰੂ ਬਾਬੇ ਦੀ ਨਜ਼ਰ ਵਿਚ ਮਨਜ਼ੂਰ ਨਹੀਂ ਸੀ ਹੋ ਸਕਦੀ।
ਬਾਬਾ ਲਖਮੀ ਦਾਸ ਜੀ ਸੰਸਾਰੀ ਰੁਚੀ ਵਾਲੇ ਸਨ। ਇਸ ਲਈ ਉਹ ਵੀ ਪਰਵਾਨ ਨਹੀਂ ਸਨ।
ਪਰਵਾਨ ਕੌਣ ਹੋਇਆ? ਲਹਿਣਾ, ਜਿਸ ਨੂੰ ਬਾਬੇ ਨੇ ਆਪਣੇ ਅੰਗ ਲਗਾ ਕੇ ਗੁਰੂ ਅੰਗਦ ਦੇਵ ਕਰ ਦਿੱਤਾ।
ਪਰ ਸਿਰੀ ਚੰਦ ਜੀ ਗੁਰਗੱਦੀ ਨੂੰ ਆਪਣਾ ਹੱਕ ਸਮਝਦੇ ਸਨ। ਉਨ੍ਹਾਂ ਬਿਰਾਦਰੀ ਇਕੱਠੀ ਕੀਤੀ। ਸੰਸਾਰੀ ਦ੍ਰਿਸ਼ਟੀ ਵਾਲੀ ਇਸ ਬਿਰਾਦਰੀ ਨੇ ਜਦੋਂ ਗੁਰੂ-ਬਾਬੇ ਦੇ ਫੈਸਲੇ ’ਤੇ ਕਿੰਤੂ ਕੀਤਾ ਤਦ ਕਹਿੰਦੇ ਹਨ, ਸਤਿਗੁਰਾ ਇਕ ਪੈਸਾ ਚੁਕਿਆ ਤੇ ਆਪਣੀ ਮੁੱਠ ਵਿਚ ਬੰਦ ਕਰ ਲਿਆ। ਫਿਰ ਉਨ੍ਹਾਂ ਸਿਰੀ ਚੰਦ ਜੀ ਨੂੰ ਪੁੱਛਿਆ, “ਸਿਰੀ ਚੰਦਾ! ਦੱਸ, ਮੇਰੀ ਮੁੱਠੀ ਵਿਚ ਕੀ ਹੈ?” ਉਹ ਕਹਿਣ ਲੱਗੇ, “ਪਿਤਾ ਜੀ! ਤੁਹਾਡੀ ਮੁੱਠੀ ਵਿਚ ਇਕ ਪੈਸਾ ਹੈ।”
ਫਿਰ ਉਨ੍ਹਾਂ ਲਖਮੀ ਦਾਸ ਜੀ ਨੂੰ ਪੁੱਛਿਆ। ਉਹ ਕਹਿਣ ਲੱਗੇ, “ਇਕ ਪੈਸਾ ਹੀ ਤਾਂ ਹੈ, ਹੋਰ ਕੀ ਹੈ?”
ਤਦ ਉਨ੍ਹਾਂ ਗੁਰੂ ਅੰਗਦ ਦੇਵ ਜੀ ਨੂੰ ਪੁੱਛਿਆ, "ਭਾਈ ਲਹਿਣਾ ਜੀ, “ਤੁਸੀਂ ਦੱਸੋ ਮੇਰੀ ਮੁੱਠੀ ਵਿਚ ਕੀ ਹੈ?”
ਗੁਰੂ ਅੰਗਦ ਦੇਵ ਜੀ ਬੋਲੇ, “ਹੇ ਮੇਰੇ ਗੋਬਿੰਦ ਰੂਪ, ਮੇਰੀ ਸਮਰੱਥਾ ਨਹੀਂ ਕਿ ਮੈਂ ਦੱਸ ਸਕਾਂ ਆਪ ਦੀ ਮੁੱਠੀ ਵਿਚ ਕੀ ਹੈ। ਤੁਹਾਡੀ ਮੁੱਠੀ ਵਿਚ ਨੌਂ ਨਿੱਧੀਆਂ, ਅਠਾਰਾਂ ਸਿੱਧੀਆਂ ਹਨ। ਤੁਹਾਡੀ ਮੁੱਠੀ ਵਿਚ ਗਿਆਨ ਹੈ, ਕਰਮ ਹੈ। ਤੁਹਾਡੀ ਮੁੱਠੀ ਵਿਚ ਸਾਰਾ ਸੰਸਾਰ ਹੈ।”
ਤਦ ਗੁਰੂ ਬਾਬੇ ਨੇ ਸਮੱਸਤ ਜੁੜੀ ਬਿਰਾਦਰੀ ਨੂੰ ਆਖਿਆ, “ਵੇਖਿਆ ਜੇ, ਮੇਰੇ ਪੁੱਤਰਾਂ ਨੂੰ ਇਕ ਪੈਸੇ ਤੋਂ ਅੱਗੇ ਕੁਝ ਨਹੀਂ ਦਿਸਿਆ। ਗੁਰਿਆਈ ਤਾਂ ਗੁਰੂ ਅੰਗਦ ਸਾਹਿਬ ਵਾਲੀ ਦ੍ਰਿਸ਼ਟੀ ਵਾਲੇ ਦਾ ਹੀ ਹੱਕ ਹੋ ਸਕਦੀ ਹੈ। ਸੋ, ਉਨ੍ਹਾਂ ਪ੍ਰਾਪਤ ਕਰ ਲਈ।” ਸਾਹਿਬਜ਼ਾਦੇ ਵਾਂਝੇ ਰਹਿ ਗਏ।
ਗੁਰੂ ਅੰਗਦ ਸਾਹਿਬ ਦੇ ਦੋ ਸਾਹਿਬਜ਼ਾਦੇ ਸਨ: ਸ੍ਰੀ ਦਾਸੂ ਜੀ ਤੇ ਸ੍ਰੀ ਦਾਤੂ ਜੀ।
ਦੋ ਪੁੱਤਰੀਆਂ ਸਨ: ਬੀਬੀ ਅਮਰੋ ਤੇ ਬੀਬੀ ਅਣੋਖੀ ਜੀ।
