
11/12/2023
K GopalK Gopal ਜੀ ਨੇ “ਕੁਦਰਤ ਕਾਰੀਗਰ ਹੈ “ ਨੂੰ ਸਿੱਧ ਕਰ ਦਿੱਤਾ ਹੈ ! ਬਹੁਤ ਹੀ ਖੂਬਸੂਰਤ ਸ਼ਬਦਾਂ ਵਿੱਚ ਕਵਿਤਾਵਾਂ ਵਿੱਚ ਲੁੱਕੇ ਸੂਖਮ ਖਿਆਲਾਂ ਤੇ ਪਕੜ ਕੀਤੀ ਹੈ !
ਮੈਂ ਆਪ ਜੀ ਦਾ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ
----------------------------------------------
"ਕੁਦਰਤ ਕਾਰੀਗਰ ਹੈ"
( ਰਿਵਿਉ ਨਹੀਂ )
ਕਿਰਨ ਕੌਰ ਦੀ ਪਲੇਠੀ ਕਾਵਿ ਪੁਸਤਕ ਕਿਰਨ ਦੀ ਅਦਭੁੱਤ ਲੇਖਨ ਕਲਾ ਅਤੇ ਉਸਦੀ ਉੱਚ ਅਧਿਆਤਮਕ ਸਮਝ ਦਾ ਪ੍ਰਮਾਣ ਦਰਸਾਉਂਦੀ ਹੋਈ ਪਾਠਕਾਂ ਸਾਹਮਣੇ ਆਈ ਹੈ।
ਕੁਦਰਤ ਕਾਰੀਗਰ ਵਿੱਚ ਜਿੱਥੇ ਕਿਰਨ ਛੋਟੀ ਉਮਰ ਵਿੱਚ ਵੱਡੀ ਸੂਝ ਨੂੰ ਪਾਠਕਾਂ ਅੱਗੇ ਰੱਖਦੀ ਹੈ ਉਥੇ ਉਸਦੀਆਂ ਨਜ਼ਮਾਂ ਮਨ ਅਤੇ ਅੰਤਰਮਨ ਦੀਆਂ ਬਾਰੀਕੀਆਂ ਵਿੱਚ ਸਮਾਏ ਅਹਿਸਾਸਾਂ ਨਾਲ਼ ਸਾਂਝ ਪਵਾਉਂਦੀਆਂ ਹਨ,
"ਇਹ ਕੈਸਾ ਸਹਿਜ ਸੁਹੱਪਣ,
ਸਰਬੱਤ ਦੀ ਅਰਧਨਾ,
ਦੇਹ ਲਾਪਤਾ ਹੈ ਹੋ ਗਈ
ਤੇ ਰੂਹ ਕਰਦੀ ਸਾਧਨਾ"
ਕਿਰਨ ਦੀਆਂ ਨਜ਼ਮਾਂ ਨਾ ਸਿਰਫ਼ ਮਨ ਸਗੋਂ ਉਹ ਸਮਾਜ ਵਿਚਲੀਆਂ ਰੂੜੀਆਂ ਅਤੇ ਕੁਰੀਤੀਆਂ ਤੇ ਗਹਿਰੀ ਸੱਟ ਮਾਰਦੀਆਂ ਹੋਈਆਂ ਲਲਕਾਰਦੀਆਂ ਵੀ ਹਨ।
" ਕੁੱਝ ਕੁੜ੍ਹੀਆਂ
ਅਸਮਾਨ ਦਾ ਮੱਥਾ
ਚੁੰਮਣਾ ਚਾਹੁੰਦੀਆਂ ਸਨ,
ਕੁੱਝ ਕੁੜ੍ਹੀਆਂ
ਸੁਪਨਿਆਂ ਦੀ ਉਡਾਨ ਵਿੱਚ ਜਜ਼ਬੇ ਦੇ ਰੰਗ
ਭਰਨਾ ਚਾਹੁੰਦੀਆਂ ਸਨ
ਕੁੱਝ ਕੁੜੀਆਂ
ਸ਼ਿੰਗਾਰ ਨਹੀਂ
ਸ਼ੰਘਰਸ਼ ਕਰਨਾ ਚਾਹੁੰਦੀਆਂ ਸਨ
ਮਨੁੱਖਤਾ ਨੂੰ ਧਰਮਾਂ, ਜਾਤਾਂ, ਨਸਲਾਂ ਅਤੇ ਰੰਗਾਂ ਵਿੱਚ ਵੰਡੇ ਜਾਣ ਤੇ ਤਿੱਖਾ ਪ੍ਰਤੀਕਰਮ ਦਿੰਦੀਆਂ ਹੋਈਆਂ ਸੂਖਮਤਾ ਨਾਲ਼ ਨਾਂ ਸਿਰਫ਼ ਜਖ਼ਮ ਨਾਲ਼ ਸਾਂਝ ਪਵਾਉਂਦੀਆਂ ਨੇ ਸਗੋਂ ਜਖ਼ਮ ਨੂੰ ਸਹਿਜੇ ਸਹਿਜੇ ਪਲੋਸਦੀਆਂ ਤੇ ਟਕੋਰ ਕਰਦੀਆਂ ਵੀ ਨਜ਼ਰੀਂ ਪੈਂਦੀਆਂ ਹਨ।
"ਉਹ ਜੈਨ ਜੈਨ ਦੇ
ਨਾਅਰੇ ਲਾਉਂਦੇ ਨੇ
ਉਹ ਹਿੰਦੂ ਹਿੰਦੂ ਦੇ
ਨਾਅਰੇ ਲਾਉਂਦੇ ਨੇ
ਉਹ ਸਿੱਖ ਸਿੱਖ ਦੇ
ਨਾਅਰੇ ਲਾਉਂਦੇ ਨੇ
ਉਹ ਧਰਮ ਦੇ
ਨਾਅਰੇ ਨਹੀਂ ਲਾਉਂਦੇ "
ਕਿਰਨ ਦੀਆਂ ਨਜ਼ਮਾਂ ਸਿਰਫ਼ ਅਬਲਾ ਤੋੰ ਸਬਲਾ ਹੋਣਾਂ ਹੀ ਨਹੀਂ ਦੱਸਦੀਆਂ ਸਗੋਂ ਔਰਤ ਨੂੰ ਆਪਣੇ ਹੱਕਾਂ ਲਈ ਜਾਗਰੂਕ ਕਰਦਿਆਂ ਅੱਗੇ ਵੱਧਣ ਲਈ ਪ੍ਰੇਰਨਾ ਦਾ ਸਲਾਹੁਣਯੋਗ ਯਤਨ ਕਰਦੀਆਂ ਹਨ।
" ਅੱਖੀਆਂ ਤੇ ਪੱਟੀ ਬੰਨ
ਹੁਣ ਤਰਾਜੂ ਨਹੀਂ ਤੁਲਦੇ
ਸਰਕਾਰ ਤੋੰ ਆਸ ਨਾ ਰੱਖੋ
ਹੁਣ ਔਰਤ ਨੂੰ
ਔਰਤ ਔਰਤ ਹੋਣ ਦੇਈਏ
ਕਰਨ ਦੇਈਏ
ਆਪਣੇ ਲਈ ਇਨਸਾਫ਼ "
ਕਿਰਨ ਦੀ ਕਲਮ ਅਜਾਦੀ ਦਾ ਹੋਕਾ ਦਿੰਦੀ ਹੋਈ ਆਪਣਾਂ ਦੇਸ਼ ਆਪਣੀ ਮਿੱਟੀ ਤੋੰ ਸੱਤ ਸਮੁੰਦਰ ਪਾਰ ( ਆਸਟਰੀਆ ) ਯੋਰਪ 'ਚ ਬੈਠਕੇ ਵੀ ਆਪਣੀ ਮਾਂ ਬੋਲੀ ਨਾਲ਼ ਜੁੜੇ ਰਹਿਣਾ ਅਤੇ ਬਾਕਮਾਲ ਲੇਖਨ ਕਲਾ ਅਤੇ ਪੇਸ਼ਕਾਰੀ ਨਾਲ਼ ਮਾਂ ਬੋਲੀ ਵਿੱਚ ਆਪਣੇ ਭਾਵਾਂ ਦਾ ਪ੍ਰਗਟਾਵਾ ਕਿਰਨ ਦੇ ਸੁਨਹਿਰੇ ਭਵਿੱਖ ਲਈ ਪਾਠਕਾਂ ਨੂੰ ਆਸਵੰਦ ਕਰਦਾ ਹੈ।
ਕਿਰਨ ਕੌਰ ਦੀ ਪੁਸਤਕ ਪੜ੍ਹਦਿਆਂ ਇੰਝ ਮਹਿਸੂਸ ਹੁੰਦਾ ਜਿਂਵੇ ਗੌਤਮ ਬੁੱਧ ਤੁਹਾਡੀ ਚੇਤਨਾ ਨੂੰ ਚੰਝੋਂੜ ਰਿਹਾ ਹੈ, ਕਦੇ ਇਉ ਲੱਗਦਾ ਕਿ ਵਰ੍ਹਿਆਂ ਬਾਅਦ ਕਿਸੇ ਤੱਪਸਵੀ ਨੇ ਆਪਣੀ ਤੱਪਸਿਆ ਪੂਰੀ ਕਰ ਅੱਖਾਂ ਖੋਲੀਆਂ ਨੇ, ਬੁੱਲ ਹਿੱਲੇ ਨੇ ਤੇ ਰਸਨਾ ਨੇ ਉਪਦੇਸ਼ ਦੇਣਾ ਸ਼ੁਰੂ ਕੀਤਾ ਹੈ।
" ਜਦ ਮੇਰੇ ਸ਼ਬਦ
ਤੇਰਾ ਮੱਥਾ ਚੁੰਮਦੇ ਨੇ
ਤਾਂ ਸਾਰੀ ਕਾਇਨਾਤ
ਵਿਸਮਾਦ ਹੋ ਜਾਂਦੀ ਹੈ
ਇਸ ਅਲੌਕਿਕ ਮੰਜਰ ਨੂੰ
ਤੱਕ!
