
11/08/2025
ਇੱਕ ਸਾਧੂ ਬਹੁਤ ਤਪ ਕਰਦਾ ਸੀ । ਉਸ ਨਗਰ 'ਚ ਅਚਾਨਕ ਹੜ੍ਹ ਆ ਗਏ । ਸਾਰਾ ਪਿੰਡ ਨਿਕਲ ਰਿਹਾ ਸੀ, ਲੋਕਾਂ ਕਿਹਾ ''ਮਹਾਤਮਾ ! ਤੁਸੀਂ ਵੀ ਚੱਲੋ, ਹੜ੍ਹ ਬਹੁਤ ਤਗੜਾ ਆ ਗਿਆ ।''
ਉਸ ਦਾ ਜਵਾਬ ਸੀ - ''ਆਪੇ ਭਗਵਾਨ ਬਚਾਏਗਾ ।''
ਆਖਰ ਤੇ ਇੱਕ ਵਿਅਕਤੀ ਕਿਸ਼ਤੀ 'ਤੇ ਨਿਕਲ ਰਿਹਾ ਸੀ ਉਸ ਨੇ ਵੀ ਕਿਹਾ ''ਆਜੋ ਮਹਾਂਰਾਜ ।''
ਪਾਣੀ ਛਾਤੀ ਤੱਕ ਪਰ ਸਾਧੂ ਦਾ ਫੇਰ ਉਹੀ ਜਵਾਬ- ''ਆਪੇ ਭਗਵਾਨ ਬਚਾਏਗਾ ।''
ਪਾਣੀ ਜਦੋਂ ਨੱਕ ਤੱਕ ਅੱਪੜਨ ਲੱਗਾ ਤਾਂ ਪ੍ਰਸ਼ਾਸਨ ਦਾ ਜਹਾਜ਼ ਆ ਗਿਆ, ਉਨ੍ਹਾਂ ਉੱਤੋਂ ਆਵਾਜ਼ ਦਿੱਤੀ ਕਿ ''ਪੌੜੀ ਸੁੱਟਦੇ ਐਂ ਬਾਬਾ ਜੀ ! ਨਿਕਲ ਆਓ ।''
ਉਸ ਦਾ ਫੇਰ ਉਹੀ ਜਵਾਬ- ''ਆਪੇ ਭਗਵਾਨ ਬਚਾਏਗਾ ।''
ਅਖੀਰ ਸਾਧੂ ਡੁੱਬ ਗਿਆ ਤੇ ਪ੍ਰਮਾਤਮਾ ਕੋਲ ਜਾ ਪਹੁੰਚਿਆ, ਉਸ ਨੇ ਬੜੇ ਗੁੱਸੇ 'ਚ ਕਿਹਾ ''ਪ੍ਰਮਾਤਮਾ ! ਮੈਂ ਤੇਰਾ ਏਨਾ ਤਪ ਕੀਤਾ ਤੇ ਤੂੰ ਮੈਨੂੰ ਬਚਾਇਆ ਹੀ ਨਹੀਂ ।''
ਪ੍ਰਮਾਤਮਾ ਨੇ ਨਿਮਰਤਾ ਨਾਲ਼ ਕਿਹਾ - ''ਹੇ ! ਤੱਪਸਵੀ ਜੀ ! ਤਿੰਨ ਵਾਰ ਆਇਆ, ਪਹਿਲਾਂ ਪਿੰਡ ਦੇ ਲੋਕਾਂ ਦੇ ਰੂਪ 'ਚ, ਫਿਰ ਕਿਸ਼ਤੀ ਚਾਲਕ ਦੇ ਰੂਪ 'ਚ ਤੇ ਅਖੀਰ 'ਚ ਜਹਾਜ਼ ਵਿਚਲੇ ਬੰਦਿਆਂ ਦੇ ਰੂਪ 'ਚ, ਕੀ ਕਰਾਂ ਤੁਸੀਂ ਪਛਾਣਿਆ ਹੀ ਨਹੀਂ ।''
ਉਹ ਬੰਦਿਆਂ ਦੇ ਰੂਪ 'ਚ ਬੰਦਿਆਂ ਨਾਲ਼ ਵਿਚਰਦਾ ਹੈ , ਪਛਾਨਣ ਦੀ ਲੋੜ ਹੈ । ਅੱਜ ਸੋਮਵਾਰ ਹੈ, ਤੁਹਾਡਾ ਸਭ ਦਾ ਹਫਤਾ ਸ਼ੁਭ ਰਹੇ !!!
- ਮਿੰਟੂ ਗੁਰੂਸਰੀਆ