ਉਹ ਵੀ ਸਿੱਖੀ ਦੀ ਕਸਵੱਟੀ ’ਤੇ ਪੂਰੇ ਨਾ ਉਤਰ ਸਕੇ। ਗੁਰੂ ਅਮਰਦਾਸ ਜੀ ਗੁਰੂ ਥਾਪ ਦਿੱਤੇ ਗਏ। ਤਦ ਦਾਤੂ ਜੀ ਨੇ ਭਰੇ ਦਰਬਾਰ ਵਿਚ ਆ ਕੇ ਬਿਰਧ ਗੁਰੂ ਅਮਰਦਾਸ ਜੀ ਨੂੰ ਲੱਤ ਕੱਢ ਮਾਰੀ। ਗੁਰੂ ਅਮਰਦਾਸ ਜੀ ਨੇ ਅੱਗੋਂ ਉਨ੍ਹਾਂ ਦੇ ਚਰਨ ਘੁੱਟਣੇ ਸ਼ੁਰੂ ਕਰ ਦਿੱਤੇ ਤੇ ਕਿਹਾ, “ਮੈਨੂੰ ਖਿਮਾ ਕਰ ਦੇਣਾ, ਮੇਰੀਆਂ ਬੁੱਢੀਆਂ ਹੱਡੀਆਂ ਕਾਰਨ ਤੁਹਾਡੇ ਕੋਮਲ ਚਰਨਾਂ ਨੂੰ ਸੱਟ ਵੱਜੀ ਹੋਵੇਗੀ।”
ਗੁਰੂ ਅਮਰਦਾਸ ਜੀ ਦੇ ਵੀ ਦੋ ਸਾਹਿਬਜ਼ਾਦੇ ਸਨ: ਮੋਹਰੀ ਜੀ ਤੇ ਮੋਹਨ ਜੀ।
ਦੋ ਪੁੱਤਰੀਆਂ ਸਨ: ਬੀਬੀ ਭਾਨੀ ਤੇ ਬੀਬੀ ਦਾਨੀ।
ਇਹ ਵੀ ਨਜ਼ਰ-ਅੰਦਾਜ਼ ਹੋਏ ਤੇ ਗੁਰਗੱਦੀ ਜੇਠਾ ਜੀ (ਸ੍ਰੀ ਰਾਮਦਾਸ ਜੀ) ਨੂੰ ਮਿਲੀ।
ਗੁਰਿਆਈ ਦੇਣ ਮਗਰੋਂ ਗੁਰੂ ਅਮਰਦਾਸ ਜੀ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਗੁਰੂ ਰਾਮਦਾਸ ਜੀ ਨੂੰ ਨਮਸਕਾਰ ਕਰਨ ਦਾ ਆਦੇਸ਼ ਦਿੱਤਾ। ਮੋਹਰੀ ਜੀ ਤਾਂ ਪੈਰੀਂ ਪੈ ਗਏ, ਪਰ ਮੋਹਨ ਜੀ ਨੇ ਰੋਸ ਪ੍ਰਗਟ ਕਰਦਿਆਂ ਆਖਿਆ, "ਗੁਰ ਗੱਦੀ ਰਾਮਦਾਸ ਦਾ ਹੱਕ ਨਹੀਂ, ਉਹ ਜਵਾਈ ਹੈ। ਮੈਂ ਤੁਹਾਡਾ ਬੇਟਾ ਹਾਂ, ਹੱਕ ਮੇਰਾ ਹੈ।” ਗੁਰੂ ਅਮਰਦਾਸ ਜੀ ਨੇ ਉੱਤਰ ਦਿੱਤਾ, "ਇਸ ਗੱਦੀ ’ਤੇ ਕਿਸੇ ਦਾ ਦਾਅਵਾ ਨਹੀਂ। ਇਹ ਸਚਖੰਡ ਦੀ ਹੁੰਦੀ ਹੈ। ਇਸ ਉੱਤੇ ਜਿਸ ਦਾ ਹੱਕ ਸੀ ਉਸ ਨੇ ਇਸ ਨੂੰ ਪਾ ਲਿਆ ਹੈ।”
ਗੁਰੂ ਰਾਮਦਾਸ ਜੀ ਦੇ ਤਿੰਨ ਸਾਹਿਬਜ਼ਾਦੇ ਹੋਏ: ਪ੍ਰਿਥੀ ਚੰਦ ਜੀ, ਮਹਾਂਦੇਵ ਜੀ ਤੇ ਅਰਜਨ ਦੇਵ ਜੀ।
ਪ੍ਰਿਥੀ ਚੰਦ ਜੀ ਦੁਨੀਆਦਾਰ ਸਨ, ਮਹਾਂਦੇਵ ਜੀ ਵਿਰੱਕਤ ਤੇ ਅਰਜਨ ਦੇਵ ਜੀ ਆਗਿਆਕਾਰ।
ਸਿਹਾਰੀ ਮਲ ਜੀ ਦੇ ਬੇਟੇ ਦੀ ਸ਼ਾਦੀ ਵਿਚ ਸ਼ਾਮਲ ਹੋਣ ਲਈ ਗੁਰੂ ਰਾਮਦਾਸ ਜੀ ਨੇ ਆਪਣੀ ਥਾਂ ਕਿਸੇ ਬੇਟੇ ਨੂੰ ਘੱਲਣ ਦਾ ਸੰਕਲਪ ਬਣਾਇਆ ਤਾਂ ਪ੍ਰਿਥੀ ਚੰਦ ਕਹਿਣ ਲੱਗੇ, "ਪਿਤਾ ਜੀ! ਤੁਹਾਨੂੰ ਪਤਾ ਹੈ ਸਾਰਾ ਹਿਸਾਬ-ਕਿਤਾਬ ਤੇ ਲੰਗਰ ਦਾ ਇੰਤਜ਼ਾਮ ਆਦਿ ਮੈਂ ਸੰਭਾਲਿਆ ਹੋਇਆ ਹੈ। ਮੈਂ ਚਲਾ ਗਿਆ ਤਾਂ ਤੁਹਾਨੂੰ ਮੁਸ਼ਕਲ ਹੋਵੇਗੀ। ਚੰਗਾ ਹੋਵੇ ਜੇ ਤੁਸੀਂ ਹੋਰ ਕਿਸੇ ਨੂੰ ਘੱਲ ਦਿਓ।” ਜਦੋਂ ਮਹਾਂਦੇਵ ਜੀ ਨੂੰ ਪੁੱਛਿਆ ਤਾਂ ਉਹ ਬੋਲੇ, “ਮੇਰਾ ਕਿਸੇ ਨਾਲ ਕੋਈ ਰਿਸ਼ਤਾ ਨਹੀਂ ਰਹਿ ਗਿਆ। ਮੈਂ ਕਿਸੇ ਸ਼ਾਦੀ ’ਤੇ ਨਹੀਂ ਜਾਣਾ।” ਜਦ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਤਾਂ ਉਹ ‘ਸਤਿ ਬਚਨ’ ਆਖ ਕੇ ਤੁਰਤ ਤਿਆਰ ਹੋ ਗਏ। ਬਚਨ-ਪਾਲਕ ਅਰਜਨ ਦੇਵ ਜੀ ਗੁਰ-ਗੱਦੀ ਦੇ ਮਾਲਕ ਹੋ ਗਏ। ਪਰ, ਅਭਿਮਾਨ-ਮੁੱਠੇ ਪ੍ਰਿਥੀ ਚੰਦ ਜੀ ਸਾੜੇ ਦੀ ਅੱਗ ਵਿਚ ਜਲਣ ਲੱਗੇ। ਉਹਨਾਂ ਕਈ ਢੰਗਾਂ ਨਾਲ ਗੁਰੂ ਅਰਜਨ ਦੇਵ ਜੀ ਨੂੰ ਦੁੱਖ ਪੁਚਾਉਣ ਦੇ ਜਤਨ ਕੀਤੇ, ਪਰ ਸ਼ਾਂਤੀ ਦੇ ਪੁੰਜ ਗੁਰੂ ਜੀ ਨੇ ਕਦੇ ਮੱਥੇ ’ਤੇ ਵੱਟ ਨਾ ਪਾਇਆ।
ਗੁਰੂ ਅਰਜਨ ਦੇਵ ਜੀ ਦੇ ਇਕੋ ਹੀ ਸਾਹਿਬਜ਼ਾਦੇ ਸ੍ਰੀ ਹਰਿਗੋਬਿੰਦ ਜੀ ਹੋਏ ਤੇ ਉਹ ਗੁਰਗੱਦੀ ਦੇ ਮਾਲਕ ਥਾਪੇ ਗਏ।
ਗੁਰੂ ਹਰਿਗੋਬਿੰਦ ਜੀ ਦੇ ਅੱਗੋਂ ਪੰਜ ਸਾਹਿਬਜ਼ਾਦੇ ਹੋਏ: ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਮੱਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਤਿਆਗ ਮੱਲ ਜੀ ਤੇ ਬਾਬਾ ਅਟੱਲ ਰਾਇ ਜੀ।
ਇਕ ਪੁੱਤਰੀ ਸੀ: ਬੀਬੀ ਵੀਰੋ।
ਬਾਬਾ ਗੁਰਦਿੱਤਾ ਜੀ ਉਦਾਸੀ ਹੋ ਗਏ। ਬਾਬਾ ਸੂਰਜ ਮੱਲ ਤੇ ਅਣੀ ਰਾਏ ਜੀ ਦੁਨਿਆਵੀ ਰੁਚੀਆਂ ਵਾਲੇ ਨਿਕਲੇ।
ਬਾਬਾ ਅਟੱਲ ਰਾਏ ਜੀ ਛੋਟੀ ਉਮਰ ਵਿਚ ਹੀ ਆਪਣੇ ਮੋਏ ਹੋਏ ਆੜੀ ਨੂੰ ਮੁੜ ਜਿਵਾਲਣ ਦੀ ਕਰਾਮਾਤ ਕਰਨ ਕਰਕੇ ਪਿਤਾ-ਗੁਰੂ ਦੇ ਰੋਸ ਦਾ ਕਾਰਨ ਬਣੇ ਤੇ ਪ੍ਰਾਣ ਤਿਆਗ ਗਏ।
ਬਾਬਾ ਤਿਆਗ ਮੱਲ ਜੀ, ਜਿਨ੍ਹਾਂ ਨੂੰ ਜੰਗ ਵਿਚ ਜੌਹਰ ਦਿਖਾਣ ਪੁਰ ਗੁਰੂ ਹਰਿਗੋਬਿੰਦ ਜੀ ਨੇ ਪ੍ਰਸੰਨ ਹੋ ਕੇ ‘ਤੇਗ ਬਹਾਦਰ’ ਦਾ ਖਿਤਾਬ ਦਿੱਤਾ, ਬਾਅਦ ਵਿਚ ਨੌਵੇਂ ਗੁਰੂ ਹੋਏ, ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਬਾਅਦ ਗੁਰਗੱਦੀ ਉਨ੍ਹਾਂ ਦੇ ਪੋਤੇ (ਬਾਬਾ ਗੁਰਦਿੱਤਾ ਜੀ ਦੇ ਸਪੁੱਤਰ) ਸ੍ਰੀ ਹਰਿ ਰਾਏ ਜੀ ਨੂੰ ਮਿਲੀ।
ਗੁਰੂ ਹਰਿ ਰਾਇ ਜੀ ਦੇ ਦੋ ਸਾਹਿਬਜ਼ਾਦੇ ਹੋਏ: ਬਾਬਾ ਰਾਮ ਰਾਇ ਜੀ ਤੇ ਸ੍ਰੀ ਹਰਿਕ੍ਰਿਸ਼ਨ ਜੀ।