ਖੁਸ਼ ਹੋ
ਅੱਲਾ ਮੇਰੀ ਝੋਲੀ
" ਕਵਿਤਾ " ਪਾ ਦਿੰਦਾ ਹੈ।
ਨਾ ਸਿਰਫ਼ ਔਰਤ ਉਹ ਮਰਦ ਦੇ ਮਨੋਭਾਵਾਂ ਨੂੰ ਵੀ ਬਾਖੂਬੀ ਸਮਝਦੀ ਅਤੇ ਅੱਖਰਾਂ ਰਾਂਹੀ ਕਾਵਿ ਚ ਵੀ ਢਾਲਦੀ ਹੈ।
"ਤੈਨੂੰ ਪਤਾ.....?
ਮੁੰਡੇ ਵੀ ਰੋਂਦੇ ਨੇ
ਬੱਸ ਫ਼ਰਕ ਇੰਨ੍ਹਾਂ ਹੈ
ਕਿ ਲੁੱਕ ਲੁੱਕ ਕੇ
ਘਰ ਦੀਆਂ ਜਿੰਮੇਵਾਰੀਆਂ ਦਾ
ਬੋਝ ਚੁੱਕ ਲੈਂਦੇ ਨੇ
ਤੇ ਮਾਰ ਲੈਂਦੇ ਨੇ
ਆਪਣੇ ਸੁਪਨੇ
ਉਹ ਵੀ ਚਾਹੁੰਦੇ ਨੇ
ਇੱਕ ਸਾਥ
ਕੋਈ ਸਮਝਣ ਵਾਲੀ
ਜਿਸ ਦੇ ਗੱਲ ਲੱਗ
ਭੁੱਬਾਂ ਮਾਰ ਕੇ ਰੋ ਲੈਣ "
ਕਾਵਿ ਰਚਦਿਆਂ ਰਚਦਿਆਂ ਉਹ ਘਰ ਪਰਿਵਾਰ ਵੱਲੋਂ ਜਵਾਨ ਹੋ ਰਹੀਆਂ ਧੀਆਂ ਦੀ ਫਿਕਰਮੰਦੀ ਵਿੱਚ ਮਾਪਿਆਂ ਦੀ ਡਾਂਟ ਅਤੇ ਅਭੋਲ ਉਮਰ ਵਿੱਚ ਡਾਂਟ ਦੇ ਪਿੱਛਲੇ ਅਰਥਾਂ ਦਾ ਨਾ ਸਮਝ ਆਉਣਾ ਵੀ ਬੜ੍ਹੀ ਸਹਿਜਤਾ ਨਾਲ਼ ਮਾਸੂਮੀਅਤ ਦਾ ਪ੍ਰਗਟਾਵਾ ਕਰਦਿਆਂ ਬਾਲਪਨ ਤੋਂ ਜਵਾਨੀ ਚ ਪੈਰ ਧਰਦੀਆਂ ਧੀਆਂ ਦੇ ਅੰਤਰਮਨ ਦੇ ਦਵੰਧ ਦਾ ਪ੍ਰਗਟਾਵਾ ਕਰਦਿਆਂ ਕਾਵਿ ਰੱਚ ਜਾਂਦੀ ਹੈ।
ਹੁਣ ਛਾਤੀਆਂ 'ਤੇ
ਭਾਰ ਮਹਿਸੂਸ ਹੁੰਦੈ
ਕਦਮ ਦਰ ਕਦਮ
ਕਿਸ਼ੋਰ ਵੱਲ ਵੱਧਦੀ
ਅਜੀਬ ਜਿਹੀ ਬੇਚੈਨੀ
ਮਨ ਨੂੰ ਘੇਰਾ ਪਾਉਂਦੀ
ਉਹ ਮੁੰਡੇ ਜੋ ਨਾਲ ਖੇਡਦੇ
ਹੱਸਦੇ
ਖਾਂਦੇ ਪੀਂਦੇ
ਹੁਣ ਮਾਂ
ਉਹਨਾਂ ਨਾਲ ਖੇਡਣ ਤੋਂ
ਵਰਜ ਦਿੰਦੀ ਏ
ਹਾਲੇ! ਕੁੱਝ ਸਾਫ
