06/10/2020
ਜਾਂ ਜੀਵੈਂ ਤਾਂ ਡਰਦਾ ਰਹੁ ਵੋ ।ਰਹਾਉ।
ਬਾਂਦਰ ਬਾਜੀ ਕਰੈ ਬਜਾਰੀ, ਸਹਿਲ ਨਹੀਂ ਉਥੈ ਲਾਵਨ ਯਾਰੀ,
ਰਹੁ ਵੋ ਅਡਕ ਵਛੇੜ ਅਨਾੜੀ, ਕਢਿ ਨ ਗਰਦਨ ਸਿਧਾ ਵਹੁ ਵੋ ।1।
ਨੇਹੀ ਸਿਰ ਤੇ ਨਾਉਂ ਧਰਾਵਨ, ਬਲਦੀ ਆਤਸ਼ ਨੂੰ ਹਥਿ ਪਾਵਨ,
ਆਹੀਂ ਕੱਢਣ ਤੇ ਕੂਕ ਸੁਣਾਵਨ, ਗਲਿ ਨ ਤੈਨੂੰ ਬਣਦੀ ਓਹੁ ਵੋ ।2।
ਦਰ ਮੈਦਾਨ ਮੁਹੱਬਤ ਜਾਤੀ, ਸਹਿਲ ਨਹੀਂ ਉਥੇ ਪਾਵਨ ਝਾਤੀ,
ਜੈਂ ਤੇ ਬਿਰਹੁ ਵਗਾਵੈ ਕਾਤੀ, ਮੁਢਿ ਕਲੇਜੇ ਦੇ ਅੰਦਰ ਡਹੁ ਵੋ ।3।
ਅਸਲੀ ਇਸ਼ਕ ਮਿੱਤਰਾਂ ਦਾ ਏਹਾ, ਪਹਲੇ ਮਾਰ ਸੁਕਾਵਨ ਦੇਹਾ,
ਸਹਲ ਨਹੀਂ ਉਥੈ ਲਾਵਨ ਨੇਹਾ, ਜੇ ਲਾਇਓ ਤਾਂ ਕਿਸੇ ਨ ਕਹੁ ਵੋ ।4।
ਤਉ ਬਾਝੂ ਸਭ ਝੂਠੀ ਬਾਜੀ, ਕੂੜੀ ਦੁਨੀਆਂ ਫਿਰੈ ਗਮਾਜ਼ੀ,
ਨਹੂੰ ਹਕੀਕਤ ਘਿੰਨ ਮਿਜਾਜ਼ੀ, ਦੋਵੇਂ ਗੱਲਾਂ ਸੁਟਿ ਨ ਬਹੁ ਵੋ ।5।
ਕਹੈ ਹੁਸੈਨ ਫ਼ਕੀਰ ਗਦਾਈ, ਦਮ ਨ ਮਾਰੇ ਬੇ ਪਰਵਾਹੀ,
ਸੋ ਜਾਣੈ ਜਿਨਿ ਆਪੇ ਲਾਈ, ਅਹੁ ਵੇਖ ਜਾਂਞੀ ਆਏ ਅਹੁ ਵੋ ।6।
جاں جیویں تاں ڈردا رہُ وو ۔رہاؤ۔
باندر باجی کرے بازاری، سہل نہیں اتھے لاون یاری،
رہُ وو اڈک وچھیڑ اناڑی، کڈھ ن گردن سدھا وہُ وو ۔1۔
نیہی سر تے ناؤں دھراون، بلدی آتش نوں ہتھِ پاون،
آہیں کڈھن تے کوک سناون، گلِ ن تینوں بندی اوہُ وو ۔2۔
در میدان محبت جاتی، سہل نہیں اتھے پاون جھاتی،
جیں تے برہُ وگاوے کاتی، مڈھِ کلیجے دے اندر ڈہُ وو ۔3۔
اصلی عشقَ متراں دا ایہا، پہلے مار سکاون دیہا،
سہل نہیں اتھے لاون نیہا، جے لائیو تاں کسے ن کہُ وو ۔4۔
تؤ باجھو سبھ جھوٹھی باجی، کوڑی دنیاں پھرے گمازی،
نہوں حقیقت گھنّ مجازی، دوویں گلاں سٹِ ن بہو وو ۔5۔
کہےَ حسین فقیر گدائی، دم ن مارے بے پرواہی،
سو جانے جنِ آپے لائی، اہُ ویکھ جاننجی آئے اہُ وو ۔6۔
Painting
Layla visits Majnun in the wilderness. From the “Khamsah”, Five Poems (Quintet) of Amir Khusro.
Jeevain Taan Darda Raho vo | Madho Laal Shah Hussain
https://sayshussain.wordpress.com/2020/10/06/jeevain-taan-darda-raho-vo/