ਇਕ ਪੁੱਤਰੀ ਸੀ: ਰੂਪ ਕੌਰ।
ਬਾਬਾ ਰਾਮ ਰਾਇ ਜੀ ਕਰਣੀ ਵਾਲੇ ਸਨ, ਬਾਦਸ਼ਾਹ ਔਰੰਗਜ਼ੇਬ ਦੀ ਖੁਸ਼ਨੂਦੀ ਹਾਸਲ ਕਰਨ ਹਿਤ ਗੁਰੂ ਗ੍ਰੰਥ ਸਾਹਿਬ ਦੀ ਤੁਕ ਬਦਲ ਬੈਠੇ, ਜਿਸ ’ਪੁਰ ਗੁਰੂ ਹਰਿ ਰਾਏ ਜੀ ਨੇ ਉਨ੍ਹਾਂ ਨੂੰ ਕਦੇ ਮੂੰਹ ਨਾ ਲਾਉਣ ਦਾ ਫੈਸਲਾ ਕਰ ਲਿਆ। ਗੁਰਗੱਦੀ, (ਬਾਬਾ ਗੁਰਦਿੱਤਾ ਜੀ ਦੇ ਸਪੁੱਤਰ) ਧੀਰਮਲ ਦੀ ਈਰਖਾ ਦੇ ਬਾਵਜੂਦ ਪੰਜ ਸਾਲ ਦੇ ਬਾਲਕ ਗੁਰੂ ਹਰਿਕ੍ਰਿਸ਼ਨ ਜੀ ਨੂੰ ਪ੍ਰਾਪਤ ਹੋਈ, ਜਿਨ੍ਹਾਂ ਆਪਣਾ ਜਾਂ-ਨਸ਼ੀਨ 'ਬਾਬੇ ਬਕਾਲੇ' ਦੇ ਸੰਕੇਤ ਨਾਲ ਗੁਰੂ ਤੇਗ ਬਹਾਦਰ ਜੀ ਨੂੰ ਸਥਾਪਤ ਕੀਤਾ।
ਗੁਰੂ ਤੇਗ ਬਹਾਦਰ ਜੀ ਦੇ ਇਕੋ ਇਕ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਹੋਏ, ਜੋ ਪੰਥ ਦੇ ਵਾਲੀ, ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ।
ਅੱਗੋਂ ਉਨ੍ਹਾਂ ਦੇ ਚਾਰ ਸਾਹਿਬਜ਼ਾਦੇ ਹੋਏ: ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫ਼ਤਹ ਸਿੰਘ ਜੀ।"
ਇਹ ਚਾਰੇ ਸਾਹਿਬਜ਼ਾਦੇ ਬੜੀ ਅਦੁੱਤੀ ਪ੍ਰਤਿਭਾ ਦੇ ਮਾਲਕ ਸਨ। ਉਹਨਾਂ ਪੰਥਕ ਆਨ ਤੇ ਸ਼ਾਨ ਹਿਤ ਬੇਮਿਸਾਲ ਸ਼ਹਾਦਤਾਂ ਦਿੱਤੀਆਂ। ਇਨ੍ਹਾਂ ਨੂੰ ਸਾਰਾ ਪੰਥ ਨਿੱਤ ਅਰਦਾਸ ਵਿਚ ਸ਼ਰਧਾ ਤੇ ਵੈਰਾਗ ਭਰੇ ਮਨ ਨਾਲ ਚੇਤੇ ਕਰਦਾ ਹੈ।
ਅਨੰਦਪੁਰ ਸਾਹਿਬ ਦਾ ਕਿਲ੍ਹਾ ਛੋੜਨ ਮਗਰੋਂ, ਸਰਸਾ ਨਦੀ ਪਾਰ ਕਰਦਿਆਂ ਵੱਡੇ ਦੋ ਸਾਹਿਬਜ਼ਾਦੇ ਤਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਰਹੇ ਤੇ ਚਮਕੌਰ ਦੀ ਗੜ੍ਹੀ ਵਿਚ ਪਹੁੰਚ ਗਏ। ਛੋਟੇ ਦੋ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਸਣੇ ਗੁਰੂ ਸਾਹਿਬ ਨਾਲੋਂ ਵਿਛੜ ਗਏ ਤੇ ਗੰਗੂ ਰਸੋਈਏ ਦੇ ਧ੍ਰੋਹ ਕਾਰਨ ਮੁਗ਼ਲ ਹਾਕਮਾਂ ਦੇ ਹੱਥ ਆ ਗਏ ਤੇ ਸਰਹਿੰਦ ਦੇ ਬੁਰਜ ਵਿਚ ਕੈਦ ਕਰ ਦਿੱਤੇ ਗਏ। ਸਾਹਿਬਜ਼ਾਦਿਆਂ ਦੀਆਂ ਦੋਨਾਂ ਜੋੜੀਆਂ ਦੇ ਸ਼ਹੀਦੀ-ਬਿਰਤਾਂਤ ਬੜੇ ਰੋਮਾਂਚਕ ਹਨ।