ਸਮਝ ਨਹੀਂ ਆਉਂਦਾ
ਕਿਰਨ ਆਪਣੀਆਂ ਨਜ਼ਮਾਂ ਰਾਂਹੀ ਕੁਦਰਤ ਕਾਰੀਗਰ ਹੈ ਵਿੱਚ ਇਹ ਦੱਸਣ ਵਿੱਚ ਸਫਲ ਸਿੱਧ ਹੋਈ ਹੈ ਕਿ ਕਲਾ ਕਲਾ ਲਈ ਨਾ ਹੋਕੇ ਕਲਾ ਲੋਕਾਂ ਲਈ ਹੈ ਦਾ ਪ੍ਰਗਟਾਵਾ ਕਰਦਿਆਂ ਕਵਿਤਾ ਕਹਿ ਜਾਂਦੀ ਹੈ।
ਕਿਰਨ ਦੀ ਪੁਸਤਕ ਪੜ੍ਹਦਿਆਂ ਇੰਝ ਮਹਿਸੂਸ ਹੁੰਦਾ ਜਿਂਵੇ ਕਿਸੇ ਫੁੱਲ ਬੂਟਿਆਂ ਭਰੇ ਬਾਗ ਚ ਕਿਤੇ ਕੋਇਲ ਬੋਲਦੀ ਹੋਵੇ, ਜਿਂਵੇ ਗੌਤਮ ਬੁੱਧ, ਕਪਿਲ ਵਸਤੂ ਪੁੱਜ ਕੇ ਆਂਨੰਦ ਨੂੰ ਆਪਣਾਂ ਸੰਦੇਸ਼ ਦੇ ਰਹੇ ਹੋਣ, ਜਿਂਵੇ ਬਾਣੀ ਕੰਨੀ ਪੈਂਦੀ ਹੋਵੇ , ਜਿਵੇੰ ਮਰਦਾਂਨੇ ਦੀ ਰੱਬਾਬ ਵੱਜੀ ਹੋਵੇ, ਜਿਵੇੰ ਜਿੰਮੇਵਾਰੀਆਂ ਦੇ ਬੋਝ ਨਾਲ ਲੱਦਿਆ ਕੋਈ ਬਜ਼ੁਰਗ ਮਜਦੂਰ ਖਿੜ ਖਿੜ ਕਰਕੇ ਹੱਸਿਆ ਹੋਵੇ, ਕਦੇ ਕਦੇ ਇੰਝ ਵੀ ਕਿ ਜੰਗ ਦਾ ਨਗਾਰਾ ਵੱਜ ਰਿਹਾ ਹੋਵੇ, ਜਿਂਵੇ ਟਿਕੀ ਰਾਤ ਵਿੱਚ ਚੌਂਕੀਦਾਰ ਦਾ ਜਾਗਦੇ ਰਹੋ ਦਾ ਹੋਕਾ ਗੂੰਜਦਾ ਹੋਵੇ , ਕਦੇ ਕਦੇ ਇੰਝ ਮਹਿਸੂਸ ਹੁੰਦਾ ਕਿ ਚਾਰੇ ਪਾਸੇ ਸ਼ਾਂਤੀ ਪਸਰ ਚੁੱਕੀ ਹੈ ਪੰਛੀ ਆਪਣੇ ਅੱਲ੍ਹਣਿਆਂ ਨੂੰ ਪਰਤ ਰਹੇ ਹੋਣ, ਕਦੇ ਕਦੇ ਇੰਝ ਕਿ ਛੋਟੇ ਬੱਚੇ ਮਾਂ ਤੋੰ ਕੁੱਝ ਖਾਣ ਲਈ ਜਾਂ ਖਿਡੌਣੇ ਲਈ ਜਿੱਦ ਕਰ ਰਹੇ ਹੋਵਣ ।
ਕਦੇ ਕਦੇ ਉਹ ਜੁਝਾਰੂ ਲੜ੍ਹਾਕੀ ਵਾਂਗ ਜੰਗ ਚ ਦੁਸ਼ਮਣਾਂ ਨਾਲ਼ ਝੂਜਦੀ ਦਿਸਦੀ ਹੈ, ਕਦੇ ਉਹ ਮਾਂ ਪਿਓ ਦੀ ਲਾਡਲੀ, ਕਦੇ ਪ੍ਰੇਮੀ ਨਾਲ਼ ਰੁੱਸੀ ਪ੍ਰੇਮਿਕਾ, ਕਦੇ ਖ਼ੁਦ ਨੂੰ ਆਪਣੇ ਪ੍ਰੇਮੀ ਅੱਗੇ ਸਮਰਪਣ ਕਰਦੀ ਕਦੇ ਉਹ ਰੰਗ ਬਰੰਗੇ ਪੰਛੀਆਂ, ਫੁੱਲਾਂ, ਬੂਟਿਆਂ, ਝਰਨਿਆਂ, ਨਦੀਆਂ, ਬਰਫ਼ ਲੱਦੇ ਪਹਾੜ, ਦੂਰ ਦਿੱਸਹੱਦੇ ਤੱਕ ਨਜ਼ਰ ਪੈਂਦੇ ਮਾਰੂਥਲ, ਮੋਹਲੇ ਧਾਰ ਮੀਂਹ, ਹੜ, ਪਾਣੀ ਦੀ ਘਾਟ ਨਾਲ਼ ਬੰਜਰ ਹੋ ਰਹੀ ਧਰਤ, ਅਥਾਹ ਸਮੁੰਦਰ, ਚੱੜ੍ਹਦਾ ਤੇ ਛਿੱਪਦਾ ਸੂਰਜ, ਪੁੰਨਿਆ ਦਾ ਚੰਦ ਅਤੇ ਤਾਰਿਆਂ ਭਰੇ ਅਸਮਾਨ ਵਰਗੀਆਂ ਕਾਵਿ ਰਚਨਾਵਾਂ ਨਾਲ਼ ਕਿਰਨ ਖ਼ੁਦ ਨੂੰ ਕੁਦਰਤ ਦੀ ਕਾਰੀਗਰੀ ਨੂੰ ਨੇੜ੍ਹਿਓ ਵਾਚਣ ਅਤੇ ਸਮਝਣ ਤੋੰ ਬਾਅਦ ਰਚਨਾਂਵਾਂ ਦੀ ਰਚਨਾਂ ਕਰ ਕਿਤਾਬ ਦੇ ਰੂਪ ਸਾਡੇ ਸਾਹਮਣੇ ਲਿਆ ਕੇ ਖ਼ੁਦ ਨੂੰ ਨਵੇਂਕਲੀਆਂ ਕਵਿਤਰੀਆਂ ਦੀ ਪਹਿਲੀ ਕਤਾਰ ਚ ਖੜਾ ਕਰਨ ਚ ਬਿਨ੍ਹਾਂ ਸ਼ੱਕ ਸਫਲ ਹੋਈ ਹੈ।
ਮੈਂ ਇੱਕ ਪਾਠਕ ਦੇ ਤੌਰ ਤੇ ਕਿਰਨ ਦੀ ਸੋਚ ਅਤੇ ਕਲਮ ਨੂੰ ਸਲਾਮ ਕਰਦਿਆਂ ਆਸਵੰਦ ਹਾਂ ਕਿ ਉਹ ਆਪਣੇ ਸਾਹਿਤਕ ਸਫ਼ਰ ਨੂੰ ਜਾਰੀ ਰੱਖਦਿਆਂ ਨਰੋਏ ਸਾਹਿਤ ਨਾਲ਼ ਫ਼ੇਰ ਪਾਠਕਾਂ ਸਾਹਮਣੇ ਜਲਦੀ ਆਵੇਗੀ। ਕੁਦਰਤ ਨੂੰ ਦੇਖਣ ਸਮਝਣ ਦੀ ਕਾਬਲੀਅਤ ਹੀ ਕਿਰਨ ਕੌਰ ਨੂੰ ਕਾਰੀਗਰ ਵੱਜੋਂ ਵੱਜੋਂ ਸਥਾਪਿਤ ਕਰੇਗੀ।
🙏
ਧੰਨਵਾਦ
ਕ. ਗੋਪਾਲ