ਚਮਕੌਰ ਦੀ ਗੜ੍ਹੀ ਵਿਚ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਨਾਲ ਦੇ ਚਾਲੀ ਸਿੰਘਾਂ ਨੂੰ ਦਸ ਲੱਖ ਫ਼ੌਜ ਨੇ ਘੇਰ ਲਿਆ ਸੀ। ਸਿੱਖਾਂ ਨੇ ਗੁਰੂ ਜੀ ਨੂੰ ਕਿਹਾ, “ਅਸੀਂ ਸਾਰੇ ਸ਼ਹੀਦੀ ਪਾ ਜਾਵਾਂਗੇ, ਤੁਸੀਂ ਸਾਹਿਬਜ਼ਾਦਿਆਂ ਨੂੰ ਲੈ ਕੇ ਨਿਕਲ ਜਾਓ।” ਗੁਰੂ ਜੀ ਨੇ ਅੱਗੋਂ ਕਿਹਾ, “ਤੁਸੀਂ ਕਿਹੜੇ ਸਾਹਿਬਜਾਦਿਆਂ ਦੀ ਗੱਲ ਕਰਦੇ ਹੋ? ਤੁਸੀਂ ਸਾਰੇ ਮੇਰੇ ਸਾਹਿਬਜ਼ਾਦੇ ਹੋ!” ਤਦ, ਕਹਿੰਦੇ ਹਨ, ਸਾਹਿਬਜ਼ਾਦਾ ਅਜੀਤ ਸਿੰਘ ਜੀ ਉੱਠੇ ਤੇ ਗੁਰੂ ਜੀ ਪਾਸੋਂ ਗੜ੍ਹੀ ਤੋਂ ਬਾਹਰ ਜਾ ਕੇ ਦੁਸ਼ਮਣ ਨਾਲ ਜੂਝਣ ਦੀ ਆਗਿਆ ਮੰਗੀ। ਗੁਰੂ ਜੀ ਨੇ ਪ੍ਰਸੰਨ ਹੋ ਕੇ ਤੇ ਪੰਜ ਸਿੰਘ ਨਾਲ ਦੇ ਕੇ ਵਿਦਾ ਕੀਤਾ। ਬਾਬਾ ਅਜੀਤ ਸਿੰਘ ਜੀ ਮੈਦਾਨੇ-ਜੰਗ ਵਿਚ ਕੁੱਦ ਪਏ ਤੇ ਗੁਰੂ ਗੋਬਿੰਦ ਸਿੰਘ ਜੀ ਉੱਚੇ ਬੈਠ ਕੇ ਉਨ੍ਹਾਂ ਦੀ ਸੂਰਮਗਤੀ ਦੇ ਜੌਹਰ ਵੇਖ-ਵੇਖ ਪ੍ਰਸੰਨ ਹੋਣ ਲੱਗੇ। ਬਾਬਾ ਅਜੀਤ ਸਿੰਘ ਜੀ ਨੇ ਮੁਗ਼ਲ ਫ਼ੌਜਾਂ ਦੇ ਬੜੇ ਆਹੂ ਲਾਹੇ। ਦੁਸ਼ਮਣ ਅਰੇ ਖੁਦਾਇ! ਅਰੇ ਖੁਦਾਇ!” ਕੂਕਦੇ ਸਨ। ਅੰਤ, ਗੁਰੂ ਗੋਬਿੰਦ ਸਿੰਘ ਜੀ ਨੇ ਫ਼ਤਹ ਦਾ ਜੈਕਾਰਾ ਗਜਾਇਆ ਤੇ ਕਿਹਾ, “ਹੇ ਅਕਾਲ ਪੁਰਖ, ਤੇਰੀ ਅਮਾਨਤ ਅਦਾ ਹੋਈ ਹੈ।”
ਵਕਤ ਦੀ ਨਜ਼ਾਕਤ ਸਮਝ ਕੇ, ਤਦ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਪਿਤਾ ਜੀ ਦੀ ਆਗਿਆ ਲੈ ਕੇ ਆਪਣੇ ਵੱਡੇ ਵੀਰ ਦੀ ਤਰ੍ਹਾਂ ਰਣ-ਤੱਤੇ ਦੀ ਬਲਦੀ ਅੱਗ ਵਿਚ ਜਾ ਕੁੱਦੇ। ਜਿਤਨਾ ਚਿਰ ਦਿਨ ਰਿਹਾ ਉਹ ਜਾਨ ਤੋੜ ਕੇ ਲੜੇ ਤੇ ਵੈਰੀ ਦਲ ਨੂੰ ਆਪਣੀ ਸੂਰਮਗਤੀ ਵੱਲੋਂ ਕਾਇਲ ਕਰਦੇ ਰਹੇ। ਜਦ ਸੂਰਜ ਡੁੱਬ ਰਿਹਾ ਸੀ, ਬਾਬਾ ਜੁਝਾਰ ਸਿੰਘ ਜੀ ਵੀ ਸ਼ਹੀਦੀ ਪ੍ਰਾਪਤ ਕਰ ਗਏ।
ਦੋਵੇਂ ਵੱਡੇ ਸਾਹਿਬਜ਼ਾਦੇ, ਇਸ ਤਰ੍ਹਾਂ ਚਮਕੌਰ ਦੀ ਜੰਗ ਵਿਚ ਜੂਝ ਕੇ, ਵੀਰ-ਗਤੀ ਨੂੰ ਪ੍ਰਾਪਤ ਹੋਏ। ਇੰਜ ਲਗਦਾ ਹੈ, ਜਿਵੇਂ ਉਨ੍ਹਾਂ ਦੀ ਇਹ ਅਰਦਾਸ ਪੂਰੀ ਹੋਈ ਹੋਵੇ: ਜਬ ਆਵ ਕੀ ਅਉਧ ਨਿਦਾਨ ਬਨੈ ਅਤ ਹੀ ਰਨ ਮੈ ਤਬ ਜੂਝ ਮਰੋ॥
ਓਧਰ ਮਾਤਾ ਗੁਜਰੀ ਜੀ ਸਣੇ, ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਨੇ ਸਰਹੰਦ ਦੇ ਬੁਰਜ ਵਿਚ ਕੈਦ ਕਰ ਦਿੱਤਾ ਸੀ। ਸਾਹਿਬਜ਼ਾਦਿਆਂ ਨੂੰ ਅਗਲੇ ਦਿਨ ਕਚਹਿਰੀ ਵਿਚ ਬੁਲਾਇਆ ਗਿਆ। ਮਾਤਾ ਜੀ ਨੇ ਇਉਂ ਹਦਾਇਤ ਕਰ ਕੇ ਤੋਰਿਆ, “ਮੇਰੇ ਜਿਗਰ ਦੇ ਟੋਟਿਓ! ਯਾਦ ਰਖਿਓ, ਤੁਸੀਂ ਗੁਰੂ ਗੋਬਿੰਦ ਸਿੰਘ ਦੇ ਫ਼ਰਜੰਦ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪੋਤੇ ਤੇ ਗੁਰੂ ਨਾਨਕ ਦੇਵ ਸਾਹਿਬ ਦੇ ਸਿੱਖ ਹੋ। ਆਪਣੇ ਧਰਮ ਨੂੰ ਆਂਚ ਨ ਆਉਣ ਦੇਣੀ।”
ਕਚਹਿਰੀ ਵਿਚ ਉਨ੍ਹਾਂ ਬੱਚਿਆਂ ਨੂੰ ਕਿਹਾ ਗਿਆ, “ਤੁਹਾਡੀ ਉਮਰ ਛੋਟੀ ਹੈ, ਤੁਹਾਨੂੰ ਛੋੜ ਦੇਣ ਬਾਰੇ ਵਿਚਾਰ ਕਰ ਰਹੇ ਹਾਂ। ਜੇਕਰ ਤੁਹਾਨੂੰ ਛੋੜ ਦੇਈਏ ਤਾਂ ਕੀ ਕਰੋਗੇ?” ਬਾਬਾ ਜ਼ੋਰਾਵਰ ਸਿੰਘ ਬੋਲੇ:
“ਵਿਚ ਜੰਗਲਾਂ ਜਾਵਾਂਗੇ, ਸਿੱਖਾਂ ਜੋੜ ਲਿਆਵਾਂਗੇ,
ਸ਼ਸਤ੍ਰ ਇਕੱਠੇ ਕਰਾਂਗੇ, ਘੋੜਿਆਂ ਉੱਪਰ ਚੜ੍ਹਾਂਗੇ, ਨਾਲ ਤੁਹਾਡੇ ਲੜਾਂਗੇ।”
ਦਰਬਾਰੀਆਂ ਆਖਿਆ, “ਇਹ ਸਪੋਲੀਏ ਨੇ। ਇਨ੍ਹਾਂ ਨੂੰ ਛੱਡਣਾ ਰਾਜਨੀਤੀ ਨਹੀਂ।” ਫਿਰ ਉਹਨਾਂ ਨੂੰ ਤਰਾਂ-ਤਰ੍ਹਾਂ ਦੇ ਲਾਲਚ ਦੇ ਕੇ ਇਸਲਾਮ ਕਬੂਲਣ ਲਈ ਪ੍ਰੇਰਿਆ ਗਿਆ, ਪਰ ਉਹ ਕਿਸੇ ਲਾਲਚ ਵਿਚ ਵੀ ਨਾ ਆਏ। ਅਖੀਰ ਕੋਈ ਵਾਹ ਵੀ ਨਾ ਲਗਦੀ ਵੇਖ ਕੇ ਉਨ੍ਹਾਂ ਨੂੰ ਕੰਧ ਵਿਚ ਜ਼ਿੰਦਾ ਚਿਣਾ ਦੇਣ ਦਾ ਹੁਕਮ ਸਾਦਰ ਕਰ ਦਿੱਤਾ ਗਿਆ। ਇਉਂ ਦੋਵੇਂ ਮਾਸੂਮ ਜਿੰਦਾਂ ਸ਼ਹੀਦੀ ਪ੍ਰਾਪਤ ਕਰ ਗਈਆਂ, ਪਰ ਉਨ੍ਹਾਂ ਧਰਮ ਨਾ ਹਾਰਿਆ।
ਮਹਾਂਭਾਰਤ ਵਿਚ ਬਿਆਸ ਜੀ ਕਹਿੰਦੇ ਹਨ: “ਕਾਮਨਾ ਤੋਂ, ਲੋਭ ਤੋਂ, ਜਾਂ ਪ੍ਰਾਣ ਬਚਾਉਣ ਦੀ ਲਾਲਸਾ ਤੋਂ ਧਰਮ ਦਾ ਤਿਆਗ ਕਦੇ ਨਾ ਕਰਨਾ। ਧਰਮ ਨਿੱਤ ਹੈ, ਸੁਖ ਦੁੱਖ ਤਾਂ ਸਭ ਅਨਿੱਤ ਹਨ।”
ਡਾ. ਬਲਬੀਰ ਸਿੰਘ ਜੀ ਮਹਾਂਭਾਰਤ ਦੇ ਉਪਰੋਕਤ ਹਵਾਲੇ ਨਾਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਕਹਿੰਦੇ ਹਨ: “ਇਉਂ ਲਗਦਾ ਹੈ ਬਯਾਸ ਜੀ, ਖੁਦ ਅੱਜ ਸਰਹਿੰਦ ਵੱਲ ਤੱਕ ਰਹੇ ਹਨ ਤੇ ਕਹਿ ਰਹੇ ਹਨ : “ਹੇ ਪ੍ਰਮਾਤਮ ਦੇਵ, ਕੀ ਇਹ ਸੰਭਵ ਹੈ, ਐਸ ਬਾਲ ਅਵਸਥਾ ਵਿਚ ਐਸ ਅਧੋਗਤੀ ਦੇ ਸਮੇਂ ਵਿਚ ਇਹ ਦੋ ਸੁਕੁਮਾਰ ਦ੍ਰਿੜ੍ਹ ਰਹਿ ਸਕਣ। ਹੇ ਦੇਵ! ਮਹਾਂਭਾਰਤ ਦਾ ਆਸ਼ਾ ਪੂਰਨ ਹੋਣ ਲੱਗਾ ਹੈ। ਹੇ ਦੇਵ! ਇਹ ਮੇਰੇ ਮੰਤਵ ਤੋਂ ਵੀ ਗੱਲ ਵੱਧ ਗਈ ਹੈ। ਮੇਰੇ ਖਿਆਲ ਵਿਚੋਂ ਕਦੇ ਮਾਸੂਮ ਬੱਚੇ ਨਹੀਂ ਸਨ ਲੰਘੇ। ਹੇ ਦੇਵ! ਹੁਣ ਬਸ ਕਰੋ, ਹੋਰ ਦੇਖਿਆ ਨਹੀਂ ਜਾਂਦਾ, ਤ੍ਰਾਹ ਤ੍ਰਾਹ!”
ਧੁਰ ਉੱਪਰ, ਦੂਰ ਉੱਚੇ ਖੰਡ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਗਦ-ਗਦ ਹੋ ਰਹੇ ਸਨ, ਮਾਨੋ ਉਹ ਕਹਿ ਰਹੇ ਹਨ “ਸ਼ਾਬਾਸ਼ ਬੱਚਿਓ! ਸ਼ਾਬਾਸ਼ ਬੱਚਿਓ!! ਤੁਸੀਂ ਜਦੋਂ ਅਜੇ ਸੰਸਾਰ ਵਿਚ ਨਹੀਂ ਸੀ ਉਪਜੇ ਮੈਂ ਉਸ ਵੇਲੇ ਤੁਹਾਡੀ ਹੀ ਆਤਮਾ ਨੂੰ, ਜੋ ਅਨੰਤ ਦੀ ਗੋਦ ਵਿਚ ਬੈਠੀ ਸੀ, ਨਿਰਭੈਤਾ ਦੀ ਪ੍ਰਾਣ ਕਲਾ ਨਾਲ ਸਫੁਰਤ ਕਰ ਰਿਹਾ ਸਾਂ ਆਓ ਲਾਲੋ! ਆਓ ਆਪਣੇ ਦਾਦੇ ਦੀ ਗੋਦ ਵਿਚ ਆਓ! ਤੁਸੀਂ ਆਪਣੀ ਵਯਕਤੀ ਆਪਣੇ ਨਾਂ ਵਿਚ ਛੱਡ ਆਏ ਹੋ। ਆਓ! ਤੁਹਾਡਾ ਨਾਂ ਕੌਮ ਦੇ ਖੂਨ ਦੀ ਤੜਪ ਵਿਚ ਹਮੇਸ਼ਾਂ ਜ਼ਿੰਦਾਂ ਰਹੇਗਾ। ਆਓ, ਦਾਦੇ ਦੀ ਗੋਦ ਵਿਚ ਅਵਯੁਕਤ ਬਿਸ੍ਰਾਮ ਲਏ।”
ਐਸਾ ਸੁਭਾਗ ਉਨ੍ਹਾਂ ਨੂੰ ਹੀ ਪ੍ਰਾਪਤ ਹੁੰਦਾ ਹੈ, ਜੋ ਨਿਰਭਉ ਦੀ ਸਦਾ ਥਿਰ ਪਉੜੀ ਉੱਤੇ ਤਾੜੀ ਲਾ ਕੇ ਖੜੋਤੇ ਹੋਣ। ਐਸੀ ਹੀ ਥਿਰਤਾ ਦੇ ਮਾਲਕ ਸਨ ਇਹ ਸਾਹਿਬਜ਼ਾਦੇ, ਜਿਨ੍ਹਾਂ ਬਾਲ ਵਰੇਸ ਵਿਚ ਵੀ ਉਹ ਕੁਝ ਕਰ ਵਿਖਾਇਆ ਜੋ ਵੱਡੇ- ਵੱਡੇ ਜਿਗਰਿਆਂ ਵਾਲੇ ਵੀ ਨਹੀਂ ਸੀ ਕਰ ਸਕਦੇ। ਇਉਂ ਉਹ ਚਾਰੇ ਮਾਸੂਮ ਜ਼ਿੰਦਾਂ ਸ਼ਹੀਦੀ ਪ੍ਰਾਪਤ ਕਰ ਗਈਆਂ, ਪਰ ਉਨ੍ਹਾਂ ਸਿੱਖੀ ਸਿਦਕ ਨਾ ਹਾਰਿਆ।
ਚੌਹਾਂ ਸਾਹਿਬਜ਼ਾਦਿਆਂ ਦਾ ਅਦੁੱਤੀ ਸਿਰੜ, ਬੇ-ਖੌਫ ਸੂਰਮਗਤੀ ਤੇ ਬੇ- ਮਿਸਾਲ ਸ਼ਹਾਦਤ ਸਾਰੇ ਪੰਥ ਲਈ ਸਦੀਵੀ ਪ੍ਰੇਰਨਾ ਹੈ।
ਇਨ੍ਹਾਂ ਸਾਹਿਬਜ਼ਾਦਿਆਂ ਦੇ ਕਿਰਦਾਰ ਤੋਂ ਇਕ ਗੱਲ ਇਹ ਸਪੱਸ਼ਟ ਹੁੰਦੀ ਹੈ ਕਿ ਆਤਮਕ ਬਲ ਦਾ ਉਮਰ ਨਾਲ ਕੋਈ ਸੰਬੰਧ ਨਹੀਂ। ਇਹ ਚਾਰੇ ਕੱਚੀ ਉਮਰ ਵਿਚ ਵੀ ਸੱਚ-ਮੁੱਚ ਬਾਬੇ ਸਨ, ਵੱਡੀ ਆਤਮਕ ਅਵਸਥਾ ਦੇ ਸੁਆਮੀ, ਨਿਰਭੈ ਪਦ ਨੂੰ ਪ੍ਰਾਪਤ!
ਏਹੋ ਰਹੱਸ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪੰਜ ਸਾਲ ਦੀ ਉਮਰ ਵਿਚ ਗੱਦੀ ਨਸ਼ੀਨ ਹੋਣ, ਗੁਰੂ ਗੋਬਿੰਦ ਸਿੰਘ ਜੀ ਦੇ ਨੌ ਸਾਲ ਦੀ ਉਮਰ ਵਿਚ ਗੁਰਤਾ ਸੰਭਾਲਣ ਦੇ ਵੇਲੇ ਵੀ ਵਰਤਦਾ ਹੈ।
ਦੂਜੀ ਗੱਲ ਇਹ ਸਪੱਸ਼ਟ ਹੁੰਦੀ ਹੈ ਕਿ ਗੁਣ ਸਦਾ ਵਿਰਾਸਤ ਵਿਚ ਨਹੀਂ ਮਿਲਦੇ।
ਗੁਰੂ-ਘਰ ਵਿਚ ਪੈਦਾ ਹੋ ਕੇ ਵੀ ਕਈ ਸਾਹਿਬਜ਼ਾਦੇ ਦੈਵੀ ਗੁਣਾਂ ਤੋਂ ਵਾਂਝੇ ਰਹਿ ਗਏ। ਉਹਨਾਂ ਨੂੰ ਪੰਥ ਉੱਕਾ ਚੇਤੇ ਨਹੀਂ ਕਰਦਾ।
ਪੰਥ ਜਾਂ ਤਾਂ ਉਹਨਾਂ ਸਾਹਿਬਜ਼ਾਦਿਆਂ ਨੂੰ ਸਿਮਰਦਾ ਹੈ ਜੋ ਗੁਰੂ-ਪਦਵੀ ਨੂੰ ਪ੍ਰਾਪਤ ਕਰ ਗਏ, ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੂੰ, ਜਿਨ੍ਹਾਂ ਸ਼ਹਾਦਤ ਦੀ ਪਰੰਪਰਾ ਨੂੰ ਚਾਰ ਚੰਨ ਲਾਏ।
ਜਿਹੜੇ ਸਾਹਿਬਜ਼ਾਦੇ ਗੁਰੂ-ਘਰ ਨਾਲ ਈਰਖਾ ਤੇ ਵੈਰ-ਭਾਵਨਾ ਕਰਦੇ ਰਹੇ ਤੇ ਆਪ ਗੱਦੀਆਂ ਲਾ ਕੇ ਬੈਠ ਗਏ, ਉਹਨਾਂ ਨਾਲ ਤੇ ਗੁਰੂ-ਘਰੋਂ ਬੇਮੁਖ ਹੋਏ, ਉਨ੍ਹਾਂ ਦੇ ਪਿਛਲੱਗਾਂ ਨਾਲ, ਵਰਤਣ ਤੇ ਸਾਂਝ ਪਾਲਣ ਦੀ ਸਿੱਖਾਂ ਨੂੰ ਵਰਜਨਾ ਹੋ ਗਈ।
ਕੇਵਲ ਗੁਰੂ ਗੋਬਿੰਦ ਸਿੰਘ ਜੀ ਦੇ ਚੌਹਾਂ ਸਾਹਿਬਜ਼ਾਦਿਆਂ ਦੀ ਪਾਵਨ ਯਾਦ ਨੂੰ ਹੀ ਪੰਥ ਨਿੱਤ ਅਰਦਾਸ ਵਿਚ ਤਾਜ਼ਾ ਕਰਦਾ ਹੈ, ਜਿਨ੍ਹਾਂ ਸਿਦਕ ਦਾ ਉੱਚਤਮ ਆਦਰਸ਼ ਨਿਭਾਉਂਦਿਆਂ ਆਪਣੀਆਂ ਜਾਨਾਂ ਲਾ ਦਿੱਤੀਆਂ।
ਅਰਦਾਸ ਵਿਚ ਉਨ੍ਹਾਂ ਦੀ ਯਾਦ ਉਨ੍ਹਾਂ ਦੇ ਸਿਦਕ-ਸਿਰੜ ਨੂੰ ਅਵਿਰਲ ਸ਼ਰਧਾਂਜਲੀ ਅਰਪਨ ਕਰਨ ਦਾ ਉਪਰਾਲਾ ਹੈ।
- ਡਾ. ਜਸਵੰਤ ਸਿੰਘ ਨੇਕੀ